ਲੜੇ ਜੱਟ ਤੇ ਕੁੱਟੀਏ ਡੂਮ ਨਾਹੀਂ, ਸਿਰ ਜੋਗੀੜੇ ਦੇ ਗੱਲ ਆਈਆ ਈ ।
ਆ ਕੱਢੀਏ ਵੱਢੀਏ ਇਹ ਫਸਤਾ, ਜਗਧੂੜ ਕਾਈ ਏਸ ਪਾਈਆ ਈ ।
ਏਸ ਮਾਰ ਮੰਤਰ ਵੈਰ ਪਾਇ ਦਿੱਤਾ, ਚਾਣਚੱਕ ਦੀ ਪਈ ਲੜਾਈਆ ਈ ।
ਹੀਰ ਨਹੀਂ ਖ਼ਾਂਦੀ ਮਾਰ ਅਸਾਂ ਕੋਲੋਂ, ਵਾਰਿਸ ਗੱਲ ਫ਼ਕੀਰ ਤੇ ਆਈਆ ਈ ।
(ਫਸਤਾ ਵੱਢੀਏ=ਝਗੜਾ ਮੁਕਾਈਏ, ਚਾਣਚਕ=ਅਚਾਨਕ)
ਸਹਿਤੀ ਆਖਿਆ ਉਠ ਰਬੇਲ ਬਾਂਦੀ, ਖ਼ੈਰ ਪਾ ਫ਼ਕੀਰ ਨੂੰ ਕੱਢੀਏ ਨੀ ।
ਆਟਾ ਘੱਤ ਕੇ ਰੁਗ ਕਿ ਬੁਕ ਚੀਣਾਂ, ਵਿੱਚੋਂ ਅਲਖ ਫ਼ਸਾਦ ਦੀ ਵੱਢੀਏ ਨੀ ।
ਦੇ ਭਿਛਿਆ ਵਿਹੜਿਉਂ ਕਢ ਆਈਏ, ਹੋੜਾ ਵਿੱਚ ਬਰੂੰਹ ਦੇ ਗੱਡੀਏ ਨੀ ।
ਅੰਮਾਂ ਆਵੇ ਤਾਂ ਭਾਬੀ ਤੋਂ ਵੱਖ ਹੋਈਏ, ਸਾਥ ਉੱਠ ਬਲੇਦੇ ਦਾ ਛੱਡੀਏ ਨੀ ।
ਆਵੇ ਖੋਹ ਨਵਾਲੀਆਂ ਹੀਰ ਸੁੱਟੀਏ, ਓਹਦੇ ਯਾਰ ਨੂੰ ਕੁਟ ਕੇ ਛੱਡੀਏ ਨੀ ।
ਵਾਂਗ ਕਿਲਾ ਦੀਪਾਲਪੁਰ ਹੋ ਆਕੀ, ਝੰਡਾ ਵਿੱਚ ਮਵਾਸ ਦੇ ਗੱਡੀਏ ਨੀ ।
ਵਾਰਿਸ ਸ਼ਾਹ ਦੇ ਨਾਲ ਦੋ ਹੱਥ ਕਰੀਏ, ਅਵੇ ਉੱਠ ਤੂੰ ਸਾਰ ਦੀਏ ਹੱਡੀਏ ਨੀ ।
(ਰਬੇਲ ਬਾਂਦੀ=ਨੌਕਰਾਣੀ, ਹੋੜਾ ਵਿੱਚ ਬਰੂੰਹ=ਦਰਵਾਜ਼ਾ ਬੰਦ ਕਰੀਏ, ਬਲੇਦਾ=ਬਲਦ, ਆਕੀ=ਬਾਗੀ, ਮਵਾਸ=ਫ਼ਨਾਹ ਘਰ)
ਬਾਂਦੀ ਹੋ ਗ਼ੁੱਸੇ ਨੱਕ ਚਾੜ੍ਹ ਉਠੀ, ਬੁਕ ਚੀਣੇ ਦਾ ਚਾਇ ਉਲੇਰਿਆ ਸੂ ।
ਧਰੋਹੀ ਰੱਬ ਦੀ ਖ਼ੈਰ ਲੈ ਜਾ ਸਾਥੋਂ, ਹਾਲ ਹਾਲ ਕਰ ਪੱਲੂੜਾ ਫੇਰਿਆ ਸੂ ।
ਬਾਂਦੀ ਲਾਡ ਦੇ ਨਾਲ ਚਵਾਇ ਕਰਕੇ, ਧੱਕਾ ਦੇ ਨਾਥ ਨੂੰ ਗੇਰਿਆ ਸੂ ।
ਲੈ ਕੇ ਖ਼ੈਰ ਤੇ ਖੱਪਰਾ ਜਾ ਸਾਥੋਂ, ਓਸ ਸੁੱਤੜੇ ਨਾਗ ਨੂੰ ਛੇੜਿਆ ਸੂ ।
ਛਿੱਬੀ ਗੱਲ੍ਹ ਵਿੱਚ ਦੇ ਪਸ਼ਮ ਪੁੱਟੀ, ਹੱਥ ਜੋਗੀ ਦੇ ਮੂੰਹ ਤੇ ਫੇਰਿਆ ਸੂ ।
ਵਾਰਿਸ ਸ਼ਾਹ ਫਰੰਗ ਦੇ ਬਾਗ਼ ਵੜ ਕੇ, ਵੇਖ ਕਲਾ ਦੇ ਖੂਹ ਨੂੰ ਗੇੜਿਆ ਸੂ ।
(ਪੱਲੂੜਾ ਫੇਰਨਾ =ਦੂਰ ਖੜ੍ਹੇ ਨੂੰ ਮਦਦ ਦਾ ਇਸ਼ਾਰਾ ਕਰਨਾ, ਪਸ਼ਮ =ਵਾਲ, ਫਰੰਗ=ਅੰਗਰੇਜ਼)
ਰਾਂਝਾ ਵੇਖ ਕੇ ਬਹੁਤ ਹੈਰਾਨ ਹੋਇਆ, ਪਈਆਂ ਦੁੱਧ ਵਿੱਚ ਅੰਬ ਦੀਆਂ ਫਾੜੀਆਂ ਨੀ ।
ਗ਼ੁੱਸੇ ਨਾਲ ਜਿਉਂ ਹਸ਼ਰ ਨੂੰ ਜ਼ਿਮੀਂ ਤਪੇ, ਜੀਊ ਵਿੱਚ ਕਲੀਲੀਆਂ ਚਾੜ੍ਹੀਆਂ ਨੀ ।
ਚੀਣਾ ਚੋਗ ਚਮੂਣਿਆ ਆਣ ਪਾਇਉ, ਮੁੰਨ ਚੱਲੀ ਹੈਂ ਗੋਲੀਏ ਦਾੜ੍ਹੀਆਂ ਨੀ ।
ਜਿਸ ਤੇ ਨਬੀ ਦਾ ਰਵਾ ਦਰੂਦ ਨਾਹੀਂ, ਅੱਖੀਂ ਭਰਨ ਨਾ ਮੂਲ ਉਘਾੜੀਆਂ ਨੀ ।
ਜਿਸ ਦਾ ਪੱਕੇ ਪਰਾਉਂਠਾ ਨਾ ਮੰਡਾ, ਪੰਡ ਨਾ ਬੱਝੇ ਵਿੱਚ ਸਾੜ੍ਹੀਆਂ ਨੀ ।
ਡੁੱਬ ਮੋਏ ਨੇ ਕਾਸਬੀ ਵਿੱਚ ਚੀਣੇ, ਵਾਰਿਸ ਸ਼ਾਹ ਨੇ ਬੋਲੀਆਂ ਮਾਰੀਆਂ ਨੀ ।
ਨੈਣੂੰ ਯੂਸ਼ਬਾ ਬੋਲ ਅਬੋਲ ਕਹਿ ਕੇ, ਡੁੱਬੇ ਆਪਣੇ ਆਪਣੀ ਵਾਰੀਆਂ ਨੀ ।
ਅਵੋ ਭਿੱਛਿਆ ਘੱਤਿਉ ਆਣ ਚੀਣਾ, ਨਾਲ ਫ਼ਕਰ ਦੇ ਘੋਲੀਉਂ ਯਾਰੀਆਂ ਨੀ ।
ਔਹ ਲੋਹੜਾ ਵੱਡਾ ਕਹਿਰ ਕੀਤੋ, ਕੰਮ ਡੋਬ ਸੁੱਟਿਆ ਰੰਨਾਂ ਡਾਰੀਆਂ ਨੀ ।
ਵਾਰਿਸ ਖੱਪਰੀ ਚਾ ਪਲੀਤ ਕੀਤੀ, ਪਈਆਂ ਧੋਣੀਆਂ ਸੇਹਲੀਆਂ ਸਾਰੀਆਂ ਨੀ ।
(ਦੁਧ ਵਿੱਚ ਅੰਬ ਦੀਆਂ ਫਾੜੀਆਂ=ਕੰਮ ਵਿਗੜ ਜਾਣਾ, ਕਲੀਲੀਆਂ ਚਾੜ੍ਹੀਆਂ=ਗ਼ੁੱਸੇ ਵਿੱਚ ਦੰਦ ਪੀਹਣ ਲੱਗਾ,ਕਚੀਚੀਆਂ ਵੱਟੀਆਂ, ਚਮੂਣੀ=ਛੋਟੀ ਚਿੜੀ, ਦਾੜ੍ਹੀ ਮੁਨਣੀ= ਬੇਇਜ਼ਤੀ ਕਰਨੀ, ਦਰੂਦ ਰਵਾ ਨਹੀਂ= ਫ਼ਾਤਿਹ ਪੜ੍ਹਨਾ ਠੀਕ ਨਹੀਂ, ਅਖੀਂ ਨਹੀਂ ਭਰਦੀਆਂ =ਬਹੁਤ ਬਰੀਕ ਹੈ, ਕਾਸਬੀ=ਜੁਲਾਹਾ)
ਚੀਣਾਂ ਝਾਲ ਝੱਲੇ ਜਟਾ ਧਾਰੀਆਂ ਦੀ, ਮਾਈ ਬਾਪ ਹੈ ਨੰਗਿਆਂ ਭੁੱਖਿਆਂ ਦਾ ।
ਅੰਨ ਚੀਣੇ ਦਾ ਖਾਵੀਏ ਨਾਲ ਲੱਸੀ, ਸਵਾਦ ਦੁੱਧ ਦਾ ਟੁਕੜਿਆਂ ਰੁੱਖਿਆਂ ਦਾ ।
ਬਣਨ ਪਿੰਨੀਆਂ ਏਸ ਦੇ ਚਾਉਲਾਂ ਦੀਆਂ, ਖਾਵੇ ਦੇਣ ਮਜ਼ਾ ਚੋਖਾ ਚੁੱਖਿਆਂ ਦਾ ।
ਵਾਰਿਸ ਸ਼ਾਹ ਮੀਆਂ ਨਵਾਂ ਨਜ਼ਰ ਆਇਆ, ਇਹ ਚਾਲੜਾ ਲੁੱਚਿਆਂ ਭੁੱਖਿਆਂ ਦਾ ।
(ਚੋਖਾ=ਵੱਧ, ਚੁਖਿਆਂ ਦਾ=ਟੋਟੇ ਕੀਤੀਆਂ)
ਚੀਣਾ ਖ਼ੈਰ ਦੇਣਾ ਬੁਰਾ ਜੋਗੀਆਂ ਨੂੰ, ਮੱਛੀ ਭਾਬੜੇ ਨੂੰ ਮਾਸ ਬਾਹਮਣਾਂ ਨੀ ।
ਕੈਫ਼ ਭਗਤ ਕਾਜ਼ੀ ਤੇਲ ਖੰਘ ਵਾਲੇ, ਵੱਢ ਸੁੱਟਣਾ ਲੁੰਗ ਪਲਾਹਮਣਾਂ ਨੀ ।
ਜ਼ਹਿਰ ਜੀਂਵਦੇ ਨੂੰ ਅੰਨ ਸੰਨ੍ਹ ਵਾਲੇ, ਪਾਣੀ ਹਲਕਿਆਂ ਨੂੰ, ਧਰਨ ਸਾਹਮਣਾ ਨੀ ।
ਵਾਰਿਸ ਸ਼ਾਹ ਜਿਉਂ ਸੰਖੀਆ ਚੂਹਿਆਂ ਨੂੰ, ਸੰਖ ਮੁੱਲਾਂ ਨੂੰ ਬਾਂਗ ਜਿਉਂ ਬਾਹਮਣਾਂ ਨੀ ।
(ਕੈਫ਼=ਨਸ਼ਾ, ਲੁੰਗ ਪਲਾਹਮਨ=ਕੂੰਬਲਾਂ, ਸੰਨ੍ਹ=ਲਕਵਾ, ਧਰਨ=ਰੱਖਣਾ)
ਕਿਉਂ ਵਿਗੜ ਕੇ ਤਿਗੜ ਕੇ ਪਾਟ ਲੱਥੋਂ, ਅੰਨ ਆਬੇ-ਹਿਆਤ ਹੈ ਭੁੱਖਿਆਂ ਨੂੰ ।
ਬੁੱਢਾ ਹੋਵਸੇਂ ਲਿੰਗ ਜਾ ਰਹਿਣ ਟੁਰਨੋਂ, ਫਿਰੇਂ ਢੂੰਡਦਾ ਟੁੱਕਰਾਂ ਰੁੱਖਿਆਂ ਨੂੰ ।
ਕਿਤੇ ਰੰਨ ਘਰ ਬਾਰ ਨਾ ਅੱਡਿਆ ਈ, ਅਜੇ ਫਿਰੇਂ ਚਲਾਉਂਦਾ ਤੁੱਕਿਆਂ ਨੂੰ ।
ਵਾਰਿਸ ਸ਼ਾਹ ਅੱਜ ਵੇਖ ਜੋ ਚੜ੍ਹੀ ਮਸਤੀ, ਓਹਨਾਂ ਲੁੱਚਿਆਂ ਭੁੱਖਿਆਂ ਸੁੱਕਿਆਂ ਨੂੰ ।
(ਤੀਰ ਤੁੱਕੇ = ਕਿਸੇ ਪਿੰਡ ਵਿੱਚ ਇੱਕ ਭੋਲਾ ਪੁਰਸ਼ ਰਹਿੰਦਾ ਸੀ ।ਉਹਦੇ ਘਰ ਵਾਲੀ ਨੇ ਉਹਨੂੰ ਕਮਾਈ ਕਰਨ ਲਈ ਪਰਦੇਸ ਭੇਜ ਦਿੱਤਾ ਅਤੇ ਪਿੱਛੋਂ ਇਕ ਬਦਚਲਨ ਨਾਲ ਫਸ ਗਈ। ਉਹ ਪੁਰਸ਼ ਕੁੱਝ ਸਮੇ ਪਿੱਛੋਂ ਘਰ ਆਇਆ। ਉਹ ਬਹੁਤਾ ਸਮਾਂ ਘਰ ਹੀ ਰਹਿੰਦਾ ਜਿਸ ਕਰਕੇ ਘਰ ਵਾਲੀ ਬਹੁਤ ਤੰਗ ਸੀ। ਅਖ਼ੀਰ ਘਰਵਾਲੀ ਦੇ ਯਾਰ ਨੇ ਉਹਦੇ ਪਤੀ ਨਾਲ ਦੋਸਤੀ ਜ਼ਾਹਰ ਕੀਤੀ । ਪਤੀ ਨੂੰ ਤੀਰ ਅੰਦਾਜ਼ੀ ਦੀ ਕਲਾ ਸਿੱਖਣ ਲਈ ਮਨਾਇਆ ਅਤੇ ਆਪਣਾ ਸ਼ਗਿਰਦ ਥਾਪਿਆ। ਜਦੋਂ ਘਰਵਾਲੀ ਦਾ ਮਾਲਕ ਤੀਰ (ਤੁੱਕਾ) ਚਲਾਉਂਦਾ ਤਾਂ ਆਸ਼ਕ ਚਕ ਕੇ ਲਿਆਉਂਦਾ ਅਤੇ ਫਿਰ ਦੂਜੀ ਬਾਰੀ ਦਿੰਦਾ ।ਆਸ਼ਕ ਦੇ ਤੁੱਕੇ ਦਿਨੋ ਦਿਨ ਦੂਰ ਜਾਣ ਲੱਗੇ ।ਕਈ ਵਾਰੀ ਉਹ ਚੁਕ ਕੇ ਲਿਆਉਣ ਨੂੰ 30-40 ਮਿੰਟ ਲੱਗਦੇ ।ਓਨੀ ਦੇਰ ਵਿੱਚ ਉਹ ਉਹਦੀ ਘਰਵਾਲੀ ਨਾਲ ਮੌਜਾਂ ਕਰਦਾ। ਇੱਕ ਵਾਰ ਘਰ ਵਾਲਾ ਸ਼ੱਕ ਕਾਰਨ ਤੀਰ ਚੁੱਕਣ ਗਿਆ ਰਸਤੇ ਵਿੱਚੋਂ ਦੋ ਚਾਰ ਮਿੰਟ ਵਿੱਚ ਮੁੜ ਆਇਆ ਅਤੇ ਆਪਣੀ ਪਤਨੀ ਅਤੇ ਆਸ਼ਕ ਨੂੰ ਮੌਕੇ ਤੇ ਨੱਪ ਲਿਆ ।ਉਸ ਨੇ ਉਹਨੂੰ ਕੁੱਟ ਕੁੱਟ ਕੇ ਪਿੰਡੋਂ ਕੱਢ ਦਿੱਤਾ ।ਉਹ ਦੂਰ ਦੇ ਇੱਕ ਪਿੰਡ ਜਾ ਵਸਿਆ ।ਇੱਕ ਵਾਰੀ ਇਸਤਰੀ ਦਾ ਮਾਲਕ ਉਸ ਪਿੰਡ ਇੱਕ ਜਨੇਤੇ ਗਿਆ ਉਸ ਬਦਮਾਸ਼ ਨੂੰ ਮਿਲ ਪਿਆ ਅਤੇ ਉਹਨੂੰ ਪੁੱਛਿਆ ਕਿ ਉਹਨੇ ਕਿਤੇ ਘਰ ਬਾਰ ਵਸਾ ਲਿਆ ਹੈ ਜਾਂ ਹਾਲੀਂ ਤੀਰ ਤੁੱਕੇ ਹੀ ਚਲਾਉਂਦਾ ਹੈ, ਅੰਨ=ਰੋਟੀ, ਆਬੇ ਹਿਆਤ=ਅੰਮ੍ਰਿਤ, ਅੱਡਿਆ=ਵਸਾਇਆ)