Back ArrowLogo
Info
Profile

  1. ਹੀਰ ਦਾ ਉੱਤਰ

ਤੁਸੀਂ ਏਸ ਦੇ ਖ਼ਿਆਲ ਨਾ ਪਵੋ ਅੜੀਉ! ਨਹੀਂ ਖੱਟੀ ਕੁੱਝ ਏਸ ਵਪਾਰ ਉਤੋਂ।

ਨੀ ਮੈਂ ਜਿਉਂਦੀ ਏਸ ਬਿਨ ਰਹਾਂ ਕੀਕੂੰ, ਘੋਲ ਘੋਲ ਘੱਤੀ ਰਾਂਝੇ ਯਾਰ ਉੱਤੋਂ।

ਝੱਲਾਂ ਬੇਲਿਆਂ ਵਿੱਚ ਇਹ ਫਿਰੇ ਭੌਂਦਾ, ਸਿਰ ਵੇਚਦਾ ਮੈਂ ਗੁਨਾਹਗਾਰ ਉੱਤੋਂ ।

ਮੇਰੇ ਵਾਸਤੇ ਕਾਰ ਕਮਾਂਵਦਾ ਹੈ, ਮੇਰੀ ਜਿੰਦ ਘੋਲੀ ਇਹਦੀ ਕਾਰ ਉੱਤੋਂ ।

ਤਦੋਂ ਭਾਬੀਆਂ ਸਾਕ ਨਾ ਬਣਦੀਆਂ ਸਨ, ਜਦੋਂ ਸੱਟਿਆ ਪਕੜ ਪਹਾੜ ਉੱਤੋਂ ।

ਘਰੋਂ ਭਾਈਆਂ ਦਾ ਜਵਾਬ ਦਿੱਤਾ, ਏਨ੍ਹਾਂ ਭੋਏਂ ਦੀਆਂ ਪੱਤੀਆਂ ਚਾਰ ਉੱਤੋਂ ।

ਨਾਉਮੀਦ ਹੋ ਵਤਨ ਨੂੰ ਛਡ ਟੁਰਿਆ, ਮੋਤੀ ਤੁਰੇ ਜਿਉਂ ਪੱਟ ਦੀ ਤਾਰ ਉੱਤੋਂ ।

ਬਿਨਾ ਮਿਹਨਤਾਂ ਮਸਕਲੇ ਲੱਖ ਫੇਰੋ, ਨਹੀਂ ਮੋਰਚਾ ਜਾਏ ਤਲਵਾਰ ਉੱਤੋਂ ।

ਇਹ ਮਿਹਣਾ ਲਹੇਗਾ ਕਦੇ ਨਾਹੀਂ, ਏਸ ਸਿਆਲਾਂ ਦੀ ਸੱਭ ਸਲਵਾੜ ਉੱਤੋਂ ।

ਨੱਢੀ ਆਖਸਨ ਝਗੜਦੀ ਨਾਲ ਲੋਕਾਂ, ਏਸ ਸੋਹਣੇ ਭਿੰਨੜੇ ਯਾਰ ਉੱਤੋਂ ।

ਵਾਰਿਸ ਸ਼ਾਹ ਸਮਝਾ ਤੂੰ ਭਾਬੀਆਂ ਨੂੰ, ਹੁਣ ਮੁੜੇ ਨਾ ਲੱਖ ਹਜ਼ਾਰ ਉੱਤੋਂ ।

 

(ਮਿਸਕਲਾ=ਤਲਵਾਰ ਨੂੰ ਪਾਲਿਸ਼ ਕਰਨ ਵਾਲਾ ਜਾਂ ਚਮਕਾਉਣ ਵਾਲਾ ਪੱਥਰ, ਮੋਰਚਾ=ਜੰਗਾਲ, ਸਲਵਾੜ=ਜਿਵੇਂ ਸਾਰੇ ਜੱਟਾਂ ਲਈ 'ਜਟਵਾੜਾ ਕਿਹਾ ਜਾਂਦਾ ਹੈ ਉਵੇਂ ਸਾਰੇ 'ਸਿਆਲਾਂ' ਲਈ ਸਲਵਾੜ ਕਿਹਾ ਗਿਆ ਹੈ)

 

  1. ਚੂਚਕ ਦੀ ਅਪਣੇ ਭਰਾਵਾਂ ਨਾਲ ਸਲਾਹ

ਚੂਚਕ ਸੱਦ ਭਾਈ ਪਰ੍ਹੇ ਲਾ ਬੈਠਾ, ਕਿਤੇ ਹੀਰ ਨੂੰ ਚਾ ਪਰਨਾਈਏ ਜੀ ।

ਆਖੋ ਰਾਂਝੇ ਨਾਲ ਵਿਵਾਹ ਦੇਸਾਂ, ਇੱਕੇ ਬੰਨੜੇ ਚਾ ਮੁਕਾਈਏ ਜੀ ।

ਹੱਥੀਂ ਆਪਣੀ ਕਿਤੇ ਸਾਮਾਨ ਕੀਚੇ, ਜਾਨ ਬੁਝ ਕੇ ਲੀਕ ਨਾ ਲਾਈਏ ਜੀ।

ਭਾਈਆਂ ਆਖਿਆ ਚੂਚਕਾ ਇਹ ਮਸਲਤ, ਅਸੀਂ ਖੋਲ ਕੇ ਚਾ ਸੁਣਾਈਏ ਜੀ ।

ਵਾਰਿਸ ਸ਼ਾਹ ਫ਼ਕੀਰ ਪ੍ਰੇਮ ਸ਼ਾਹੀ, ਹੀਰ ਓਸ ਥੋਂ ਪੁਛ ਮੰਗਾਈਏ ਜੀ ।

 

(ਮਸਲਤ=ਮਸਲਹਤ,ਸਲਾਹ ਮਸ਼ਵਰਾ)

 

  1. ਭਾਈਆਂ ਦਾ ਚੂਚਕ ਨੂੰ ਉੱਤਰ

ਰਾਂਝਿਆਂ ਨਾਲ ਨਾ ਕਦੀ ਹੈ ਸਾਕ ਕੀਤਾ, ਨਹੀਂ ਦਿੱਤੀਆਂ ਅਸਾਂ ਕੁੜਮਾਈਆਂ ਵੋ ।

ਕਿੱਥੋਂ ਰੁਲਦਿਆਂ ਗੋਲਿਆਂ ਆਇਆਂ ਨੂੰ, ਦੇਸੋ ਏਹ ਸਿਆਲਾਂ ਦੀਆਂ ਜਾਈਆਂ ਵੋ ।

ਨਾਲ ਖੇੜਿਆਂ ਦੇ ਇਹ ਸਾਕ ਕੀਚੇ,ਦਿੱਤੀ ਮਸਲਤ ਸਭਨਾਂ ਭਾਈਆਂ ਵੋ ।

ਭਲਿਆਂ ਸਾਕਾਂ ਦੇ ਨਾਲ ਦਾ ਸਾਕ ਕੀਚੇ, ਧੁਰੋਂ ਇਹ ਜੇ ਹੁੰਦੀਆਂ ਆਈਆਂ ਵੇ।

ਵਾਰਿਸ ਸ਼ਾਹ ਅੰਗਿਆਰੀਆਂ ਭਖਦਿਆਂ ਭੀ, ਕਿਸੇ ਵਿੱਚ ਬਾਰੂਦ ਛੁਪਾਈਆਂ ਵੋ ।

 

(ਗੋਲਾ=ਨੌਕਰ)

 

  1. ਖੇੜਿਆਂ ਨੇ ਕੁੜਮਾਈ ਲਈ ਨਾਈ ਭੇਜਣਾ

ਖੇੜਿਆਂ ਭੇਜਿਆਂ ਅਸਾਂ ਥੇ ਇੱਕ ਨਾਈ, ਕਰਨ ਮਿੰਨਤਾਂ ਚਾ ਅਹਿਸਾਨ ਕੀਚੈ ।

ਭਲੇ ਜਟ ਬੂਹੇ ਉੱਤੇ ਆ ਬੈਠੇ, ਇਹ ਛੋਕਰੀ ਉਨ੍ਹਾਂ ਨੂੰ ਦਾਨ ਕੀਚੈ ।

ਅਸਾਂ ਭਾਈਆਂ ਇਹ ਸਲਾਹ ਦਿੱਤੀ, ਕਿਹਾ ਅਸਾਂ ਸੋ ਸਭ ਪਰਵਾਨ ਕੀਚੈ।

ਅੰਨ ਧਨ ਦਾ ਕੁੱਝ ਵਸਾਹ ਨਾਹੀਂ, ਅਤੇ ਬਾਹਾਂ ਦਾ ਨਾ ਗੁਮਾਨ ਕੀਚੈ ।

ਜਿੱਥੇ ਰਬ ਦੇ ਨਾਉਂ ਦਾ ਜ਼ਿਕਰ ਆਇਆ, ਲਖ ਬੇਟੀਆਂ ਚਾ ਕੁਰਬਾਨ ਕੀਚੈ।

ਵਾਰਿਸ ਸ਼ਾਹ ਮੀਆਂ ਨਾਹੀਂ ਕਰੋ ਆਕੜ, ਫ਼ਰਊਨ ਜਿਹਿਆਂ ਵਲ ਧਿਆਨ ਕੀਚੈ।

 

(ਫ਼ਰਔਨ= ਮਿਸਰ ਦੇ ਪੁਰਾਣੇ ਬਾਦਸ਼ਾਹ ਅਪਣੇ ਆਪ ਨੂੰ ਫ਼ਰਔਨ ਕਹਾਉਂਦੇ ਸਨ । ਕੁਰਆਨ ਵਿੱਚ ਜਿਸ ਫ਼ਰਾਔਨ ਦਾ ਜਿਕਰ ਹੈ ਉਹਨੂੰ ਸਿਖਿਆ ਦੇਣ ਅਤੇ ਉਹਦਾ ਮੁਕਾਬਲਾ ਕਰਨ ਲਈ ਹਜ਼ਰਤ ਮੂਸਾ ਨੂੰ ਭੇਜਿਆ ਗਿਆ ।ਮੂਸਾ ਫ਼ਰਔਨ ਦੀ ਪਤਨੀ ਆਸੀਆ ਦੀ ਗੋਦ ਵਿੱਚ, ਉਹਦੇ ਸਾਹਮਣੇ ਪਲਦਾ ਸੀ। ਭਾਵੇਂ ਨਜੂਮੀਆਂ ਦੇ ਕਹੇ ਤੇ ਫ਼ਰਔਨ ਨੇ ਬਨੀ ਇਸਰਾਈਲ ਦੇ ਸਾਰੇ ਪੁੱਤਰ ਮਾਰ ਦਿੱਤੇ ਸਨ ।ਜਦੋਂ ਮੂਸਾ ਨੇ ਫ਼ਰਔਨ ਨੂੰ ਰਬ ਦਾ ਸੁਨੇਹਾ ਦਿੱਤਾ ਤਾਂ ਉਹ ਮੂਸਾ ਦਾ ਜਾਨੀ ਦੁਸ਼ਮਨ ਬਣ ਗਿਆ । ਜਦ ਹਜ਼ਰਤ ਮੂਸਾ ਬਨੀ ਇਸਰਾਈਲ ਨੂੰ ਨਾਲ ਲੈ ਕੇ ਮਿਸਰ ਤੋਂ ਨਿਕਲਿਆ ਤਾਂ ਨੀਲ ਨਦੀ ਨੇ ਰੱਬ ਦੀ ਕੁਦਰਤ ਨਾਲ ਉਹਨੂੰ ਪਾਹ ਜਾਣ ਲਈ ਹਸਤਾ ਦਿੱਤਾ ਅਤੇ ਮੂਸਾ ਹਾਜ਼ੀ ਅਤੇ ਸਲਾਮਤ ਪਾਹ ਹੋ ਗਿਆ। ਫ਼ਰਔਨ ਅਤੇ ਉਹਦੀ ਫ਼ੌਜ ਮੂਸਾ ਦਾ ਪਿੱਛਾ ਕਰਦੀ ਨੀਲ ਨਦੀ ਵਿੱਚ ਗਰਕ ਹੋ ਗਈ। ਅੱਜ ਵੀ ਕਾਹਰਾ ਸ਼ਹਿਰ ਦੇ ਅਜਾਇਬ ਘਰ ਵਿੱਚ ਫ਼ਰਔਨ ਦੀ ਲਾਸ਼ ਰੱਖੀ ਦੱਸੀ ਜਾਂਦੀ ਹੈ)

 

  1. ਚੂਚਕ ਨੇ ਪੈਂਚਾ ਨੂੰ ਸੱਦਣਾ

ਚੂਚਕ ਫੇਰ ਕੇ ਗੰਢ ਸੱਦਾ ਘੱਲੇ, ਆਵਣ ਚੌਧਰੀ ਸਾਰਿਆਂ ਚੱਕਰਾਂ ਦੇ ।

ਹੱਥ ਦੇ ਰੁਪਈਆ ਪੱਲੇ ਪਾ ਸ਼ੱਕਰ, ਸਵਾਲ ਪਾਂਵਦੇ ਛੋਹਰਾਂ ਬੱਕਰਾਂ ਦੇ ।

ਲਾਗੀਆਂ ਆਖਿਆ ਸੰਨ ਨੂੰ ਸੰਨ ਮਿਲਿਆ, ਤੇਰਾ ਸਾਕ ਹੋਇਆ ਨਾਲ ਠੱਕਰਾਂ ਦੇ।

ਧਰਿਆ ਢੋਲ ਜਟੇਟੀਆਂ ਦੇਣ ਵੇਲਾਂ, ਛੰਨੇ ਲਿਆਵਦੀਆਂ ਦਾਣਿਆਂ ਸ਼ੱਕਰਾਂ ਦੇ ।

ਰਾਂਝੇ ਹੀਰ ਸੁਣਿਆ ਦਿਲਗੀਰ ਹੋਏ, ਦੋਵੇਂ ਦੇਣ ਗਾਲੀਂ ਨਾਲ ਅੱਕਰਾਂ ਦੇ।

 

(ਗੰਢ ਫੇਰੀ=ਸੁਨੇਹਾ ਭੇਜਿਆ, ਚੱਕਰਾਂ=ਪਿੰਡਾਂ,ਚੱਕਾਂ, ਬੱਕਰਾਂ=ਕਵਾਰੀਆਂ, ਲੜਕੀਆਂ, ਠੱਕਰ=ਠਾਕਰ, ਅੱਕਰਾਂ= ਵੈਰ,ਰੋਸਾ,ਨਰਾਜ਼ਗੀ)

 

  1. ਖੇੜਿਆਂ ਨੂੰ ਵਧਾਈਆਂ

ਮਿਲੀ ਜਾਇ ਵਧਾਈ ਜਾਂ ਖੇੜਿਆਂ, ਨੂੰ ਲੁੱਡੀ ਮਾਰ ਕੇ ਝੂਮਰਾਂ ਘੱਤਦੇ ਨੀ ।

ਛਾਲਾਂ ਲਾਣ ਅਪੁੱਠੀਆਂ ਖੁਸ਼ੀ ਹੋਏ, ਲਾਇ ਮਜਲਸਾਂ ਖੇਡਦੇ ਵੱਤਦੇ ਨੀ ।

ਭਲੇ ਕੁੜਮ ਮਿਲੇ ਸਾਨੂੰ ਸ਼ਰਮ ਵਾਲੇ, ਰੱਜੇ ਜੱਟ ਵੱਡੇ ਅਹਿਲ ਪੱਤ ਦੇ ਨੀ।

ਵਾਰਿਸ ਸ਼ਾਹ ਦੀ ਸ਼ੀਰਨੀ ਵੰਡਿਆ ਨੇ, ਵੱਡੇ ਦੇਗਚੇ ਦੁੱਧ ਤੇ ਭੱਤ ਦੇ ਨੀ ।

 

(ਝੁੰਮਰ= ਝੁੰਬਰ, ਇੱਕ ਨਾਚ, ਅਹਿਲ ਪਤ=ਇੱਜ਼ਤ ਵਾਲੇ)

24 / 96
Previous
Next