Back ArrowLogo
Info
Profile

  1. ਸਹਿਤੀ

ਅਸੀਂ ਭੂਤ ਦੀ ਅਕਲ ਗਵਾ ਦੇਈਏ, ਸਾਨੂੰ ਲਾ ਬਿਭੂਤ ਡਰਾਉਨਾ ਹੈਂ।

ਤ੍ਰਿੰਞਣ ਵੇਖ ਕੇ ਵਹੁਟੀਆਂ ਛੈਲ ਕੁੜੀਆਂ, ਓਥੇ ਕਿੰਗ ਦੀ ਤਾਰ ਵਜਾਉਨਾ ਹੈਂ।

ਮੇਰੀ ਭਾਬੀ ਦੇ ਨਾਲ ਤੂੰ ਰਮਜ਼ ਮਾਰੇਂ, ਭਲਾ ਆਪ ਤੂੰ ਕੌਣ ਸਦਾਉਨਾ ਹੈਂ।

ਉਹ ਪਈ ਹੈਰਾਨ ਹੈ ਨਾਲ ਜ਼ਹਿਮਤ, ਘੜੀ ਘੜੀ ਕਿਉਂ ਪਿਆ ਅਕਾਉਨਾ ਹੈਂ।

 ਨਾ ਤੂੰ ਵੈਦ ਨਾ ਮਾਂਦਰੀ ਨਾ ਮੁੱਲਾਂ, ਝਾੜੇ ਗੈਬ ਦੇ ਕਾਸ ਨੂੰ ਪਾਉਨਾ ਹੈਂ।

ਚੋਰ ਚੂਹੜੇ ਵਾਂਗ ਹੈ ਟੇਢ ਤੇਰੀ, ਪਿਆਜਾਪਦਾ ਸਿਰੀ ਭਨਾਉਨਾ ਹੈਂ।

ਕਦੀ ਭੂਤਨਾ ਹੋਇਕੇ ਝੁੰਡ ਖੋਲੇ, ਕਦੀ ਜੋਗ ਧਾਰੀ ਬਣ ਆਉਨਾ ਹੈਂ।

ਇੱਟ ਸਿੱਟ ਫਗਵਾੜ ਤੇ ਕੁਆਰ ਗੰਦਲ, ਇਹ ਬੂਟੀਆਂ ਖੋਲ੍ਹ ਵਿਖਾਉਨਾ ਹੈ।

ਦਾਰੂ ਨਾ ਖ਼ਿਤਾਬ ਨਾ ਹੱਥ ਸ਼ੀਸ਼ੀ, ਆਖ ਕਾਸ ਦਾ ਵੈਦ ਸਦਾਉਨਾ ਹੈਂ।

ਜਾ ਘਰੋਂ ਅਸਾਡਿਉ ਨਿਕਲ ਭੁੱਖੇ, ਹੁਏ ਜਟਾਂ ਦੀ ਜੂਟ ਖੋਹਾਉਨਾ ਹੈਂ।

ਖੋਹ ਬਾਬਰੀਆਂ ਖਪਰੀ ਭੰਨ ਤੋੜੂੰ, ਹੁਣ ਹੋਰ ਕੀ ਮੂੰਹੋਂ ਅਖਾਉਨਾ ਹੈਂ।

ਰੰਨਾ ਬਲਮ ਬਾਉਰ ਦਾ ਦੀਨ ਖੋਹਿਆ, ਵਾਰਿਸ ਸ਼ਾਹ ਤੂੰ ਕੌਣ ਸਦਾਉਨਾ ਹੈਂ।

 

(ਰਮਜ= ਇਸ਼ਾਰੇ, ਜਹਿਮਤ = ਬੀਮਾਰੀ, ਤਕਲੀਫ, ਅਕਾਉਣਾ= ਦੁਖੀ ਕਰਨਾ, ਇਟ ਸਿਟ, ਫਗਵਾੜ, ਕਵਾਰ ਗੰਦਲ = ਤਿੰਨ ਬੂਟੀਆਂ ਹਨ, ਖੋਹ ਬਾਬਰੀਆ=ਵਾਲ ਪੁਟ ਕੇ)

 

  1. ਰਾਂਝਾ

ਅਸਾ ਮਿਹਨਤਾਂ ਡਾਢੀਆਂ ਕੀਤੀਆਂ ਨੇ, ਅਨੀ ਗੁੰਡੀਏ ਠੇਠਰੇ ਜੱਟੀਏ ਨੀ ।

ਕਰਾਮਾਤ ਫ਼ਕੀਰ ਦੀ ਵੇਖ ਨਾਹੀਂ, ਐਰ ਰਬ ਤੋਂ ਮੰਗ ਕੁਪੱਤੀਏ ਨੀ।

ਕੰਨ ਪਾਟਿਆਂ ਨਾਲ ਨਾ ਜਿਦ ਕੀਚੈ, ਅੰਨ੍ਹੇ ਖੂਹ ਵਿੱਚ ਝਾਤ ਨਾ ਘੱਤੀਏ ਨੀ।

ਮਸਤੀ ਨਾਲ ਤਕੱਬਰੀ ਰਾਤ ਦਿਨੇ, ਕਦੀ ਹੋਸ਼ ਦੀ ਅੱਖ ਪਰੱਤੀਏ ਨੀ।

ਕੋਈ ਦੁਖ ਤੇ ਦਰਦ ਨਾ ਰਹੇ ਭੋਰਾ, ਝਾੜਾ ਮਿਹਰ ਦਾ ਜਿਨ੍ਹਾਂ ਨੂੰ ਘੱਤੀਏ ਨੀ ।

 ਪੜ੍ਹ ਫੂਕੀਏ ਇੱਕ ਅਜ਼ਮਤ ਸੈਫੀ, ਜੜ ਜਿੰਨ ਤੇ ਭੂਤ ਦੀ ਪੱਟੀਏ ਨੀ ।

ਤੇਰੀ ਭਾਬੀ ਦੇ ਦੁਖੜੇ ਦੂਰ ਹੋਵਣ, ਅਸੀਂ ਮਿਹਰ ਜੇ ਚਾਇ ਪਲੱਟੀਏ ਨੀ ।

ਮੂੰਹੋਂ ਮਿਠੜਾ ਬੋਲ ਤੇ ਮੋਮ ਹੋ ਜਾ, ਤਿੱਖੀ ਹੋ ਨਾ ਕਮਲੀਏ ਜੱਟੀਏ ਨੀ ।

ਜਾਂਦੇ ਸਭ ਆਜ਼ਾਰ ਯਕੀਨ ਕਰਕੇ, ਵਾਰਿਸ ਸ਼ਾਹ ਦੇ ਪੈਰ ਜੇ ਚੱਟੀਏ ਨੀ ।

 

(ਅਜਮਤ = ਤਲਿਸਮੀ ਦੁਆ ਦਾ ਅਸਰ, ਸੈਫ਼ੀ=ਦੁਸ਼ਮਣ ਦਾ ਵਾਰ ਉਤਾਰਨ ਲਈ ਅਟਲ ਤਾਸੀਰ ਵਾਲੀ ਦੁਆ, ਕਿਹਾ ਜਾਂਦਾ ਹੈ ਕਿ ਸੈਫੀ ਵਾਲੇ ਪੁਰਸ਼ ਦੇ ਕਬਜ਼ੇ ਵਿੱਚ ਸੱਤਰ ਹਜ਼ਾਰ ਜਿੰਨ ਅਤੇ ਸੱਤਰ ਹਜ਼ਾਰ ਫ਼ਰਿਸ਼ਤੇ ਹੁੰਦੇ ਹਨ, ਆਜ਼ਾਰ=ਦੁਖ)

 

  1. ਸਹਿਤੀ

ਫਰਫੇਜੀਆ ਬੀਰ ਬੈਤਾਲਿਆ ਵੇ, ਔਖੇ ਇਸ਼ਕ ਦੇ ਝਾੜਣੇ ਪਾਵਣੇ ਵੇ ।

ਨੈਣਾਂ ਵੇਖ ਕੇ ਮਾਰਨੀ ਫੂਕ ਸਾਹਵੇਂ, ਸੁੱਤੇ ਪਰੇਮ ਦੇ ਨਾਗ ਜਗਾਵਣੇ ਵੇ ।

ਕਦੇ 'ਯੂਸਫ਼ੀ ਤਿਬ ਮੀਜ਼ਾਨ ਪੜ੍ਹਿਉ, ‘ਦਸਤੂਰ ਇਲਾਜ’ ਸਿਖਾਵਣੇ ਵੇ ।

'ਕੁਰਤਾਸ ਸਕੰਦਰੀ' ‘ਤਿੱਬ ਅਕਬਰ’, ਜ਼ਖੀਰਿਉਂ ਬਾਬ ਸੁਣਾਵਏ ਵੇ ।

'ਕਾਨੂੰਨ ਮੌਜਜ਼’ 'ਤੁਹਫ਼ਾ ਮੋਮਨੀਨ’ ਵੀ, ‘ਕਿਫ਼ਾਇਆ ਮਨਸੂਰੀ’ ਥੀਂ ਪਾਵਣੇ ਵੇ ।

'ਪਰਾਨ ਸੰਗਲੀ’ ਵੇਦ ਮਨੌਤ ਸਿਮ੍ਰਿਤਿ, 'ਨਿਰਘੰਟ’ ਦੇ ਧਿਆਇ ਫੁਲਾਵਣੇ ਵੇ ।

'ਕਰਾਬਾਦੀਨ 'ਸਿਫ਼ਾਈ' ਤੇ 'ਕਾਦਰੀ' ਵੀ, 'ਮੁਤਫ਼ਰਿਕ ਤਿੱਬਾ ਪੜ੍ਹ ਜਾਵਣੇ ਵੇ ।

'ਰਤਨ ਜੋਤ’ ਬਲਮੀਕ ਤੇ ਸਾਂਕਾ ‘ਸੌਛਨ' ਸੁਖਦੇਉ ਗੰਗਾ ਤੈਂਥੇ ਆਵਣੇ ਵੇ।

ਫੈਲਸੂਫ ਜਹਾਨ ਦੀਆਂ ਅਸੀਂ ਰੰਨਾਂ, ਸਾਡੇ ਮਕਰ ਦੇ ਭੇਤ ਕਿਸ ਪਾਵਣੇ ਵੇ ।

ਅਫ਼ਲਾਤੂਨ ਸ਼ਾਗਿਰਦ ਗਲਾਮ ਅਰਸਤੂ, ਲੁਕਮਾਨ ਥੀਂ ਪੈਰ ਧੁਆਵਣੇ ਵੇ ।

ਗੱਲਾਂ ਚਾਇ ਚਵਾਇ ਦੀਆਂ ਬਹੁਤ ਕਰਨੈਂ, ਇਹ ਰੋਗ ਨਾ ਤੁਧ ਥੀਂ ਜਾਵਣੇ ਵੇ ।

ਏਨ੍ਹਾਂ ਮਕਰਿਆਂ ਥੋਂ ਕੌਣ ਹੋਵੇ ਚੰਗਾ, ਠੱਗ ਫਿਰਦੇ ਨੇ ਰੰਨਾਂ ਵਿਲਾਵਣੇ ਵੇ ।

ਜਿਹੜੇ ਮਕਰ ਦੇ ਪੈਰ ਖਿਲਾਰ ਬੈਠੇ, ਬਿਨਾਂ ਫਾਟ ਖਾਧੇ ਨਹੀਂ ਜਾਵਣੇ ਵੇ ।

ਮੂੰਹ ਨਾਲ ਕਹਿਆਂ ਜਿਹੜੇ ਜਾਣ ਨਾਹੀਂ, ਹੱਡ ਗੋਡੜੇ ਤਿਨ੍ਹਾਂ ਭੰਨਾਵਣੇ ਵੇ ।

ਵਾਰਿਸ ਸ਼ਾਹ ਇਹ ਮਾਰ ਹੈ ਵਸਤ ਐਸੀ, ਜਿੰਨ ਭੂਤ ਤੇ ਦੇਵ ਨਿਵਾਵਣੇ ਵੇ ।

 

(ਬੀਰ ਬੈਤਾਲਾ =ਜਿੰਨ, ਭੂਤ ਅਤੇ ਮਸਾਣ ਆਦਿ ਦਾ ਇਲਾਜ ਕਰਨ ਵਾਲਾ, ਤਿੱਬ, ਹਿਕਮਤ ਦੀਆਂ ਕਿਤਾਬਾਂ =ਤਿੱਬ ਯੂਸਫੀ, ਮੀਜਾਨੁਲ ਤਿੱਬ, ਦਸਤੂਰੁਲ ਇਲਾਜ, ਕੁਰਤਾਸ ਸਕੰਦਰੀ, ਤਿੱਬ ਅਕਬਰ ਜ਼ਖੀਰਾ,ਤੁਹਰਾ=ਏ-ਮੇਮਨੀਨ, ਕਿਫਾਇਆ ਮਨਸੂਰੀ, ਪਰਾਨ ਸੰਗਲੀ, ਵੇਦ ਮਨੌਤ, ਸਿਮਰਿਤ ਨਿਰਘੰਟ, ਕਰਾਬਾਦੀਨ ਸਫ਼ਾਈ, ਕਰਾਬਾਦੀਨ ਕਾਦਰੀ, ਮੁਤਫਰਿਕ ਤਿੱਬ, ਰਤਨ ਜੋਤ= ਮਸਾਲੇ ਵਿੱਚ ਪਾਉਣ ਲਈ ਇੱਕ ਵਸਤ ਖਾਣਾ ਬਨਾਉਣ ਵਿੱਚ ਵਰਤੀ ਜਾਂਦੀ ਹੈ ਅਤੇ ਦਵਾਈ ਦੇ ਤੌਰ ਤੇ ਵੀ ਵਰਤੀ ਜਾਂਦੀ ਹੈ ਤੇ ਇਹਦਾ ਰੰਗ ਗੂੜ੍ਹਾ ਲਾਲ ਹੁੰਦਾ ਹੈ, ਸਾਂਕ ਬਲਮੀਕ=ਇੱਕ ਗਰਭ ਸਹਾਇਕ ਬੂਟੀ, ਫੈਲਸੂਫ਼=ਚਾਲਾਕ, ਹੁਸ਼ਿਆਰ, ਅਫ਼ਲਾਤੂਨ ਯੂਨਾਨ ਦਾ ਜਗਤ ਪ੍ਰਸਿੱਧ ਫਿਲਾਸਫਰ, ਜਿਹੜਾ ਸੁਕਰਾਤ ਦਾ ਸ਼ਾਗਿਰਦ ਸੀ। ਸੁਕਰਾਤ ਨੂੰ ਉਹਦੇ ਨੌਜਵਾਨਾਂ ਨੂੰ ਕੀਤੇ ਪ੍ਰਵਚਨਾ ਕਰਕੇ ਜ਼ਹਿਰ ਦਾ ਪਿਆਲਾ ਪੀਣਾ ਪਿਆ ਸੀ)

 

  1. ਰਾਂਝਾ

ਏਹਾ ਰਸਮ ਕਦੀਮ ਹੈ ਜੋਗੀਆਂ ਦੀ, ਉਹਨੂੰ ਮਾਰਦੇ ਹੈ ਜਿਹੜੀ ਟਰਕਦੀ ਹੈ।

ਖੈਰ ਮੰਗਨੇ ਗਏ ਫ਼ਕੀਰ ਤਾਈਂ, ਅੱਗੋਂ ਕੁੱਤਿਆਂ ਵਾਂਗਰਾਂ ਘੁਰਕਦੀ ਹੈ।

ਇਹ ਖਸਮ ਦੇ ਖਾਣ ਨੂੰ ਕਿਵੇਂ ਦੇਸੀ, ਜਿਹੜੀ ਖੈਰ ਦੇ ਦੇਣ ਤੋਂ ਝੁਰਕਦੀ ਹੈ।

ਐਡੀ ਪੀਰਨੀ ਇੱਕੇ ਪਹਿਲਵਾਨਣੀ ਹੈ, ਇੱਕੇ ਕੰਜਰੀ ਇਹ ਕਿਸੇ ਤੁਰਕ ਦੀ ਹੈ।

ਪਹਿਲੇ ਫੂਕ ਕੇ ਅੱਗ ਮਹਿਤਾਬੀਆਂ ਨੂੰ, ਪਿੱਛੇ ਸਰਦ ਪਾਣੀ ਵੇਖੋ ਬੁਰਕਦੀ ਹੈ।

ਰੰਨ ਘੰਡ ਨੂੰ ਜਦੋਂ ਪੈਜ਼ਾਰ ਵੱਜਣ, ਓਥੋਂ ਚੁਪ ਚੁਪਾਤੜੀ ਛੁਰਕਦੀ ਹੈ।

ਇੱਕ ਝੁਟ ਦੇ ਨਾਲ ਮੈਂ ਪੱਟ ਲੈਣੀ, ਜਿਹੜੀ ਜੁਲਫ ਗੱਲ੍ਹਾਂ ਉਤੇ ਲੁੜਕਦੀ ਹੈ।

ਸਿਆਣੇ ਜਾਣਦੇ ਹਨ ਧਣੀ ਜਾਏ ਝੋਟੀ, ਜਿਹੜੀ ਸਾਨ੍ਹਾਂ ਦੇ ਮੂਤਰੇ ਖੁਰਕਦੀ ਹੈ।

ਫਕਰ ਜਾਣ ਮੰਗਨ ਖੈਰ ਭੁਖ ਮਰਦੇ, ਅੱਗੋਂ ਸਗਾਂ ਵਾਂਗੂੰ ਸਗੋਂ ਦੁਰਕਦੀ ਹੈ।

ਲੰਡੀ ਪਾਹੜੀ ਨੂੰ ਖੇਤ ਹੱਥ ਆਇਆ, ਪਈ ਉਪਰੋਂ ਉਪਰੋਂ ਮੁਰਕਦੀ ਹੈ।

ਵਾਰਿਸੇ ਮੌਰ ਫੁਰਦੇ ਅਤੇ ਲਣ ਚੁੱਤੜ, ਸਵਾ ਮਣੀ ਮੁਤਹਿਰ ਵੀ ਫੁਰਕਦੀ ਹੈ।

 

(ਟਰਕਦੀ = ਵਾਧੂ ਬੇਲਦੀ, ਝੁਰਕਦੀ=ਪਿੱਛੇ ਹਟਦੀ, ਬੁਰਕਦੀ = ਛਿੜਕਦੀ, ਛੁੜਕਦੀ = ਦੌੜ ਜਾਂਦੀ, ਧਣੀ ਜਾਏ = ਨਵੀਂ ਹੋ ਜਾਏ, ਸਗ = ਕੁਤਾ, ਮੁਰਕਦੀ=ਖਾਂਦੀ)

54 / 96
Previous
Next