Back ArrowLogo
Info
Profile

  1. ਤਥਾ

ਹੱਥ ਕੰਝਨਾ ਪਹੁੰਚੀਆਂ ਫਬ ਰਹੀਆ, ਕੰਨੀ ਛਣਕਦੇ ਸੁਹਣੇ ਬੂੰਦੜੇ ਨੇ ।

ਮੰਝ ਪਟ ਦੀਆਂ ਲੱਗੀਆਂ ਖੇਸ ਉੱਤੇ, ਸਿਰ ਭਿੰਨੇ ਫੁਲੇਲ ਦੇ ਜੁੰਡੜੇ ਨੇ ।

ਸਿਰ ਕੁੱਚਕੇ ਬਾਰੀਆਦਾਰ ਛੱਲੇ, ਕੱਜਲ ਭਿੰਨੜੇ ਨੈਣ ਨਚੰਦੜੇ ਨੇ ।

ਖਾਣ ਪੀਣ ਪਹਿਰਨ ਸਿਰੋਂ ਮਾਪਿਆਂ ਦੇ, ਤੁਸਾਂ ਜਹੇ ਫ਼ਕੀਰ ਕਿਉਂ ਹੁੰਦੜੇ ਨੇ ।

 

(ਕੁੱਚਕੇ=ਛੋਟੇ ਕੁੰਡਲਦਾਰ ਵਾਲ, ਨਚੰਦੜੇ=ਨਚਦੇ)

 

  1. ਤਥਾ

ਖਾਬ ਰਾਤ ਦਾ ਜੱਗ ਦੀਆਂ ਸਭ ਗੱਲਾਂ, ਧਨ ਮਾਲ ਨੂੰ ਮੂਲ ਨਾ ਝੂਰੀਏ ਜੀ ।

ਪੰਜ ਭੂਤ ਵਿਕਾਰ ਤੇ ਉਦਰ ਪਾਪੀ, ਨਾਲ ਸਬਰ ਸੰਤੋਖ ਦੇ ਪੂਰੀਏ ਜੀ ।

ਉਸ਼ਨ ਸੀਤ ਦੁਖ ਸੁਖ ਸਮਾਨ ਜਾਪੇ, ਜਿਹੇ ਸਾਲ ਮਸ਼ਰੂ ਤਹੇ ਭੂਰੀਏ ਜੀ ।

ਭੂ ਆਤਮਾ ਵਸ ਰਸ ਕਸ ਤਿਆਗੇ, ਐਵੇਂ ਗੁਰੂ ਨੂੰ ਕਾਹਿ ਵਡੂਰੀਏ ਜੀ।

 

(ਪੰਜ ਭੂਤ=1. ਅੱਗ, 2. ਪਾਣੀ, 3. ਮਿੱਟੀ, 4. ਹਵਾ, 5. ਅਕਾਸ਼, ਇੰਨ੍ਹਾਂ ਵਿੱਚ ਖਰਾਬੀ ਨਾਲ ਵਿਕਾਰ ਜਾਂ ਖਰਾਬੀ ਪੈ ਜਾਂਦੀ ਹੈ, ਉਦਰ = ਪੇਟ, ਉਸ਼ਨ=ਗਰਮੀ, ਸੀਤ=ਠੰਡ,ਸਰਦੀ, ਸਮਾਨ=ਬਰਾਬਰ, ਮਸ਼ਰੂ=ਰੇਸ਼ਮ, ਮੁਸਲਮਾਨ ਸਰ੍ਹਾ ਵਿਚ ਰੇਸ਼ਮ ਪਹਿਨਣਾ ਮਨਾ ਹੈ ਪਰ ਉਸ ਵਿੱਚ ਕੁੱਝ ਸੂਤੀ ਧਾਗੇ ਪਾ ਲਏ ਜਾਂਦੇ ਹਨ ।ਏਥੇ ਰੇਸ਼ਮ ਗਰਮ ਭੂਰਾ ਅਤੇ ਸਾਲ ਨੂੰ ਬਰਾਬਰ ਜਾਂ ਇੱਕ ਸਮਾਨ ਜਾਨਣ ਵੱਲ ਇਸ਼ਾਰਾ ਹੈ, ਵਸ, ਰਸ ,ਕਸ= ਦੁਖ ਸੁਖ, ਵਡੂਰੀਏ=ਬਦਨਾਮ ਕਰਨਾ)

 

  1. ਤਥਾ

ਭੋਗ ਭੋਗਣਾ ਦੁਧ ਤੇ ਦਹੀ ਪੀਵੇ, ਪਿੰਡਾ ਪਾਲ ਕੇ ਰਾਤ ਦਿਹੁੰ ਧੋਵਨਾ ਹੈ।

ਖਰੀ ਕਠਨ ਹੈ ਫ਼ਕਰ ਦੀ ਵਾਟ ਝਾਗਣ, ਮੂੰਹੋਂ ਆਖ ਕੇ ਕਾਹ ਵਿਗੋਵਨਾ ਹੈ।

ਵਾਹੇਂ ਵੰਝਲੀ ਤਰੀਮਤਾਂ ਨਿਤ ਘੂਰੇ, ਗਾਂਈ ਮਹੀਂ ਵਿਲਾਇਕੇ ਚੋਵਨਾ ਹੈ।

ਸੱਚ ਆਖ ਜੱਟਾ ਕਰੀ ਬਣੀ ਤੈਨੂੰ, ਸਵਾਦ ਛੱਡ ਕੇ ਖੇਹ ਕਿਉਂ ਹੋਵਨਾ ਹੈ।

 

(ਭੋਗ ਭੋਗਣਾ=ਸੁਆਦ ਮਾਨਣੇ, ਵਾਟ=ਰਾਹ, ਝਾਗਣ =ਤੁਰਨਾ, ਵਿਗੋਵਨਾ= ਨਾਸ ਕਰਨਾ)

 

  1. ਰਾਂਝਾ

ਜੇਗੀ ਛੱਡ ਜਹਾਨ ਫ਼ਕੀਰ ਹੋਏ, ਏਸ ਜੱਗ ਵਿੱਚ ਬਹੁਤ ਖ਼ਵਾਰੀਆਂ ਨੇ ।

ਲੈਣ ਦੇਣ ਤੇ ਦਗਾ ਅਨਿਆਂ ਕਰਨਾ, ਲੁਟ ਘਸੂਟ ਤੇ ਚੋਰੀਆਂ ਯਾਰੀਆਂ ਨੇ।

ਉਹ ਪੁਰਖ ਨਿਰਬਾਣ ਪਦ ਜਾ ਪਹੁੰਚੇ, ਜਿਨ੍ਹਾਂ ਪੰਜੇ ਹੀ ਇੰਦਰੀਆਂ ਮਾਰੀਆਂ ਨੇ ।

ਜੰਗ ਦੇਹੋ ਤੇ ਕਰੋ ਨਿਹਾਲ ਮੈਨੂੰ, ਕੇਹੀਆ ਜੀਊ ਤੇ ਘੁੰਡੀਆਂ ਚਾੜ੍ਹੀਆਂ ਨੇ।

ਏਸ ਜਟ ਗਰੀਬ ਨੂੰ ਤਾਰ ਉਵੇਂ, ਜਿਵੇਂ ਅਗਲੀਆਂ ਸੰਗਤਾਂ ਤਾਰੀਆਂ ਨੇ।

ਵਾਰਿਸ ਸ਼ਾਹ ਮੀਆਂ ਰਬ ਸ਼ਰਮ ਰੱਖੇ, ਜੱਗ ਵਿੱਚ ਮਸੀਬਤਾਂ ਭਾਰੀਆਂ ਨੇ।

 

(ਨਿਰਬਾਣ=ਨਿਰਵਾਣ, ਮੁਕਤੀ, ਜੀਊ ਤੇ ਘੁੰਢੀਆ ਚਾੜ੍ਹੀਆਂ=ਨਾਰਾਜ਼ਗੀ)

 

  1. ਨਾਥ

ਮਹਾਂ ਦੇਵ ਥੋਂ ਜੋਗ ਦਾ ਪੰਥ ਬਣਿਆ, ਖਰੀ ਕਠਨ ਹੈ ਜੋਗ ਮੁਹਿੰਮ ਮੀਆਂ ।

ਕੌੜਾ ਬਕਬਕਾ ਸਵਾਦ ਹੈ ਜੋਗ ਸੰਦਾ, ਜਿਹੀ ਘੋਲ ਕੇ ਪੀਵਣੀ ਨਿੰਮ ਮੀਆਂ ।

'ਜਹਾਂ ਸੁਨ ਸਮਾਧ ਕੀ ਮੰਡਲੀ ਹੈ’, ਅਤੇ ਝੂਟਣਾ ਹੈ ਰਿੰਮ ਝਿੰਮ ਮੀਆਂ ।

ਤਹਾਂ ਭਸਮ ਲਗਾਇਕੇ ਭਸਮ ਹੋਣਾ, ਪੇਸ਼ ਜਾਏ ਨਾਹੀ ਗਰਬ ਡਿੰਮ੍ਹ ਮੀਆਂ ।

 

(ਗਰਬ=ਗ਼ਰੂਰ, ਡਿੰਮ੍ਹ =ਫਰੋਬ, ਪਖੰਡ)

 

  1. ਰਾਂਝਾ

ਤੁਸੀਂ ਜੋਗ ਦਾ ਪੰਥ ਬਤਾਉ ਸਾਨੂੰ, ਸ਼ੌਕ ਜਾਗਿਆ ਹਰਫ਼ ਨਗੀਨਿਆਂ ਦੇ ।

ਏਸ ਜੋਗ ਦੇ ਪੰਥ ਵਿੱਚ ਆ ਵੜਿਆ, ਛੁਪਨ ਐਬ ਸਵਾਬ ਕਮੀਨਿਆਂ ਦੇ।

ਹਿਰਸ ਅੱਗ ਤੇ ਸਬਰ ਦਾ ਪਵੇ ਪਾਣੀ, ਜੋਗ ਠੰਡ ਘੱਤੇ ਵਿੱਚ ਸੀਨਿਆਂ ਦੇ ।

ਹਿਕ ਫਕਰ ਹੀ ਰਬ ਦੇ ਰਹਿਣ ਸਾਬਤ, ਹੋਰ ਥਿੜਕਦੇ ਅਹਿਲ ਖਜ਼ੀਨਿਆਂ ਦੇ ।

ਤੇਰੇ ਦਵਾਰ ਤੇ ਆਣ ਮੁਹਤਾਜ ਹੋਏ, ਅਸੀਂ ਨੌਕਰ ਹਾਂ ਬਾਝ ਮਹੀਨਿਆ ਦੇ।

ਤੇਰਾ ਹੋਇ ਫ਼ਕੀਰ ਮੈਂ ਨਗਰ ਮੰਗਾ, ਛੱਡਾਂ ਵਾਇਦੇ ਏਨ੍ਹਾਂ ਰੋਜ਼ੀਨਿਆਂ ਦੇ ।

 

(ਸਵਾਬ=ਪੁੰਨ,ਹਿਰਸ=ਲਾਲਚ,ਤਮਾ, ਅਹਿਲ ਖਜ਼ੀਨਾ=ਖਜ਼ਾਨੇ ਦੇ ਮਾਲਕ, ਰੋਜ਼ੀਨਾ = ਇੱਕ ਦਿਨ ਦੀ ਮਜ਼ਦੂਰੀ)

 

  1. ਨਾਥ

 

ਏਸ ਜੋਗ ਦੇ ਵਾਇਦੇ ਬਹੁਤ ਔਖੇ, ਨਾਦ ਅਨਹਤ ਤੇ ਸੁੰਨ ਵਜਾਵਣਾ ਵੋ ।

ਜੋਗੀ ਜੰਗਮ ਗੋਦੜੀ ਜਟਾ ਧਾਰੀ, ਮੁੰਡੀ ਨਿਰਮਲਾ ਭੇਖ ਵਟਾਵਣਾ ਵੋ ।

ਤਾੜੀ ਲਾਇਕੇ ਨਾਥ ਦਾ ਧਿਆਨ ਧਰਨਾ, ਦਸਵੇਂ ਦਵਾਰ ਹੈ ਸਾਸ ਚੜ੍ਹਾਵਣਾ ਵੋ ।

ਜੰਮੇ ਆਏ ਦਾ ਹਰਖ਼ ਤੇ ਸੋਗ ਛੱਡੇ, ਨਹੀਂ ਮੋਇਆ ਗਿਆ ਪਛੇਤਾਵਣਾ ਵੋ ।

ਨਾਉ ਫਕਰ ਦਾ ਬਹੁਤ ਆਸਾਨ ਲੈਣਾ, ਖਰਾ ਕਠਨ ਹੈ ਜੋਗ ਕਮਾਵਣਾ ਵੋ ।

ਧੋ ਧਾਇਕੇ ਜਟਾ ਨੂੰ ਧੂਪ ਦੇਣਾ, ਸਦਾ ਅੰਗ ਬਿਭੂਤ ਰਮਾਵਣਾ ਵੋ ।

ਉਦਿਆਨ ਵਾਸੀ ਜਤੀ ਸਤੀ ਜੋਗੀ, ਝਾਤ ਇਸਤਰੀ ਤੇ ਨਾਹੀਂ ਪਾਵਣਾ ਵੋ ।

ਲਖ ਖੂਬਸੂਰਤ ਪਰੀ ਹੂਰ ਹੋਵੇ, ਜ਼ਰਾ ਜੀਊ ਨਾਹੀਂ ਭਰਮਾਵਣਾ ਵੋ ।

ਕੰਦ ਮੂਲ ਤੇ ਪੋਸਤ ਅਫੀਮ ਬਿਜਿਆ, ਨਸ਼ਾ ਖਾਇਕੇ ਮਸਤ ਹੋ ਜਾਵਣਾ ਵੋ ।

ਜਗਾਬ ਖਿਆਲ ਹੈ ਸੁਪਨ ਮਾਤਰ, ਹੋ ਕਮਲਿਆ ਹੋਸ਼ ਭੁਲਾਵਣਾ ਵੋ ।

ਘੱਤ ਮੁੰਦਰਾ ਜੰਗਲਾਂ ਵਿੱਚ ਰਹਿਣਾ, ਬੀਨ ਕਿੰਗ ਤੇ ਸੰਖ ਵਜਾਵਣਾ ਵੋ ।

ਜਗਨ ਨਾਥ ਗੋਦਾਵਰੀ ਗੰਗ ਜਮਨਾ, ਸਦਾ ਤੀਰਥਾਂ ਤੇ ਜਾ ਨਾਵਣਾ ਵੋ ।

ਮੇਲੇ ਸਿੱਧਾ ਦੇ ਖੇਲਣਾ ਦੇਸ ਪੱਛਮ, ਨਵਾਂ ਨਾਥਾ ਦਾ ਦਰਸ਼ਨ ਪਾਵਣਾ ਵੋ ।

ਕਾਮ ਕਰੋਧ ਤੇ ਲੋਭ ਹੰਕਾਰ ਮਾਰਨ, ਜੋਗੀ ਖ਼ਾਕ ਦਰ ਖ਼ਾਕ ਹੋ ਜਾਵਣਾ ਵੋ ।

ਰੰਨਾਂ ਘੂਰਦਾ ਗਾਂਵਦਾ ਫਿਰੇ ਵਹਿਸੀ, ਤੈਨੂੰ ਔਖੜਾ ਜੋਗ ਕਮਾਵਣਾ ਵੋ ।

ਵਾਰਿਸ ਜੋਗ ਹੈ ਕੰਮ ਨਿਰਾਸਿਆਂ ਦਾ, ਤੁਸਾਂ ਜੱਟਾਂ ਕੀ ਜੇਗ ਥੋਂ ਪਾਵਣਾ ਵੋ ।

 

(ਅਨਹਤ ਨਾਦ-ਬਿਨਾ ਫੂਕ ਮਾਰੇ ਵੱਜਣ ਵਾਲਾ ਨਰਸਿੰਗਾ, ਜੰਗਮ=ਘੰਟੀ ਵਜਾਉਣ ਵਾਲੇ, ਮੁੰਡੀ=ਘੋਨ, ਨਿਰਮਲਾ-ਸਾਧਾ ਦਾ ਇੱਕ ਪੰਥ, ਹਰਖ=ਖੁਸ਼ੀ, ਉਦਿਆਨ ਵਾਸੀ=ਸ਼ਹਿਰ ਤੋਂ ਦੂਰ ਜੰਗਲ ਵਿੱਚ ਡੇਰਾ ਲਾਉਣ ਵਾਲ਼ੇ, ਰਮਾਵਣਾ=ਲਾਉਣਾ, ਕੰਦ ਮੂਲ-ਜੜ੍ਹਾਂ ਆਦਿ, ਬਿਜਿਆ=ਭੰਗ,ਸੁੱਖਾ,ਨਿਰਾਸੇ=ਬੇਆਸੇ,ਨਾਉਮੀਦ)

36 / 96
Previous
Next