ਕੰਝਣ ਨਾਲ ਜ਼ੰਜੀਰੀਆਂ ਪੰਜ ਮਣੀਆਂ, ਹਾਰ ਨਾਲ ਲੈਗੇਰ ਪੁਰਾਇਉ ਨੇ।
ਤਰਗਾਂ ਨਾਲ ਕਪੂਰਾਂ ਦੇ ਜੁੱਟ ਸੁੱਚੇ, ਤੋੜੇ ਪਾਉਟੇਂ ਗਜਰੀਆਂ ਛਾਇਉ ਨੇ ।
ਪਹੁੰਚੀ ਚੌਕੀਆਂ ਨਾਲ ਹਮੇਲ ਮਾਲਾ, ਮੁਹਰ ਬਿਛੂਏ ਨਾਲ ਘੜਾਇਉ ਨੇ ।
ਸੋਹਣੀਆਂ ਅੱਲੀਆਂ ਪਾਨ ਪਾਜ਼ੇਬ ਪੱਖੇ, ਘੁੰਗਰਿਆਲੜੇ ਘੁੰਗਰੂ ਲਾਇਉ ਨੇ।
ਜਿਵੇਂ ਨਾਲ ਨੈਗ੍ਰਿਹੀ ਤੇ ਚੁੱਪ ਕਲੀਆਂ, ਕਾਨ ਫੂਲ ਤੇ ਸੀਸ ਬਣਾਇਉ ਨੇ ।
ਵਾਰਿਸ ਸ਼ਾਹ ਗਹਿਣਾ ਠੀਕ ਚਾਕ ਆਹਾ, ਸੋਈ ਖੱਟੜੇ ਚਾ ਪਵਾਇਉ ਨੇ।
ਅਸਕੰਦਰੀ ਨੇਵਰਾਂ ਬੀਰ-ਬਲੀਆਂ, ਪਿੱਪਲ ਪੱਤਰੇ ਝੁਮਕੇ ਸਾਰਿਆਂ ਨੇ ।
ਹਸ ਕੜੇ ਛੜਕੰਝਣਾ ਨਾਲ ਬੂਲਾਂ, ਵੱਧੀ ਡੋਲ ਮਿਆਨੜਾ ਧਾਰਿਆਂ ਨੇ ।
ਚੱਨਣਹਾਰ ਲੂਹਲਾਂ ਟਿੱਕਾ ਨਾਲ ਬੀਤਾ, ਅਤੇ ਜੁਗਨੀ ਚਾ ਸਵਾਰਿਆ ਨੇ ।
ਬਾਂਕਾਂ ਚੂੜੀਆਂ ਮੁਸ਼ਕ-ਬਲਾਈਆਂ ਭੀ, ਨਾਲ ਮਛਲੀਆਂ ਵਾਲੜੋ ਸਾਰਿਆਂ ਨੇ।
ਸੋਹਣੀ ਆਰਸੀ ਨਾਲ ਅੰਗੂਠੀਆਂ ਦੇ, ਇਤਰ-ਦਾਨ ਲਟਕਣ ਹਰਿਆਰਿਆ ਨੇ ।
ਦਾਜ ਘੱਤ ਕੇ ਤੌਕ ਸੰਦੂਕ ਬੱਧੇ, ਸੁਣੋ ਕੀ ਕੀ ਦਾਜ ਰੰਗਾਇਆ ਨੇ।
ਵਾਰਿਸ ਸ਼ਾਹ ਮੀਆ ਅਸਲ ਦਾਜ ਰਾਂਝਾਂ, ਇਕ ਉਹ ਬਦਰੰਗ ਕਰਾਇਆ ਨੇ ।
(ਮਿਆਨੜਾ =ਸ਼ਰੀਫ ਲੋਕਾਂ ਦੀ ਪਰਦੇਦਾਰ ਪਾਲਕੀ)
ਲਾਲ ਪੰਖੀਆਂ ਅਤੇ ਮਤਾਹ ਲਾਚੇ, ਖੰਨ ਰੇਸ਼ਮੀ ਖੇਸ ਸਲਾਰੀਆ ਨੇ।
ਮਾਂਗ ਚੌਂਕ ਪਟਾਂਗਲਾਂ ਚੂੜੀਏ ਸਨ, ਬੂੰਦਾਂ ਅਤੇ ਪੰਜਦਾਣੀਆਂ ਸਾਰੀਆਂ ਨੇ ।
ਚੌਂਪ ਛਾਇਲਾਂ ਤੇ ਨਾਲ ਚਾਰ ਸੂਤੀ, ਚੰਦਾਂ ਮੋਰਾਂ ਦੇ ਬਾਨ੍ਹਣੂੰ ਛਾਰੀਆਂ ਨੇ ।
ਸਾਲੂ ਪੱਤਰੇ ਚਾਦਰਾਂ ਬਾਫਤੇ ਦੀਆਂ, ਨਾਲ ਭੋਛਣਾਂ ਦੇ ਫੁਲਕਾਰੀਆਂ ਨੇ ।
ਵਾਰਿਸ ਸ਼ਾਹ ਚਿਕਨੀ ਸਿਰੋਪਾਉ ਖਾਸੇ, ਪੋਸ਼ਾਕੀਆ ਨਾਲ ਦੀਆਂ ਭਾਰੀਆਂ ਨੇ।
(ਬਾਫ਼ਤਾ=ਕਸੂਰ ਵਿੱਚ ਬੁਣਿਆ ਕੱਪੜਾ, ਭੋਛਣਾਂ =ਪੁਸ਼ਾਕਾ)
ਲਾਲ ਘੱਗਰੇ ਆਂ ਕਾਢਵੇਂ ਨਾਲ ਮਸ਼ਰੂ, ਮੁਸ਼ਕੀ ਪੱਗਾਂ ਦੇ ਨਾਲ ਤਸੀਲੜੇ ਨੀ।
ਦਰਿਆਈ ਦੀਆਂ ਚੋਲੀਆ ਨਾਲ ਮਹਿਤੇ, ਕੀਮਖ਼ਾਬ ਤੇ ਚੁੰਨੀਆਂ ਪੀਲੜੇ ਨੇ ।
ਬੋਕ ਬੰਦ ਤੇ ਅੰਬਰੀ ਬਾਦਲਾ ਸੀ, ਜ਼ਰੀ ਖ਼ਾਸ ਚੌਤਾਰ ਰਸੀਲੜੇ ਨੀ।
ਚਾਰਖਾਨੀਏ ਡੋਰੀਏ ਮਲਮਲਾ ਸਨ, ਚੌਂਪ ਛਾਇਲਾਂ ਨਿਪਟ ਸੁਖੀਲੜੇ ਨੀ ।
ਇਲਾਹ ਤੇ ਜਾਲੀਆ ਝਿੰਮੀਆ ਸਨ, ਸ਼ੀਰ ਸ਼ੱਕਰ ਗੁਲਬਦਨ ਰਸੀਲੜੇ ਨੀ ।
ਵਾਰਿਸ ਸ਼ਾਹ ਦੇ ਓਢਣੀਆਂ ਹੀਰ ਰਾਂਝਾ, ਸੁੱਕੇ ਤੀਲੜੇ ਤੇ ਬੁਰੇ ਹੀਲੜੇ ਨੀ।
(ਮਸ਼ਰੂ=ਮਸ਼ਰੂਰ,ਸ਼ਰ੍ਹਾ ਅਨੁਸਾਰ, ਬੋਕ ਬੰਦ=ਕੀਮਤੀ ਕੱਪੜੇ ਢੱਕਣ ਲਈ ਗਿਲਾਫ, ਝੰਮੀ=ਜਨਾਨਾ ਦੁਸ਼ਾਲਾ, ਨਿਪਟ ਸੁਖੇਲੜਾ = ਪੂਰਾ ਆਰਾਮ ,ਬੁਰੇ ਗੋਲੜੇ=ਮੰਦੇ ਹਾਲ)
ਸੁਰਮੇਦਾਨੀਆਂ ਥਾਲੀਆਂ ਥਾਲ ਛੰਨੇ, ਲੋਹ ਕੜਛ ਦੇ ਨਾਲ ਕੜਾਹੀਆਂ ਦੇ।
ਕੌਲ ਨਾਲ ਸਨ ਬੁਗੁਣੇ ਸਨ ਤਬਲਬਾਜ਼ਾ, ਕਾਬ ਅਤੇ ਪਰਾਤ ਬਰਵਾਹੀਆਂ ਦੇ।
ਚਮਚੇ ਬੇਲੂਏ ਵੱਧਣੇ ਦੇਗਚੇ ਭੀ, ਨਾਲ ਖੌਂਚੇ ਤਾਸ ਬਾਦਸ਼ਾਹੀਆਂ ਦੇ।
ਪਟ ਉਣੇ ਪਟੇਹੜਾਂ ਦਾਜ ਰੱਤੇ, ਜਿਗਰ ਪਾਟ ਗਏ ਵੇਖ ਕੇ ਰਾਹੀਆਂ ਦੇ।
ਘੁਮਿਆਰਾਂ ਨੇ ਮੱਟਾਂ ਦੇ ਢੇਰ ਲਾਏ, ਢੁੱਕੇ ਬਹੁਤ ਬਾਲਣ ਨਾਲ ਕਾਹੀਆਂ ਦੇ ।
ਦੇਗਾਂ ਖਿਚਦੇ ਘਤ ਜ਼ੰਜੀਰ ਰੱਸੇ, ਤੋਪਾਂ ਖਿਚਦੇ ਕਟਕ ਬਾਦਸ਼ਾਹੀਆਂ ਦੇ।
ਵਾਰਿਸ ਸ਼ਾਹ ਮੀਆਂ ਚਾਉ ਵਿਆਹ ਦਾ ਸੀ, ਸੁੰਞੇ ਫਿਰਨ ਖੰਧੇ ਮੰਗੂ ਮਾਹੀਆਂ ਦੇ।
(ਬੁਗੁਣਾ=ਤੰਗ ਮੂੰਹ ਵਾਲਾ ਭਾਂਡਾ, ਕਾਬ=ਥਾਲੀ, ਤਾਸ=ਕਟੋਰੇ)
ਡਾਰਾਂ ਖੂਬਾਂ ਦੀਆਂ ਸਿਆਲਾਂ ਦੇ ਮੇਲ ਆਈਆਂ, ਹਰ ਪਰੀ ਦੇ ਹੋਸ਼ ਗਵਾਉਂਦੀਆਂ ਨੇ।
ਲਖ ਜੱਟੀਆਂ ਮੁਸ਼ਕ ਲਪੇਟੀਆ ਨੇ, ਅੱਤਣ ਪਦਮਣੀ ਵਾਂਗ ਸੁਹਾਉਂਦੀਆਂ ਨੇ।
ਬਾਰਾਂ ਜ਼ਾਤ ਤੇ ਸੱਤ ਸਨਾਤ ਚੁੱਕੀ, ਰੰਗ ਰੰਗ ਦੀਆਂ ਸੂਰਤਾਂ ਆਉਂਦੀਆਂ ਨੇ ।
ਉੱਤੇ ਭੋਛਣ ਸਨ ਪੰਜ ਟੂਲੀਏ ਦੇ, ਅਤੇ ਲੁੰਗੀਆਂ ਤੇੜ ਝਨਾਉ ਦੀਆਂ ਨੇ।
ਲੱਖ ਸਿੱਠਨੀ ਦੇਣ ਤੇ ਲੈਣ ਗਾਲੀ, ਵਾਹ ਵਾਹ ਕੀਹ ਸਿਹਰਾ ਗਾਉਦੀਆਂ ਨੇ।
ਪਰੀਜ਼ਾਦ ਜਟੇਟੀਆਂ ਨੈਣ ਖੂਨੀ ਨਾਲ਼, ਹੇਕ ਮਹੀਨ ਦੇ ਗਾਉਂਦੀਆਂ ਨੇ।
ਨਾਲ ਆਰਸੀ ਮੁਖੜਾ ਵੇਖ ਸੁੰਦਰ, ਖੋਲ੍ਹ ਆਸ਼ਕਾਂ ਨੂੰ ਤਰਸਾਉਂਦੀਆਂ ਨੇ।
ਇਕ ਖੋਲ੍ਹ ਕੇ ਚਾਦਰਾਂ ਕੱਢ ਛਾਤੀ, ਉਪਰਵਾੜਿਉਂ ਝਾਤੀਆਂ ਪਾਉਂਦੀਆਂ ਨੇ ।
ਇੱਕ ਵਾਂਗ ਬਸਾਤੀਆਂ ਕੱਢ ਲਾਟੂ, ਵੀਰਾਰਾਧ ਦੀ ਨਾਫ਼ ਵਿਖਾਉਂਦੀਆਂ ਨੇ।
ਇੱਕ ਤਾੜੀਆਂ ਮਾਰਦੀਆਂ ਨੱਚਦੀਆਂ ਨੇ, ਇੱਕ ਹੱਸਦੀਆਂ ਘੋੜੀਆਂ ਗਾਉਂਦੀਆਂ ਨੇ ।
ਇੱਕ ਗਾਉਂ ਕੇ ਕੋਇਲਾਂ ਕਾਂਗ ਹੋਈਆਂ, ਇੱਕ ਰਾਹ ਵਿੱਚ ਦੋਹਰੜੇ ਲਾਉਂਦੀਆਂ ਨੇ।
ਇਕ ਆਖਦੀਆਂ ਮੋਰ ਨਾ ਮਾਰ ਮੇਰਾ, ਇਕ ਵਿਚ ਮਮੋਲੜਾ ਗਾਉਂਦੀਆਂ ਨੇ ।
ਵਾਰਿਸ ਸ਼ਾਹ ਜਿਉ ਸ਼ੇਰ ਗੜ੍ਹ ਪਟਣ ਮੱਕੇ, ਲਖ ਸੰਗਤਾਂ ਜਿਆਰਤੀਂ ਆਉਂਦੀਆਂ ਨੇ।
(ਖੂਬਾਂ -ਸੁਹਣਿਆਂ, ਅੱਤਣ=ਉਹ ਥਾਂ ਜਿੱਥੇ ਸਾਰੀਆਂ ਕੁੜੀਆਂ ਖੇਡਣ ਲਈ ਇਕੱਠੀਆਂ ਹੁੰਦੀਆਂ ਹਨ, ਸਨਾਤ=ਨੀਚ ਜਾਤ, ਆਰਸੀ =ਸ਼ੀਸ਼ਾ, ਲਾਟੂ=ਛਾਤੀਆਂ ਤੇ ਜੋਬਨ ਦਾ ਉਭਾਰ, ਬਸਾਤੀ=ਮੁਨਿਆਰ, ਨਾਫ=ਧੁੰਨੀ)
ਜਿਵੇਂ ਲੋਕ ਨਗਾਹੇ ਤੇ ਰਤਨ ਹਾਜੀ, ਢੋਲ ਮਾਰਦੇ ਤੇ ਰੰਗ ਲਾਵਦੇ ਨੇ।
ਭੜਥੂ ਮਾਰ ਕੇ ਫੁਮਣੀਆਂ ਘੱਤਦੇ ਨੇ, ਇੱਕ ਆਵਦੇ ਤੇ ਇੱਕ ਜਾਵਦੇ ਨੇਂ ।
ਜਿਹੜੇ ਸਿਦਕ ਦੇ ਨਾਲ ਚਲ ਆਵਦੇ ਨੇ, ਕਦਮ ਚੁੰਮ ਮੁਰਾਦ ਸਭ ਪਾਂਵਦੇ ਨੇ।
ਵਾਰਿਸ ਸ਼ਾਹ ਦਾ ਚੂਰਮਾ ਕੁਟ ਕੇ ਤੇ, ਦੇ ਫ਼ਾਤਿਹਾ ਵੰਡ ਵੰਡਾਂਵਦੇ ਨੇ।