Back ArrowLogo
Info
Profile

  1. ਖੇੜਿਆਂ ਦੀ ਜੰਞ ਦੀ ਚੜ੍ਹਤ

ਚੜ੍ਹ ਘੋੜਿਆਂ ਖੇੜਿਆਂ ਗੰਢ ਫੇਰੀ, ਚੜ੍ਹੇ ਗਭਰੂ ਡੰਕ ਵਜਾਇ ਕੇ ਜੀ।

ਕਾਠੀਆਂ ਸੁਰਖ਼ ਬਨਾਤ ਦੀਆਂ ਹੱਥ ਨੇਜ਼ੇ, ਦਾਰੂ ਪੀ ਕੇ ਧਰਗ ਵਜਾਇਕੇ ਜੀ।

ਘੋੜੀਂ ਪਾਖਰਾਂ ਸੋਨੇ ਦੀਆਂ ਸਾਖਤਾਂ ਨੇ, ਲੂਹਲਾਂ ਹੋਰ ਹਮੇਲ ਛਣਕਾਇਕੇ ਜੀ।

ਕੇਸਰ ਭਿੰਨੜੇ ਪੱਗਾਂ ਦੇ ਪੇਚ ਬੱਧੇ, ਵਿੱਚ ਕਲਗੀਆਂ ਜਿਗਾ ਲਗਾਇਕੇ ਜੀ।

ਸਿਹਰੇ ਫੁੱਲਾ ਦੇ ਤੁੱਰਿਆ ਨਾਲ ਲਟਕਣ, ਟਕੇ ਦਿੱਤੇ ਨੀ ਲਖ ਲੁਟਾਇਕੇ ਜੀ ।

ਢਾਡੀ ਭੁਗਤੀਏ ਕੰਜਰੀਆਂ ਨਕਲੀਏ ਸਨ, ਅਤੇ ਡੂਮ ਸਰੋਦ ਵਜਾਇਕੇ ਜੀ।

ਕਸ਼ਮੀਰੀ ਤੇ ਦਖਣੀ ਨਾਲ ਵਾਜੇ, ਭੇਰੀ ਤੂਤੀਆਂ ਵੱਜੀਆਂ ਚਾਇਕੇ ਜੀ।

ਵਾਰਿਸ ਸ਼ਾਹ ਦੇ ਮੁਖ ਤੇ ਬੰਨ੍ਹ ਮੁਕਟਾ, ਸੋਇਨ ਸਿਹਰੇ ਬੰਨ੍ਹ ਬੰਨ੍ਹਾਇਕੇ ਜੀ ।

 

(ਪਾਖਰਾਂ=ਲੜਾਈ ਵਿੱਚ ਘੋੜੇ ਤੇ ਪਾਉਣ ਵਾਲੀ ਲੋਹੇ ਦੀ ਪੁਸ਼ਾਕ, ਸਾਖਤ=ਘੋੜੇ ਦੀ ਪੂਛ ਤੇ ਪਾਉਣ ਵਾਲਾ ਸਾਜ, ਜਿਗਾ=ਪਗੜੀ ਉਤੇ ਲਾਉਣ ਵਾਲਾ ਗਹਿਣਾ, ਭਗਤੀਏ= ਨੱਚਣ ਵਾਲੇ, ਰਾਸਧਾਰੀਏ, ਭੇਰੀ=ਬਿਗਲ ਵਜਾਉਣ ਵਾਲਾ)

 

  1. ਆਤਿਸ਼ਬਾਜ਼ੀ

ਆਤਿਸ਼ ਬਾਜ਼ੀਆਂ ਛੁਟਦੀਆਂ ਫੁਲ ਝੜੀਆਂ, ਫੂਹੀ ਛੁੱਟੇ ਤੇ ਬਾਜ਼ ਹਵਾ ਮੀਆ।

ਹਾਥੀ ਮੋਰ ਤੇ ਚਰਖੀਆਂ ਝਾੜ ਛੁੱਟਣ, ਤਾੜ ਤਾੜ ਪਟਾਕਿਆਂ ਪਾ ਮੀਆਂ।

ਸਾਵਨ ਭਾਦੋਂ ਕਮਚੀਆਂ ਨਾਲ ਚਹਿਕੇ, ਟਿੰਡ ਚੂਹਿਆਂ ਦੀ ਕਰੇ ਤਾ ਮੀਆਂ ।

ਮਹਿਤਾਬੀਆ ਟੋਟਕੇ ਚਾਦਰਾ ਸਨ, ਦੇਵਣ ਚੁੱਕੀਆ ਵੱਡੇ ਰਸਾ ਮੀਆਂ ।

 

(ਰਸਾ=ਸੁਆਦ)

 

  1. ਖੇੜੇ ਜੰਞ ਲੈ ਕੇ ਢੁੱਕੇ

ਮਿਲੇ ਮੇਲ ਸਿਆਲਣਾ ਜੰਜ ਆਂਦੀ, ਲੱਗੀਆਂ ਸੌਣ ਸੁਪੱਤ ਕਰਾਵਣੇ ਨੂੰ।

ਘੱਤ ਸੁਰਮ ਸਲਾਈਆਂ ਦੇਣ ਗਾਲ੍ਹੀ, ਅਤੇ ਖਡੁੱਕਣੇ ਨਾਲ ਖਿਡਾਵਣੇ ਨੂੰ।

ਮੌਲੀ ਨਾਲ ਚਾ ਕਛਿਆ ਗਭਰੂ ਨੂੰ ਰੋੜੀ ਲੱਗੀਆਂ ਆਨ ਖੋਵਾਵਣੇ ਨੂੰ।

ਭਰੀ ਘੜੀ-ਘੜੋਲੀ ਤੇ ਕੁੜੀ ਨਾਤੀ, ਆਈਆ ਫੇਰ ਨਿਕਾਹ ਪੜ੍ਹਾਵਣੇ ਨੂੰ।

ਮੌਲੀ ਨਾਲ ਦਾ ਕੱਛਿਆ ਗੱਭਰੂ ਨੂੰ, ਰੋੜੀ ਲੱਗੀਆਂ ਆਣ ਖਵਾਵਏ ਨੂੰ ।

ਵਾਰਿਸ ਸ਼ਾਹ ਵਿਆਹ ਦੇ ਗੀਤ ਮਿੱਠੇ, ਕਾਜ਼ੀ ਆਇਆ ਮੇਲ ਮਿਲਾਵਣੇ ਨੂੰ।

 

(ਸੌਣ ਸੁਪਤ=ਇਸ ਭਾਂਤ ਦੀ ਸੌਗੰਧ ਜਿਹਦੇ ਵਿੱਚ ਵਿਆਹੰਦਤ ਵਚਨ ਦਿੰਦਾ ਹੈ ਕਿ ਉਹ ਆਪਣੀ ਵਿਆਹੀ ਜਾਣ ਵਾਲੀ ਸਾਥਣ ਤੋਂ ਬਗੈਰ ਹੋਰ ਹਰ ਇਸਤਰੀ ਨੂੰ ਆਪਣੀ ਮਾਂ, ਭੈਣ ਜਾਂ ਪੁੱਤਰੀ ਸਮਝੇਗਾ, ਖਡੁੱਕਣੇ=ਵਿਆਹ ਦੀ ਰਸਮ ਜਿਹਦੇ ਵਿੱਚ ਕੁੜੀਆਂ ਆਟੇ ਦੀਆਂ ਖੇਡਾਂ ਬਣਾ ਕੇ ਲਾੜੇ ਤੋਂ ਲਾਗ ਲੈਂਦੀਆਂ ਹਨ, ਰੋੜੀ=ਗੁੜ, ਘੜੀ ਘੜੈਲੀ=ਵਿਆਹ ਦੀ ਇੱਕ ਰਸਮ ਜਿਹਦੇ ਵਿੱਚ ਕੁੜੀਆਂ ਲਾੜੇ ਲਾੜੀ ਨੂੰ ਖੂਹ ਵਿੱਚੋਂ ਪਾਣੀ ਦੇ ਡੋਲ ਖਿੱਚਣ ਲਈ ਕਹਿੰਦੀਆ ਅਤੇ ਇੱਕ ਘੜਾ ਭਰਨ ਲਈ ਆਖਦੀਆਂ ਹਨ)

 

  1. ਤਥਾ

ਭੇਟਕ ਮੰਗਦੀਆ ਸਾਲੀਆਂ ਚੀਚ ਛੱਲਾ, ਦੁਧ ਦੇ ਅਣਯਧਤੀ ਚਿੜੀ ਦਾ ਵੇ।

ਦੁਧ ਦੇ ਗੋਹੀਰੇ ਦਾ ਚੋ ਜੱਟਾ, ਨਾਲੇ ਦੱਛਣਾ ਖੰਡ ਦੀ ਪੁੜੀ ਦਾ ਵੇ।

ਲੱਗਾਂ ਮੰਜੜਾ ਨਦੀ ਵਿੱਚ ਕੋਟ ਕਰਦੇ, ਘਟ ਘੁੱਟ ਛੱਲਾ ਕੁੜੀ ਚਿੜੀ ਦਾ ਵੇ।

ਬਿਨਾਂ ਬਲਦਾਂ ਦੇ ਖੂਹ ਦੇ ਗੇੜ ਸਾਨੂੰ, ਵੇਖਾ ਕਿੱਕਰਾਂ ਉਹ ਵੀ ਗਿੜੀ ਦਾ ਵੇ।

ਤੰਬੂ ਤਾਣ ਦੇ ਖਾਂ ਸਾਨੂ ਬਾਝ ਥੰਮਾਂ, ਪਹੁੰਚਾ ਦੇ ਖਾ ਸੋਇਨੇ ਦੀ ਚਿੜੀ ਦਾ ਵੇ।

ਇੱਕ ਮੁਨਸ ਕਸੀਰੇ ਦਾ ਖਰੀ ਮੰਗੇ, ਹਾਥੀ ਪਾਇ ਕੁੱਜੇ ਵਿੱਚ ਫੜੀ ਦਾ ਵੇ।

ਸਾਡੇ ਪਿੰਡ ਦੇ ਚਾਕ ਨੂੰ ਦੇ ਅੰਮਾਂ, ਲੇਖਾ ਨਾਲ ਤੇਰੇ ਇਵੇਂ ਵਰੀ ਦਾ ਵੇ।

ਵਾਰਿਸ ਸ਼ਾਹ ਜੀਜਾ ਖਿੜਿਆ ਵਾਂਗ ਫੁੱਲਾਂ, ਜਿਵੇਂ ਫੁਲ ਗੁਲਾਬ ਖਿੜੀ ਦਾ ਵੇ ।

 

(ਭੇਟਕ=ਭੇਟਾ, ਗੁਹੀਰਾ=ਜੰਗਲ ਵਿੱਚ ਖੁੱਡਾ ਦੇ ਵਿੱਚ ਰਹਿਣ ਵਾਲਾ ਜਹਿਰੀਲਾ ਗਿਰਗਟ, ਕਿੱਕਰਾ=ਕਿਵੇਂ, ਪਹੁੰਚਾ=ਪੈਰ, ਕਸੀਰ ਦਾ ਮੁਨਸ = ਨਿਕੰਮਾ ਆਦਮੀ, ਖਰੀ=ਵਧੀਆ,ਸ਼ੁੱਧ ਵਰੀ = ਲਾੜੇ ਵਾਲੇ ਪਾਸੇ ਵੱਲੋਂ ਲਾੜੀ ਲਈ ਲਿਆਂਦੇ ਕੱਪੜੇ ਅਤੇ ਗਹਿਣੇ ਆਦਿ)

 

  1. ਸੈਦਾ

ਅਨੀ ਸੋਹਣੀਏ ਛੈਲ ਮਲੂਕ ਕੁੜੀਏ, ਸਾਥੋਂ ਏਤਨਾ ਝੇੜ ਨਾ ਝਿੜੀ ਦਾ ਨੀ ।

ਸਈਆਂ ਤਿੰਨ ਸੌ ਸੱਠ ਬਲਕੀਸ ਰਾਣੀ, ਇਹ ਲੈ ਚੀਚ ਛੱਲਾ ਇਸ ਦੀ ਪਿੜੀ ਦਾ ਨੀ।

ਚੜ੍ਹਿਆ ਸਾਵਣ ਤੇ ਬਾਗ਼ ਬਹਾਰ ਹੋਈ, ਦਭ ਕਾਹ ਸਰਕੜਾ ਖਿੜੀ ਦਾ ਨੀ ।

ਟੰਗੀ ਪਾ ਢੰਗਾ ਦੋਹਨੀ ਪੂਰ ਕੱਢੀ, ਇਹ ਲੈ ਦੁਧ ਅਣਯਧੜੀ ਚਿੜੀ ਦਾ ਨੀ।

ਦੁਧ ਲਿਆ ਗੋਹੀਰੇ ਦਾ ਚੇ ਕੁੜੀਏ, ਇਹ ਲੈ ਪੀ ਜੇ ਬਾਪ ਨਾ ਲੜੀ ਦਾ ਨੀ ।

ਸੂਹੀਆਂ ਸਾਵੀਆਂ ਨਾਲ ਬਹਾਰ ਤੇਰੀ, ਮੁਸ਼ਕ ਆਂਵਦਾ ਲੌਂਗਾਂ ਦੀ ਧੜੀ ਦਾ ਨੀ ।

ਖੰਡ ਪੁੜੀ ਦੀ ਦੱਛਣਾ ਦਿਆਂ ਤੈਨੂੰ, ਤੁੱਕਾ ਲਾਵੀਏ ਵਿਚਲੀ ਧੜੀ ਦਾ ਨੀ ।

ਚਾਲ ਚਲੇ ਮੁਰਗਾਈਆਂ ਤੇ ਤਰੇ ਤਾਰੀ, ਬੋਲਿਆਂ ਫੁਲ ਗੁਲਾਬ ਦਾ ਝੜੀ ਦਾ ਨੀ।

ਕੋਟ ਨਦੀ ਵਿੱਚ ਲੈ ਸਣੇ ਲੌਂਗ ਮੰਜਾ, ਤੇਰੇ ਸੌਣ ਨੂੰ ਕੋਣ ਲੌ ਵੜੀ ਦਾ ਨੀ ।

ਇੱਕ ਗੱਲ ਭੁੱਲੀ ਮੇਰੇ ਯਾਦ ਆਈ, ਰੇਟ ਸੁਖਿਆ ਪੀਰ ਦਾ ਧੜੀ ਦਾ ਨੀ ।

ਬਾਝ ਬਲਦਾ ਦੇ ਖੂਹ ਭਜਾ ਦਿੱਤਾ, ਅੰਡਾ ਖੜਕਦਾ ਕਾਠ ਦੀ ਕੜੀ ਦਾ ਨੀ।

ਝਬ ਨਹਾ ਲੈ ਬੁੱਕ ਭਰ ਛੈਲ ਕੁੜੀਏ, ਚਾਉ ਖੂਹ ਦਾ ਨਾਲ ਲੈ ਖੜੀ ਦਾ ਨੀ ।

ਹੋਰ ਕੌਣ ਹੈ ਨੀ ਜਿਹੜੀ ਮੁਨਸ ਮੰਗੇ, ਅਸਾਂ ਮੁਨਸ ਲੱਧਾ ਜੋੜ ਜੁੜੀ ਦਾ ਨੀ ।

ਅਸਾਂ ਭਾਲ ਕੇ ਸਾਰਾ ਜਹਾਨ ਆਂਦਾ, ਜਿਹੜਾ ਸਾੜਿਆਂ ਮੂਲ ਨਾ ਸੜੀਦਾ ਨੀ ।

ਇੱਕ ਚਾਕ ਦੀ ਭੈਣ ਤੇ ਤੁਸੀਂ ਸੱਭੇ, ਚਲੇ ਨਾਲ ਮੇਰੇ ਜੋੜ ਜੁੜੀ ਦਾ ਨੀ।

ਵਾਰਿਸ ਸ਼ਾਹ ਘੇਰਾ ਕਾਹਨੂੰ ਘਤਿਉ ਜੇ, ਜੇਹਾ ਚੰਨ ਪਰਵਾਰ ਵਿੱਚ ਵੜੀਦਾ ਨੀ ।

 

(ਝੋੜ=ਝਗੜਾ, ਪਿੜੀ=ਬਾਸ ਦੀ ਛੋਟੀ ਜਹੀ ਪਟਾਰੀ, ਢੰਗਾ ਪਾ ਕੇ=ਜੁਟ ਪਾ ਕੇ, ਖੰਡ ਪੁੜੀ=ਸੁਹਾਗ ਪਟਾਰੀ, ਕੋਟ ਨਦੀ ਵਿੱਚ = ਨਦੀ ਦੇ ਵਿਚਾਲੇ ਸੁੱਕੀ ਬਾ, ਧੜੀ=ਜਿਹਦਾ ਭਾਰ ਇੱਕ ਧੜੀ ਹੋਵੇ, ਚੰਨ ਪਰਵਾਰ=ਅਸਮਾਨ ਵਿੱਚ ਚੰਦ ਦੁਆਲੇ ਚਾਨਣ ਦਾ ਇੱਕ ਚੱਕਰ)

28 / 96
Previous
Next