ਰਾਤੀ ਵਿੱਚ ਰਲਾਇਕੇ ਮਾਹੀਏ ਨੂੰ, ਕੁੜੀਆਂ ਹੀਰ ਦੇ ਪਾਸ ਲੈ ਆਈਆਂ ਨੀ।
ਹੀਰ ਆਖਿਆ ਜਾਦੇ ਨੂੰ ਬਿਸਮਿੱਲਾ, ਅੱਜ ਦੌਲਤਾਂ ਮੈਂ ਘਰੀਂ ਪਾਈਆਂ ਨੀ ।
ਲੋਕਾ ਆਖਿਆ ਹੀਰ ਦਾ ਵਿਆਹ ਹੁੰਦਾ, ਅਸੀਂ ਦੇਖਣੇ ਆਈਆਂ ਮਾਈਆਂ ਨੀ ।
ਸੂਰਜ ਚੜ੍ਹੇਗਾ ਮਗਰਬੋ ਜਿਵੇਂ ਕਿਆਮਤ, ਤੋਬਾ ਤਰਕ ਕਰ ਕੁਲ ਬੁਰਾਈਆਂ ਨੀ ।
ਜਿਨ੍ਹਾਂ ਮੱਝੀਂ ਦਾ ਚਾਕ ਸਾਂ ਸਣੇ ਨੱਢੀ, ਸੋਈ ਖੇੜਿਆਂ ਦੇ ਹੱਥ ਆਈਆਂ ਨੀ।
ਓਸੇ ਵਕਤ ਜਵਾਬ ਹੈ ਮਾਲਕਾਂ ਨੂੰ, ਹਿਕ ਧਾੜਵੀਆਂ ਦੇ ਅੱਗੇ ਲਾਈਆਂ ਨੀ।
ਇਹ ਸਹੇਲੀਆਂ ਸਾਕ ਤੇ ਸੈਣ ਤੇਰੇ, ਸਭੇ ਮਾਸੀਆ ਫੁਫੀਆਂ ਤਾਈਆਂ ਨੀ ।
ਤੁਸਾਂ ਵਹੁਟੀਆਂ ਬਣਨ ਦੀ ਨੀਤ ਬੱਧੀ, ਲੀਕਾਂ ਹੱਦ ਤੇ ਪੁੱਜ ਕੇ ਲਾਈਆਂ ਨੀ ।
ਅਸਾਂ ਕੋਹੀ ਹੁਣ ਆਸ ਹੈ ਨੱਢੀਏ ਨੀ, ਜਿੱਥੇ ਖੇੜਿਆਂ ਜਰਾਂ ਵਿਖਆਈਆਂ ਨੀ ।
ਵਾਰਿਸ ਸ਼ਾਹ ਅੱਲਾਹ ਨੂੰ ਸੌਂਪ ਹੀਰੇ, ਸਾਨੂੰ ਛੱਡ ਕੇ ਹੋਰ ਧਿਰ ਲਾਈਆਂ ਨੀ।
(ਮਾਹੀੜੇ=ਰਾਂਝੇ ਨੂੰ ਮਗਰਬ=ਪੱਛਮ , ਜਰਾ =ਜਰ ਦਾ ਬਹੁ-ਵਚਨ, ਦੌਲਤ)
ਖੇੜਿਆ ਸਾਹਾ ਸੁਧਾਇਆ ਬਾਹਮਣਾਂ ਤੋਂ, ਭਲੀ ਤਿੱਥ ਮਹੂਰਤ ਤੇ ਵਾਰ ਮੀਆਂ।
ਨਾਵੇਂ ਸਾਵਣੋਂ ਰਾਤ ਸੀ ਵੀਰਵਾਰੀ, ਲਿਖ ਘਲਿਆ ਇਹ ਨਿਰਵਾਰ ਮੀਆਂ।
ਪਹਿਰ ਰਾਤ ਨੂੰ ਆਣ ਨਿਕਾਹ ਲੈਣਾ, ਢਿਲ ਲਾਵਣੀ ਨਹੀਂ ਜਿਨਹਾਰ ਮੀਆਂ।
ਓਥੇ ਖੇੜਿਆਂ ਪੁਜ ਸਾਮਾਨ ਕੀਤੇ, ਏਥੇ ਸਿਆਲ ਭੀ ਹੋਏ ਤਿਆਰ ਮੀਆ।
ਰਾਂਝੇ ਦੁਆ ਕੀਤੀ ਜੰਞ ਆਂਵਦੀ ਨੂੰ, ਪਏ ਗ਼ੈਬ ਦਾ ਕਟਕ ਕਿ ਧਾੜ ਮੀਆਂ।
ਵਾਰਿਸ ਸ਼ਾਹ ਸਰਬਾਲੜਾ ਨਾਲ ਹੋਇਆ, ਹੱਥ ਤੀਰ ਕਾਨੀ ਤਲਵਾਰ ਮੀਆ।
(ਸਾਹਾ ਸੁਧਾਇਆ=ਵਿਆਹ ਦੀ ਤਾਰੀਖ ਬਾਰੇ ਬਾਹਮਣਾਂ ਤੋਂ ਪਤਰੀ ਖੁਲਵਾਈ, ਜਿਨਹਾਰ=ਬਿਲਕੁਲ)
ਲੱਗੇ ਨੁਗਦੀਆਂ ਤਲਣ ਤੇ ਸਕਰ ਪਾਰੇ, ਢੇਰ ਲਾ ਦਿੱਤੇ ਵੱਡੇ ਘਿਉਰਾਂ ਦੇ।
ਤਲੇ ਖੂਬ ਜਲੇਬ ਗੁਲ ਬਹਿਸ਼ਤ ਬੂੰਦੀ, ਲੱਡੂ ਟਿੱਕੀਆ ਭੰਬਰੀ ਮਿਉਰਾਂ ਦੇ।
ਮੈਦਾ ਖੰਡ ਤੇ ਘਿਉ ਪਾ ਰਹੇ ਜੱਫੀ, ਭਾਬੀ ਲਾਡਲੀ ਨਾਲ ਜਿਉਂ ਦਿਉਰਾਂ ਦੇ।
ਕਲਾਕੰਦ ਮਖਾਣਿਆਂ ਸਵਾਦ ਮਿੱਠੇ, ਪਕਵਾਨ ਗੁੰਨ੍ਹੇ ਨਾਲ ਤਿਉਰਾਂ ਦੇ।
ਟਿੱਕਾ ਵਾਲੀਆ ਨੱਥ ਹਮੇਲ ਝਾਂਜਰ, ਬਾਜੂਬੰਦ ਮਾਲਾ ਨਾਲ ਨਿਉਰਾਂ ਦੇ ।
(ਮਿਠਾਈਆਂ=ਨੁਗਦੇ,ਸੰਕਰਪਾਰੇ,ਜਲੇਬ,ਗੁਲ ਬਹਿਸ਼ਤ,ਬੂੰਦੀ,ਲੱਡੂ, ਟਿੱਕੀਆਂ,ਭੰਬਰੀ, ਮਿਊਰ,ਕਲਾਕੰਦ,ਮਖਾਣੇ, ਗਹਿਣੇ=ਟਿੱਕਾ, ਵਾਲੀਆ, ਨੰਥ, ਹਮੇਲ, ਝਾਂਜਰ, ਬਾਜੂਬੰਦ,ਮਾਲਾ,ਨਿਉਰ)
ਮੱਠੀ ਹੋਰ ਖਜੂਰ ਪਰਾਕੜੀ ਵੀ, ਭਰੇ ਖੌਂਚੇ ਨਾਲ ਸਮੋਸਿਆਂ ਦੇ।
ਅੰਦਰਸੇ ਕਚੌਰੀਆ ਅਤੇ ਲੁੱਚੀ, ਵੜੇ ਖੰਡ ਦੇ ਖਿਰਨੀਆ ਖੋਸਿਆਂ ਦੇ ।
ਪੇੜੇ ਨਾਲ ਖਤਾਈਆਂ ਹੋਰ ਗੁਪਚੁੱਪ, ਬੇਦਾਨਿਆਂ ਨਾਲ ਪਲੋਸਿਆਂ ਦੇ।
ਰਾਂਝਾ ਜੋੜ ਕੇ ਪਰ੍ਹੇ ਫਰਿਆਦ ਕਰਦਾ, ਦੇਖੋ ਖਸਦੇ ਸਾਕ ਬੇਦੋਸਿਆਂ ਦੇ।
ਵਾਰਿਸ ਸ਼ਾਹ ਨਸੀਬ ਹੀ ਪੈਣ ਝੋਲੀ, ਕਰਮ ਢੈਣ ਨਾਹੀ ਨਾਲ ਝੋਸਿਆਂ ਦੇ।
(ਖਸਦੇ=ਖੋਹ ਲੈਂਦੇ, ਝੋਸੇ=ਹਿਲੂਣੇ, ਢੈਣ ਨਾਹੀਂ=ਡਿਗਦੇ ਨਹੀਂ, ਬੇਦੋਸੇ=ਬੇਕਸੂਰ)
ਮੁੰਡੇ ਮਾਸ ਚਾਵਲ ਦਾਲ ਦਹੀਂ ਧੱਗੜ, ਇਹ ਮਾਹੀਆਂ ਪਾਹੀਆਂ ਰਾਹੀਆਂ ਨੂੰ।
ਸਭੋ ਚੂਹੜੇ ਚੱਪੜੇ ਰੱਜ ਥੱਕੇ, ਰਾਖੇ ਜਿਹੜੇ ਸਾਂਭਦੇ ਵਾਹੀਆਂ ਨੂੰ।
ਕਾਮੇ ਚਾਕ ਚੋਬਰ ਸੀਰੀ ਧੱਗੜਾਂ ਨੂੰ, ਦਹੀਂ ਰੋਟੀ ਦੇ ਨਾਲ ਭਲਾਹੀਆਂ ਨੂੰ ।
ਦਾਲ ਸ਼ੋਰਬਾ ਰਸਾ ਤੇ ਮੱਠਾ ਮੰਡੇ, ਡੂਮਾ ਢੋਲੀਆਂ ਕੰਜਰਾਂ ਨਾਈਆਂ ਨੂੰ ।
(ਧੱਗੜ=ਮੋਟੀ ਰੋਟੀ, ਰੋਟ, ਪਾਹੀਆਂ= ਦੂਜੇ ਪਿੰਡ ਦਾ ਮੁਜਾਰਾ)
ਸਾਕ ਮਾੜਿਆਂ ਦੇ ਖੋਹ ਲੈਣ ਢਾਡੇ, ਅਣਪੁੱਜਦੇ ਉਹ ਨਾ ਬੋਲਦੇ ਨੇ ।
ਨਹੀਂ ਚਲਦਾ ਵਸ ਲਾਚਾਰ ਹੋ ਕੇ, ਮੇਏ ਸੱਪ ਵਾਂਙੂ ਵਿੱਸ ਘੋਲਦੇ ਨੇ ।
ਕਦੀ ਆਖਦੇ ਮਾਰੀਏ ਆਪ ਮਰੀਏ, ਪਏ ਅੰਦਰੋਂ ਬਾਹਰੋਂ ਡੋਲਦੇ ਨੇ।
ਗੁਣ ਮਾੜਿਆਂ ਦੇ ਸਭੇ ਰਹਿਣ ਵਿੱਚੇ, ਮਾੜੇ ਮਾੜਿਆਂ ਬੇ ਦੁੱਖ ਫੋਲਦੇ ਨੇ ।
ਸ਼ਾਨਦਾਰ ਨੂੰ ਕਰੋ ਨਾ ਕੋਈ ਝੂਠਾ, ਮਾੜਾ ਕੰਗਲਾ ਝੂਠਾ ਕਰ ਟੌਰਦੇ ਨੇ ।
ਵਾਰਿਸ ਸ਼ਾਹ ਲੁਟਾਇੰਦੇ ਖੜੇ ਮਾੜੇ, ਮਾਰੇ ਖੌਫ ਦੇ ਮੂੰਹੋਂ ਨਾ ਬੇਲਦੇ ਨੇ ।
(ਅਣਪੁਜਦੇ=ਗ਼ਰੀਬ, ਵਿਸ ਘੋਲਦੇ=ਖਿਝਦੇ, ਖੌਫ=ਡਰ)
ਮੁਸ਼ਕੀ ਚਾਵਲਾ ਦੇ ਭਰੇ ਆਣ ਕੋਠੇ, ਸੋਇਨ ਪੱਤੀਏ ਝੋਨੜੇ ਛੜੀਦੇ ਨੀ।
ਬਾਸਮਤੀ ਮੁਸਾਫਰੀ ਬੇਗਮੀ ਸਨ, ਹਰਿਚੰਦ ਤੇ ਜਰਦੀਏ ਧਰੀਦੇ ਨੀ ।
ਸੱਠੀ ਕਰਚਕਾ ਸੇਉਲਾ ਘਰਤ ਕੰਟਲ, ਅਨੋਕੀਕਲਾ ਤੀਹਰਾ ਸਰੀ ਦੇ ਨੀ।
ਬਾਰੀਕ ਸਫੈਦ ਕਸ਼ਮੀਰ ਕਾਬਲ, ਖੁਰਸ਼ ਜਿਹੜੇ ਹੂਰ ਤੇ ਪਰੀ ਦੇ ਨੀਂ ।
ਗੁੱਲੀਆਂ ਸੁੱਚੀਆਂ ਨਾਲ ਖੋਹਰੀਆਂ ਦੇ, ਮੋਤੀ ਚੂਰ ਲੰਬੋਹਾਂ ਜੜੀਦੇ ਨੀ ।
ਵਾਰਿਸ ਸ਼ਾਹ ਇਹ ਜੇਵਰਾਂ ਘੜਨ ਖ਼ਾਤਰ, ਪਿੰਡ ਪਿੰਡ ਸੁਨਿਆਰੜੇ ਫੜੀਦੇ ਨੀ।
(ਗੁੱਲੀਆਂ=ਸੇਨਾ, ਸੱਠੀ=ਸੱਠਾ ਦਿਨਾਂ ਵਿੱਚ ਪੱਕਣ ਵਾਲਾ ਚੌਲ)