ਸਾਡੀ ਖੈਰ ਹੈ ਚਾਹੁੰਦੇ ਖੈਰ ਤੈਡੀ, ਫਿਰ ਲਿਖੋ ਹਕੀਕਤਾਂ ਸਾਰੀਆਂ ਜੀ ।
ਪਾਕ ਰੱਬ ਤੇ ਪੀਰ ਦੀ ਮਿਹਰ ਬਾਝੋਂ, ਕੱਟੇ ਕੌਣ ਮੁਸੀਬਤਾਂ ਭਾਰੀਆਂ ਜੀ।
ਮੌਜੂ ਚੌਧਰੀ ਦੇ ਪੁਤ ਚਾਕ ਹੋ ਕੇ, ਚੂਚਕ ਸਿਆਲ ਦੀਆਂ ਖੋਲੀਆਂ ਚਾਰੀਆਂ ਜੀ।
ਦਗ਼ਾ ਦੇ ਕੇ ਆਪ ਚੜ੍ਹ ਜਾਣ ਡੋਲੀ, ਚੰਚਲ-ਹਾਰੀਆ ਇਹ ਕਵਾਰੀਆ ਜੀ।
ਸੱਪ ਰੱਸੀਆਂ ਦੇ ਕਰਨ ਮਾਰ ਮੰਤਰ, ਤਾਰੇ ਦੇਂਦੀਆਂ ਨੇ ਹੇਠ ਖਾਰੀਆਂ ਜੀ। .
ਪੇਕੇ ਜੱਟਾਂ ਨੂੰ ਮਾਰ ਫ਼ਕੀਰ ਕਰਕੇ, ਲੈਦ ਸਾਹੁਰੇ ਜਾਇ ਘੁਮਕਾਰੀਆਂ ਜੀ ।
ਆਪ ਨਾਲ ਸੁਹਾਗ ਦੇ ਜਾ ਰੁੱਪਣ, ਪਿੱਛੇ ਲਾ ਜਾਵਣ ਪੁਚਕਾਰੀਆਂ ਜੀ ।
ਸਰਦਾਰਾਂ ਦੇ ਪੁੱਤਰ ਫਕੀਰ ਕਰਕੇ, ਆਪ ਮੱਲਦੀਆਂ ਜਾਂ ਸਰਦਾਰੀਆਂ ਜੀ।
ਵਾਰਿਸ ਸ਼ਾਹ ਨਾ ਹਾਰਦੀਆਂ ਅਸਾ ਕੋਲੋਂ, ਰਾਜੇ ਭੋਜ ਥੀਂ ਇਹ ਨਾ ਹਾਰੀਆਂ ਜੀ ।
(ਚੰਚਲ-ਹਾਰੀਆਂ=ਚਲਾਕ, ਖਾਰੀ=ਟੋਕਰੀ, ਘੁੰਮਕਾਰੀ=ਚਰਖੇ ਦੀ ਆਵਾਜ, ਰੁੱਪਣ=ਰੁੱਝ ਜਾਣ, ਖਾਰੀਆਂ-ਟੋਕਰੋ)
ਰਾਂਝੇ ਆਖਿਆ ਲੁੱਟੀ ਦੀ ਹੀਰ ਦੌਲਤ, ਜਰਮ ਗਾਲੀਏ ਤਾਂ ਉਹਨੂੰ ਜਾ ਲਈਏ।
ਉਹ ਰੱਬ ਦੇ ਨੂਰ ਦਾ ਖ਼ਵਾਨ ਯਗ਼ਮਾ ਸੁਹਦੇ ਹੋਇਕੇ ਰੰਗ ਵਟਾ ਲਈਏ।
ਇੱਕ ਹੋਵਣਾ ਰਹਿਆ ਫ਼ਕੀਰ ਮੈਥੋਂ, ਰਹਿਆ ਏਤਨਾ ਵਸ ਸੋ ਲਾ ਲਈਏ।
ਮੱਖਣ ਪਾਲਿਆ ਚੀਕਣਾ ਨਰਮ ਪਿੰਡਾ, ਜ਼ਰਾ ਖ਼ਾਕ ਦੇ ਵਿੱਚ ਰਮਾ ਲਈਏ।
ਕਿਸੇ ਜੋਗੀ ਥੀ ਸਿੱਖੀਏ ਸਿਹਰ ਕੋਈ, ਚੇਲੇ ਹੋਇਕੇ ਕੰਨ ਪੜਵਾ ਲਈਏ।
ਅੱਗੇ ਲੋਕਾਂ ਦੇ ਝਗੜੇ ਬਾਲ ਸੇਕੇ, ਜ਼ਰਾ ਆਪਣੇ ਨੂੰ ਚਿਣਗ ਲਾ ਲਈਏ।
ਅੱਗੇ ਝੰਗ ਸਿਆਲਾ ਦਾ ਸੈਰ ਕੀਤਾ, ਜ਼ਰਾ ਖੇੜਿਆਂ ਨੂੰ ਝੋਕ ਲਾ ਲਈਏ ।
ਓਥੇ ਖੁਦੀ ਗੁਮਾਨ ਮਨਜ਼ੂਰ ਨਾਹੀਂ, ਸਿਰ ਵੇਚੀਏ ਤਾਂ ਭੇਤ ਪਾ ਲਈਏ।
ਵਾਰਿਸ ਸ਼ਾਹ ਮਹਿਬੂਬ ਨੂੰ ਤਦੋਂ ਪਾਈਏ, ਜਦੋਂ ਆਪਣਾ ਆਪ ਗਵਾ ਲਈਏ ।
(ਜਰਮ=ਜਨਮ, ਖ਼ਾਨ ਯਗਮਾ=ਸਦਾ ਬਰਤ, ਸਿਹਰ=ਜਾਦੂ, ਝੋਕ ਆਰਜੀ ਡੇਰਾ)
ਬੁਝੀ ਇਸ਼ਕ ਦੀ ਅੱਗ ਨੂੰ ਵਾਉ ਲੱਗੀ, ਸਮਾ ਆਇਆ ਹੈ ਸ਼ੌਕ ਜਗਾਵਣੇ ਦਾ।
ਬਾਲਨਾਥ ਦੇ ਟਿੱਲੇ ਦਾ ਰਾਹ ਫੜਿਆ, ਮਤਾ ਜਾਗਿਆ ਕੰਨ ਪੜਾਵਣੇ ਦਾ।
ਪਟੇ ਪਾਲ ਮਲਾਈਆਂ ਨਾਲ ਰੱਖੇ, ਵਕਤ ਆਇਆ ਹੈ ਰਗੜ ਮੁਨਾਵਣੇ ਦਾ।
ਜਰਮ ਕਰਮ ਤਿਆਗ ਕੇ ਠਾਣ ਬੈਠਾ, ਕਿਸੇ ਜੋਗੀ ਦੇ ਹੱਥ ਵਿਕਾਵਣੇ ਦਾ।
ਬੁੰਦੇ ਸੇਇਨੇ ਦੇ ਲਾਹ ਕੇ ਚਾਇ ਚੜ੍ਹਿਆ, ਕੰਨ ਪਾੜ ਕੇ ਮੁੰਦਰਾਂ ਪਾਵਣੇ ਦਾ।
ਕਿਸੇ ਐਸੇ ਗੁਰਦੇਵ ਦੀ ਟਹਿਲ ਕਰੀਏ, ਸਿਹਰ ਦੱਸ ਦੇ ਰੰਨ ਖਿਸਕਾਵਣੇ ਦਾ।
ਵਾਰਿਸ ਸ਼ਾਹ ਮੀਆਂ ਇਨਾ ਆਸ਼ਕਾਂ ਨੂੰ, ਫਿਕਰ ਜ਼ਰਾ ਨਾ ਜਿੰਦ ਗਵਾਵਣੇ ਦਾ।
(ਮਤਾ ਜਾਗਿਆ =ਇਰਾਦਾ ਹੋਇਆ)
ਹੋਕਾ ਫਿਰੇ ਦਿੰਦਾ ਪਿੰਡਾਂ ਵਿੱਚ, ਸਾਰੇ ਆਉ ਕਿਸੇ ਫਕੀਰ ਜੇ ਹੋਵਣਾ ਜੇ ।
ਮੰਗ ਖਾਵਣਾ ਕੰਮ ਨਾ ਕਾਜ ਕਰਨਾ, ਨਾ ਚਾਰਨਾ ਤੇ ਨਾ ਹੀ ਚੋਵਣਾ ਜੇ।
ਜ਼ਰਾ ਕੰਨ ਪੜਾਇਕੇ ਸਵਾਹ ਮਲਣੀ, ਗੁਰੂ ਸਾਰੇ ਹੀ ਜੱਗ ਦਾ ਹੋਵਣਾ ਜੇ।
ਨਾ ਦਿਹਾੜ ਨਾ ਕਸਬ ਰੁਜ਼ਗਾਰ ਕਰਨਾ, ਨਾਢੂ ਸ਼ਾਹ ਫਿਰ ਮੁਫ਼ਤ ਦਾ ਹੋਵਣਾ ਜੇ ।
ਨਹੀਂ ਦੇਣੀ ਵਧਾਈ ਫਿਰ ਜੰਮਦੇ ਦੀ, ਕਿਸੇ ਮੋਏ ਨੂੰ ਮੂਲ ਨਾ ਰੋਵਣਾ ਜੇ।
ਮੰਗ ਖਾਵਣਾ ਅਤੇ ਮਸੀਤ ਸੌਣਾ, ਨਾ ਕੁੱਝ ਬੋਵਣਾ ਤੇ ਨਾ ਕੁੱਝ ਲੋਵਣਾ ਜੇ।
ਨਾਲੇ ਮੰਗਣਾ ਤੇ ਨਾਲੇ ਘੁਰਨਾ ਈ, ਦੇਣਦਾਰ ਨਾ ਕਿਸੇ ਦਾ ਹੋਵਣਾ ਜੇ।
ਖੁਸ਼ੀ ਆਪਣੀ ਉੱਠਣਾ ਮੀਆਂ ਵਾਰਿਸ ਅਤੇ ਆਪਣੀ ਨੀਂਦ ਹੀ ਸੋਵਣਾ ਜੇ।
(ਦਿਹਾੜ=ਦਿਹਾੜੀ ਕਰਨੀ, ਮਜ਼ਦੂਰੀ ਕਰਨੀ, ਕਸਬ=ਕੰਮ, ਬੋਵਣਾ=ਬੀਜਣਾ, ਲੋਵਣਾ=ਵਢਣਾ)
ਟਿੱਲੇ ਜਾਇਕੇ ਜੋਗੀ ਦੇ ਹੱਥ ਜੋੜੇ, ਸਾਨੂੰ ਆਪਣਾ ਕਰੋ ਫਕੀਰ ਸਾਈਂ ।
ਤੇਰੇ ਦਰਸ ਦੀਦਾਰ ਦੇ ਦੇਖਣੇ ਨੂੰ, ਆਇਆ ਦੇਸ ਪਰਦੇਸ ਮੈਂ ਚੀਰ ਸਾਈ।
ਸਿਦਕ ਧਾਰ ਕੇ ਨਾਲ ਯਕੀਨ ਆਇਆ, ਅਸੀਂ ਚੇਲੜੇ ਤੇ ਤੁਸੀਂ ਪੀਰ ਸਾਈਂ।
ਬਾਦਸ਼ਾਹ ਸੱਚਾ ਰੱਬ ਆਲਮਾਂ ਦਾ, ਫ਼ਕਰ ਓਸ ਦੇ ਹੈਣ ਵਜ਼ੀਰ ਸਾਈਂ।
ਬਿਨਾਂ ਮੁਰਸਦਾਂ ਰਾਹ ਨਾ ਹੱਥ ਆਵੇ, ਦੁਧ ਬਾਝ ਨਾ ਹੋਵੇ ਹੈ ਖੀਰ ਸਾਈਂ।
ਯਾਦ ਹੱਕ ਦੀ ਸਬਰ ਤਸਲੀਮ ਨਿਹਚਾ, ਤੁਸਾਂ ਜਗ ਦੇ ਨਾਲ ਕੀ ਸੀਰ ਸਾਈਂ ।
ਫ਼ਕਰ ਕੁਲ ਜਹਾਨ ਦਾ ਆਸਰਾ ਹੈ, ਤਾਬਿਹ ਫਕਰ ਦੀ ਪੀਰ ਤੇ ਮੀਰ ਸਾਈਂ ।
ਮੇਰਾ ਮਾਉ ਨਾ ਬਾਪ ਨਾ ਸਾਕ ਕੋਈ, ਚਾਚਾ ਤਾਇਆ ਨਾ ਭੈਣ ਨਾ ਵੀਰ ਸਾਈਂ ।
ਦੁਨੀਆਂ ਵਿੱਚ ਹਾਂ ਬਹੁਤ ਉਦਾਸ ਹੋਇਆ, ਪੈਰੋਂ ਸਾਡਿਉ ਲਾਹ ਜ਼ੰਜੀਰ ਸਾਈਂ ।
ਤੈਨੂੰ ਛੱਡ ਕੇ ਜਾਂ ਮੈਂ ਹੋਰ ਕਿਸ ਥੇ, ਨਜ਼ਰ ਆਂਵਦਾ ਜ਼ਾਹਰਾ ਪੀਰ ਸਾਈਂ।
(ਨਿਹਚਾ=ਯਕੀਨ, ਸੀਰ=ਸਾਂਝੇਦਾਰੀ, ਸਾਂਝ, ਥੇ=ਕਿੱਥੇ, ਕਿਹੜੀ ਥਾਂ)
ਨਾਥ ਦੇਖ ਕੇ ਬਹੁਤ ਮਲੂਕ ਚੰਚਲ, ਅਹਿਲ ਤਬ੍ਹਾ ਤੇ ਸੁਹਣਾ ਛੈਲ ਮੁੰਡਾ ।
ਕੋਈ ਹੁਸਨ ਦੀ ਖਾਣ ਹੁਸ਼ਨਾਕ ਸੁੰਦਰ, ਅਤੇ ਲਾਡਲਾ ਮਾਉ ਤੇ ਬਾਪ ਸੰਦਾ ।
ਕਿਸੇ ਦੁਖ ਤੋਂ ਰੁਸ ਕੇ ਉਠ ਆਇਆ, ਇੱਕੇ ਕਿਸੇ ਦੇ ਨਾਲ ਪੈ ਗਿਆ ਧੰਦਾ।
ਨਾਥ ਆਖਦਾ ਦੱਸ ਖਾ ਸੱਚ ਮੈਂਥੇ, ਤੂੰ ਹੈ ਕਿਹੜੇ ਦੁਖ ਫਕੀਰ ਹੁੰਦਾ।
(ਅਹਿਲ ਤਬਾਅ=ਰੂਹ ਵਾਲਾ, ਹੁਸ਼ਨਾਕ =ਸਕੀਨ, ਧੰਦਾ=ਝਗੜਾ)
ਇਹ ਜਗ ਮਕਾਮ ਫਨਾਹ ਦਾ ਹੈ, ਸੱਭਾ ਰੇਤ ਦੀ ਕੰਧ ਇਹ ਜੀਵਣਾ ਹੈ।
ਛਾਓੁ ਬੱਦਲਾਂ ਦੀ ਉਮਰ ਬੰਦਿਆਂ ਦੀ, ਅਜ਼ਰਾਈਲ ਨੇ ਪਾੜਣਾ ਸੀਵਣਾ ਹੈ।
ਅੱਜ ਕਲ ਜਹਾਨ ਦਾ ਸਹਿਜ ਮੇਲਾ, ਕਿਸੇ ਨਿੱਤ ਨਾ ਹੁਕਮ ਤੇ ਥੀਵਣਾ ਹੈ।
ਵਾਰਿਸ ਸ਼ਾਹ ਮੀਆਂ ਅੰਤ ਖ਼ਾਕ ਹੋਣਾ, ਲਖ ਆਬੇ-ਹਿਆਤ ਜੇ ਪੀਵਣਾ ਹੈ।