Back ArrowLogo
Info
Profile

  1. ਜੋਗੀ ਲੜਣ ਲਈ ਤਿਆਰ

ਜੋਗੀ ਗ਼ਜ਼ਬ ਦੇ ਸਿਰ ਤੇ ਸੱਟ ਖੱਪਰ, ਪਕੜ ਉਠਿਆ ਮਾਰ ਕੇ ਛੌੜਿਆ ਈ ।

ਲੈ ਕੇ ਫਾਹੁੜੀ ਘੁਲਣ ਨੂੰ ਤਿਆਰ ਹੋਇਆ, ਮਾਰ ਵਿਹੜੇ ਦੇ ਵਿੱਚ ਅਪੌੜਿਆ ਈ ।

ਸਾੜ ਬਾਲ ਕੇ ਜੀਊ ਨੂੰ ਖ਼ਾਕ ਕੀਤਾ, ਨਾਲ ਕਾਵੜਾਂ ਦੇ ਜਟ ਕੌੜ੍ਹਿਆ ਈ ।

ਜੇਹਾ ਜ਼ਕਰੀਆ ਖ਼ਾਨ ਮੁਹਿੰਮ ਕਰਕੇ, ਲੈ ਕੇ ਤੋਪ ਪਹਾੜ ਨੂੰ ਦੌੜਿਆ ਈ ।

ਜੇਹਾ ਮਹਿਰ ਦੀ ਸਥ ਦਾ ਬਾਨ-ਭੁੱਚਰ, ਵਾਰਿਸ ਸ਼ਾਹ ਫ਼ਕੀਰ ਤੇ ਦੌੜਿਆ ਈ ।

 

(ਅਪੌੜਿਆ = ਪਿੱਛੇ ਮੁੜਿਆ, ਕੌੜ੍ਹਿਆ = ਕੁੜ੍ਹਿਆ, ਜਲ ਭੁੱਜ ਗਿਆ, ਬਾਨ-ਭੁੱਚਰ =ਮੋਟਾ ਕੁੱਤਾ)

 

  1. ਰਾਂਝਾ ਨੌਕਰਾਣੀ ਨੂੰ

ਹੱਥ ਚਾਇ ਮੁਤਹਿਰੜੀ ਕੜਕਿਆ ਈ, ਤੈਨੂੰ ਆਉਂਦਾ ਜਗ ਸਭ ਸੁੰਞ ਰੰਨੇ ।

ਚਾਵਲ ਨਿਹਮਤਾਂ ਕਣਕ ਤੂੰ ਆਪ ਖਾਏਂ, ਖ਼ੈਰ ਦੇਣ ਤੇ ਕੀਤਾ ਹੈ ਖੁੰਝ ਰੰਨੇ ।

ਖੜ ਦਹੇ ਚੀਣਾ ਘਰ ਖ਼ਾਵੰਦਾਂ ਦੇ, ਨਹੀਂ ਮਾਰ ਕੇ ਕਰੂੰਗਾ ਮੁੰਜ ਰੰਨੇ ।

ਫਿਟ ਚੜ੍ਹਦਿਆਂ ਚੂੜੀਆਂ ਕਢ ਸੁਟਾਂ, ਲਾ ਬਹੀਏਂ ਜੇ ਵੈਰ ਦੀ ਝੁੰਜ ਰੰਨੇ ।

ਸਿਰ ਫਾਹੁੜੀ ਮਾਰ ਕੇ ਦੰਦ ਝਾੜੂੰ, ਟੰਗਾਂ ਭੰਨ ਕੇ ਕਰੂੰਗਾ ਲੁੰਜ ਰੰਨੇ ।

ਤੇਰੀ ਵਰੀ-ਸੂਈ ਹੁਣੇ ਫੋਲ ਸੁੱਟਾਂ, ਜਹੀ ਰਹੇਂਗੀ ਉਂਜ ਦੀ ਉਂਜ ਰੰਨੇ ।

ਵਾਰਿਸ ਸ਼ਾਹ ਸਿਰ ਚਾੜ੍ਹ ਵਿਗਾੜੀਏਂ ਤੂੰ, ਹਾਥੀ ਵਾਂਗ ਮੈਦਾਨ ਵਿੱਚ ਗੁੰਜ ਰੰਨੇ ।

 

(ਸੁੰਞ=ਸੁੰਞਾਂ, ਖੁੰਝ=ਗਲਤੀ, ਮੁੰਜ ਕਰਨੀ=ਮੁੰਜ ਵਾਂਗੂ ਕੁੱਟੂੰ, ਚੂੜੀਆਂ ਕੱਢਣਾ= ਬਾਹੋਂ ਫੜ ਕੇ ਝਟਕਾ ਦੇਣਾ, ਵਰੀ ਸੂਈ ਫੋਲ ਸੁੱਟਾਂ = ਵਰੀ ਭਾਵ ਸਹੁਰਿਆਂ ਨੇ ਵਰੀ ਵਿੱਚ ਦਿੱਤਾ ਸਮਾਨ, ਭਾਵ ਤੇਰੇ ਸਾਰੇ ਭੇਦ ਫੋਲ ਦੇਵਾਂਗਾ, ਕੁੰਜ = ਹਾਥੀ ਦਾ ਵਿਖਾਵੇ ਦਾ ਦੰਦ, ਲੁੰਜ = ਲੂਲ੍ਹਾ,ਲੰਗੜਾ)

 

  1. ਸਹਿਤੀ ਨੌਕਰਾਣੀ ਨੂੰ

ਬਾਂਦੀ ਹੋਇਕੇ ਚੁਪ ਖਲੋ ਰਹੀ, ਸਹਿਤੀ ਆਖਦੀ ਖ਼ੈਰ ਨਾ ਪਾਇਉ ਕਿਉਂ ।

ਇਹ ਤਾਂ ਜੋਗੀੜਾ ਲੀਕ ਕੰਮਜ਼ਾਤ ਕੰਜਰ, ਏਸ ਨਾਲ ਤੂੰ ਭੇੜ ਮਚਾਇਉ ਕਿਉਂ ।

ਆਪ ਜਾਇ ਕੇ ਦੇ ਜੇ ਹੈ ਲੈਂਦਾ, ਘਰ ਮੌਤ ਦੇ ਘਤ ਫਹਾਇਉ ਕਿਉਂ ।

ਮੇਰੀ ਪਾਣ ਪੱਤ ਏਸ ਨੇ ਲਾਹ ਸੁੱਟੀ, ਜਾਣ ਬੁੱਝ ਬੇਸ਼ਰਮ ਕਰਾਇਉ ਕਿਉਂ ।

ਮੈਂ ਤਾਂ ਏਸ ਦੇ ਹੱਥ ਵਿੱਚ ਆਣ ਫਾਥੀ, ਮੂੰਹ ਸ਼ੇਰ ਦੇ ਮਾਸ ਫਹਾਇਉ ਕਿਉਂ ।

ਵਾਰਿਸ ਸ਼ਾਹ ਮੀਆਂ ਏਸ ਮੋਰਨੀ ਨੇ, ਦਵਾਲੇ ਲਾਹੀਕੇ ਬਾਜ਼ ਛੁਡਾਇਉ ਕਿਉਂ ।

 

(ਲੀਕ=ਬਦਨਾਮੀ ਦਾ ਧੱਬਾ, ਦਵਾਲੇ ਲਾਹੀਕੇ=ਬਾਜ਼ ਦੇ ਤਸਮੇ ਖੋਲ੍ਹ ਕੇ)

 

  1. ਰਾਂਝਾ

ਝਾਟਾ ਖੋਹ ਕੇ ਮੀਢੀਆਂ ਪੁੱਟ ਘੱਤੂੰ, ਗੁੱਤੋਂ ਪਕੜ ਕੇ ਦਿਉਂ ਵਿਲਾਵੜਾ ਨੀ ।

ਜੇ ਤਾਂ ਪਿੰਡ ਦਾ ਖ਼ੌਫ਼ ਵਿਖਾਵਨੀ ਹੈਂ, ਲਿਖਾਂ ਪਸ਼ਮ ਤੇ ਇਹ ਗਿਰਾਂਵੜਾ ਨੀ ।

ਤੇਰਾ ਅਸਾਂ ਦੇ ਨਾਲ ਮੁਦਪੱੜਾ ਹੈ, ਨਹੀਂ ਹੋਵਣਾ ਸਹਿਜ ਮਿਲਾਵੜਾ ਨੀ ।

ਲਤ ਮਾਰ ਕੇ ਛੜੂੰਗਾ ਚਾਇ ਗੁੰਬੜ, ਕਢ ਆਈ ਹੈਂ ਢਿਡ ਜਿਉਂ ਤਾਵੜਾ ਨੀ ।

ਸਣੇ ਕਵਾਰੀ ਦੇ ਮਾਰ ਕੇ ਮਿੱਝ ਕਢੂੰ, ਚੁਤੜ ਘੜੂੰਗਾ ਨਾਲ ਫਹਾਵੜਾ ਨੀ ।

ਹੱਥ ਲਗੇ ਤਾਂ ਸੁਟੂੰਗਾ ਚੀਰ ਰੰਨੇ, ਕਢ ਲਊਂਗਾ ਸਾਰੀਆਂ ਕਾਵੜਾਂ ਨੀ ।

ਤੁਸੀਂ ਤਰੈ ਘੁਲਾਟਣਾਂ ਜਾਣਦਾ ਹਾਂ, ਕੱਢਾ ਦੋਹਾਂ ਦਾ ਪੋਸਤਿਆਵੜਾ ਨੀ ।

ਵਾਰਿਸ ਸ਼ਾਹ ਦੇ ਮੋਢਿਆਂ ਚੜ੍ਹੀ ਹੈਂ ਤੂੰ, ਨਿਕਲ ਜਾਣਗੀਆਂ ਜਵਾਨੀਆਂ ਦੀਆਂ ਚਾਵੜਾਂ ਨੀ ।

 

(ਪਸ਼ਮ ਤੇ ਲਿਖਣਾ=ਕੋਈ ਪਰਵਾਹ ਨਾ ਕਰਨਾ, ਮਦੱਪੜਾ=ਨੇੜਤਾ, ਗੁੰਬੜ= ਮੋਟਾ ਢਿੱਡ, ਗੋਗੜ, ਤਾਵੜਾ=ਤੌੜਾ, ਕਵਾਰੀ = ਕੁਆਰੀ ਭਾਵ ਹੀਰ, ਘੁਲ੍ਹਾਟਾਂ= ਪਹਿਲਵਾਨਣੀ, ਪੋਸਤਿਆਵੜਾ=ਕਚੂਮਰ)

 

  1. ਤਥਾ

ਹੀਰੇ ਕਰਾਂ ਮੈਂ ਬਹੁਤ ਹਿਆ ਤੇਰਾ, ਨਹੀਂ ਮਾਰਾਂ ਸੂ ਪਕੜ ਪਥੱਲ ਕੇ ਨੀ ।

ਸੱਭਾ ਪਾਣ ਪੱਤ ਏਸ ਦੀ ਲਾਹ ਸੁੱਟਾਂ, ਲੱਖ ਵਾਹਰਾਂ ਦਏ ਜੇ ਘੱਲ ਕੇ ਨੀ ।

ਜੇਹਾ ਮਾਰ ਚਿਤੌੜ ਗੜ੍ਹ ਸ਼ਾਹ ਅਕਬਰ, ਢਾਹ ਮੋਰਚੇ ਲਏ ਮਚੱਲਕੇ ਨੀ ।

ਜਿਉਂ ਜਿਉਂ ਸ਼ਰਮ ਦਾ ਮਾਰਿਆ ਚੁਪ ਕਰਨਾਂ, ਨਾਲ ਮਸਤੀਆਂ ਆਂਵਦੀ ਚੱਲ ਕੇ ਨੀ ।

ਤੇਰੀ ਪਕੜ ਸੰਘੀ ਜਿੰਦ ਕੱਢ ਸੁੱਟਾਂ, ਮੇਰੇ ਖੁੱਸ ਨਾ ਜਾਣਗੇ ਤੱਲਕੇ ਨੀ ।

ਭਲਾ ਆਖ ਕੀ ਖੱਟਣਾ ਵੱਟਣਾ ਹਈ, ਵਾਰਿਸ ਸ਼ਾਹ ਦੇ ਨਾਲ ਪਿੜ ਮੱਲ ਕੇ ਨੀ ।

 

(ਪਥੱਲ=ਉਲਟਾ ਕੇ, ਮਚੱਲਕੇ=ਇਕਰਾਰ ਨਾਮੇ, ਤੱਲਕੇ=ਜਗੀਰ)

 

  1. ਹੀਰ

ਬੋਲੀ ਹੀਰ ਮੀਆਂ ਪਾ ਖ਼ਾਕ ਤੇਰੀ, ਪਿੱਛਾ ਟੁੱਟੀਆਂ ਅਸੀਂ ਪਰਦੇਸਣਾਂ ਹਾਂ ।

ਪਿਆਰੇ ਵਿਛੜੇ ਚੌਂਪ ਨਾ ਰਹੀ ਕਾਈ, ਲੋਕਾਂ ਵਾਂਗ ਨਾ ਮਿੱਠੀਆਂ ਮੇਸਣਾਂ ਹਾਂ ।

ਅਸੀਂ ਜੋਗੀਆ ਪੈਰ ਦੀ ਖ਼ਾਕ ਤੇਰੀ, ਨਾਹੀਂ ਖੋਟੀਆਂ ਅਤੇ ਮਲਖੇਸਣਾਂ ਹਾਂ ।

ਨਾਲ ਫ਼ਕਰ ਦੇ ਕਰਾਂ ਬਰਾਬਰੀ ਕਿਉਂ, ਅਸੀਂ ਜੱਟੀਆਂ ਹਾਂ ਕਿ ਕੁਰੇਸ਼ਣਾਂ ਹਾਂ ।

 

(ਪਾਇ ਖ਼ਾਕ=ਪੈਰਾਂ ਦੀ ਮਿੱਟੀ, ਪਿੱਛਾ ਟੁੱਟੀ=ਜਿਹਦੀ ਪੁਸ਼ਤ ਪਨਾਹ ਕਰਨ ਵਾਲਾ ਕੋਈ ਨਾ ਹੋਵੇ, ਚੌਂਪ=ਚਾਉ, ਮਿੱਠੀ ਮੇਸਣੀ = ਚੁਪ ਐਪਰ ਖਚਰੀ, ਕੁਰੇਸ਼ਣਾਂ=ਕੁਰੈਸ਼ੀ ਖ਼ਾਨਦਾਨ ਦੀਆਂ, ਹਜ਼ਰਤ ਮੁਹੰਮਦ ਸਾਹਿਬ ਦੇ ਕਬੀਲੇ ਦਾ ਨਾਮ ਕੁਰੈਸ਼ ਹੈ)

 

  1. ਹੀਰ ਨੂੰ ਸਹਿਤੀ

ਨਵੀਂ ਨੂਚੀਏ ਕੱਚੀਏ ਯਾਰਨੀਏ ਨੀ, ਕਾਰੇ-ਹੱਥੀਏ ਚਾਕ ਦੀਏ ਪਿਆਰੀਏ ਨੀ ।

ਪਹਿਲੇ ਕੰਮ ਸਵਾਰ ਹੋ ਬਹੇਂ ਨਿਆਰੀ, ਬੇਲੀ ਘੇਰ ਲੈ ਜਾਣੀਏ ਡਾਰੀਏ ਨੀ ।

ਆਪ ਭਲੀ ਹੋ ਬਹੇਂ ਤੇ ਅਸੀਂ ਬੁਰੀਆਂ, ਕਰੇਂ ਖਚਰ-ਪੌ ਰੂਪ ਸ਼ਿੰਗਾਰੀਏ ਨੀ ।

ਅਖੀਂ ਮਾਰ ਕੇ ਯਾਰ ਨੂੰ ਛੇੜ ਪਾਉ ਨੀ ਮਹਾਂ ਸਤੀਏ ਚਹਿ ਚਹਾਰੀਏ ਨੀ ।

ਆਉ ਜੋਗੀ ਨੂੰ ਲਈਂ ਛੁਡਾ ਸਾਥੋਂ, ਤੁਸਾਂ ਦੋਹਾਂ ਦੀ ਪੈਜ ਸਵਾਰੀਏ ਨੀ ।

ਵਾਰਿਸ ਸ਼ਾਹ ਹੱਥ ਫੜੇ ਦੀ ਲਾਜ ਹੁੰਦੀ, ਕਰੀਏ ਸਾਥ ਤਾਂ ਪਾਰ ਉਤਾਰੀਏ ਨੀ ।

 

(ਕਾਰੇ ਹੱਥੀ=ਹੁਸ਼ਿਆਰ, ਚਲਾਕ)

63 / 96
Previous
Next