Back ArrowLogo
Info
Profile

  1. ਹੀਰ

ਕਾਲੂ-ਬਲਾ ਦੇ ਦਿੱਹੁ ਨਿਕਾਰ ਬੱਧਾ, ਰੂਹ ਨਬੀ ਦੀ ਆਪ ਪੜ੍ਹਾਇਆ ਈ।

ਕੁਤਬ ਹੋਇ ਵਕੀਲ ਵਿੱਚ ਆਇ ਬੈਠਾ, ਹੁਕਮ ਰੱਬ ਨੇ ਆਪ ਕਰਾਇਆ ਈ।

ਜਬਰਾਈਲ ਮੇਕਾਈਲ ਗਵਾਹ ਚਾਰੇ, ਅਜ਼ਰਾਈਲ ਅਸਰਾਫ਼ੀਲ ਆਇਆ ਈ।

ਅਗਲਾ ਤੋੜ ਕੇ ਹੋਰ ਨਿਕਾਹ ਪੜ੍ਹਨਾ, ਆਖ ਰੱਬ ਨੇ ਕਦੋਂ ਫੁਰਮਾਇਆ ਈ।

 

(ਕਾਲੂ ਬਲਾ=ਜਿਸ ਦਿਨ ਰੱਬ ਨਾਲ ਵਚਨ ਕੀਤਾ ਸੀ, ਕੁਤਬ=ਵਕੀਲ, ਜਬਰਾਈਲ, ਮੇਕਈਲ, ਅਜ਼ਰਾਈਲ ਅਤੇ ਅਸਰਾਫ਼ੀਲ = ਫਰਿਸ਼ਤਿਆਂ ਦੇ ਨਾਂ)

 

  1. ਤਥਾ

ਜਿਹੜੇ ਇਸ਼ਕ ਦੀ ਅੱਗ ਦੇ ਤਾਉ ਤਪੇ, ਤਿੰਨਾਂ ਦੋਜ਼ਖਾ ਨਾਲ ਕੀ ਵਾਸਤਾ ਈ ।

ਜਿਨ੍ਹਾਂ ਇੱਕ ਦੇ ਨਾਉ ਤੇ ਸਿਦਕ ਬੱਧਾ, ਓਨ੍ਹਾਂ ਫਿਕਰ ਅੰਦੇਸੜਾ ਕਾਸ ਦਾ ਈ।

ਆਖਿਰ ਸਿਦਕ ਯਕੀਨ ਤੇ ਕੰਮ ਪੌਸੀ, ਮੌਤ ਚਰਗ਼ ਇਹ ਪੁਤਲਾ ਮਾਸ ਦਾ ਈ।

ਦੋਜ਼ਖ਼ ਮੋਰੀਆਂ ਮਿਲਣ ਬੇਸਿਦਕ ਝੂਠੇ, ਜਿਨ੍ਹਾ ਬਾਣ ਤੱਕਣ ਆਸ ਪਾਸ ਦਾ ਈ।

 

(ਤਾਉ=ਗਰਮੀ, ਅੰਦੋਸੜਾ=ਅੰਦੇਸ਼ਾ, ਡਰ, ਚਰਗ਼=ਸ਼ਿਕਾਰੀ ਪਰਿੰਦਾ)

 

  1. ਕਾਜੀ

ਲਿਖਿਆ ਵਿੱਚ ਕੁਰਾਨ ਕਿਤਾਬ ਦੇ ਹੈ, ਗੁਨਾਹਗਾਰ ਖੁਦਾ ਦਾ ਚੋਰ ਹੈ ਨੀ ।

ਹੁਕਮ ਮਾਉਂ ਤੇ ਬਾਪ ਦਾ ਮੰਨ ਲੈਣਾ, ਇਹੋ ਰਾਹ ਤਰੀਕਤ ਦਾ ਜ਼ੋਰ ਹੈ ਨੀ।

ਜਿਨ੍ਹਾ ਨਾ ਮੰਨਿਆ ਪਛੋਤਾਇ ਰੋਸਣ, ਪੈਰ ਵੇਖ ਕੇ ਝੂਰਦਾ ਮੇਰ ਹੈ ਨੀ।

ਜੋ ਕੁੱਝ ਮਾਉਂ ਤੇ ਬਾਪ ਤੇ ਅਸੀਂ ਕਰੀਏ, ਓਥੇ ਤੁਧ ਦਾ ਕੁੱਝ ਨਾ ਜ਼ੋਰ ਹੈ ਨੀ ।

 

  1. ਹੀਰ

ਕਾਜੀ ਮਾਉਂ ਤੇ ਬਾਪ ਇਕਰਾਰ ਕੀਤਾ, ਹੀਰ ਰਾਂਝੇ ਦੇ ਨਾਲ ਵਿਆਹੁਣੀ ਹੈ।

ਅਸਾਂ ਓਸ ਦੇ ਨਾਲ ਚਾ ਕੌਲ ਕੀਤਾ, ਲਬੇ-ਗੋਰ ਦੇ ਤੀਕ ਨਿਬਾਹੁਣੀ ਹੈ।

ਅੰਤ ਰਾਂਝੇ ਨੂੰ ਹੀਰ ਪਰਨਾ ਦੇਣੀ, ਕੋਈ ਰੋਜ਼ ਦੀ ਇਹ ਪ੍ਰਾਹੁਣੀ ਹੈ।

ਵਾਰਿਸ ਸ਼ਾਹ ਨਾ ਜਾਣਦੀ ਮੈਂ ਕਮਲੀ, ਖ਼ੁਰਸ਼ ਸ਼ੇਰ ਦੀ ਗਧੇ ਨੂੰ ਡਾਹੁਣੀ ਹੈ।

 

(ਲਬੇ- ਗੋਰ =ਮਰਨ ਤੱਕ , ਖ਼ੁਰਸ਼=ਖੁਰਾਕ)

 

  1. ਕਾਜੀ

 

ਕੁਰਬ ਵਿੱਚ ਦਰਗਾਹ ਦਾ ਤਿਨ੍ਹਾਂ ਨੂੰ ਹੈ, ਜਿਹੜੇ ਹੱਕ ਦੇ ਨਾਲ ਨਿਕਾਹੀਅਨਗੇ ।

ਮਾਉਂ ਬਾਪ ਦੇ ਹੁਕਮ ਦੇ ਵਿੱਚ ਚੱਲੇ, ਬਹੁਤ ਜੌਕ ਦੇ ਨਾਲ ਵਿਵਾਹੀਅਨਗੇ।

ਜਿਹੜੇ ਸ਼ਰ੍ਹਾ ਨੂੰ ਛੱਡ ਬੇਹੁਕਮ ਹੋਏ, ਵਿੱਚ ਹਾਵੀਏ ਜੋਜ਼ਮੇ ਲਾਹੀਅਨਗੇ।

ਜਿਹੜੇ ਹੱਕ ਦੇ ਨਾਲ ਪਿਆਰ ਵੰਡਣ ,ਅੱਠ ਬਹਿਸ਼ਤ ਭੀ ਉਹਨਾਂ ਨੂੰ ਚਾਹੀਅਨਗੇ ।

ਜਿਹੜੇ ਨਾਲ ਤਕੱਬਰੀ ਆਕੜਨਗੇ, ਵਾਂਗ ਈਦ ਦੇ ਬੱਕਰੇ ਢਾਹੀਅਨਗੇ।

ਤਨ ਪਾਲ ਕੇ ਜਿਨ੍ਹਾਂ ਖੁਦ-ਰੂਈ ਕੀਤੀ, ਅੱਗੇ ਅੱਗ ਦੇ ਆਕਬਤ ਡਾਹੀਅਨਗੇ ।

ਵਾਰਿਸ ਸ਼ਾਹ ਮੀਆਂ ਜਿਹੜੇ ਬਹੁਤ ਸਿਆਣੇ, ਕਾਉ ਵਾਂਗ ਪਲਕ ਵਿੱਚ ਫਾਹੀਅਨਗੇ ।

 

(ਕੁਰਬ=ਨੇੜਤਾ, ਤਕੱਬਰੀ=ਗਰੂਰ, ਹੰਕਾਰ, ਖ਼ੁਦਰੂਈ=ਗਰੂਰ, ਘੁਮੰਡ)

 

  1. ਹੀਰ

ਜਿਹੜੇ ਇੱਕ ਦੇ ਨਾਂਉਂ ਤੇ ਮਹਿਵ ਹੋਏ, ਮਨਜੂਰ ਖੁਦਾ ਦੇ ਰਾਹ ਦੇ ਨੇ ।

ਜਿਨ੍ਹਾਂ ਸਿਦਕ ਯਕੀਨ ਤਹਿਕੀਕ ਕੀਤਾ, ਮਕਬੂਲ ਦਰਗਾਹ ਅੱਲਾਹ ਦੇ ਨੇ ।

ਜਿਨ੍ਹਾਂ ਇੱਕ ਦਾ ਰਾਹ ਦਰੁਸਤ ਕੀਤਾ, ਤਿੰਨਾਂ ਫ਼ਿਕਰ ਅੰਦੇਸੜੇ ਕਾਹ ਦੇ ਨੇ ।

ਜਿਨ੍ਹਾਂ ਨਾਮ ਮਹਿਬੂਬ ਦਾ ਵਿਰਦ ਕੀਤਾ, ਓ ਸਾਹਿਬ ਮਰਤਬਾ ਜਾਹ ਦੇ ਨੇ।

ਜਿਹੜੇ ਰਿਸ਼ਵਤਾਂ ਖਾਇ ਕੇ ਹੱਕ ਰੋੜਨ, ਓਹ ਚੋਰ ਉਚੱਕੜੇ ਰਾਹ ਦੇ ਨੇ।

ਇਹ ਕੁਰਾਨ ਮਜੀਦ ਦੇ ਮਾਇਨੇ ਨੇ, ਜਿਹੜੇ ਸ਼ਿਅਰ ਮੀਆਂ ਵਾਰਿਸ ਸ਼ਾਹ ਦੇ ਨੇਂ।

 

( ਤਹਿਕੀਕ=ਭਾਲ, ਵਿਰਦ ਕੀਤਾ=ਜਪਿਆ)

 

  1. ਕਾਜ਼ੀ ਦਾ ਸਿਆਲਾਂ ਨੂੰ ਉੱਤਰ

ਕਾਜ਼ੀ ਆਖਿਆ ਇਹ ਜੇ ਰੋੜ ਪੱਕਾ, ਹੀਰ ਝਗੜਿਆਂ ਨਾਲ ਨਾ ਹਾਰਦੀ ਹੈ।

ਲਿਆਉ ਪੜ੍ਹੋ ਨਕਾਹ ਮੂੰਹ ਬੰਨ੍ਹ ਇਸਦਾ, ਕਿੱਸਾ ਗੋਈ ਫਸਾਦ ਗੁਜ਼ਾਰਦੀ ਹੈ।

ਛੱਡ ਮਸਜਿਦਾਂ ਦਾਇਰਿਆ ਵਿੱਚ ਵੜਦੀ, ਛੱਡ ਬੱਕਰੀਆਂ ਸੂਰੀਆਂ ਚਾਰਦੀ ਹੈ।

ਵਾਰਿਸ ਸ਼ਾਹ ਮਧਾਣੀ ਹੈ ਹੀਰ ਜੱਟੀ, ਇਸ਼ਕ ਦਹੀਂ ਦਾ ਘਿਉ ਨਿਤਾਰਦੀ ਹੈ।

 

(ਕਿੱਸਾ ਗੋ=ਕਹਾਣੀਆਂ ਘੜਣ ਵਾਲੀ, ਦਾਇਰਿਆਂ ਵਿੱਚ ਵੜਦੀ=ਚੰਗੇ ਕੰਮ ਛਡ ਕੇ ਬੁਰੇ ਪਾਸੇ ਲੱਗੀ)

 

  1. ਕਾਜ਼ੀ ਵੱਲੋਂ ਨਿਕਾਹ ਕਰਕੇ ਹੀਰ ਨੂੰ ਖੇੜਿਆਂ ਨਾਲ ਤੋਰ ਦੇਣਾ

ਕਾਜੀ ਪੜ੍ਹ ਨਿਕਾਹ ਤੇ ਘੱਤ ਡੋਲੀ, ਨਾਲ ਖੇੜਿਆ ਦੇ ਦਿੱਤੀ ਤੋਰ ਮੀਆਂ।

ਤੇਵਰ ਬਿਉਰਾਂ ਨਾਲ ਜੜਾਊ ਗਹਿਣੇ, ਦਮ ਦੌਲਤਾਂ ਨਿਅਮਤਾਂ ਹੋਰ ਮੀਆਂ।

ਟਮਕ ਮਹੀਂ ਤੇ ਘੋੜੇ ਉਠ ਦਿੱਤੇ, ਗਹਿਣਾ ਪੱਤਰਾ ਢੰਗੜਾ ਢੇਰ ਮੀਆਂ।

ਹੀਰ ਖੇੜਿਆਂ ਨਾਲ ਨਾ ਟੁਰੇ ਮੂਲੇ, ਪਿਆ ਪਿੰਡ ਦੇ ਵਿੱਚ ਹੈ ਸ਼ੋਰ ਮੀਆਂ।

ਖੇੜੇ ਘਿੰਨ ਕੇ ਹੀਰ ਨੂੰ ਰਵਾਂ ਹੋਏ, ਜਿਉ ਮਾਲ ਨੂੰ ਲੈ ਵਗੇ ਚੋਰ ਮੀਆਂ।

 

(ਦਮ=ਦਾਮ,ਪੈਸੇ, ਪੱਤਰ=ਸੇਨੇ ਦਾ ਪੱਤਰਾ, ਜਦੋਂ ਲੋੜ ਪਵੇ ਤਾਂ ਇਸ ਦਾ ਜੋ ਮਰਜੀ ਬਣਵਾ ਲਵੇ, ਰਵਾਂ ਹੋਏ=ਤੁਰ ਪਏ)

 

  1. ਰਾਂਝੇ ਬਿਨਾਂ ਗਾਈਆਂ ਮੱਝਾਂ ਦਾ ਕਾਬੂ ਨਾ ਆਉਣਾ

ਮਹੀਂ ਟੁਰਨ ਨਾ ਬਾਝ ਰੰਝੇਟੜੇ ਦੇ, ਭੂਹੇ ਹੋਇਕੇ ਪਿੰਡ ਭਜਾਇਉ ਨੇ ।

ਪੁੱਟ ਝੁੱਗੀਆ ਲੋਕਾਂ ਨੂੰ ਢੁੱਡ ਮਾਰਨ, ਭਾਂਡੇ ਭੰਨ ਕੇ ਸ਼ੋਰ ਘਤਾਇਉ ਨੇ ।

ਚੋਰ ਚਾਇਕੇ ਬੂਥੀਆਂ ਉਤਾਂਹ ਕਰਕੇ, ਸੂਕਾਟ ਤੇ ਧੁੰਮਲਾ ਲਾਇਉ ਨੇ।

ਲੋਕਾਂ ਆਖਿਆ ਰਾਂਝੇ ਦੀ ਕਰੋ ਮਿੰਨਤ, ਪੈਰ ਚੁੰਮ ਕੇ ਆਣ ਜਗਾਇਉ ਨੇ ।

ਚਸ਼ਮਾ ਪੈਰ ਦੀ ਖ਼ਾਕ ਦਾ ਲਾ ਮੱਥੇ, ਵਾਂਗ ਸੇਵਕਾਂ ਸਖੀ ਮਨਾਇਉ ਨੇ ।

ਭੜਥੂ ਮਾਰਿਉ ਨੇ ਦਵਾਲੇ ਰਾਂਝਣੇ ਦੇ, ਲਾਲ ਬੇਗ ਦਾ ਥੜਾ ਪੁਜਾਇਉ ਨੇਂ ।

ਪਕਵਾਲ ਤੇ ਪਿੰਨੀਆ ਰੱਖ ਅੱਗੇ, ਭੋਲੂ ਰਾਮ ਨੂੰ ਖੁਸ਼ੀ ਕਰਾਇਉ ਨੇ।

ਮਗਰ ਮਹੀਂ ਦੇ ਛੇੜ ਕੇ ਨਾਲ ਸਫਕਤ, ਸਿਰ ਟਮਕ ਚਾ ਚਵਾਇਉ ਨੇ।

ਵਾਹੋ ਦਾਹੀ ਚਲੇ ਰਾਤੇ ਰਾਤ ਖੇੜੇ, ਦਿੱਹੁ ਜਾਇਕੇ ਪਿੰਡ ਚੜ੍ਹਾਇਉ ਨੇ।

ਦੇ ਚੂਰੀ ਤੇ ਖਿਚੜੀ ਦੀਆਂ ਸੱਤ ਬੁਰਕਾਂ, ਨਢਾ ਦੇਵਰਾ ਗੋਦ ਬਹਾਇਉ ਨੇ ।

ਅੱਗੋਂ ਲੈਣ ਆਈਆਂ ਸਈਆਂ ਵਹੁਟਤੀ ਨੂੰ ,'ਜੇ ਤੂੰ ਆਦਤੀ ਵੇ ਵੀਰਿਆ’ ਗਾਇਉ ਨੇ।

ਸਿਰੋਂ ਲਾਹ ਟਮਕ ਭੂਰਾ ਖੱਸ ਲੀਤਾ, ਆਦਮ ਬਹਿਸ਼ਤ ਥੀ ਕੱਢ ਤਾਹਿਉ ਨੇ ।

ਵਾਰਿਸ ਸ਼ਾਹ ਮੀਆ ਵੇਖ ਕੁਦਰਤਾਂ ਨੀ, ਭੁਖਾ ਜੰਨਤੋਂ ਰੂਹ ਕਢਾਇਉ ਨੇ।

 

(ਚੌਰ=ਪੂਛ, ਭੇਲੂ ਰਾਮ=ਭੋਲੇ ਨਾਥ, ਬੇਗੁਨਾਹ ਬੱਚਾ, ਸ਼ਫ਼ਕਤ=ਮਿਹਰਬਾਨੀ, ਪਿਆਰ)

30 / 96
Previous
Next