Back ArrowLogo
Info
Profile

  1. ਤਥਾ

ਤੁਸੀਂ ਛੱਤਿਆਂ ਨਾਲ ਉਹ ਮੱਸ ਭਿੰਨਾ, ਤਦੋਂ ਦੋਹਾਂ ਜਾ ਜੀਊ ਰਲ ਗਿਆ ਸੀ ਨੀ ।

ਉਸ ਵੰਝਲੀ ਨਾਲ ਤੂੰ ਨਾਲ ਲਟਕਾਂ, ਜੀਊ ਦੋਹਾਂ ਦਾ ਦੋਹਾਂ ਨੇ ਲਿਆ ਸੀ ਨੀ ।

ਉਹ ਇਸ਼ਕ ਦੇ ਹੱਟ ਵਿਕਾਇ ਰਹਿਆ, ਮਹੀਂ ਕਿਸੇ ਦੀਆਂ ਚਾਰਦਾ ਪਿਆ ਸੀ ਨੀ ।

ਨਾਲ ਸ਼ੌਕ ਮਹੀਂ ਉਹ ਚਾਰਦਾ ਸੀ, ਤੇਰਾ ਵਿਆਹ ਹੋਇਆ ਲੁੜ੍ਹ ਗਿਆ ਸੀ ਨੀ।

ਤੁਸੀਂ ਚੜ੍ਹੇ ਡੋਲੀ ਤਾਂ ਉਹ ਹਕ ਮਹੀਂ, ਟਮਕ ਚਾਇਕੇ ਨਾਲ ਲੈ ਗਿਆ ਸੀ ਨੀ ।

ਹੁਣ ਕੰਨ ਪੜਾ ਫ਼ਕੀਰ ਹੋਇਆ, ਨਾਲ ਜੋਗੀਆਂ ਦੇ ਰਲ ਗਿਆ ਸੀ ਨੀ।

ਅੱਜ ਪਿੰਡ ਤੁਸਾਡੜੇ ਆ ਵੜਿਆ, ਅਜੇ ਲੰਘ ਕੇ ਅਗ੍ਹਾਂ ਨਾ ਗਿਆ ਸੀ ਨੀ ।

ਹੁਣ ਸੰਗਲੀ ਸੁੱਟ ਕੇ ਸ਼ਗਨ ਬੋਲਾ, ਅੱਗੇ ਸਾਂਵਰੀ ਥੋ ਸ਼ਗਨ ਲਿਆ ਸੀ ਨੀ ।

ਵਾਰਿਸ ਸ਼ਾਹ ਮੈਂ ਪੱਤਰੀ ਭਾਲ ਡਿੱਠੀ, ਕੁੱਰਾ ਇਹ ਨਜੂਮ ਦਾ ਪਿਆ ਸੀ ਨੀ ।

 

(ਛੱਤੀ=ਕੁਆਰੀ, ਮਸ ਭਿੰਨਾਂ=ਮੁਛ ਫੁਟਦੀ, ਲਟਕ= ਸਜਣੀ ਦੀ ਨਖਰੀਲੀ ਚਾਲ, ਲੁੜ੍ਹ ਗਿਆ=ਬਰਬਾਦ ਹੋ ਗਿਆ)

 

  1. ਤਥਾ

ਛੋਟੀ ਉਮਰ ਦੀਆਂ ਯਾਰੀਆਂ ਬਹੁਤ ਮੁਸ਼ਕਲ, ਪੁੱਤਰ ਮਹਿਰਾਂ ਦੇ ਖੋਲੀਆਂ ਚਾਰਦੇ ਨੇ।

ਕੰਨ ਪਾੜ ਫਕੀਰ ਹੋ ਜਾਣ ਰਾਜੇ, ਦਰਦ ਮੰਦ ਫਿਰਨ ਵਿੱਚ ਬਾਰ ਦੇ ਨੇ।

ਰੰਨਾਂ ਵਾਸਤੇ ਕੰਨ ਪੜਾਇ ਰਾਜੇ, ਸੱਭਾ ਜਾਤ ਸਿਫ਼ਾਤ ਨਿਘਾਰਦੇ ਨੇ ।

ਭਲੇ ਦਿੰਹੁ ਤੇ ਨੇਕ ਨਸੀਬ ਹੋਵਣ, ਸੱਜਣ ਆ ਬਹਿਸਣ ਕੋਲ ਯਾਰ ਦੇ ਨੇ।

ਵਾਰਿਸ ਸ਼ਾਹ ਜਾਂ ਜ਼ੌਕ ਦੀ ਲੱਗੇ ਗੱਦੀ, ਜੌਹਰ ਨਿਕਲੇ ਅਸਲ ਤਲਵਾਰ ਦੇ ਨੇ।

 

(ਗਦੀ=ਢਾਲ ਦਾ ਵਿਚਕਾਰਲਾ ਹਿੱਸਾ ਜਿੱਥੇ ਫੜਣ ਵਾਲਾ ਹੱਥ ਪਾਉਂਦਾ ਹੈ)

 

  1. ਤਥਾ

ਜਿਸ ਜੱਟ ਦੇ ਖੇਤ ਨੂੰ ਅੱਗ ਲੱਗੀ, ਉਹ ਰਾਹਕਾਂ ਵੱਢ ਕੇ ਗਾਹ ਲਇਆ।

ਲਾਵੇਹਾਰ ਰਾਖੇ ਸਭ ਵਿਦਾ ਹੋਏ, ਨਾਉਮੀਦ ਹੋ ਕੇ ਜੱਟ ਰਾਹ ਪਇਆ।

ਜਿਹੜੇ ਬਾਜ਼ ਥੋਂ ਕਾਉਂ ਨੇ ਕੂੰਜ ਖੋਹੀ, ਸਬਰ ਸ਼ੁਕਰ ਕਰ ਬਾਜ਼ ਫਨਾ ਥਇਆ।

ਦੁਨੀਆਂ ਛੱਡ ਉਦਾਸੀਆਂ ਬੰਨ੍ਹ ਲਈਆਂ, ਸੱਯਦ ਵਾਰਿਸੋਂ ਹੁਣ ਵਾਰਿਸ ਸ਼ਾਹ ਭਇਆ।

 

(ਰਾਹਕਾਂ=ਮੁਜਾਰਾ, ਲਾਵੇਹਾਰ=ਫਸਲ ਵੱਢਣ ਵਾਲੇ ਲਾਵੇ, ਫਨਾ =ਫ਼ਨਾਹ, ਜੀਦਾ ਹੀ ਮਰ ਗਿਆ, ਉਦਾਸੀ=ਉਦਾਸੀ ਫ਼ਕੀਰ)

 

  1. ਹੀਰ ਸਮਝ ਗਈ

ਹੀਰ ਉਠ ਬੈਠੀ ਪਤੇ ਠੀਕ ਲੱਗੇ, ਅਤੇ ਠੀਕ ਨਿਸ਼ਾਨੀਆਂ ਸਾਰੀਆਂ ਨੀ ।

ਇਹ ਤਾਂ ਜੋਗੀੜਾ ਪੰਡਤ ਠੀਕ ਮਿਲਿਆ, ਬਾਤਾਂ ਆਖਦਾ ਖੂਬ ਕਰਾਰੀਆਂ ਨੀ ।

ਪਤੇ ਵੰਝਲੀ ਦੇ ਏਸ ਠੀਕ ਦਿੱਤੇ, ਅਤੇ ਮਹੀਂ ਭੀ ਸਾਡੀਆਂ ਚਾਰੀਆਂ ਨੀ ।

ਵਾਰਿਸ ਸ਼ਾਹ ਇਹ ਇਲਮ ਦਾ ਧਨੀ ਡਾਢਾ, ਖੋਲ੍ਹ ਕਹੇ ਨਿਸ਼ਾਨੀਆਂ ਸਾਰੀਆਂ ਨੀ।

 

(ਇਲਮ ਦਾ ਧਨੀ=ਬਹੁਤ ਇਲਮ ਵਾਲਾ)

 

  1. ਹੀਰ

ਭਲਾ ਦੱਸ ਖਾਂ ਜੋਗੀਆ ਚੋਰ ਸਾਡਾ, ਹੁਣ ਕਿਹੜੀ ਤਰਫ਼ ਨੂੰ ਉੱਠ ਗਿਆ ।

ਵੇਖਾਂ ਆਪ ਹੁਣ ਕਿਹੜੀ ਤਰਫ਼ ਫਿਰਦਾ, ਅਤੇ ਮੁਝ ਗ਼ਰੀਬ ਨੂੰ ਕੁੱਠ ਗਿਆ ।

ਰੁਠੇ ਆਦਮੀ ਘਰਾਂ ਵਿੱਚ ਆਣ ਮਿਲਦੇ, ਗੱਲ ਸਮਝ ਜਾਂ ਬੱਧੜੀ ਮੁੱਠ ਗਿਆ ।

ਘਰੇ ਵਿੱਚ ਪੌਂਦਾ ਗੁਣਾਂ ਸੱਜਣਾਂ ਦਾ, ਯਾਰ ਹੋਰ ਨਾਹੀਂ ਕਿਤੇ ਗੁੱਠ ਗਿਆ ।

ਘਰ ਯਾਰ ਤੇ ਢੂੰਡਦੀ ਫਿਰੇਂ ਬਾਹਰ, ਕਿਤੇ ਮਹਿਲ ਨਾਲ ਮਾੜੀਆਂ ਉੱਠ ਗਿਆ ।

ਸਾਨੂੰ ਸਬਰ ਕਰਾਰ ਤੇ ਚੈਨ ਨਾਹੀਂ, ਵਾਰਿਸ ਸ਼ਾਹ ਜਦੋਕਣਾ ਰੁੱਠ ਗਿਆ ।

 

(ਕੁੱਠ ਗਿਆ=ਮਾਰ ਗਿਆ, ਗੁੱਠੇ=ਪਾਸੇ, ਜਦੋਕਣਾ=ਜਿਸ ਵੇਲੇ ਦਾ, ਬੱਧੜੀ ਮੁੱਠ=ਚੁਪ ਕਰਕੇ, ਗੁਣਾ ਪੌਣਾ=ਵੰਡ ਕਰਨ ਵੇਲੇ ਕੁਦਰਤ ਤੇ ਛੱਡ ਦੇਣਾ)

 

  1. ਰਾਂਝਾ

ਏਸ ਘੁੰਡ ਵਿੱਚ ਬਹੁਤ ਖ਼ਵਾਰੀਆਂ ਨੇ, ਅੱਗ ਲਾਇਕੇ ਘੁੰਡ ਨੂੰ ਸਾੜੀਏ ਨੀ ।

ਘੁੰਡ ਹੁਸਨ ਦੀ ਆਬ ਛੁਪਾਇ ਲੈਂਦਾ, ਲੰਮੇ ਘੁੰਡ ਵਾਲੀ ਰੜੇ ਮਾਰੀਏ ਨੀ ।

ਘੁੰਡ ਆਸ਼ਕਾਂ ਦੇ ਬੇੜੇ ਡੋਬ ਦੇਂਦਾ, ਮੈਨਾ ਤਾੜ ਨਾ ਪਿੰਜਰੇ ਮਾਰੀਏ ਨੀ ।

ਤਦੋਂ ਇਹ ਜਹਾਨ ਸਭ ਨਜ਼ਰ ਆਵੇ, ਜਦੋਂ ਘੁੰਡ ਨੂੰ ਜ਼ਰਾ ਉਤਾਰੀਏ ਨੀ ।

ਘੁੰਡ ਅੰਨ੍ਹਿਆਂ ਕਰੇ ਸੁਜਾਖਿਆਂ ਨੂੰ, ਘੁੰਡ ਲਾਹ ਤੂੰ ਮੂੰਹ ਤੋਂ ਲਾੜੀਏ ਨੀ ।

ਵਾਰਿਸ ਸ਼ਾਹ ਨਾ ਦੱਬੀਏ ਮੋਤੀਆਂ ਨੂੰ, ਫੁੱਲ ਅੱਗ ਦੇ ਵਿੱਚ ਨਾ ਸਾੜੀਏ ਨੀ ।

 

(ਤਾੜਣਾ=ਬੰਦ ਕਰਨਾ)

 

  1. ਹੀਰ ਰਾਂਝੇ ਦੀ ਆਪੋ ਵਿੱਚ ਗੱਲ

ਅੱਖੀਂ ਸਾਮ੍ਹਣੇ ਚੋਰ ਜੇ ਆਇ ਫਾਸਣ, ਕਿਉਂ ਦੁੱਖ ਵਿੱਚ ਆਪ ਨੂੰ ਗਾਲੀਏ ਵੇ ।

ਮੀਆਂ ਜੋਗੀਆ ਝੂਠੀਆਂ ਇਹ ਗੱਲਾਂ, ਘਰ ਹੋਣ ਤਾਂ ਕਾਸ ਨੂੰ ਭਾਲੀਏ ਵੇ ।

ਅੱਗ ਬੁਝੀ ਨੂੰ ਧੀਰੀਆਂ ਲੱਖ ਦਿੱਚਣ, ਬਿਨਾ ਫੂਕ ਮਾਰੇ ਨਾ ਬਾਲੀਏ ਵੇ ।

ਹੀਰ ਵੇਖ ਕੇ ਤੁਰਤ ਪਛਾਣ ਲੀਤਾ, ਹੱਸ ਆਖਦੀ ਬਾਤ ਸੰਭਾਲੀਏ ਵੇ ।

ਸਹਿਤੀ ਪਾਸ ਨਾ ਦੇਵਣਾ ਭੇਤ ਮੂਲੇ, ਸ਼ੇਰ ਪਾਸ ਨਾ ਬੱਕਰੀ ਪਾਲੀਏ ਵੇ ।

ਵੇਖ ਮਾਲ ਚੁਰਾਇਕੇ ਪਿਆ ਮੁੱਕਰ, ਰਾਹ ਜਾਂਦੜਾ ਕੋਈ ਨਾ ਭਾਲੀਏ ਵੇ ।

ਵਾਰਿਸ ਸ਼ਾਹ ਮਲਖੱਈਆਂ ਨੂੰ ਮਾਲ ਲੱਧਾ, ਚਲੋ ਕੁੱਜੀਆਂ ਬਦਰ ਪਵਾਲੀਏ ਵੇ ।

 

(ਫਾਸਣ=ਆ ਜਾਵਣ, ਧੀਰੀਆਂ ਦੇਣਾ=ਛੇੜਨਾ, ਮਲਖੱਈਆਂ=ਮਾਲ ਦੇ ਮਾਲਕ)

 

  1. ਰਾਂਝਾ

ਕਹੀ ਦੱਸਣੀ ਅਕਲ ਸਿਆਣਿਆਂ ਨੂੰ, ਕਦੀ ਨਫ਼ਰ ਕਦੀਮ ਸੰਭਾਲੀਏ ਨੀ ।

ਦੌਲਤਮੰਦ ਨੂੰ ਜਾਣਦਾ ਸਭ ਕੋਈ, ਨੇਹੁੰ ਨਾਲ ਗ਼ਰੀਬ ਦੇ ਪਾਲੀਏ ਨੀ ।

ਗੋਦੀ ਬਾਲ ਢੰਡੋਰੜਾ ਜਗ ਸਾਰੇ, ਜੀਊ ਸਮਝ ਲੈ ਖੇੜਿਆਂ ਵਾਲੀਏ ਨੀ ।

ਸਾੜ ਘੁੰਡ ਨੂੰ ਖੋਲ ਕੇ ਵੇਖ ਨੈਣਾਂ ਨੀ ਅਨੋਖਿਆਂ ਸਾਲੂ ਵਾਲੀਏ ਨੀ ।

ਵਾਰਿਸ ਸ਼ਾਹ ਏਹ ਇਸ਼ਕ ਦਾ ਗਾਉ ਤਕੀਆ, ਅਨੀ ਹੁਸਨ ਦੀ ਗਰਮ ਨਿਹਾਲੀਏ ਨੀ ।

 

(ਸੁਜਾਖਾ=ਸੂਝ ਅੱਖਾਂ,ਅਕਲਮੰਦ, ਗੋਦੀ ਬਾਲ,  ਗਾਉ ਤਕੀਆ= ਵੱਡਾ ਸਿਰ੍ਹਾਣਾ, ਨਿਹਾਲੀ=ਰਜਾਈ)

58 / 96
Previous
Next