Back ArrowLogo
Info
Profile

  1. ਹੀਰ ਦਾ ਮਾਂ ਨਾਲ ਕਲੇਸ਼

ਹੀਰ ਮਾਉਂ ਦੇ ਨਾਲ ਆ ਲੜਨ ਲੱਗੀ, ਤੁਸਾਂ ਸਾਕ ਕੀਤਾ ਨਾਲ ਜ਼ੋਰੀਆਂ ਦੇ ।

ਕਦੇ ਮੰਗਿਆ ਮੁਣਸ ਮੈਂ ਆਖ ਤੈਨੂੰ, ਵੈਰ ਕੱਢਿਉਈ ਕਿਨ੍ਹਾਂ ਖੋਰੀਆਂ ਦੇ ।

ਹੁਣ ਕਰੇਂ ਵਲਾ ਕਿਉਂ ਅਸਾਂ ਕੋਲੋਂ, ਇਹ ਕੰਮ ਨਾ ਹੁੰਦੇ ਨੀ ਚੋਰੀਆਂ ਦੇ ।

ਜਿਹੜੇ ਹੋਣ ਬੇਅਕਲ ਚਾ ਲਾਂਵਦੇ ਨੀ, ਇੱਟ ਮਾੜੀਆਂ ਦੀ ਵਿੱਚ ਮੋਰੀਆਂ ਦੇ।

ਚਾਇ ਚੁਗ਼ਦ ਨੂੰ ਕੂੰਜ ਦਾ ਸਾਕ ਦਿੱਤੋ, ਪਰੀ ਬਧੀਆ ਜੇ ਗਲ ਢੋਰੀਆਂ ਦੇ ।

ਵਾਰਿਸ ਸ਼ਾਹ ਮੀਆਂ ਗੰਨਾ ਚੱਖ ਸਾਰਾ, ਮਜ਼ੇ ਵੱਖ ਨੇ ਪੋਰੀਆਂ ਪੋਰੀਆਂ ਦੇ।

 

(ਵਲਾ=ਪਰਦਾ, ਮਾੜੀ = ਮਹਿਲ, ਢੋਰ=ਪਸ਼ੂ ਚੁਗ਼ਦ=ਉੱਲੂ)

 

  1. ਹੀਰ ਨੇ ਰਾਂਝੇ ਨਾਲ ਸਲਾਹ ਕਰਨੀ

ਹੀਰ ਆਖਦੀ ਰਾਂਝਿਆ ਕਹਿਰ ਹੋਇਆ, ਏਥੋਂ ਉਠ ਕੇ ਚਲ ਜੇ ਚੱਲਣਾ ਈ ।

ਦੋਨੋਂ ਉਠ ਕੇ ਲੰਮੜੇ ਰਾਹ ਪਈਏ, ਕੋਈ ਅਸਾਂ ਨੇ ਦੇਸ ਨਾ ਮੱਲਣਾ ਈ ।

ਜਦੋਂ ਝੁੱਗੜੇ ਵੜੀ ਮੈਂ ਖੇੜਿਆਂ ਦੇ, ਕਿਸੇ ਅਸਾਂ ਨੂੰ ਮੋੜ ਨਾ ਘੱਲਣਾ ਈ ।

ਮਾਂ ਬਾਪ ਨੇ ਜਦੋਂ ਵਿਆਹ ਟੋਰੀ, ਕੋਈ ਅਸਾਂ ਦਾ ਵੱਸ ਨਾ ਚੱਲਣਾ ਈ ।

ਅਸੀਂ ਇਸ਼ਕੇ ਦੇ ਆਣ ਮੈਦਾਨ ਰੁਧੇ, ਬੁਰਾ ਸੂਰਮੇ ਨੂੰ ਰਣੋ ਹੱਲਣਾ ਈ ।

ਵਾਰਿਸ ਸ਼ਾਹ ਜੇ ਇਸ਼ਕ ਫ਼ਿਰਾਕ ਛੁੱਟੇ, ਇਹ ਕਟਕ ਫਿਰ ਆਖ ਕਿਸ ਝੱਲਣਾ ਈ ।

 

(ਰੁੱਧੇ=ਰੁੱਝੇ, ਆ ਗਏ)

 

  1. ਰਾਂਝੇ ਦਾ ਹੀਰ ਨੂੰ ਉੱਤਰ

ਹੀਰੇ ਇਸ਼ਕ ਨਾ ਮੂਲ ਸਵਾਦ ਦਿੰਦਾ, ਨਾਲ ਚੋਰੀਆਂ ਅਤੇ ਉਧਾਲਿਆਂ ਦੇ ।

ਕਿੜਾਂ ਪੈਂਦੀਆਂ ਮੁਠੇ ਸਾਂ ਦੇਸ ਵਿੱਚੋਂ, ਕਿਸੇ ਸੁਣੇ ਸਨ ਖੂਹਣੀਆਂ ਗਾਲਿਆਂ ਦੇ ।

ਠੱਗੀ ਨਾਲ ਤੂੰ ਮਝੀਂ ਚਰਾ ਲਈਆਂ, ਏਹੋ ਰਾਹ ਨੇ ਰੰਨਾਂ ਦੀਆਂ ਚਾਲਿਆਂ ਦੇ ।

ਵਾਰਿਸ ਸ਼ਾਹ ਸਰਾਫ ਸਭ ਜਾਣਦੇ ਨੀ, ਐਬ ਖੋਟਿਆਂ ਭੰਨਿਆਂ ਰਾਲਿਆਂ ਦੇ ।

 

(ਕਿੜਾਂ=ਖਬਰਾਂ,ਵੈਰ, ਭੰਨਿਆਂ=ਤੋੜਿਆਂ, ਖੋਟਿਆਂ= ਨਕਲੀ, ਰਾਲਿਆਂ=ਰਲਾ ਕੀਤੇ ਹੋਏ)

 

  1. ਹੀਰ ਦੇ ਵਿਆਹ ਦੀ ਤਿਆਰੀ

ਚੂਚਕ ਸਿਆਲ ਨੇ ਕੌਲ ਵਸਾਰ ਘੱਤੇ, ਜਦੋਂ ਹੀਰ ਨੂੰ ਪਾਇਆ ਮਾਈਆਂ ਨੇ ।

ਕੁੜੀਆਂ ਝੰਗ ਸਿਆਲ ਦੀਆਂ ਧੁੰਮਲਾ ਹੋ, ਸਭੇ ਪਾਸ ਰੰਝੇਟੇ ਦੇ ਆਈਆਂ ਨੇ ।

ਉਹਦੇ ਵਿਆਹ ਦੇ ਸਭ ਸਾਮਾਨ ਹੋਏ, ਗੰਢੀ ਫੇਰੀਆਂ ਦੇਸ ਤੇ ਨਾਈਆਂ ਨੇ।

ਹੁਣ ਤੇਰੀ ਰੰਝੇਟਿਆ ਗੱਲ ਕੀਕੂੰ, ਤੂੰ ਭੀ ਰਾਤ ਦਿੰਹੁ ਮਹੀ ਚਰਾਈਆਂ ਨੇ ।

ਆ ਵੇ ਮੂਰਖਾ ਪੁੱਛ ਤੂੰ ਨਢੜੀ ਨੂੰ, ਮੇਰੇ ਨਾਲ ਤੂੰ ਕੇਹੀਆਂ ਚਾਈਆਂ ਨੇ ।

ਹੀਰੇ ਕਹਿਰ ਕੀਤੋ ਰਲ ਨਾਲ ਭਾਈਆਂ, ਸਭਾ ਗਲੋ ਗਲ ਚਾ ਗਵਾਈਆਂ ਨੇ ।

ਜੇ ਤੂੰ ਅੰਤ ਮੈਨੂੰ ਪਿੱਛਾ ਦੇਵਣਾ ਸੀ, ਏਡੀਆਂ ਮਿਹਨਤਾਂ ਕਾਹੇ ਕਰਾਈਆਂ ਨੇ ।

ਏਹੀ ਹੱਦ ਹੀਰੇ ਤੇਰੇ ਨਾਲ ਸਾਡੀ, ਮਹਿਲ ਚਾੜ੍ਹ ਕੇ ਪੌੜੀਆਂ ਚਾਈਆਂ ਨੇ ।

ਤੈਨੂੰ ਵਿਆਹ ਦੇ ਹਾਰ ਸ਼ਿੰਗਾਰ ਬੱਧੇ, ਅਤੇ ਖੇੜਿਆਂ ਘਰੀਂ ਵਧਾਈਆਂ ਨੇ ।

ਖਾ ਕਸਮ ਸੌਗੰਦ ਤੂੰ ਘੋਲ ਪੀਤੀ, ਡੋਬ ਸੁਟਿੱਉ ਪੂਰੀਆਂ ਪਾਈਆਂ ਨੇ ।

ਬਾਹੋਂ ਪਕੜ ਕੇ ਟੋਰ ਦੇ ਕਢ ਦੇਸੋਂ, ਓਵੇਂ ਤੋੜ ਨੈਣਾਂ ਜਿਵੇਂ ਲਾਈਆਂ ਨੇ ।

ਯਾਰ ਯਾਰ ਥੀਂ ਜੁਦਾ ਕਰ ਦੂਰ ਹੋਵੇ, ਮੇਰੇ ਬਾਬ ਤਕਦੀਰ ਲਿਖਾਈਆਂ ਨੇ ।

ਵਾਰਿਸ ਸ਼ਾਹ ਨੂੰ ਠਗਿਉ ਦਗ਼ਾ ਦੇ ਕੇ, ਜੇਹੀਆਂ ਕੀਤੀਆਂ ਸੋ ਅਸਾਂ ਪਾਈਆਂ ਨੇ ।

 

(ਧੁੰਮਲਾ=ਇਕੱਠੀਆਂ ਹੋ ਕੇ)

 

  1. ਰਾਂਝੇ ਦਾ ਉੱਤਰ

ਰਾਂਝੇ ਆਖਿਆ ਮੂੰਹੋਂ ਕੀ ਬੋਲਣਾ ਏਂ, ਘੁਟ ਵੱਟ ਕੇ ਦੁਖੜਾ ਪੀਵਣਾ ਏਂ ।

ਮੇਰੇ ਸਬਰ ਦੀ ਦਾਦ ਜੇ ਰੱਬ ਦਿੱਤੀ, ਖੇੜੀਂ ਹੀਰ ਸਿਆਲ ਨਾ ਜੀਵਣਾ ਏਂ ।

ਸਬਰ ਦਿਲਾਂ ਦੇ ਮਾਰ ਜਹਾਨ ਪੱਟਣ, ਉੱਚੀ ਕਾਸਨੂੰ ਅਸਾਂ ਬਕੀਵਣਾ ਏਂ ।

ਤੁਸੀਂ ਕਮਲੀਆਂ ਇਸ਼ਕ ਥੀ ਨਹੀਂ ਵਾਕਫ, ਨਿਹੁੰ ਲਾਵਣਾ ਨਿੰਮ ਦਾ ਪੀਵਣਾਂ ਏਂ।

ਵਾਰਿਸ ਸ਼ਾਹ ਜੀ ਚੁਪ ਥੀਂ ਦਾਦ ਪਾਈਏ, ਉੱਚੀ ਬੋਲਿਆਂ ਨਹੀਂ ਵਹੀਵਣਾ ਏਂ।

 

  1. ਸਹੇਲੀਆਂ ਨੇ ਹੀਰ ਕੋਲ ਆਉਣਾ

ਰਲ ਹੀਰ ਤੇ ਆਈਆਂ ਫੇਰ ਸੱਭੇ, ਰਾਂਝੇ ਯਾਰ ਤੇਰੇ ਸਾਨੂੰ ਘੱਲਿਆ ਈ ।

ਸੋਟਾ ਵੰਝਲੀ ਕੰਬਲੀ ਸੁਟ ਕੇ ਤੇ, ਛੱਡ ਦੇਸ ਪਰਦੇਸ ਨੂੰ ਚੱਲਿਆ ਈ ।

ਜੇ ਤੂੰ ਅੰਤ ਉਹਨੂੰ ਪਿੱਛਾ ਦੇਵਣਾ ਸੀ, ਉਸ ਦਾ ਕਾਲਜਾ ਕਾਸ ਨੂੰ ਸੱਲਿਆ ਈ।

ਅਸਾਂ ਏਤਨੀ ਗੱਲ ਮਾਲੂਮ ਕੀਤੀ, ਤੇਰਾ ਨਿਕਲ ਈਮਾਨ ਹੁਣ ਚੱਲਿਆ ਈ ।

ਬੇਸਿਦਕ ਹੋਈਏ ਸਿਦਕ ਹਾਰਿਉਈ, ਤੇਰਾ ਸਿਦਕ ਈਮਾਨ ਹੁਣ ਹੱਲਿਆ ਈ ।

ਉਹਦਾ ਵੇਖਕੇ ਹਾਲ ਅਹਿਵਾਲ ਸਾਰਾ, ਸਾਡਾ ਰੋਂਦਿਆਂ ਨੀਰ ਨਾ ਠੱਲਿਆ ਈ ।

ਹਾਏ ਹਾਏ ਮੁਠੀ ਫਿਰੇਂ ਠੱਗ ਹੈ ਨੀ, ਉਹਨੂੰ ਸੱਖਣਾ ਕਾਸ ਨੂੰ ਘਲਿਆ ਈ ।

ਨਿਰਾਸ ਵੀ ਰਾਸ ਲੈ ਇਸ਼ਕ ਕੋਲੋਂ, ਸਕਲਾਤ ਦੇ ਬਈਆਂ ਨੂੰ ਚੱਲਿਆ ਈ ।

ਵਾਰਿਸ ਹੱਕ ਦੇ ਥੋਂ ਜਦੋਂ ਹੱਕ ਖੁੱਥਾ, ਅਰਸ਼ ਰੱਬ ਦਾ ਤਦੋਂ ਤਰਥੱਲਿਆ ਈ।

 

(ਸਕਲਾਤ=ਗੁਲਨਾਰੀ ਰੰਗ ਦੇ, ਬਈਆਂ=ਬਈਏ ਦਾ ਬਹੁ-ਵਚਨ,ਬਿਜੜੇ)

 

  1. ਹੀਰ ਦਾ ਉੱਤਰ

ਹੀਰ ਆਖਿਆ ਓਸ ਨੂੰ ਕੁੜੀ ਕਰਕੇ, ਬੁੱਕਲ ਵਿੱਚ ਲੁਕਾ ਲਿਆਇਆ ਜੇ ।

ਮੇਰੀ ਮਾਉਂ ਤੇ ਬਾਪ ਤੋਂ ਕਰੋ ਪਰਦਾ, ਗੱਲ ਕਿਸੇ ਨਾ ਮੂਲ ਸੁਣਾਇਆ ਜੇ ।

ਆਹਮੋਂ-ਸਾਮ੍ਹਣਾ ਆਇਕੇ ਕਰੇ ਝੇੜਾ, ਤੁਸੀਂ ਮੁਨਸਫ ਹੋਇ ਮੁਕਾਇਆ ਜੇ ।

ਜਿਹੜੇ ਹੋਣ ਸੱਚੇ ਸੋਈ ਛੁਟ ਜਾਸਣ, ਡੰਨ ਝੂਠਿਆਂ ਨੂੰ ਤੁਸੀਂ ਲਾਇਆ ਜੇ ।

ਮੈਂ ਆਖ ਥੱਕੀ ਓਸ ਕਮਲੜੇ ਨੂੰ, ਲੈ ਕੇ ਉਠ ਚਲ ਵਕਤ ਘੁਸਾਇਆ ਜੇ ।

ਮੇਰਾ ਆਖਣਾ ਉਸ ਨਾ ਕੰਨ ਕੀਤਾ, ਹੁਣ ਕਾਸ ਨੂੰ ਡੁਸਕਣਾ ਲਾਇਆ ਜੇ ।

ਵਾਰਿਸ ਸ਼ਾਹ ਮੀਆਂ ਇਹ ਵਕਤ ਘੁੱਥਾ, ਕਿਸੇ ਪੀਰ ਨੂੰ ਹੱਥ ਨਾ ਆਇਆ ਜੇ ।

 

(ਨਾ ਕੰਨ ਕੀਤਾ=ਨਾ ਮੰਨਿਆ, ਘੁੱਥਾ=ਬੀਤਿਆ)

25 / 96
Previous
Next