Back ArrowLogo
Info
Profile

  1. ਸਹਿਤੀ

ਮੇਰੇ ਨਾਲ ਕੀ ਪਿਆ ਹੈ ਵੈਰ ਚਾਕਾ, ਮੱਥਾ ਸੌਕਣਾਂ ਵਾਂਗ ਕੀ ਡਾਹਿਆ ਈ ।

ਐਵੇਂ ਘੂਰਕੇ ਮੁਲਕ ਨੂੰ ਫਿਰੇ ਖਾਂਦਾ, ਕਦੀ ਜੋਤਰਾ ਮੂਲ ਨਾ ਵਾਹਿਆ ਈ।

ਕਿਸੇ ਜੋਗੀੜੇ ਠਗ ਫ਼ਕੀਰ ਕੀਤੋਂ, ਅਨਜਾਣ ਕਕੋਹੜਾ ਫਾਹਿਆ ਈ।

ਮਾਉਂ ਬਾਪ ਗੁਰ ਪੀਰ ਘਰ ਬਾਰ ਤਜਿਊ, ਕਿਸੇ ਨਾਲ ਨਾ ਕੌਲ ਨਿਬਾਹਿਆ ਈ।

 ਬੁੱਢੀ ਮਾਂ ਨੂੰ ਰੋਦੜੀ ਛੱਡ ਆਇਉਂ, ਉਸ ਦਾ ਅਰਸ਼ ਦਾ ਕਿੰਗਰਾ ਢਾਹਿਆ ਈ।

ਪੇਟ ਰੱਖ ਕੇ ਆਪਣਾ ਪਾਲਿਉ ਈ, ਕਿਤੇ ਰੰਨ ਨੂੰ ਚਾਇ ਤਰਾਹਿਆ ਈ ।

ਡੱਬੀਪੁਰੇ ਦਿਆ ਝੱਲ ਵਲੱਲਿਆ ਵੇ, ਅਸਾਂ ਨਾਲ ਕੀ ਖਚਰ ਪੌ ਚਾਹਿਆ ਈ ।

ਸਵਾਹ ਲਾਈਆ ਪਾਣ ਨਾ ਲਥੀਆਈ, ਐਵੇਂ ਕਪੜਾ ਚੀਥੜਾ ਲਾਹਿਆ ਈ।

ਵਾਰਿਸ ਆਖਨੀ ਹਾਂ ਟਲ ਜਾਹ ਸਾਥੋਂ, ਗਾਂਡੂ ਸਾਥ ਲੱਧੋ ਹੁੰਡ ਵਧਾਇਆ ਈ।

 

(ਕਕੋਹੜਾ=ਤਿੱਖੀ ਆਵਾਜ਼ ਵਾਲਾ ਪਾਣੀ ਦਾ ਪੰਛੀ, ਤਜਿਆ=ਛਡਿਆ, ਆਪਣਾ ਪੇਟ ਪਾਲਣਾ=ਖੁਦਗਰਜ, ਪਾਣ ਲੱਥਣੀ=ਸੁਭਾ ਬਦਲਣਾ)

 

  1. ਰਾਂਝਾ

ਮਾਨ ਮੱਤੀਏ ਰੂਪ ਗੁਮਾਨ ਭਰੀਏ, ਭੈੜ ਕਾਰੀਏ ਗਰਬ ਗਹੇਲੀਏ ਨੀ।

ਐਡੇ ਫਨ ਫਰੇਬ ਕਿਉਂ ਖੇਡਨੀ ਹੈ, ਕਿਸੇ ਵੱਡੇ ਉਸਤਾਦ ਦੀਏ ਚੇਲੀਏ ਨੀ।

ਏਸ ਹੁਸਨ ਦਾ ਨਾ ਗੁਮਾਨ ਕੀਚੈ, ਮਾਨ ਮੱਤੀਏ ਰੂਪ ਰੁਹੇਲੀਏ ਨੀ।

ਤੇਰੀ ਭਾਬੀ ਦੀ ਨਹੀਂ ਪਰਵਾਹ ਸਾਨੂੰ, ਵੱਡੀ ਹੀਰ ਦੀ ਅੰਗ ਸਹੇਲੀਏ ਨੀ।

 ਮਿਲੇ ਸਿਰਾਂ ਨੂੰ ਨਾ ਵਿਛੋੜ ਦੀਚੈ, ਹੱਥੋਂ ਵਿਛੜਿਆਂ ਸਿਰਾਂ ਨੂੰ ਮੇਲੀਏ ਨੀ।

 ਕੇਹਾ ਵੈਰ ਫ਼ਕੀਰ ਦੇ ਨਾਲ ਚਾਇਉ, ਪਿੱਛਾ ਛੱਡ ਅਨੋਖੀਏ ਲੇਲੀਏ ਨੀ।

ਇਹ ਜੱਟੀ ਸੀ ਕੂੰਜ ਤੇ ਜਟ ਉੱਲੂ, ਪਰ ਬੱਧਿਆ ਜੇ ਗੁਲ ਖੇਲੀਏ ਨੀ ।

ਵਾਰਿਸ ਜਿਨਸ ਦੇ ਨਾਲ ਹਮਜਿਨਸ ਬਣਦੀ, ਭੌਰ ਤਾਜ਼ਣਾਂ ਗਧੇ ਨਾਲ ਮੇਲੀਏ ਨੀ।

 

(ਗਰਬ ਗਹੇਲੀ = ਹੰਕਾਰੀ ਹੋਈ, ਰੋਹੇਲੀ=ਗੁਲਾਮ ਕਾਦਰ ਰੋਹੇਲਾ ਦਾ ਸਿਪਾਹੀ, ਖੇਲਾ =ਜਵਾਨ ਝੋਟਾ, ਹਮ ਜਿਣਸ = ਇੱਕੋ ਜਿਣਸ ਦੇ, ਜਿਵੇਂ ਬਾਜ਼ ਤੇ ਕਬੂਤਰ ਵੱਖਰੀਆਂ ਜਿਣਸਾਂ ਹਨ, ਭੌਰ ਤਾਜਣ = ਮੁਸ਼ਕੀ ਰੰਗ ਦੀ ਅਰਬੀ ਘੋੜੀ, ਮੇਲਣਾ = ਬੱਚੇ ਲੈਣ ਲਈ ਨਵੀਂ ਕਰਾਉਣਾ)

 

  1. ਹੀਰ ਨੂੰ ਜੋਗੀ ਦੀ ਸੱਚਾਈ ਦਾ ਪਤਾ ਲੱਗਣਾ

ਹੀਰ ਕੰਨ ਧਰਿਆ ਇਹ ਕੋਣ ਆਇਆ, ਕੋਈ ਇਹ ਤਾਂ ਹੈ ਦਰਦ ਖਾਹ ਮੇਰਾ।

ਮੈਨੂੰ ਭੌਰ ਤਾਜਣ ਜਿਹੜਾ ਆਖਦਾ ਹੈ, ਅਤੇ ਗਧਾ ਬਣਾਇਆ ਸੂ ਚਾ ਖੇੜਾ ।

ਮਤਾਂ ਚਾਕ ਮੇਰਾ ਕਿਵੇਂ ਆਣ ਭਾਸੇ, ਏਸੇ ਨਾਲ ਮੈਂ ਉਠ ਕੇ ਕਰਾਂ ਝੇੜਾ ।

ਵਾਰਿਸ ਸ਼ਾਹ ਮਤ ਕੰਨ ਪੜਾਇ ਰਾਂਝਾ, ਘਤ ਮੁੰਦਰਾਂ ਮੰਨਿਆਂ ਹੁਕਮ ਮੇਰਾ।

 

(ਕੰਨ ਧਰਿਆ= ਖ਼ਿਆਲ ਨਾਲ ਸੁਣਿਆ, ਦਰਦ ਖਾਹ =ਹਮਦਰਦ)

  1. ਹੀਰ

ਬੋਲੀ ਹੀਰ ਵੇ ਅੜਿਆ ਜਾਹ ਸਾਥੋਂ, ਕੋਈ ਖੁਸ਼ੀ ਨਾ ਹੋਵੇ ਤੇ ਹੱਸੀਏ ਕਿਉਂ।

ਪਰਦੇਸੀਆਂ ਜੋਗੀਆਂ ਕਮਲਿਆਂ ਨੂੰ, ਵਿੱਚੋਂ ਜੀਊ ਦਾ ਭੇਤ ਚਾਇ ਦੱਸੀਏ ਕਿਉਂ।

ਜੇ ਤੂੰ ਅੰਤ ਰੰਨਾ ਵਲ ਵੇਖਣਾ ਸੀ, ਵਾਹੀ ਜੋਤਰੇ ਛੱਡ ਕੇ ਨੱਸੀਏ ਕਿਉਂ।

ਜੇ ਤਾਂ ਆਪ ਇਲਾਜ ਨਾ ਜਾਈਏ ਵੇ, ਜਿੰਨ ਭੂਤ ਤੇ ਜਾਦੂੜੇ ਦੱਸੀਏ ਕਿਉਂ।

ਫ਼ਕੀਰ ਭਾਰੜੇ ਗੋਰੜੇ ਹੋਇ ਰਹੀਏ, ਕੁੜੀ ਚਿੜੀ ਦੇ ਨਾਲ ਖਰਖੱਸੀਏ ਕਿਉਂ।

ਜਿਹੜਾ ਕੰਨ ਲਪੇਟ ਕੇ ਨੱਸ ਜਾਏ, ਮਗਰ ਲੱਗ ਕੇ ਓਸ ਨੂੰ ਧੱਸੀਏ ਕਿਉਂ।

ਵਾਰਿਸ ਸ਼ਾਹ ਉਜਾੜ ਦੇ ਵਸਦਿਆਂ ਨੂੰ, ਆਪ ਖੈਰ ਦੇ ਨਾਲ ਫੇਰ ਵੱਸੀਏ ਕਿਉਂ।

 

(ਧੱਸੀਏ=ਵੜੀਏ, ਜਾਦੂੜੇ=ਜਾਦੂ, ਭਾਰਤੇ ਗੋਰੜੇ=ਚੁਪ ਚਾਪ ਸੰਜੀਦਾ, ਖਰਖੱਸ=ਖਰਮਸਤੀ)

 

  1. ਰਾਂਝਾ

ਘਰੋਂ ਸੱਖਣਾ ਫ਼ਕਰ ਨਾ ਡੂਮ ਜਾਇ, ਅਨੀ ਖੇੜਿਆਂ ਦੀਏ ਗ਼ਮਗੋਰੀਏ ਨੀ ।

ਕੋਈ ਵੱਡੀ ਤਕਸੀਰ ਹੈ ਅਸਾਂ ਕੀਤੀ, ਸਦਕਾ ਹੁਸਨ ਦਾ ਬਖਸ਼ ਲੈ ਗੋਰੀਏ ਨੀ ।

ਘਰੋਂ ਸਰੇ ਸੋ ਫ਼ਕਰ ਨੂੰ ਖੈਰ ਦੀਜੇ, ਨਹੀਂ ਤੁਰਤ ਜਵਾਬ ਦੇ ਟੋਰੀਏ ਨੀ।

ਵਾਰਿਸ ਸ਼ਾਹ ਕੁੱਝ ਰੱਬ ਦੇ ਨਾਮ ਦੀਚੈ, ਨਹੀਂ ਆਜਜਾਂ ਦੀ ਕਾਈ ਜੋਰੀਏ ਨੀ ।

 

  1. ਹੀਰ

ਹੀਰ ਆਖਦੀ ਜੋਗੀਆ ਝੂਠ ਆਖੇਂ, ਕੌਣ ਰੁੱਠੜੇ ਯਾਰ ਮਿਲਾਂਵਦਾ ਈ ।

ਏਹਾ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ, ਜਿਹੜਾ ਗਿਆਂ ਨੂੰ ਮੋੜ ਲਿਆਂਵਦਾ ਈ ।

ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ, ਜਿਹੜਾ ਜੀਊ ਦਾ ਰੋਗ ਗਵਾਂਵਦਾ ਈ ।

ਭਲਾ ਦੱਸ ਖਾਂ ਚਿਰੀ ਵਿਛੁੰਨਿਆਂ ਨੂੰ, ਕਦੇ ਰੱਬ ਸੱਚਾ ਘਰੀਂ ਲਿਆਂਵਦਾ ਈ ।

ਭਲਾ ਮੋਏ ਤੇ ਵਿਛੜੇ ਕੌਣ ਮੇਲੇ, ਐਵੇਂ ਜੀਊੜਾ ਲੋਕ ਵਲਾਂਵਦਾ ਈ।

ਇੱਕ ਬਾਜ਼ ਥੋਂ ਕਾਉਂ ਨੇ ਕੂੰਜ ਖੋਹੀ, ਵੇਖਾਂ ਚੁੱਪ ਹੈ ਕਿ ਕੁਰਲਾਂਵਦਾ ਈ ।

ਇਕ ਜੱਟ ਦੇ ਖੇਤ ਨੂੰ ਅੱਗ ਲੱਗੀ, ਵੇਖਾਂ ਆਣ ਕੇ ਕਦੋਂ ਬੁਝਾਂਵਦਾ ਈ ।

ਦਿਆਂ ਚੂਰੀਆਂ ਘਿਉ ਦੇ ਬਾਲ ਦੀਵੇ, ਵਾਰਿਸ ਸ਼ਾਹ ਜੇ ਸੁਣਾ ਮੈਂ ਆਂਵਦਾ ਈ ।

 

(ਜੀਊੜਾ ਵਲਾਉਂਦੇ=ਤਸੱਲੀ ਦਿੰਦੇ, ਘਿਉ ਦੇ ਦੀਵੇ ਬਾਲਣੇ=ਖ਼ੁਸ਼ੀਆਂ ਕਰਨੀਆਂ)

 

  1. ਰਾਂਝਾ

ਜਦੋਂ ਤੀਕ ਜਿਮੀਂ ਅਸਮਾਨ ਕਾਇਮ, ਤਦੋਂ ਤੀਕ ਇਹ ਵਾਹ ਸਭ ਵਹਿਣਗੇ ਨੀ।

ਸੱਭਾ ਕਿਬਰ ਹੰਕਾਰ ਗੁਮਾਨ ਲੱਦੇ, ਆਪੋ ਵਿੱਚ ਇਹ ਅੰਤ ਨੂੰ ਢਹਿਣਗੇ ਨੀ।

ਇਸਰਾਫ਼ੀਲ ਜਾਂ ਸੂਰ ਕਰਨਾਇ ਫੂਕੇ, ਤਦ ਜ਼ਿਮੀਂ ਅਸਮਾਨ ਸਭ ਢਹਿਣਗੇ ਨੀ ।

ਕੁਰਸੀ ਅਰਸ਼ੀ ਤੇ ਲੌਹ ਕਲਮ ਜੰਨਤ, ਰੂਹ ਦੋਜਖਾ ਸਤ ਇਹ ਰਹਿਣਗੇ ਨੀ।

 ਕੁੱਰਾ ਸੁਟ ਕੇ ਪ੍ਰਸ਼ਨ ਮੈਂ ਲਾਵਦਾ ਹਾਂ, ਦੱਸਾਂ ਉਹਨਾਂ ਜੋ ਉਠ ਕੇ ਬਹਿਣਗੇ ਨੀ ।

 ਨਾਲੇ ਪੱਤਰੀ ਫੋਲ ਕੇ ਫਾਲ ਘੱਤਾਂ, ਵਾਰਿਸ ਸ਼ਾਹ ਹੋਰੀਂ ਸੱਚ ਕਹਿਣਗੇ ਨੀ ।

 

(ਵਾਹ ਵਹਿਣਗੇ = ਦੁਨੀਆਂ ਦਾ ਕਾਰੋਬਾਰ ਚਲਦਾ ਰਹੇਗਾ, ਇਸਰਾਫ਼ੀਲ ਸੂਰ ਕਰਨਾਇ = ਕਿਆਮਤ ਵਾਲੇ ਦਿਨ ਜਦੋਂ ਇਸਰਾਫ਼ੀਲ ਬਿਗਲ ਵਜਾਵੇਗਾ, ਇਹ ਸੱਤ =1. ਕੁਰਸੀ 2. ਅਰਸ਼, 3. ਲੋਹਫੱਟੀ, 4. ਕਲਮ, 5. ਜੰਨਤ, 6 ਦੋਜਖ, 7. ਰੂਹ, ਕੁੱਰਾ ਸੁਟ=ਜੋਤਿਸ਼ ਨਾਲ ਪਤਾ ਕਰਨਾ, ਫਾਲ ਘੱਤਾਂ =ਸ਼ਗਨ ਦੱਸਾਂ)

57 / 96
Previous
Next