Back ArrowLogo
Info
Profile

  1. ਕਾਜ਼ੀ ਨਾਲ ਹੀਰ ਦੇ ਸਵਾਲ ਜਵਾਬ

ਕਾਜੀ ਸੱਦਿਆ ਪੜ੍ਹਨ ਨਕਾਹ ਨੂੰ ਜੀ, ਨੱਢੀ ਵਿਹਰ ਬੈਠੀ ਨਹੀਂ ਬੋਲਦੀ ਹੈ।

ਮੈਂ ਤਾਂ ਮੰਗ ਰੰਝੋਟੇ ਦੀ ਹੋ ਚੁੱਕੀ, ਮਾਉਂ ਕੁਫਰ ਤੇ ਗੈਬ ਕਿਉਂ ਤੋਲਦੀ ਹੈ।

ਨਜ਼ਾਅ ਵਕਤ ਸ਼ੈਤਾਨ ਜਿਉ ਦੇ ਪਾਣੀ, ਪਈ ਜਾਨ ਗਰੀਬ ਦੀ ਡੋਲਦੀ ਹੈ।

ਅਸਾਂ ਮੰਗ ਦਰਗਾਹ ਥੀਂ ਲਿਆ ਰਾਂਝਾ, ਸਿਦਕ ਸੱਚ ਜਬਾਨ ਥੀ ਬੋਲਦੀ ਹੈ।

ਮੱਖਣ ਨਜ਼ਰ ਰੰਝੇਟੇ ਦੇ ਅਸਾਂ ਕੀਤਾ, ਸੁੰਞੀਂ ਮਾਉਂ ਕਿਉਂ ਛਾਹ ਨੂੰ ਰੋਲਦੀ ਹੈ।

ਵਾਰਿਸ ਸ਼ਾਹ ਮੀਆਂ ਅੰਨ੍ਹੇ ਮੇਉ ਵਾਂਗੂੰ, ਪਈ ਮੂਤ ਵਿੱਚ ਮੱਛੀਆ ਟੋਲਦੀ ਹੈ।

 

(ਵਿਹਰ ਬੈਠਣਾ=ਬਾਗ਼ੀ ਹੋ ਜਾਣਾ, ਨਜ੍ਹਾ=ਮਰਨ ਕੰਢਾ, ਛਾਹ=ਲੱਸੀ, ਮੇਉ=ਮੱਛੀਆਂ ਫੜਨ ਵਾਲਾ)

 

  1. ਕਾਜ਼ੀ

ਕਾਜੀ ਮਹਿਕਮੇ ਵਿੱਚ ਇਰਸ਼ਾਦ ਕੀਤਾ, ਮੰਨ ਸ਼ਰ੍ਹਾ ਦਾ ਹੁਕਮ ਜੋ ਜੀਵਣਾ ਈ ।

ਬਾਅਦ ਮੌਤ ਦੇ ਨਾਲ ਈਮਾਨ ਹੀਰੇ, ਦਾਖ਼ਲ ਵਿੱਚ ਬਹਿਸ਼ਤ ਦੇ ਥੀਵਣਾ ਈ।

ਨਾਲ ਜੌਕ ਦੇ ਸ਼ੌਕ ਦਾ ਨੂਰ ਸ਼ਰਬਤ ਵਿੱਚ ਜੰਨਤੁਲ-ਅਦਨ ਦੇ ਪੀਵਣਾ ਈ ।

ਚਾਦਰ ਨਾਲ ਹਿਆ ਦੇ ਸਤਰ ਕੀਜੇ, ਕਾਹ ਦਰਜ ਹਰਾਮ ਦੀ ਸੀਵਣਾ ਈ।

 

(ਇਰਸ਼ਾਦ ਕੀਤਾ=ਹੁਕਮ ਦਿੱਤਾ, ਕਿਹਾ, ਜੰਨਤੁਲ-ਅਦਨ=ਬਹਿਸ਼ਤ, ਹਿਆ=ਸ਼ਰਮ, ਸਤਰ=ਪਰਦਾ, ਦਰਜ= ਛੋਟੀ ਜਹੀ ਕਾਤਰ, ਕਾਹ =ਕਿਉਂ)

 

  1. ਹੀਰ

ਹੀਰ ਆਖਦੀ ਜੀਵਣਾ ਭਲਾ ਸੋਈ, ਜਿਹੜਾ ਹੋਵੇ ਭੀ ਨਾਲ ਈਮਾਨ ਮੀਆਂ ।

ਸਭੋ ਜੱਗ ਫ਼ਾਨੀ ਹਿੱਕੋ ਰਬ ਬਾਕੀ, ਹੁਕਮ ਕੀਤਾ ਹੈ ਰਬ ਰਹਿਮਾਨ ਮੀਆਂ।

'ਕੁਲੇ ਸ਼ੈਹਇਨ ਖਲਕਨਾ ਜੋਜਈਨੇ’, ਹੁਕਮ ਆਇਆ ਹੈ ਵਿੱਚ ਕੁਰਾਨ ਮੀਆਂ।

ਮੇਰੇ ਇਸ਼ਕ ਨੂੰ ਜਾਣਦੇ ਧੌਲ ਬਾਸ਼ਕ, ਲੌਹ ਕਲਮ ਤੇ ਜਿਮੀ ਆਸਮਾਨ ਮੀਆਂ।

 

(ਕੁੱਲੇ ਸ਼ੈਹਇਨ ਖਲਕਨਾ ਜੋਜਈਨ= (ਕੁਰਾਨ ਮਜੀਦ ਵਿੱਚੋਂ) ਅਸੀ ਹਰ ਇੱਕ ਚੀਜ਼ ਦੇ ਜੋੜੇ ਬਣਾਏ ਹਨ, ਧਉਲ=ਧਰਤੀ ਹੇਠਲਾ ਬਲਦ, ਬਾਸ਼ਕ=ਸੱਪ)

 

  1. ਕਾਜੀ

ਜੋਬਨ ਰੂਪ ਦਾ ਕੁੱਝ ਵਸਾਹ ਨਾਹੀਂ, ਮਾਨ ਮੱਤੀਏ ਮੁਸ਼ਕ ਪਲੱਟੀਏ ਨੀ।

ਨਬੀ ਹੁਕਮ ਨਕਾਹ ਫਰਮਾ ਦਿੱਤਾ, 'ਫਇਨਕਿਹੂ’ ਮਨ ਲੈ ਜੱਟੀਏ ਨੀ ।

ਕਦੀ ਦੀਨ ਇਸਲਾਮ ਦੇ ਰਾਹ ਟੁਰੀਏ, ਜੜ੍ਹ ਕੁਫਰ ਦੀ ਜੀਉ ਤੋਂ ਪੱਟੀਏ ਨੀ ।

ਜਿਹੜੇ ਛਡ ਹਲਾਲ ਹਰਾਮ ਤੱਕਣ, ਵਿੱਚ ਹਾਵੀਏ ਦੇਜਖੇ ਸੱਟੀਏ ਨੀ।

ਖੇੜਾ ਹੱਕ ਹਲਾਲ ਕਬੂਲ ਕਰ ਤੂੰ, ਵਾਰਿਸ ਸ਼ਾਹ ਬਣ ਬੈਠੀਏ ਵਹੁਟੀਏ ਨੀ ।

 

(ਰੱਬ ਫਇਨ ਕਿਹੂ=ਰੱਬ ਨੇ ਫੁਰਮਾਇਆ ਹੈ ਕਿ ਔਰਤਾਂ ਦਾ ਨਿਕਾਹ ਕਰੋ)

 

  1. ਹੀਰ

ਕਲੂਬੁਲ-ਮੋਮਨੀਨ ਅਰਸ਼ ਅੱਲਾਹ ਤਾਲ੍ਹਾ, ਕਾਜ਼ੀ ਅਰਸ ਖੁਦਾਇ ਦਾ ਢਾਹ ਨਾਹੀਂ।

ਜਿੱਥੇ ਰਾਂਝੇ ਦੇ ਇਸ਼ਕ ਮੁਕਾਮ ਕੀਤਾ, ਓਥੇ ਖੇੜਿਆਂ ਦੀ ਕੋਈ ਵਾਹ ਨਾਹੀਂ।

ਏਹੀ ਚੜ੍ਹੀ ਗੋਲੇਰ ਮੈਂ ਇਸ਼ਕ ਵਾਲੀ, ਜਿੱਥੇ ਹੋਰ ਕੋਈ ਚਾੜ੍ਹ ਲਾਹ ਨਾਹੀਂ।

ਜਿਸ ਜੀਵਣੇ ਕਾਨ ਈਮਾਨ ਵੇਚਾਂ, ਏਹਾ ਕੌਣ ਜੋ ਅੰਤ ਫ਼ਨਾਹ ਨਾਹੀਂ।

ਜੇਹਾ ਰੰਘੜਾ ਵਿੱਚ ਨਾ ਪੀਰ ਕੋਈ, ਅਤੇ ਲੁਧੜਾਂ ਵਿੱਚ ਬਾਦਸ਼ਾਹ ਨਾਹੀਂ ।

ਵਾਰਿਸ ਸ਼ਾਹ ਮੀਆ ਕਾਜੀ ਸ਼ਰ੍ਹਾ ਦੇ ਨੂੰ, ਨਾਲ ਅਹਿਲ-ਤਰੀਕਤਾਂ ਰਾਹ ਨਾਹੀਂ।

 

(ਹਾਵੀਆ=ਦੋਜਖ ਭਾਵ ਨਰਕ ਦਾ ਸਾਰਿਆਂ ਤੋਂ ਔਖਾ ਹਿੱਸਾ, ਕਲੂਬੁਲ ਮੋਮਨੀਨ= ਰੱਬ, ਚਾੜ੍ਹ ਲਾਹ=ਉਤਰਨਾ ਚੜ੍ਹਨਾ, ਕਾਨ = ਕਾਰਨ, ਅਹਿਲੇ ਤਰੀਕਤ=ਤਰੀਕਤ ਵਾਲੇ, ਕਮਾਲ=ਖੂਬੀ, ਪੂਰਣਤਾ)

 

  1. ਕਾਜੀ

ਦੁੱਰੇ ਸ਼ਰ੍ਹਾ ਦੇ ਮਾਰ ਉਧੇੜ ਦੇਸਾਂ, ਕਰਾਂ ਉਮਰ ਖਿਤਾਬ ਦਾ ਨਿਆਉਂ ਹੀਰੇ ।

ਘਤ ਕੱਖਾ ਦੇ ਵਿੱਚ ਮੈਂ ਸਾੜ ਸੁੱਟਾਂ, ਕੋਈ ਵੇਖਸੀ ਪਿੰਡ ਗਿਰਾਉਂ ਹੀਰੇ।

ਖੇੜਾ ਕਰੇਂ ਕਬੂਲ ਤਾਂ ਖੈਰ ਤੇਰੀ, ਛੱਡ ਚਾਕ ਰੰਝੇਟੇ ਦਾ ਨਾਉਂ ਹੀਰੇ ।

ਅੱਖੀਂ ਮੀਟ ਕੇ ਵਕਤ ਲੰਘਾ ਮੋਈਏ, ਇਹ ਜਹਾਨ ਹੈ ਬੱਦਲਾਂ ਛਾਉ ਹੀਰੇ ।

ਵਾਰਿਸ ਸ਼ਾਹ ਹੁਣ ਆਸਰਾ ਰਬ ਦਾ ਹੈ, ਜਦੋਂ ਵਿੱਟਰੇ ਬਾਪ ਤੇ ਮਾਉਂ ਹੀਰੇ ।

 

(ਵਿੱਟਰੇ=ਨਰਾਜ਼ ਹੋਏ, ਉਮਰ=ਖਿਤਾਬ ਮੁਸਲਮਾਨਾਂ ਦੇ ਦੂਜੇ ਖਲੀਫ਼ਾ, ਇਨ੍ਹਾਂ ਨੇ 634 ਤੋਂ 644 ਈ ਤੱਕ ਖਿਲਾਫਤ ਕੀਤੀ। ਇਹ ਇਨਸਾਫ ਲਈ ਮਸ਼ਹੂਰ ਹਨ।)

 

  1. ਹੀਰ

ਰਲੇ ਦਿਲਾ ਨੂੰ ਪਕੜ ਵਿਛੇੜ ਦੇਂਦੇ, ਬੁਰੀ ਬਾਣ ਹੈ ਤਿਨ੍ਹਾਂ ਹਤਿਆਰਿਆਂ ਨੂੰ ।

ਨਿਤ ਸ਼ਹਿਰ ਦੇ ਫ਼ਿਕਰ ਗਲਤਾਨ ਰਹਿੰਦੇ, ਏਹੋ ਸ਼ਾਮਤਾਂ ਰੱਬ ਦਿਆ ਮਾਰਿਆਂ ਨੂੰ ।

ਖਾਵਣ ਵੱਢੀਆਂ ਨਿਤ ਈਮਾਨ ਵੇਚਣ, ਏਹੋ ਮਾਰ ਹੈ ਕਾਜ਼ੀਆਂ ਸਾਰਿਆਂ ਨੂੰ।

ਰਬ ਦੋਜਖਾਂ ਨੂੰ ਭਰੇ ਪਾ ਬਾਲਣ, ਕੇਹਾ ਦੋਸ ਹੈ ਅਸਾਂ ਵਿਚਾਰਿਆਂ ਨੂੰ।

ਵਾਰਿਸ ਸ਼ਾਹ ਮੀਆਂ ਬਣੀ ਬਹੁਤ ਔਖੀ, ਨਹੀਂ ਜਾਣਦੇ ਸਾਂ ਏਹਨਾਂ ਕਾਰਿਆਂ ਨੂੰ ।

 

(ਰਲੇ=ਆਪੋ ਵਿੱਚ ਮਿਲੇ, ਬਾਣ=ਆਦਤ, ਗੁਲਤਾਨ=ਫਸੇ ਹੋਏ)

 

  1. ਕਾਜੀ

ਜਿਹੜੇ ਛੱਡ ਕੇ ਰਾਹ ਹਲਾਲ ਦੇ ਨੂੰ, ਤੱਕਣ ਨਜ਼ਰ ਹਰਾਮ ਦੀ ਮਾਰੀਅਨਗੇ।

ਕਬਰ ਵਿੱਚ ਬਹਾਇਕੇ ਨਾਲ ਗੁਰਜਾ, ਓਥੇ ਪਾਪ ਤੇ ਪੁੰਨ ਨਵਾਰੀਅਨਗੇ।

ਰੋਜ਼ ਹਸ਼ਰ ਦੇ ਦੋਜ਼ਖੀ ਪਕੜ ਕੇ ਤੇ, ਘੱਤ ਅੱਗ ਦੇ ਵਿੱਚ ਨਘਾਰੀਅਨਗੇ ।

ਕੂਚ ਵਕਤ ਨਾ ਕਿਸੇ ਹੈ ਸਾਥ ਰਲਣਾ, ਖਾਲੀ ਦਸਤ ਤੇ ਜੇਬ ਭੀ ਝਾੜੀਅਨਗੇ।

ਵਾਰਿਸ ਸ਼ਾਹ ਇਹ ਉਮਰ ਦੇ ਲਾਲ ਮੁਹਰੇ, ਇੱਕ ਰੋਜ਼ ਨੂੰ ਆਕਬਤ ਹਾਰੀਅਨਗੇ।

 

(ਨਵਾਰੀਅਨਗੇ=ਪੜਤਾਲ ਕਰਨਗੇ, ਆਕਬਤ=ਅੰਤ, ਮਰਨ ਪਿੱਛੋਂ)

29 / 96
Previous
Next