ਲਖ ਵੈਦਗੀ ਵੈਦ ਲਗਾ ਥੱਕੇ, ਧੁਰੋਂ ਟੁਟੜੀ ਕਿਸੇ ਨਾ ਜੋੜਨੀ ਵੇ।
ਜਿੱਥੇ ਕਲਮ ਤਕਦੀਰ ਦੀ ਵਗ ਚੁੱਕੀ, ਕਿਸੇ ਵੈਦਗੀ ਨਾਲ ਨਾ ਮੋੜਨੀ ਵੇ।
ਜਿਸ ਕੰਮ ਵਿੱਚ ਵਹੁਟਤੀ ਹੋਵੇ ਚੰਗੀ, ਸੋਈ ਖੈਰ ਹੈ ਅਸਾਂ ਨਾ ਲੋੜਨੀ ਵੇ।
ਵਾਰਿਸ ਸ਼ਾਹ ਆਜ਼ਾਰ ਹੋਰ ਸਭ ਮੁੜਦੇ, ਇਹ ਕਤੱਈ ਨਾ ਕਿਸੇ ਨੇ ਮੋੜਨੀ ਵੇ।
ਤੈਨੂੰ ਆਖਦਾ ਹਾਂ ਹੌਲੀ ਗੱਲ ਕਰੀਏ, ਗੱਲ ਫ਼ਕਰ ਦੀ ਨੂੰ ਨਾਹੀਂ ਹੱਸੀਏ ਨੀ।
ਜੇ ਕੁੱਝ ਕਹਿਣ ਫਕੀਰ ਸੋ ਰੱਬ ਆਖੇ, ਆਖੇ ਫ਼ਕਰ ਦੇ ਥੋਂ ਨਾਹੀਂ ਨੱਸੀਏ ਨੀ।
ਹੋਵੇ ਖੈਰ ਤੇ ਦੇਹੀ ਦਾ ਰੋਗ ਜਾਏ, ਨਿਤ ਪਹਿਨੀਏ ਖਾਈਏ ਵੱਸੀਏ ਨੀ।
ਭਲਾ ਬੁਰਾ ਜੋ ਵੇਖੀਏ ਮਸ਼ਟ ਕਰੀਏ, ਭੇਤ ਫਕਰ ਦਾ ਮੂਲ ਨਾ ਦੱਸੀਏ ਨੀ ।
ਹੱਥ ਬੰਨ ਫ਼ਕੀਰ ਤੇ ਸਿਦਕ ਕੀਜੇ, ਨਹੀਂ ਸੇਲ੍ਹੀਆਂ ਟੋਪੀਆਂ ਖੱਸੀਏ ਨੀ ।
ਦੁਖ ਦਰਦ ਤੇਰੇ ਸਭ ਜਾਣ ਕੁੜੀਏ, ਭੇਤ ਜੀਊ ਦਾ ਖੋਲ੍ਹ ਕੇ ਦੱਸੀਏ ਨੀ ।
ਮੁਖ ਖੋਲ੍ਹ ਵਿਖਾਇ ਜੇ ਹੋਵੇ ਚੰਗੀ, ਅਨੀ ਭੋਲ- ਇਆਣੀਏ ਸੱਸੀਏ ਨੀ ।
ਰੱਬ ਆਣ ਸਬੱਬ ਜਾਂ ਮੇਲਦਾ ਈ, ਖੈਰ ਹੋਇ ਜਾਂਦੀ ਨਾਲ ਲੱਸੀਏ ਨੀ।
ਸੁਲ੍ਹਾ ਕੀਤਿਆਂ ਫ਼ਤਿਹ ਜੇ ਹੱਥ ਆਵੇ, ਕਮਰ ਜੰਗ ਤੇ ਮੂਲ ਨਾ ਕੱਸੀਏ ਨੀ ।
ਤੇਰੇ ਦਰਦ ਦਾ ਸਭ ਇਲਾਜ ਮੈਂਥੇ, ਵਾਰਿਸ ਸ਼ਾਹ ਨੂੰ ਵੇਦਨਾ ਦੱਸੀਏ ਨੀ ।
(ਮਸ਼ਟ ਕਰੀਏ=ਚੁਪ ਕਰੀਏ, ਖੱਸੀਏ=ਖੋਹੀਏ)
ਸਹਿਤੀ ਗੱਜ ਕੇ ਆਖਦੀ ਛੱਡ ਜੱਟਾ, ਖੇਹ ਸਭ ਨਵਾਲੀਆਂ ਸੁੱਟੀਆਂ ਨੀ ।
ਹੋਰ ਸਭ ਜਾਤਾਂ ਠੱਗ ਖਾਂਦੀਆਂ ਨੀ, ਪਰ ਏਸ ਵਿਹੜੇ ਵਿੱਚ ਜੱਟੀਆਂ ਨੀ ।
ਅਸਾਂ ਏਤਨੀ ਗੱਲ ਮਾਲੂਮ ਕੀਤੀ, ਇਹ ਜੱਟੀਆਂ ਮੁਲਕ ਦੀਆਂ ਫੱਟੀਆਂ ਨੀ।
ਡੂਮਾਂ ਰਾਵਲਾਂ ਕਾਉਂ ਤੇ ਜੱਟੀਆਂ ਦੀਆਂ, ਜੀਭਾਂ ਧੁਰੋ ਸ਼ੈਤਾਨ ਦੀਆਂ ਚਿੱਟੀਆਂ ਨੀ ।
ਪਰ ਅਸਾਂ ਭੀ ਜਿਨ੍ਹਾਂ ਨੂੰ ਹੱਥ ਲਾਇਆ, ਉਹ ਬੂਟੀਆਂ ਜੜਾਂ ਥੀਂ ਪੱਟੀਆਂ ਨੀ ।
ਪੋਲੇ ਢਿਡ ਤੇ ਅਕਲ ਦੀ ਮਾਰ ਵਾਰਿਸ, ਛਾਹਾਂ ਪੀਣ ਤਰਬੇਹੀਆਂ ਖੱਟੀਆਂ ਨੀ।
(ਪੇਲੇ ਢਿਡ=ਹਾਮਲਾ, ਤਰਬੇਹੀ=ਤਿਬੇਹੀ, ਤਿੰਨਾਂ ਡੰਗਾਂ ਦੀ ਬੇਹੀ, ਛਾਹ=ਲੱਸੀ)
ਹੌਲੀ ਸਹਿਜ ਸੁਭਾਉ ਦੀ ਗੱਲ ਕੀਚੈ, ਨਾਹੀਂ ਕੜਕੀਏ ਬੋਲੀਏ ਗੱਜੀਏ ਨੀ ।
ਲਖ ਝੁਟ ਤਰਲੇ ਫਿਰੇ ਕੋਈ ਕਰਦਾ, ਦਿੱਤੇ ਰੱਬ ਦੇ ਬਾਝ ਨਾ ਰੱਜੀਏ ਨੀ ।
ਧਿਆਨ ਰੱਬ ਤੇ ਰੱਖ ਨਾ ਹੋ ਤੱਤੀ, ਲਖ ਔਗੁਣਾਂ ਹੋਣ ਤਾਂ ਕੱਜੀਏ ਨੀ।
ਅਸੀਂ ਨਜ਼ਰ ਕਰੀਏ ਤੁਰਤ ਹੋਣ ਚੰਗੇ, ਜਿਨ੍ਹਾਂ ਰੋਗੀਆਂ ਤੇ ਜਾ ਵੱਜੀਏ ਨੀ।
ਚੌਦਾਂ ਤਬਕ ਨੌਂ ਖੰਡ ਦੀ ਖ਼ਬਰ ਸਾਨੂੰ, ਮੂੰਹ ਫ਼ਕਰ ਥੋਂ ਕਾਸ ਨੂੰ ਕੱਜੀਏ ਨੀ ।
ਜੈਦੇ ਹੁਕਮ ਵਿੱਚ ਜਾਨ ਤੇ ਮਾਲ ਆਲਮ, ਓਸ ਰੱਬ ਥੋਂ ਕਾਸ ਨੂੰ ਭੱਜੀਏ ਨੀ।
ਸਾਰੀ ਉਮਰ ਈ ਪਲੰਘ ਤੇ ਪਈ ਰਹਿਸੇਂ, ਏਸ ਅਕਲ ਦੇ ਨਾਲ ਕੁਚੱਜੀਏ ਨੀ।
ਸ਼ਰਮ ਜੇਠ ਤੇ ਸੌਹਰਿਉਂ ਕਰਨ ਆਈ, ਮੂੰਹ ਫ਼ਕਰ ਥੋਂ ਕਾਸਨੂੰ ਲੱਜੀਏ ਨੀ ।
ਵਾਰਿਸ ਸ਼ਾਹ ਤਾਂ ਇਸ਼ਕ ਦੀ ਨਬਜ਼ ਦਿਸੇ, ਜਦੋਂ ਆਪਣੀ ਜਾਨ ਨੂੰ ਤੱਜੀਏ ਨੀ ।
(ਚੌਦਾਂ ਤਬਕ=ਸੱਤ ਅਸਮਾਨ ਅਤੇ ਸੱਤ ਪਤਾਲ, ਨੌਂ ਖੰਡ=ਸਾਰੀ ਧਰਤੀ, ਆਲਮ=ਜਹਾਨ)
ਕੇਹੀ ਵੈਦਗੀ ਆਣ ਮਚਾਈਆ ਹੀ, ਕਿਸ ਵੈਦ ਨੇ ਦੱਸ ਪੜ੍ਹਾਇਆ ਹੈ।
ਵਾਂਗ ਚੌਧਰੀ ਆਣ ਕੇ ਪੈਂਚ ਬਨਿਉਂ, ਕਿਸ ਚਿੱਠੀਆਂ ਘਲ ਸਦਾਇਆ ਹੈ।
ਸੇਲ੍ਹੀ ਟੋਪੀਆਂ ਪਹਿਨ ਲੰਗੂਰ ਵਾਂਗੂੰ, ਤੂੰ ਤੇ ਸ਼ਾਹ ਭੋਲੂ ਬਣ ਆਇਆ ਹੈ।
ਵੱਡੇ ਦਗੇ ਤੇ ਫੰਧ ਫਰੇਬ ਪੜਿਉਂ, ਐਵੇਂ ਕੰਨ ਪੜਾ ਗਵਾਇਆ ਹੈ।
ਨਾ ਤੂੰ ਜਟ ਰਹਿਉਂ ਨਾ ਤੂੰ ਫ਼ਕੀਰ ਹੋਇਉਂ, ਐਵੇਂ ਮੁੰਨ ਕੇ ਘੋਨ ਕਰਾਇਆ ਹੈ।
ਨਾ ਜੰਮਿਉਂ ਨਾ ਕਿਸੇ ਮਤ ਦਿੱਤੀ, ਮੁੜ ਪੁੱਟ ਕੇ ਕਿਸੇ ਨਾ ਲਾਇਆ ਹੈ।
ਬੁਰੇ ਦਿਹਾਂ ਦੀਆਂ ਫੋਟੋਆਂ ਏਹ ਹੈ ਨੀ, ਅੱਜ ਰਬ ਨੇ ਠੀਕ ਕੁਟਾਇਆ ਹੈ।
ਵਾਰਿਸ ਸ਼ਾਹ ਕਰ ਬੰਦਗੀ ਰੱਬ ਦੀ ਤੂੰ, ਜਿਸ ਵਾਸਤੇ ਰੱਬ ਬਣਾਇਆ ਹੈ।
(ਸ਼ਾਹ ਭੋਲੂ= ਬਾਂਦਰ)
ਤੇਰੀ ਤਬ੍ਹਾ ਚਾਲਾਕ ਛਲ ਛਿੱਦਰੇ ਨੀ, ਚੋਰ ਵਾਂਗ ਕੀ ਸੇਲ੍ਹੀਆਂ ਸਿੱਲੀਆਂ ਨੀ ।
ਪੈਰੀਂ ਬੱਲੀਆਂ ਹੋਣ ਫਿਰੰਦਿਆਂ ਦੇ, ਤੇਰੀ ਜੀਭ ਹਰਿਆਰੀਏ ਬੱਲੀਆਂ ਨੀ।
ਕੇਹਾ ਰੋਗ ਹੈ ਦੱਸ ਇਸ ਵਹੁਟੜੀ ਨੂੰ, ਇੱਕੇ ਮਾਰਦੀ ਫਿਰੇ ਟਰਪੱਲੀਆਂ ਨੀ।
ਕਿਸੇ ਏਸ ਨੂੰ ਚਾ ਮਸਾਨ ਘੱਤੇ, ਪੜ੍ਹ ਠੋਕੀਆਂ ਸਾਰ ਦੀਆਂ ਕਿੱਲੀਆਂ ਨੀ ।
ਸਹੰਸ ਵੇਦ ਤੇ ਧੂਪ ਹੋਰ ਫੁਲ ਹਰਮਲ, ਹਰੇ ਸ਼ਰੀਂਹ ਦੀਆਂ ਛਮਕਾਂ ਗਿੱਲੀਆਂ ਨੀ ।
ਝਬ ਕਰਾਂ ਮੈਂ ਜਤਨ ਝੜ ਜਾਨ ਕਾਮਣ, ਅਨੀ ਕਮਲੀਉ ਹੋਇਉ ਨਾ ਢਿੱਲੀਆਂ ਨੀ ।
ਹਥ ਫੇਰ ਕੇ ਧੂਪ ਦੇਇ ਕਰਾਂ ਝਾੜਾ, ਫਿਰੇ ਮਾਰਦੀ ਨੈਣ ਤੇ ਖਿੱਲੀਆਂ ਨੀ ।
ਰੱਬ ਵੈਦ ਪੱਕਾ ਘਰ ਘੱਲਿਆ ਜੇ, ਫਿਰੇ ਢੂੰਡਦੀਆਂ ਪੂਰਬਾਂ ਦਿੱਲੀਆਂ ਨੀ ।
ਵਾਰਿਸ ਸ਼ਾਹ ਪ੍ਰੇਮ ਦੀ ਜੜੀ ਘੱਤੀ, ਨੈਣਾਂ ਹੀਰ ਦੀਆਂ ਕੱਚੀਆਂ ਪਿੱਲੀਆਂ ਨੀ ।
(ਸਿੱਲੀਆਂ = ਚੋਰਾਂ ਵਾਂਗੂੰ ਤਾੜਣਾ, ਟਰਪੱਲੀਆਂ=ਪਖੰਡੀ ਗੱਲਾਂ, ਸਹੰਸ=ਹਜ਼ਾਰ, ਖਿੱਲੀਆਂ ਮਾਰਨਾ = ਹੱਸਣਾ ਟੱਪਣਾ, ਪੂਰਬਾਂ ਦਿੱਲੀਆਂ = ਦਿੱਲੀ ਦੱਖਣ, ਦੂਰ ਦੂਰ)