ਸਹਿਤੀ ਸਮਝਿਆ ਇਹ ਰਲ ਗਏ ਦੋਵੇਂ, ਲਈਆਂ ਘੁਟ ਫ਼ਕੀਰ ਬਲਾਈਆਂ ਨੀ ।
ਇਹ ਵੇਖ ਫ਼ਕੀਰ ਨਿਹਾਲ ਹੋਈ, ਜੜੀਆਂ ਏਸ ਨੇ ਘੋਲ ਪਿਵਾਈਆਂ ਨੀ ।
ਸਹਿਤੀ ਆਖਦੀ ਮਗ਼ਜ਼ ਖਪਾ ਨਾਹੀਂ, ਅਨੀ ਭਾਬੀਏ ਘੋਲ ਘੁਮਾਈਆਂ ਨੀ ।
ਏਸ ਜੋਗੀੜੇ ਨਾਲ ਤੂੰ ਖੌਝ ਨਾਹੀਂ, ਨੀ ਮੈਂ ਤੇਰੀਆਂ ਲਵਾਂ ਬਲਾਈਆਂ ਨੀ ।
ਮਤਾਂ ਘੱਤ ਜਗ-ਧੂੜ ਤੇ ਕਰੂ ਕਮਲੀ, ਗੱਲਾਂ ਏਸ ਦੇ ਨਾਲ ਕੀ ਲਾਈਆਂ ਨੀ ।
ਇਹ ਖ਼ੈਰ ਨਾ ਭਿਛਿਆ ਲਏ ਦਾਣੇ, ਕਿੱਥੋਂ ਕੱਢੀਏ ਦੁਧ ਮਲਾਈਆਂ ਨੀ ।
ਡਰਨ ਆਂਵਦਾ ਭੂਤਨੇ ਵਾਂਗ ਇਸ ਥੋਂ, ਕਿਸੇ ਥਾਂਉਂ ਦੀਆਂ ਇਹ ਬਲਾਈਆਂ ਨੀ ।
ਖ਼ੈਰ ਘਿਨ ਕੇ ਜਾ ਫ਼ਰਫ਼ੇਜੀਆ ਵੇ, ਅੱਤਾਂ ਰਾਵਲਾ ਕੇਹੀਆਂ ਚਾਈਆਂ ਨੀ ।
ਫਿਰੇਂ ਬਹੁਤ ਪਖੰਡ ਖਿਲਾਰਦਾ ਤੂੰ, ਏਥੇ ਕਈ ਵਲੱਲੀਆਂ ਪਾਈਆਂ ਨੀ ।
ਵਾਰਿਸ ਸ਼ਾਹ ਗ਼ਰੀਬ ਦੀ ਅਕਲ ਘੁੱਥੀ, ਇਹ ਪੱਟੀਆਂ ਇਸ਼ਕ ਪੜ੍ਹਾਈਆਂ ਨੀ ।
(ਜਗ-ਧੂੜ=ਕਿਸੇ ਨੂੰ ਖ਼ਾਬੂ ਕਰਨ ਦਾ ਤਵੀਤ, ਘੁਥੀ=ਜਾਂਦੀ ਰਹੀ)
ਮੈਂ ਇਕੱਲੜਾ ਗੱਲ ਨਾ ਜਾਣਨਾ ਹਾਂ, ਤੁਸੀਂ ਦੋਵੇਂ ਨਿਨਾਣ ਭਰਜਾਈਆਂ ਨੀ ।
ਮਾਲਜ਼ਾਦੀਆਂ ਵਾਂਗ ਬਣਾ ਤੇਰੀ, ਪਾਈ ਬੈਠੀ ਹੈਂ ਸੁਰਮ-ਸਲਾਈਆਂ ਨੀ ।
ਪੈਰ ਪਕੜ ਫ਼ਕੀਰ ਦੇ ਦੇ ਭਿਛਿਆ, ਅੜੀਆਂ ਕੇਹੀਆਂ ਕਵਾਰੀਏ ਲਾਈਆਂ ਨੀ ।
ਧਿਆਨ ਰੱਬ ਤੇ ਰੱਖ ਨਾ ਹੋ ਤੱਤੀ, ਗ਼ੁੱਸੇ ਹੋਣ ਨਾ ਭਲਿਆਂ ਦੀਆਂ ਜਾਈਆਂ ਨੀ ।
ਤੈਨੂੰ ਸ਼ੌਕ ਹੈ ਤਿਨ੍ਹਾਂ ਦਾ ਭਾਗਭਰੀਏ, ਜਿਨ੍ਹਾਂ ਡਾਚੀਆਂ ਬਾਰ ਚਰਾਈਆਂ ਨੀ ।
ਜਿਸ ਰੱਬ ਦੇ ਅਸੀਂ ਫ਼ਕੀਰ ਹੋਏ, ਵੇਖ ਕੁਦਰਤਾਂ ਓਸ ਵਿਖਾਈਆਂ ਨੀ ।
ਸਾਡੇ ਪੀਰ ਨੂੰ ਜਾਣਦੀ ਗਿਆ ਮੋਇਆ, ਤਾਂਹੀ ਗਾਲ੍ਹੀਆਂ ਦੇਣੀਆਂ ਲਾਈਆਂ ਨੀ ।
ਵਾਰਿਸ ਸ਼ਾਹ ਉਹ ਸਦਾ ਹੀ ਜਿਉਂਦੇ ਨੇ, ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੀ ।
(ਮਾਲਜ਼ਾਦੀ=ਕੰਜਰੀ, ਬਣਾ=ਬਣਤਰ, ਗਿਆ ਮੋਇਆ=ਗਿਆ ਗੁਜ਼ਰਿਆ, ਅੱਤਾਂ=ਅੱਤ ਦਾ ਬਹੁ=ਵਚਨ, ਤੱਤੀ=ਗਰਮ)
ਪਤੇ ਡਾਚੀਆਂ ਦੇ ਪੂਰੇ ਲਾਵਨਾ ਹੈਂ, ਦੇਂਦਾ ਮਿਹਣੇ ਸ਼ਾਮਤਾਂ ਚੌਰੀਆਂ ਵੇ ।
ਮੱਥਾ ਡਾਹਿਉ ਨਾਲ ਕਵਾਰੀਆਂ ਦੇ, ਤੇਰੀਆਂ ਲੌਂਦੀਆਂ ਜੋਗੀਆ ਮੌਰੀਆਂ ਵੇ ।
ਤੇਰੀ ਜੀਭ ਮਵੇਸੀਆ ਹੱਥ ਇੱਲਤ, ਤੇਰੇ ਚੁਤੜੀਂ ਲੜਦੀਆਂ ਭੌਰੀਆਂ ਵੇ ।
ਖ਼ੈਰ ਮਿਲੇ ਸੋ ਲਏਂ ਨਾ ਨਾਲ ਮਸਤੀ, ਮੰਗੇਂ ਦੁੱਧ ਤੇ ਪਾਨ ਗਲੌਰੀਆਂ ਵੇ ।
ਰੁਗ ਦੇਣ ਆਟਾ ਇੱਕੇ ਟੁਕ ਚੱਪਾ, ਭਰ ਦੇਣ ਨਾ ਜੱਟੀਆਂ ਕੌਰੀਆਂ ਵੇ ।
ਏਸ ਅੰਨ ਨੂੰ ਢੂੰਡਦੇ ਉਹ ਫਿਰਦੇ, ਚੜ੍ਹਨ ਹਾਥੀਆਂ ਤੇ ਹੋਵਣ ਚੋਰੀਆਂ ਵੇ ।
ਸੋਟਾ ਵੱਡਾ ਇਲਾਜ ਕੁਪੱਤਿਆਂ ਦਾ, ਤੇਰੀਆਂ ਭੈੜੀਆਂ ਦਿਸਦੀਆਂ ਤੌਰੀਆਂ ਵੇ ।
ਵੱਡੇ ਕਮਲਿਆਂ ਦੀ ਅਸਾਂ ਭੰਗ ਝਾੜੀ, ਏਥੇ ਕਈ ਫ਼ਕੀਰੀਆਂ ਸੌਰੀਆਂ ਵੇ ।
ਵਾਰਿਸ ਮਾਰ ਸਵਾਰਦੇ ਭੂਤ ਰਾਕਸ਼, ਜਿਹੜੀਆਂ ਮਹਿਰੀਆਂ ਹੋਣ ਅਪੌੜੀਆਂ ਵੇ ।
(ਜੀਭ ਮਵੇਸੀਆ = ਜੀਭ ਦੀ ਬਵਾਸੀਰ,ਬੋਲਦਾ ਬਹੁਤ ਹੈ, ਫਲੌਰੀਆਂ = ਪਕੌੜੀਆਂ, ਕੌਰੀ = ਪਾਣੀ ਵਾਲੀ ਘਰੋਟੀ, ਚੌਰੀ=ਚੌਰ ਹੋਣੀ, ਤੌਰੀਆਂ = ਤੌਰ ਤਰੀਕੇ, ਅਪੌੜ= ਉਲਟੀ ਅਕਲ ਵਾਲੀ)
ਬੁਰਾ ਖਹਿਣ ਫ਼ਕੀਰਾਂ ਦੇ ਨਾਲ ਪਈਆਂ, ਅਠਖੇਲ ਬੁਰਿਆਰ ਉਚੱਕੀਆਂ ਨੀ ।
ਰਾਤਬ ਖਾਇਕੇ ਹੰਜਰਨ ਵਿੱਚ ਤੱਲੇ, ਮਾਰਨ ਲੱਤ ਇਰਾਕੀਆਂ ਬੱਕੀਆਂ ਨੀ ।
ਇੱਕ ਭੌਂਕਦੀ ਦੂਸਰੀ ਦਏ ਟਿਚਕਰ, ਇਹ ਨਨਾਣ ਭਾਬੀ ਦੋਵੇਂ ਸਕੀਆਂ ਨੀ ।
ਏਥੇ ਬਹੁਤ ਫ਼ਕੀਰ ਜ਼ਹੀਰ ਕਰਦੇ, ਖ਼ਰ ਦੇਂਦੀਆਂ ਦੇਂਦੀਆਂ ਅੱਕੀਆਂ ਨੀ ।
ਜਿਨ੍ਹੀਂ ਡੱਬੀਆਂ ਪਾਇਕੇ ਸਿਰੀਂ ਚਾਈਆਂ, ਰੰਨਾਂ ਤਿਨ੍ਹਾਂ ਦੀਆਂ ਨਹੀਉਂ ਸਕੀਆਂ ਨੀ ।
ਨਾਲੇ ਢਿੱਡ ਖੁਰਕਣ ਨਾਲੇ ਦੁਧ ਰਿੜਕਣ, ਅਤੇ ਚਾਟੀਆਂ ਕੁੱਤਿਆਂ ਲੱਕੀਆਂ ਨੀ ।
ਝਾਟਾ ਖੁਰਕਦੀਆਂ ਗੁਨ੍ਹਦੀਆਂ ਨੱਕ ਸਿਣਕਣ, ਮਾਰਨ ਵਾਇਕੇ ਚਾੜ੍ਹ ਕੇ ਨੱਕੀਆਂ ਨੀ ।
ਲੜੋ ਨਹੀਂ ਜੇ ਚੰਗੀਆਂ ਹੋਵਣਾ ਜੇ, ਵਾਰਿਸ ਸ਼ਾਹ ਤੋਂ ਲਉ ਦੋ ਫੱਕੀਆਂ ਨੀ ।
(ਬੁਰਿਆਰ = ਬੁਰੀਆਂ, ਰਾਤਬ = ਘੋੜੇ ਦਾ ਖਾਣਾ, ਹੰਜਰਨਾ = ਚੰਗਾ ਖਾਣਾ ਪੀਣਾ ਪਰ ਮਾਲਕ ਦੇ ਖ਼ਾਬੂ ਨਾ ਆਉਣਾ,ਹਿਣਕਣਾ, ਇਰਾਕੀ ਬੱਕੀ = ਇਰਾਕ ਦੇਸ਼ ਦੀਆਂ ਘੋੜੀਆਂ, ਡੱਬੀਆਂ ਪਾ ਕੇ=ਡੱਬੀ ਵਿੱਚ ਪਾ ਕੇ, ਕਹਾਣੀ ਦੱਸੀ ਜਾਂਦੀ ਹੈ ਕਿ ਇੱਕ ਸਾਧ ਔਰਤਾਂ ਦੀ ਬੇਵਫ਼ਾਈ ਤੋਂ ਤੰਗ ਆ ਗਿਆ ਸੀ ।ਉਹਨੇ ਇੱਕ ਸੁੰਦਰ ਇਸਤਰੀ ਨਾਲ ਸ਼ਾਦੀ ਕੀਤੀ ਅਤੇ ਜਾਦੂ ਦੇ ਜ਼ੋਰ ਨਾਲ ਉਸ ਨੂੰ ਇੱਕ ਡੱਬੀ ਵਿੱਚ ਪਾ ਲਿਆ ।ਉਹ ਡੱਬੀ ਨੂੰ ਹਰ ਵੇਲੇ ਆਪਣੇ ਵਾਲਾਂ ਵਿੱਚ ਲੁਕਾਈ ਰਖਦਾ ।ਦਿਲ ਪਰਚਾਵੇ ਲਈ ਕਦੇ ਕਦੇ ਉਹਨੂੰ ਬਾਹਰ ਕੱਢਦਾ। ਉਸ ਸੁੰਦਰੀ ਨੇ ਵੀ ਆਪਣਾ ਯਾਰ ਡੱਬੀ ਵਿੱਚ ਪਾਕੇ ਸਿਰ ਵਿੱਚ ਲੁਕਾਇਆ ਸੀ ।ਇੱਕ ਦਿਨ ਉਸ ਸਾਧੂ ਨੇ ਨਦੀ ਵਿੱਚ ਨਹਾਉਣ ਵੇਲੇ ਆਪਣੀ ਘਰ ਵਾਲੀ ਨੂੰ ਨਦੀ ਦੇ ਕੰਢੇ ਆਪਣੇ ਕੱਪੜਿਆਂ ਦੀ ਰਾਖੀ ਛੱਡ ਦਿੱਤਾ। ਮੌਕਾ ਤਾੜ ਕੇ ਪਤਨੀ ਆਪਣੇ ਯਾਰ ਨੂੰ ਡੱਬੀ ਵਿੱਚੋਂ ਕੱਢ ਕੇ ਲਾਗੇ ਇੱਕ ਬਿਰਛ ਉਹਲੇ ਉਹਦੇ ਨਾਲ ਮਸਤ ਹੋ ਗਈ ।ਨਦੀ ਕੰਢੇ ਬੈਠੇ ਕਿਸੇ ਹੋਰ ਪੁਰਸ਼ ਨੇ ਸਭ ਕੁੱਝ ਦੇਖ ਲਿਆ। ਉਸ ਨੇ ਤਿਕਾਲਾਂ ਨੂੰ ਸਾਧੂ ਨੂੰ ਆਪਣੇ ਘਰ ਪ੍ਰੀਤੀ ਭੋਜਨ ਤੇ ਸੱਦਿਆ। ਖਾਣ ਵੇਲੇ ਉਹਨੇ ਸਾਧੂ ਅੱਗੇ ਤਿੰਨ ਥਾਲੀਆਂ ਪ੍ਰੋਸ ਦਿੱਤੀਆਂ ।ਜਦੋਂ ਉਹਨੇ ਪੁੱਛਿਆ ਤਾਂ ਘਰ ਵਾਲੇ ਨੇ ਕਿਹਾ ਕਿ ਇੱਕ ਥਾਲੀ ਤੁਹਾਡੀ ਪਤਨੀ ਲਈ ਹੈ । ਪਰ ਜਦੋਂ ਤੀਜੀ ਥਾਲੀ ਦੀ ਗੱਲ ਪੁੱਛੀ ਤਾਂ ਉਹਨੇ ਦੱਸਿਆ ਕਿ ਇਹ ਉਹਦੀ ਪਤਨੀ ਦੇ ਯਾਰ ਵਾਸਤੇ ਹੈ ਤਾਂ ਕਿ ਉਹ ਭੁੱਖਾ ਨਾ ਰਹੇ ਤਾਂ ਸਾਧੂ ਨੂੰ ਸਾਰਾ ਪਤਾ ਲੱਗਾ, ਕੁਤੇ ਲੱਕੀ=ਢਿਡ ਮੋਟੇ ਲੱਕ ਪਤਲੇ ਵਾਲੀ, ਵਾਇਕੇ=ਸੁੜ੍ਹਕੇ, ਫੱਕੀ = ਪੀਸੀ ਹੋਈ ਦਵਾਈ)
ਅਨੀ ਵੇਖੋ ਨੀ ਵਾਸਤਾ ਰੱਬ ਦਾ ਜੇ, ਵਾਹ ਪੈ ਗਿਆ ਨਾਲ ਕੁਪੱਤਿਆਂ ਦੇ ।
ਮਗਰ ਹਲਾਂ ਦੇ ਚੋਬਰਾਂ ਲਾਇ ਦੀਚਣ, ਇੱਕੇ ਛੇੜ ਦੀਚਣ ਮਗਰ ਕੱਟਿਆਂ ਦੇ ।
ਇੱਕੇ ਵਾਢੀਆਂ ਲਾਵੀਆਂ ਕਰਨ ਚੋਬਰ, ਇੱਕੇ ਡਾਹ ਦੀਚਣ ਹੇਠ ਝੱਟਿਆਂ ਦੇ ।
ਇਹ ਪੁਰਾਣੀਆਂ ਲਾਨ੍ਹਤਾਂ ਹੈਣ ਜੋਗੀ, ਗੱਦੋਂ ਵਾਂਗ ਲੇਟਣ ਵਿੱਚ ਘੱਟਿਆਂ ਦੇ ।
ਹੀਰ ਆਖਦੀ ਬਹੁਤ ਹੈ ਸ਼ੌਕ ਤੈਨੂੰ, ਭੇੜ ਪਾਇ ਬਹੇਂ ਨਾਲ ਡੱਟਿਆਂ ਦੇ ।
ਵਾਰਿਸ ਸ਼ਾਹ ਮੀਆਂ ਖਹਿੜੇ ਨਾ ਪਵੀਏ, ਕੰਨ ਪਾਟਿਆਂ ਰਬ ਦਿਆਂ ਪੱਟਿਆਂ ਦੇ ।
(ਡੱਟਿਆਂ = ਢੱਠਿਆਂ)