ਜਿਹੜੀਆਂ ਲੈਣ ਉਡਾਰੀਆਂ ਨਾਲ ਬਾਜਾਂ, ਉਹ ਬੁਲਬੁਲਾਂ ਠੀਕ ਮਰੀਂਦੀਆਂ ਨੀ।
ਉਹਨਾਂ ਹਰਨੀਆਂ ਦੀ ਉਮਰ ਹੋ ਚੁੱਕੀ, ਪਾਣੀ ਸ਼ੇਰ ਦੀ ਜੂਹ ਜੋ ਪੀਂਦੀਆਂ ਨੀ ।
ਉਹ ਵਾਹਨਾਂ ਜਾਣ ਕਬਾਬ ਹੋਈਆਂ, ਜਿੜੀਆਂ ਹਈੜੀਆਂ ਨਾਲ ਖਹੀਂਦੀਆਂ ਨੀ।
ਇੱਕ ਦਿਨ ਉਹ ਫੇਰਸਨ ਆਣ ਘੋੜੇ, ਕਿੜਾਂ ਜਿਨ੍ਹਾਂ ਦੀਆਂ ਨਿੱਤ ਸੁਣੀਦੀਆਂ ਨੀ।
ਥੋੜ੍ਹੀਆਂ ਕਰਨ ਸੁਹਾਗ ਦੀਆਂ ਉਹ ਆਸਾਂ, ਜਿਹੜੀਆਂ ਧਾੜਵੀਆਂ ਨਾਲ ਮੰਗੀਦੀਆਂ ਨੀ।
ਜੋਕਾਂ ਇੱਕ ਦਿਨ ਪਕੜ ਨਚੂਹਣਗੀਆਂ, ਅਣਪੁਣੇ ਲਹੂ ਨਿਤ ਪੀਂਦੀਆਂ ਨੀ ।
ਦਿਲ ਮਾਲ ਦੀਚੇ ਲੱਖ ਕੰਜਰੀ ਨੂੰ, ਕਦੀ ਦਿਲੋਂ ਮਹਿਬੂਬ ਨਾ ਥੀਂਦੀਆਂ ਨੀ ।
ਇੱਕ ਦਿਹੁੰ ਪਕੜੀਆਂ ਜਾਣਗੀਆਂ ਹਾਕਮਾ ਥੇ. ਪਰ ਸੇਜ ਜੋ ਨਿਤ ਚੜ੍ਹੀਂਦੀਆਂ ਨੀ ।
ਇੱਕ ਦਿਨ ਗੜੇ ਵਸਾਇ ਸਨ ਉਹ ਘਟਾਂ, ਹਾਠਾਂ ਜੋੜ ਕੇ ਨਿਤ ਘਰੀਂਦੀਆਂ ਨੀ ।
ਤੇਰੇ ਲੌਣ ਮੋਢੇ ਸਾਡੇ ਲੌਣ ਨਾਤੇ, ਮੁਸ਼ਕਾਂ ਕਿਸੇ ਦੀਆਂ ਅੱਜ ਬਝੀਂਦੀਆਂ ਨੀ।
(ਵਾਹਨਾਂ=ਹਿਰਨੀਆਂ, ਹਈੜੀਆਂ =ਸ਼ਿਕਾਰੀਆਂ, ਕਿੜਾਂ =ਭਿਣਕ, ਨਚੂਹਣਾ= ਨਿਚੋੜਣਾ, ਪਰ ਸੇਜ=ਪਰਾਈ ਸੇਜ, ਹਾਠਾਂ ਜੋੜ=ਇਕੱਠੀਆਂ ਹੋ ਕੇ, ਜੁੜ ਕੇ)
ਸੁਣ ਸਹਿਤੀਏ ਅਸੀਂ ਹਾਂ ਨਾਗ ਕਾਲੇ, ਪੜ੍ਹ ਸੈਫ਼ੀਆਂ ਜੁਹਦ ਕਮਾਵਨੇ ਹਾਂ।
ਮਕਰ ਫਨ ਨੂੰ ਭੰਨ ਕੇ ਸਾਫ਼ ਕਰਦੇ, ਜਿਨ ਭੂਤ ਨੂੰ ਸਾੜ ਵਿਖਾਵਨੇ ਹਾਂ।
ਨਕਸ਼ ਲਿਖ ਕੇ ਫੂਕ ਯਾਸੀਨ ਦੇਈਏ, ਸਾਏ ਸੂਲ ਦੀ ਜਾਤ ਗਵਾਵਨੇ ਹਾਂ।
ਦੁਖ ਦਰਦ ਬਲਾਇ ਤੇ ਜਾਏ ਤੰਗੀ, ਕਦਮ ਜਿਨ੍ਹਾਂ ਦੇ ਵਿਹੜਿਆਂ ਪਾਵਨੇ ਹਾਂ।
ਸਣੇ ਤਸਮੀਆਂ ਪੜ੍ਹਾਂ ਇਖ਼ਲਾਸ ਸਰਾ, ਜੜ੍ਹਾਂ ਵੈਰ ਦੀਆਂ ਪੁੱਟ ਵਗਾਹਵਨੇ ਹਾਂ।
ਦਿਲੋਂ ਹੁੱਬ ਦੇ ਚਾਇ ਤਾਵੀਜ਼ ਲਿਖੀਏ, ਅਸੀਂ ਰੁਠੜੇ ਯਾਰ ਮਿਲਾਵਨੇ ਹਾਂ ।
ਜਿਹੜਾ ਮਾਰਨਾ ਹੋਵੇ ਤਾਂ ਕੀਲ ਕਰਕੇ, ਐਤਵਾਰ ਮਸਾਣ ਜਗਾਵਨੇ ਹਾਂ।
ਜਿਹੜੀ ਗੱਭਰੂ ਤੋਂ ਰੰਨ ਰਹੇ ਵਿਟਰ, ਲੌਂਗ ਮੰਦਰੇ ਚਾ ਖਵਾਵਨੇ ਹਾਂ।
ਜਿਹੜੇ ਯਾਰ ਨੂੰ ਯਾਰਨੀ ਮਿਲੇ ਨਾਹੀਂ, ਫੁਲ ਮੰਦਰ ਕੇ ਚਾਇ ਸੁੰਘਾਵਨੇ ਹਾਂ।
ਉਹਨਾਂ ਵਹੁਟੀਆਂ ਦੇ ਦੁਖ ਦੂਰ ਦਰਦ ਜਾਂਦੇ, ਪੜ੍ਹ ਹਿੱਕ ਤੇ ਹੱਥ ਫਿਰਾਵਨੇ ਹਾਂ।
ਕੀਲ ਡਇਣਾਂ ਕੱਚੀਆਂ ਪੱਕੀਆ ਨੂੰ, ਦੰਦ ਭੰਨ ਕੇ ਲਿਟਾਂ ਮੁਨਾਵਨੇ ਹਾਂ।
ਜਾਂ ਸਿਹਰ ਜਾਦੂ ਚੜ੍ਹੇ ਭੂਤ ਕੁੱਦੇ, ਗੰਡਾ ਕੀਲ ਦਵਾਲੇ ਦਾ ਪਾਵਨੇ ਹਾਂ।
ਕਿਸੇ ਨਾਲ ਜੋ ਵੈਰ ਵਰੋਧ ਹੋਵੇ, ਉਹਨੂੰ ਭੂਤ ਮਸਾਣ ਚਿਮੜਾਵਨੇ ਹਾਂ।
ਬੁਰਾ ਬੋਲਦੀ ਜਿਹੜੀ ਜੋਗੀਆਂ ਨੂੰ, ਸਿਰ ਮੁੰਨ ਕੇ ਗਧੇ ਚੜ੍ਹਾਵਨੇ ਹਾਂ।
ਜੈਂਦੇ ਨਾਲ ਮੁਦੱਪੜਾ ਠੀਕ ਹੋਵੇ, ਉਹਨੂੰ ਬੀਰ ਬੈਤਾਲ ਪਹੁੰਚਾਵਨੇ ਹਾਂ।
ਅਸੀਂ ਖੇੜਿਆਂ ਦੇ ਘਰੋਂ ਇੱਕ ਬੂਟਾ, ਹੁਕਮ ਰੱਬ ਦੇ ਨਾਲ ਪੁਟਾਵਨੇ ਹਾਂ।
ਵਾਰਿਸ ਸ਼ਾਹ ਜੇ ਹੋਰ ਨਾ ਦਾਉ ਲੱਗੇ, ਸਿਰ ਪ੍ਰੇਮ ਦੀਆਂ ਜੜੀਆਂ ਪਾਵਨੇ ਹਾਂ।
(ਸੂਰਾ ਯਾਸੀਨ=ਜਿਹੜੀ ਆਮ ਕਰਕੇ ਮੁਸ਼ਕਿਲ ਵੇਲੇ ਪੜ੍ਹੀ ਦਾ ਹੈ ਅਤੇ ਹਰ ਕੰਮ ਵਿੱਚ ਸੌਖ ਪੈਦਾ ਕਰਦਾ ਹੈ, ਸਾਏ=ਪਰਛਾਵੇਂ, ਹੁੱਬ=ਪਿਆਰ, ਤਸਮੀਆ=ਬਿਸਮਿੱਲਾ ਉਲ ਰਹਿਮਾਨ ਉਲ ਰਹੀਮ, ਵਿਟਰ=ਨਾਰਾਜ਼, ਗੰਡਾ =ਧਾਗਾ, ਮੁਦੱਪੜਾ=ਦੁਸ਼ਮਣੀ)
ਮਹਿਬੂਬ ਅੱਲਾਹ ਦੇ ਲਾਡਲੇ ਹੋ, ਏਸ ਵਹੁਟੜੀ ਨੂੰ ਕੋਈ ਸੂਲ ਹੈ ਜੀ ।
ਕੋਈ ਗੁਝੜਾ ਰੋਗ ਹੈ ਏਸ ਧਾਣਾ, ਪਈ ਨਿੱਤ ਇਹ ਰਹੇ ਰੰਜੂਲ ਹੈ ਜੀ ।
ਹੱਥੋਂ ਲੁੜ੍ਹੀ ਵਹਿੰਦੀ ਲਾਹੂ ਲੱਥੜੀ ਵੀ, ਦੇਹੀ ਹੋ ਜਾਂਦੀ ਮਖਤੂਲ ਹੈ ਜੀ ।
ਮੂੰਹੋਂ ਮਿਠੜੀ ਲਾਡ ਦੇ ਨਾਲ ਬੋਲੇ, ਹਰ ਕਿਸੇ ਦੇ ਨਾਲ ਮਾਕੂਲ ਹੈ ਜੀ ।
ਮੂਧਾ ਪਿਆ ਹੈ ਝੁਗੜਾ ਨਿਤ ਸਾਡਾ, ਇਹ ਵਹੁਟੜੀ ਘਰੇ ਦਾ ਮੂਲ ਹੈ ਜੀ।
ਮੇਰੇ ਵੀਰ ਦੇ ਨਾਲ ਹੈ ਵੈਰ ਇਸ ਦਾ, ਜੇਹਾ ਕਾਫ਼ਰਾਂ ਨਾਲ ਰਸੂਲ ਹੈ ਜੀ।
ਅੱਗੇ ਏਸ ਦੇ ਸਾਹੁਰੇ ਹੱਥ ਬੱਧੇ, ਜੋ ਕੁੱਝ ਆਖਦੀ ਸਭ ਕਬੂਲ ਹੈ ਜੀ ।
ਵਾਰਿਸ ਪਲੰਘ ਤੇ ਕਦੇ ਨਾ ਉਠ ਬੈਠੇ, ਸਾਡੇ ਢਿੱਡ ਵਿੱਚ ਫਿਰੇ ਡੰਡੂਲ ਹੈ ਜੀ ।
(ਧਾਉਣਾ = ਹਮਲਾ ਕਰਨਾ, ਲਾਹੂ ਲੱਥੜੀ = ਭੁਸ ਜਾਂ ਸਾਹ ਦਾ ਰੋਗੀ, ਮਖਤੂਲ=ਪਾਗਲ, ਡੰਡੂਲ =ਪੇਟ ਦਰਦ)
ਨਬਜ਼ ਵੇਖ ਕੇ ਏਸ ਦੀ ਕਰਾਂ ਕਾਰੀ, ਦੇਇ ਵੇਦਨਾ ਸਭ ਬਤਾਇ ਮੈਨੂੰ ।
ਨਾੜ ਵੇਖ ਕੇ ਕਰਾਂ ਇਲਾਜ ਇਸਦਾ, ਜੇ ਇਹ ਉਠ ਕੇ ਸੱਤ ਵਿਖਾਏ ਮੈਨੂੰ ।
ਰੋਗ ਕਾਸ ਤੋਂ ਚੱਲਿਆ ਕਰੇ ਜ਼ਾਹਿਰ, ਮਜਾ ਮੂੰਹ ਦਾ ਦੇਇ ਬਤਾਏ ਮੈਨੂੰ ।
ਵਾਰਿਸ ਸ਼ਾਹ ਮੀਆਂ ਛੱਤੀ ਰੋਗ ਕੱਟਾਂ, ਬਿਲਕ ਮੌਤ ਥੀ ਲਵਾਂ ਬਚਾਇ ਇਹਨੂੰ।
(ਕਾਰ=ਇਲਾਜ, ਵੇਦਨਾ=ਦੁਖ, ਰੋਗ, ਨਾੜ=ਨਬਜ਼, ਸਤ=ਹਿੰਮਤ,ਤਾਕਤ, ਬਿਲਕ= ਪਕੜ)
ਖੰਘ ਖੁਰਕ ਤੇ ਸਾਹ ਤੇ ਅੱਖ ਆਈ, ਸੂਲ ਦੰਦ ਦੀ ਪੀੜ ਗਵਾਵਨੇ ਹਾਂ।
ਕੌਲੰਜ ਤਪਦਿਕ ਤੇ ਮੁਹਰਕਾ ਤੱਪ ਹੋਵੇ, ਉਹਨੂੰ ਕਾੜ੍ਹਿਆਂ ਨਾਲ ਗਵਾਵਨੇ ਹਾਂ।
ਸਰਸਾਮ ਸੌਦਾਇ ਜੁਕਾਮ ਨਜ਼ਲਾ, ਇਹ ਸ਼ਰਬਤਾਂ ਨਾਲ ਪਟਾਵਨੇ ਹਾਂ।
ਸੰਨ ਨਫ਼ਖ਼ ਇਸਤਸਕਾ ਹੋਵੇ, ਲਹਿਮ ਤਬਲ ਤੇ ਵਾਉ ਵੰਜਾਵਨੇ ਹਾਂ।
ਲੂਤ ਫੋੜਿਆਂ ਅਤੇ ਗੰਭੀਰ ਚੰਬਲ, ਤੇਲ ਲਾਇਕੇ ਜੜ੍ਹਾਂ ਪਟਾਵਨੇ ਹਾਂ।
ਹੋਵੇ ਪੁੜਪੁੜੀ ਪੀੜ ਕਿ ਅੱਧ ਸੀਸੀ, ਖੱਟਾ ਦਹੀਂ ਉੱਤੇ ਉਹਦੇ ਪਾਵਨੇ ਹਾਂ।
ਅਧਰੰਗ ਮੁਖ- ਭੈਗੀਆ ਹੋਵੇ ਜਿਸ ਨੂੰ, ਸ਼ੀਸ਼ਾ ਹਲਬ ਦਾ ਕਢ ਵਿਖਾਵਨੇ ਹਾਂ।
ਮਿਰਗੀ ਹੋਵਸ ਤਾਂ ਲਾਹ ਕੇ ਪੈਰ ਛਿੱਤਰ, ਉਹ ਨੱਕ ਤੇ ਚਾਇ ਸੁੰਘਾਵਨੇ ਹਾਂ ।
ਝੋਲਾ ਮਾਰ ਜਾਏ ਟੰਗ ਸੁੰਨ ਹੋਵੇ, ਤਦੋਂ ਪੈਨ ਦਾ ਤੇਲ ਮਲਾਵਨੇ ਹਾਂ।
ਰੰਨ ਮਰਦ ਨੂੰ ਕਾਮ ਜੇ ਕਰੇ ਗਲਬਾ, ਧਨੀਆਂ ਭਿਉਂ ਕੇ ਚਾ ਪਿਲਾਵਨੇ ਹਾਂ।
ਨਾਮਰਦ ਨੂੰ ਚੀਚ ਵਹੁਟੀਆਂ ਦਾ, ਤੇਲ ਕੱਢ ਕੇ ਨਿੱਤ ਮਲਾਵਨੇ ਹਾਂ।
ਜੇ ਕਿਸੇ ਨੂੰ ਬਾਦ ਫਰੰਗ ਹੋਵੇ, ਰਸਕਪੂਰ ਤੇ ਲੌਂਗ ਦਿਵਾਵਨੇ ਹਾਂ।
ਪਰਮੇਉ ਸੁਜ਼ਾਕ ਤੇ ਛਾਹ ਮੂਤੀ, ਉਹਨੂੰ ਇੰਦਰੀ ਝਾੜ ਦਿਵਾਵਨੇ ਹਾਂ।
ਅਤੀਸਾਰ ਨਬਾਹੀਆਂ ਸੂਲ ਜਿਹੜੇ, ਈਸਬਗੋਲ ਹੀ ਘੋਲ ਪਿਵਾਵਨੇ ਹਾਂ।
ਵਾਰਿਸ ਸ਼ਾਹ ਜਿਹੜੀ ਉਠ ਬਹੇ ਨਾਹੀਂ, ਉਹਨੂੰ ਹੱਥ ਈ ਮੂਲ ਨਾ ਲਾਵਨੇ ਹਾਂ।
(ਖੁਰਕ =ਖਾਜ, ਅੱਖ ਆਈ =ਅੱਖ ਦੁਖਣਾ, ਕੌਲੰਜ =ਪੇਟ ਦਾ ਸਖ਼ਤ ਦਰਦ, ਤਪ ਮੁਹਰਕਾ = ਟਾਈਫਾਇਡ, ਨਰਖ਼ ਅਫਾਰਾ, ਇਸਤਸਕਾ, ਲਹਿਮ ਤਬਲ = ਪੇਟ ਦਾ ਰੋਗ, ਇਹ ਦੇ ਭਾਂਤ ਦਾ ਹੁੰਦੇ ।. ਲਹਿਮ ਦੇ ਰੋਗ ਵਿੱਚ ਪੇਟ ਵਧ ਜਾਂਦਾ ਹੈ । 2. ਤਬਲ ਦੇ ਰੋਗ ਵਿੱਚ ਪੇਟ ਤਬਲੇ ਵਾਂਗੂੰ ਕਸ ਹੋ ਜਾਂਦਾ ਹੈ, ਲੂਤ, ਫੋੜੇ, ਗੰਭੀਰ, ਚੰਬਲ = ਚਮੜੀ ਦੇ ਰੋਗ, ਪੁੜਪੁੜੀ ਪੀੜ = ਪੁੜਪੁੜੀ ਦਾ ਦਰਦ, ਅਧ ਸੀਸੀ = ਅੱਧਾ ਸਿਰ ਦੁਖਣਾ, ਭੈਗੀਆ = ਮੂੰਹ ਵਿੰਗਾ ਹੋ ਜਾਣਾ,ਲਕਵਾ, ਸ਼ੀਸ਼ਾ ਹਲਬ = ਸ਼ਾਮ ਦੇਸ ਦੇ ਹਲਥ ਸ਼ਹਿਰ ਦਾ ਸ਼ੀਸ਼ਾ, ਜਿਹੜਾ ਜਾਦੂ ਲਈ ਮਸ਼ਹੂਰ ਹੈ, ਪੈਨ = ਇੱਕ ਪੰਛੀ ਜਿਹਦਾ ਤੇਲ ਮਾਲਿਸ਼ ਲਈ ਵਰਤਿਆ ਜਾਂਦਾ ਹੈ, ਚੀਚ ਵਹੁਟੀ = ਚੀਜ ਵਹੁਟੀ,ਵੀਰ ਵਹੁਟੀ, ਬਾਦ ਫਰਮਗ=ਆਤਸ਼ਕ, ਪਰਮੇਉ=ਪੇਸ਼ਾਬ ਜਲ ਕੇ ਆਉਣਾ, ਇੰਦਰੀ ਝਾਤ=ਮਸਾਨੇ ਦੀ ਸਫ਼ਾਈ ਲਈ ਪੇਸ਼ਾਬ ਲਿਆਉਣ ਵਾਲੀ ਦਵਾਈ, ਅਤੀਸਾਰ=ਬਾਰ ਬਾਰ ਟੱਟੀ ਜਾਣਾ, ਨਬਾਹੀਆਂ=ਦਰਦ ਨਾਲ ਟੱਟੀਆਂ ਲਗਣਾ।