ਜਦੋਂ ਖ਼ਤ ਦਿੱਤਾ ਲਿਆ ਕਾਸਦਾਂ ਨੇ, ਨੱਢੀ ਹੀਰ ਨੇ ਤੁਰਤ ਪੜ੍ਹਾਇਆ ਈ ।
ਸਾਰੇ ਮੁਆਮਲੇ ਅਤੇ ਵੰਝਾਪ ਸਾਰੇ, ਗਿਲਾ ਲਿਖਿਆ ਵਾਚ ਸੁਣਾਇਆ ਈ ।
ਘੱਲੋ ਮੋੜ ਕੇ ਦੇਵਰ ਅਸਾਡੜੇ ਨੂੰ, ਮੁੰਡਾ ਰੁੱਸ ਹਜ਼ਾਰਿਉਂ ਆਇਆ ਈ ।
ਹੀਰ ਸੱਦ ਕੇ ਰਾਂਝਣੇ ਯਾਰ ਤਾਈਂ, ਸਾਰਾ ਮੁਆਮਲਾ ਖੋਲ੍ਹ ਸੁਣਾਇਆ ਈ ।
(ਵੰਝਾਪ=ਜੁਦਾਈ ਦਾ ਦੁਖ)
ਭਾਈਆਂ ਭਾਬੀਆਂ ਚਾ ਜਵਾਬ ਦਿੱਤਾ, ਸਾਨੂੰ ਦੇਸ ਥੀਂ ਚਾ ਤ੍ਰਾਹਿਉ ਨੇ ।
ਭੋਏਂ ਖੋਹ ਕੇ ਬਾਪ ਦਾ ਲਿਆ ਵਿਰਸਾ, ਮੈਨੂੰ ਆਪਣੇ ਗਲੋਂ ਚਾ ਲਾਹਿਉ ਨੇ ।
ਮੈਨੂੰ ਮਾਰ ਕੇ ਬੋਲੀਆਂ ਭਾਬੀਆਂ ਨੇ, ਕੋਈ ਸੱਚ ਨਾ ਕੌਲ ਨਿਭਾਹਿਉ ਨੇ ।
ਮੈਨੂੰ ਦੇਹ ਜਵਾਬ ਤੇ ਕੱਢਿਉ ਨੇ, ਹਲ ਜੋੜ ਕਿਆਰੜਾ ਵਾਹਿਉ ਨੇ ।
ਰਲ ਰੰਨ ਖ਼ਸਮਾਂ ਮੈਨੂੰ ਠਿਠ ਕੀਤਾ, ਮੇਰਾ ਅਰਸ਼ ਦਾ ਕਿੰਗਰਾ ਢਾਹਿਉ ਨੇ ।
ਨਿਤ ਬੋਲੀਆਂ ਮਾਰੀਆਂ ਜਾ ਸਿਆਲੀਂ, ਮੇਰਾ ਕਢਨਾ ਦੇਸ ਥੀਂ ਚਾਹਿਉ ਨੇ ।
ਅਸੀਂ ਹੀਰ ਸਿਆਲ ਦੇ ਚਾਕ ਲੱਗੇ, ਜੱਟੀ ਮਹਿਰ ਦੇ ਨਾਲ ਦਿਲ ਫਾਹਿਉ ਨੇ।
ਹੁਣ ਚਿੱਠੀਆਂ ਲਿਖ ਕੇ ਘੱਲਦੀਆਂ ਨੇ, ਰਾਖਾ ਖੇਤੜੀ ਨੂੰ ਜਦੋਂ ਚਾਹਿਉ ਨੇ ।
ਵਾਰਿਸ ਸ਼ਾਹ ਸਮਝਾ ਜਟੇਟੀਆਂ ਨੂੰ, ਸਾਡੇ ਨਾਲ ਮੱਥਾ ਕੇਹਾ ਡਾਹਿਉ ਨੇ ।
(ਅਰਸ਼ ਦਾ ਕਿੰਗਰਾ ਢਾਇਆ=ਦਿਲ ਤੋੜ ਦਿੱਤਾ, ਮੱਥਾ ਡਾਹੁਣਾ= ਨਾਜਾਇਜ਼ ਲੜਾਈ ਕਰਨੀ)
ਹੀਰ ਪੁਛ ਕੇ ਮਾਹੀੜੇ ਆਪਣੇ ਤੋਂ, ਲਿਖਵਾ ਜਵਾਬ ਚਾ ਟੋਰਿਆ ਈ।
ਤੁਸਾਂ ਲਿਖਿਆ ਸੋ ਅਸਾਂ ਵਾਚਿਆ ਏ, ਸਾਨੂੰ ਵਾਚਦਿਆਂ ਈ ਲੱਗਾ ਝੋਰਿਆ ਈ ।
ਅਸੀਂ ਧੀਦੋਂ ਨੂੰ ਚਾ ਮਹੀਂਵਾਲ ਕੀਤਾ, ਕਦੀ ਤੋੜਨਾ ਤੇ ਨਹੀਂ ਤੋੜਿਆ ਈ ।
ਕਦੀ ਪਾਨ ਨਾ ਵਲ ਥੇ ਫੇਰ ਪਹੁੰਚੇ, ਸ਼ੀਸ਼ਾ ਚੂਰ ਹੋਇਆ ਕਿਸ ਜੋੜਿਆ ਈ ।
ਗੰਗਾ ਗਈਆਂ ਨਾ ਹੱਡੀਆਂ ਮੁੜਦੀਆਂ ਨੇ, ਵਕਤ ਗਏ ਨੂੰ ਫੇਰ ਕਿਸ ਮੋੜਿਆ ਈ ।
ਹੱਥੋਂ ਛੁਟੜੇ ਵਾਹਰੀ ਨਹੀਂ ਮਿਲਦੇ, ਵਾਰਿਸ ਛੱਡਣਾ ਤੇ ਨਾਹੀਂ ਛੋੜਿਆ ਈ।
(ਮਹੀਂਵਾਲ=ਮੱਝਾਂ ਦੇ ਸੰਭਾਲਣ ਵਾਲਾ ਚਾਕਰ, ਤੋੜਨਾ=ਜਵਾਬ ਦੇ ਦੇਣਾ)
ਜੇ ਤੂੰ ਸੋਹਣੀ ਹੋਇਕੇ ਬਣੇਂ ਸੋਕਣ, ਅਸੀਂ ਇੱਕ ਥੀਂ ਇੱਕ ਚੜ੍ਹੰਦੀਆਂ ਹਾਂ ।
ਰਬ ਜਾਣਦਾ ਹੈ ਸਭੇ ਉਮਰ ਸਾਰੀ, ਅਸੀਂ ਏਸ ਮਹਿਬੂਬ ਦੀਆਂ ਬੰਦੀਆਂ ਹਾਂ।
ਅਸੀਂ ਏਸ ਦੇ ਮਗਰ ਦੀਵਾਨੀਆਂ ਹਾਂ, ਭਾਵੇਂ ਚੰਗੀਆਂ ਤੇ ਭਾਵੇਂ ਮੰਦੀਆਂ ਹਾਂ।
ਓਹ ਅਸਾਂ ਦੇ ਨਾਲ ਹੈ ਚੰਨ ਬਣਦਾ, ਅਸੀਂ ਖਿੱਤੀਆਂ ਨਾਲ ਸੋਹੰਦੀਆਂ ਹਾਂ।
ਉਹ ਮਾਰਦਾ ਗਾਲੀਆਂ ਦੇਹ ਸਾਨੂੰ, ਅਸੀਂ ਫੇਰ ਮੁੜ ਚੌਖਣੇ ਹੁੰਦੀਆਂ ਹਾਂ ।
ਜਿਸ ਵੇਲੜੇ ਦਾ ਸਾਥੋਂ ਰੁਸ ਆਇਆ, ਅਸੀਂ ਹੰਝਰੋਂ ਰੱਤ ਦੀਆਂ ਰੁੰਨੀਆਂ ਹਾਂ।
ਇਹਦੇ ਥਾਂ ਗੁਲਾਮ ਲਉ ਹੋਰ ਸਾਥੋਂ, ਮਮਨੂਨ ਅਹਿਸਨ ਦੀਆਂ ਹੁੰਨੀਆਂ ਹਾਂ ।
ਰਾਂਝੇ ਲਾਲ ਬਾਝੋਂ ਅਸੀਂ ਖੁਆਰ ਹੋਈਆਂ, ਕੂੰਜਾਂ ਡਾਰ ਥੀਂ ਅਸੀਂ ਵਿਛੁੰਨੀਆਂ ਹਾਂ ।
ਜੋਗੀ ਲੋਕਾਂ ਨੂੰ ਮੁੰਨ ਕੇ ਕਰਨ ਚੇਲੇ, ਅਸੀਂ ਏਸ ਦੇ ਇਸ਼ਕ ਨੇ ਮੁਨੀਆਂ ਹਾਂ।
ਵਾਰਿਸ ਸ਼ਾਹ ਰਾਂਝੇ ਅੱਗੇ ਹਥ ਜੋੜੀ, ਤੇਰੇ ਪ੍ਰੇਮ ਦੀ ਅੱਗ ਨੇ ਭੁੰਨੀਆਂ ਹਾਂ ।
(ਚੌਖਣੇ=ਇੱਕ ਮਿਕ, ਹੰਝਰੋਂ=ਹੰਝੂ, ਮਮਨੂਨ=ਅਹਿਸਾਨਮੰਦ, ਵਿਛੁੰਨੀਆਂ=ਵਿਛੜੀਆਂ)
ਚੂਚਕ ਸਿਆਲ ਤੋਂ ਲਿਖ ਕੇ ਨਾਲ ਚੋਰੀ, ਹੀਰ ਸਿਆਲ ਨੇ ਕਹੀ ਬਤੀਤ ਹੈ ਨੀ ।
ਸਾਡੀ ਖੈਰ ਤੁਸਾਡੜੀ ਖ਼ੈਰ ਚਾਹਾਂ, ਜੇਹੀ ਖ਼ਤ ਦੇ ਲਿਖਣ ਦੀ ਰੀਤ ਹੈ ਨੀ ।
ਹੋਰ ਰਾਂਝੇ ਦੀ ਗੱਲ ਜੋ ਲਿਖਿਆ ਜੇ, ਏਹਾ ਬਾਤ ਬੁਰੀ ਅਨਾਨੀਤ ਹੈ ਨੀ ।
ਰੱਖਾਂ ਚਾਇ ਮੁਸਹਿਫ਼ ਕੁਰਆਨ ਇਸ ਨੂੰ, ਕਸਮ ਖਾਇਕੇ ਵਿੱਚ ਮਸੀਤ ਹੈ ਨੀ।
ਤੁਸੀਂ ਮਗਰ ਕਿਉਂ ਏਸ ਦੇ ਉਠ ਪਈਆਂ, ਇਹਦੀ ਅਸਾਂ ਦੇ ਨਾਲ ਪ੍ਰੀਤ ਹੈ ਨੀ ।
ਅਸੀਂ ਤ੍ਰਿੰਞਣਾਂ ਵਿੱਚ ਜਾਂ ਬਹਿਨੀਆਂ ਹਾਂ, ਸਾਨੂੰ ਗਾਵਣਾ ਏਸ ਦਾ ਗੀਤ ਹੈ ਨੀ ।
ਦਿੰਹੇਂ ਛੇੜ ਮੱਝੀਂ ਵੜੇ ਝਲ ਬੇਲੇ, ਏਸ ਮੁੰਡੜੇ ਦੀ ਏਹਾ ਰੀਤ ਹੈ ਨੀ।
ਰਾਤੀਂ ਆਨ ਅੱਲਾਹ ਨੂੰ ਯਾਦ ਕਰਦਾ, ਵਾਰਿਸ ਸ਼ਾਹ ਨਾਲ ਏਹਦੀ ਮੀਤ ਹੈ ਨੀ ।
(ਬਤੀਤ=ਕਹਾਣੀ, ਅਨਾਨੀਤ=ਮੇਰੇ ਵਕਾਰ ਦਾ ਮੁਆਮਲਾ, ਰੱਖਾਂ ਚਾ ਮਸਹਿਫ਼ ਕੁਰਆਨ=ਸਿਰ ਤੇ ਕੁਰਆਨ ਰਖ ਕੇ ਕਸਮ ਖਾਵਾਂ, ਮਸਹਿਫ਼=ਕੁਰਾਨ ਦੀ ਛੋਟੀ ਕਾਪੀ ਜਿਹੜੀ ਆਮ ਲੋਕੀਂ ਗਲ ਪਾ ਕੇ ਰੱਖਦੇ ਹਨ)
ਨੀ ਮੈਂ ਘੋਲ ਘੱਤੀ ਇਹਦੇ ਮੁਖੜੇ ਤੋਂ, ਪਾਉ ਦੁਧ ਚਾਵਲ ਇਹਦਾ ਕੂਤ ਹੈ ਨੀ ।
ਇੱਲ-ਲਿਲਾਹ ਦੀਆਂ ਜੱਲਿਆਂ ਪਾਂਵਦਾ ਹੈ, ਜ਼ਿਕਰ ਹੱਯ ਤੇ 'ਲਾਯਮੂਤ’ ਹੈ ਨੀ ।
ਨਹੀਂ ਭਾਬੀਆਂ ਥੀਂ ਕਰਤੂਤ ਕਾਈ, ਸੱਭਾ ਲੜਨ ਨੂੰ ਬਣੀ ਮਜ਼ਬੂਤ ਹੈ ਨੀ ।
ਜਦੋਂ ਤੁਸਾਂ ਦੇ ਸੀ ਗਾਲੀਆਂ ਦੇਂਦੀਆਂ ਸਾਉ, ਇਹਤਾਂ ਔਤਣੀ ਦਾ ਕੋਈ ਊਤ ਹੈ ਨੀ ।
ਮਾਰਿਆ ਤੁਸਾਂ ਦੇ ਮੇਹਣੇ ਗਾਲ੍ਹੀਆਂ ਦਾ, ਇਹ ਤਾਂ ਸੁਕ ਕੇ ਹੋਇਆ ਤਾਬੂਤ ਹੈ ਨੀ ।
ਸੌਂਪ ਪੀਰਾਂ ਨੂੰ ਝੱਲ ਵਿੱਚ ਛੇੜਨ ਮਹੀਆਂ, ਇਹਦੀ ਮੱਦਤੇ ਖਿਜ਼ਰ ਤੇ ਲੂਤ ਹੈ ਨੀ ।
ਵਾਰਿਸ ਸ਼ਾਹ ਫਿਰੇ ਉਹਦੇ ਮਗਰ ਲੱਗਾ, ਅੱਜ ਤਕ ਓਹ ਰਿਹਾ ਅਣਛੂਤ ਹੈ ਨੀ ।
(ਹੱਯ ਲਾਯਮੂਤ=ਸਦਾ ਅਮਰ ਰਹਿਣ ਵਾਲਾ, ਇੱਲ-ਲਿਲਾਹ=ਰੱਬ ਦਾ ਨਾਂ, ਕੂਤ= ਖੁਰਾਕ, ਤਾਬੂਤ=ਲਾਸ਼ ਵਾਲਾ ਸੰਦੂਕ ਬਕਸਾ। ਮੱਦਤ=ਮਦਦ ਕਰਦੇ ਹਨ, ਲੂਤ=ਇੱਕ ਪ੍ਰਸਿੱਧ ਪੈਗ਼ੰਬਰ)
ਸਾਡਾ ਮਾਲ ਸੀ ਸੋ ਤੇਰਾ ਹੋ ਗਿਆ, ਜ਼ਰਾ ਵੇਖਣਾ ਬਿਰਾ ਖ਼ੁਦਾਈਆਂ ਦਾ ।
ਤੂੰ ਹੀ ਚੱਟਿਆ ਸੀ ਤੂੰ ਹੀ ਪਾਲਿਆ ਸੀ, ਨਾ ਇਹ ਭਾਬੀਆਂ ਦਾ ਤੇ ਨਾ ਭਾਈਆਂ ਦਾ ।
ਸ਼ਾਹੂਕਾਰ ਹੋ ਬੈਠੀ ਏਂ ਮਾਰ ਥੈਲੀ, ਖੋਹ ਬੈਠੀ ਹੈ ਮਾਲ ਤੂੰ ਸਾਈਆਂ ਦਾ ।
ਅੱਗ ਲੈਣ ਆਈ ਘਰ ਸਾਂਭਿਉਈ, ਏਹ ਤੇਰਾ ਹੈ, ਬਾਪ ਨਾ ਮਾਈਆਂ ਦਾ।
ਗੁੰਡਾ ਹੱਥ ਆਇਆ ਤੁਸਾਂ ਗੁੰਡੀਆਂ ਨੂੰ, ਅੰਨ੍ਹੀਂ ਚੂਹੀ ਤੇ ਥੋਥੀਆਂ ਧਾਈਆਂ ਦਾ ।
ਵਾਰਿਸ ਸ਼ਾਹ ਦੀ ਮਾਰ ਈ ਵੱਗੇ ਹੀਰੇ, ਜੇਹਾ ਖੋਹਿਉ ਈ ਵੀਰ ਤੂੰ ਭਾਈਆਂ ਦਾ ।
(ਬਿਰਾ=ਫਸਲ ਦੀ ਜਿਣਸ ਜਿਹੜੀ ਟੈਕਸ ਦੇ ਤੌਰ ਤੇ ਵਸੂਲ ਕੀਤੀ ਜਾਂਦੀ ਸੀ, ਬਿਰਾ ਖੁਦਾਈਆਂ ਦਾ=ਖ਼ੁਦਾਈ ਟੈਕਸ, ਥੋਥੀਆਂ=ਖ਼ਾਲੀ, ਧਾਈਆਂ=ਧਾਨ)