ਸਹਿਤੀ ਹੋ ਗ਼ੁੱਸੇ ਚਾ ਖ਼ੈਰ ਪਾਇਆ, ਜੋਗੀ ਵੇਖਦੇ ਤੁਰਤ ਹੀ ਰੱਜ ਪਿਆ ।
ਮੂੰਹੋਂ ਆਖਦੀ ਰੋਹ ਦੇ ਨਾਲ ਜੱਟੀ, ਕਟਕ ਖੇੜਿਆਂ ਦੇ ਭਾਵੇਂ ਅੱਜ ਪਿਆ ।
ਇਹ ਲੈ ਮਕਰਿਆ ਠਕਰਿਆ ਰਾਵਲਾ ਵੇ, ਕਾਹੇ ਵਾਚਨਾ ਏਂ ਐਡ ਧਰੱਜ ਪਿਆ ।
ਠੂਠੇ ਵਿੱਚ ਸਹਿਤੀ ਚੀਣਾ ਘਤ ਦਿੱਤਾ, ਫੱਟ ਜੋਗੀ ਦੇ ਕਾਲਜੇ ਵੱਜ ਪਿਆ ।
ਵਾਰਿਸ ਸ਼ਾਹ ਸ਼ਰਾਬ ਖ਼ਰਾਬ ਹੋਇਆ, ਸ਼ੀਸ਼ਾ ਸੰਗ ਤੇ ਵੱਜ ਕੇ ਭੱਜ ਪਿਆ ।
(ਰੱਜ ਪਿਆ=ਦੁਖੀ ਹੋਇਆ, ਸ਼ੀਸਾ=ਪਿਆਲਾ, ਸੰਗ=ਪੱਥਰ, ਕਾਲਜੇ ਵੱਜ ਪਿਆ=ਬਹੁਤ ਤਕਲੀਫ਼ ਹੋਈ)
ਖ਼ੈਰ ਫ਼ਕਰ ਨੂੰ ਅਕਲ ਦੇ ਨਾਲ ਦੀਚੈ, ਹੱਥ ਸੰਭਲ ਕੇ ਬੁੱਕ ਉਲਾਰੀਏ ਨੀ ।
ਕੀਚੈ ਐਡ ਹੰਕਾਰ ਨਾ ਜੋਬਨੇ ਦਾ, ਘੋਲ ਘੱਤੀਏ ਮਸਤ ਹੰਕਾਰੀਏ ਨੀ ।
ਹੋਈਉਂ ਮਸਤ ਗਰੂਰ ਤਕੱਬਰੀ ਦਾ, ਲੋੜ੍ਹ ਘਤਿਉਂ ਰੰਨੇ ਡਾਰੀਏ ਨੀ ।
ਕੀਚੈ ਹੁਸਨ ਦਾ ਮਾਣ ਨਾ ਭਾਗ ਭਰੀਏ, ਛਲ ਜਾਇਸੀ ਰੂਪ ਵਿਚਾਰੀਏ ਨੀ ।
ਠੂਠਾ ਭੰਨ ਫ਼ਕੀਰ ਨੂੰ ਪੱਟਿਉ ਈ, ਸ਼ਾਲਾ ਯਾਰ ਮਰੀ ਅਨੀ ਡਾਰੀਏ ਨੀ ।
ਮਾਪੇ ਮਰਨ ਹੰਕਾਰ ਭੱਜ ਪਵੇ ਤੇਰਾ, ਵਾਰਿਸ ਪੱਤਣੇ ਦੀਏ ਵਣਜਾਰੀਏ ਨੀ ।
(ਸ਼ਾਲਾ=ਰਬ ਕਰੇ)
ਘੋਲ ਘਤਿਉਂ ਯਾਰ ਦੇ ਨਾਉਂ ਉਤੋਂ, ਮੂੰਹੋਂ ਸੰਭਲੀਂ ਜੋਗੀਆਂ ਆਰਿਆ ਵੇ ।
ਤੇਰੇ ਨਾਲ ਮੈਂ ਆਖ ਕੀ ਬੁਰਾ ਕੀਤਾ, ਹੱਥ ਲਾ ਨਾਹੀਂ ਤੈਨੂੰ ਮਾਰਿਆ ਵੇ ।
ਮਾਉਂ ਸੁਣਦਿਆਂ ਪੁਣੇਂ ਤੂੰ ਯਾਰ ਮੇਰਾ, ਵੱਡਾ ਕਹਿਰ ਕੀਤੋ ਲੋੜ੍ਹੇ ਮਾਰਿਆ ਵੇ ।
ਰੁਗ ਆਟੇ ਦਾ ਹੋਰ ਲੈ ਜਾ ਸਾਥੋਂ, ਕਿਵੇਂ ਵੱਢ ਫ਼ਸਾਦ ਹਰਿਆਰਿਆ ਵੇ ।
ਤੈਥੇ ਆਦਮੀਗਰੀ ਦੀ ਗੱਲ ਨਾਹੀਂ, ਰੱਬ ਚਾਇ ਬਥੁੰਨ ਉਸਾਰਿਆ ਵੇ ।
ਵਾਰਿਸ ਕਿਸੇ ਅਸਾਡੇ ਨੂੰ ਖ਼ਬਰ ਹੋਵੇ, ਐਵੇਂ ਮੁਫ਼ਤ ਵਿੱਚ ਜਾਏਂਗਾ ਮਾਰਿਆ ਵੇ ।
(ਮਾਂ ਸੁਣਦਿਆਂ=ਮਾਂ ਸਾਹਮਣੇ, ਪੁਣੇਂ=ਗਾਲਾਂ ਕੱਢੇਂ, ਆਦਮੀਗਰੀ= ਇਨਸਾਨੀਅਤ, ਬਥੁੰਨ=ਬੇਢਬਾ,ਪਸੂ, ਅਸਾਡੇ=ਸਾਡੇ ਟੱਬਰ ਦੇ ਬੰਦੇ ਨੂੰ)
ਜੇ ਤੈਂ ਪੋਲ ਕਢਾਵਣਾ ਨਾ ਆਹਾ, ਠੂਠਾ ਫ਼ਕਰ ਦਾ ਚਾ ਭਨਾਈਏ ਕਿਉਂ ।
ਜੇ ਤੈਂ ਕਵਾਰਿਆਂ ਯਾਰ ਹੰਢਾਵਣੇ ਸਨ, ਤਾਂ ਫਿਰ ਮਾਂਉਂ ਦੇ ਕੋਲੋਂ ਛੁਪਾਈਏ ਕਿਉਂ ।
ਖ਼ੈਰ ਮੰਗੀਏ ਤਾਂ ਭੰਨ ਦਏਂ ਕਾਸਾ ਅਸੀਂ ਆਖਦੇ ਮੂੰਹੋਂ ਸ਼ਰਮਾਈਏ ਕਿਉਂ ।
ਭਰਜਾਈ ਨੂੰ ਮਿਹਣਾ ਚਾਕ ਦਾ ਸੀ, ਯਾਰੀ ਨਾਲ ਬਲੋਚ ਦੇ ਲਾਈਏ ਕਿਉਂ ।
ਬੋਤੀ ਹੋ ਬਲੋਚ ਦੇ ਹੱਥ ਆਈਏਂ, ਜੜ੍ਹ ਕਵਾਰ ਦੀ ਚਾ ਭਨਾਈਏ ਕਿਉਂ ।
ਵਾਰਿਸ ਸ਼ਾਹ ਜਾਂ ਆਕਬਤ ਖ਼ਾਕ ਹੋਣਾ, ਏਥੇ ਆਪਣੀ ਸ਼ਾਨ ਵਧਾਈਏ ਕਿਉਂ ।
(ਪੋਲ ਕਢਾਵਣਾ=ਪੋਲ ਜ਼ਾਹਰ ਕਰਾਉਣਾ, ਬੋਤੀ=ਊਠਣੀ ਕਵਾਰ ਦੀ ਜੜ੍ਹ ਭਨਾਈਏ=ਕਵਾਰ ਪੁਣਾ ਬਰਬਾਦ ਕਰਾਉਣਾ, ਆਕਬਤ=ਅੰਤ)
ਜੋ ਕੋ ਜੰਮਿਆ ਮਰੇਗਾ ਸਭ ਕੋਈ, ਘੜ੍ਹਿਆ ਭੱਜਸੀ ਵਾਹ ਸਭ ਵਹਿਣਗੇ ਵੇ ।
ਮੀਰ ਪੀਰ ਵਲੀ ਗ਼ੌਸ ਕੁਤਬ ਜਾਸਣ, ਇਹ ਸਭ ਪਸਾਰੜੇ ਢਹਿਣਗੇ ਵੇ ।
ਜਦੋਂ ਰਬ ਆਮਾਲ ਦੀ ਖ਼ਬਰ ਪੁੱਛੇ, ਹਥ ਪੈਰ ਗਵਾਹੀਆਂ ਕਹਿਣਗੇ ਵੇ ।
ਭੰਨੇਂ ਠੂਠੇ ਤੋਂ ਐਡ ਵਧਾ ਕੀਤੋ, ਬੁਰਾ ਤੁਧ ਨੂੰ ਲੋਕ ਸਭ ਕਹਿਣਗੇ ਵੇ ।
ਜੀਭ ਬੁਰਾ ਬੋਲੇਸਿਆ ਰਾਵਲਾ ਵੇ, ਹੱਡ ਪੈਰ ਸਜ਼ਾਈਆਂ ਲੈਣਗੇ ਵੇ ।
ਕੁਲ ਚੀਜ਼ ਫ਼ਨਾਹ ਹੋ ਖ਼ਾਕ ਰਲਸੀ, ਸਾਬਤ ਵਲੀ ਅੱਲਾਹ ਦੇ ਰਹਿਣਗੇ ਵੇ ।
ਠੂਠਾ ਨਾਲ ਤਕਦੀਰ ਦੇ ਭੱਜ ਪਿਆ, ਵਾਰਿਸ ਸ਼ਾਹ ਹੋਰੀਂ ਸੱਚ ਕਹਿਣਗੇ ਵੇ ।
(ਵਾਹ=ਨਦੀ, ਆਮਾਲ=ਅਮਲ ਦਾ ਬਹੁ-ਵਚਨ,ਕੰਮ, ਵਧਾ ਕੀਤਾ=ਵੱਡੀ ਗੱਲ ਬਣਾ ਲਈ, ਰਲਸੀ=ਰਲੇਗੀ)
ਸ਼ਾਲਾ ਕਹਿਰ ਪੌਸੀ ਛੁੱਟੇ ਬਾਜ਼ ਪੈਣੀ, ਠੂਠਾ ਭੰਨ ਕੇ ਲਾਡ ਭੰਗਾਰਨੀ ਹੈਂ ।
ਲੱਕ ਬੰਨ੍ਹ ਕੇ ਰੰਨੇ ਘੁਲ੍ਹੱਕੜੇ ਨੀ, ਮਾੜਾ ਵੇਖ ਫ਼ਕੀਰ ਨੂੰ ਮਾਰਨੀ ਹੈਂ ।
ਨਾਲੇ ਮਾਰਨੀ ਹੈਂ ਜੀਊ ਸਾੜਨੀ ਹੈਂ, ਨਾਲੇ ਹਾਲ ਹੀ ਹਾਲ ਪੁਕਾਰਨੀ ਹੈਂ ।
ਮਰੇ ਹੁਕਮ ਦੇ ਨਾਲ ਤਾਂ ਸਭ ਕੋਈ, ਬਿਨਾ ਹੁਕਮ ਦੇ ਖ਼ੂਨ ਗੁਜ਼ਾਰਨੀ ਹੈਂ ।
ਬੁਰੇ ਨਾਲ ਜੇ ਬੋਲੀਏ ਬੁਰਾ ਹੋਈਏ, ਅਸੀਂ ਬੋਦਲੇ ਹਾਂ ਤਾਂ ਤੂੰ ਮਾਰਨੀ ਹੈਂ ।
ਠੂਠਾ ਫੇਰ ਦਰੁਸਤ ਕਰ ਦੇਹ ਮੇਰਾ, ਹੋਰ ਆਖ ਕੀ ਸੱਚ ਨਿਤਾਰਨੀ ਹੈਂ ।
ਲੋਕ ਆਖਦੇ ਹਨ ਇਹ ਕੁੜੀ ਕਵਾਰੀ, ਸਾਡੇ ਬਾਬ ਦੀ ਧਾੜਵੀ ਧਾਰਨੀ ਹੈਂ ।
ਐਡੇ ਫ਼ਨ ਫ਼ਰੇਬ ਹਨ ਯਾਦ ਤੈਨੂੰ, ਮੁਰਦਾਰਾਂ ਦੀ ਸਿਰ ਸਰਦਾਰਨੀ ਹੈਂ ।
ਘਰ ਵਾਲੀਏ ਵਹੁਟੀਏ ਬੋਲ ਤੂੰ ਵੀ, ਕਹੀ ਜੀਊ ਵਿੱਚ ਸੋਚ ਵਿਚਾਰਨੀ ਹੈਂ ।
ਸਵਾ ਮਣੀ ਮੁਤਹਿਰ ਪਈ ਫਰਕਦੀ ਹੈ, ਕਿਸੇ ਯਾਰਨੀ ਦੇ ਸਿਰ ਮਾਰਨੀ ਹੈਂ ।
ਇੱਕ ਚੋਰ ਤੇ ਦੂਸਰੀ ਚਤਰ ਬਣੀਉਂ, ਵਾਰਿਸ ਸ਼ਾਹ ਹੁਣ ਢਾਇ ਕੇ ਮਾਰਨੀ ਹੈਂ ।
(ਸ਼ਾਲਾ=ਰਬ ਚਾਹੇ, ਲਾਡ ਭੰਗਾਰਨੀ=ਮਖੌਲ ਕਰਦੀ,ਗੱਲਾਂ ਮਾਰਦੀ, ਘੁਲੱਕੜੀ= ਘੁਲਣ ਵਾਲੀ, ਹਾਲ ਹੀ ਹਾਲ ਪੁਕਾਰਨਾ=ਹਾਏ ਹਾਏ ਕਰਨਾ,ਰੌਲਾ ਪਾਉਣਾ, ਧਾੜਵੀ=ਧਾੜਾ ਮਾਰਨ ਵਾਲੀ, ਮੁਰਦਾਰ=ਗੰਦਾ,ਹਰਾਮੀ)
ਹੀਰ ਆਖਦੀ ਇਹ ਚਵਾਇ ਕੇਹਾ, ਠੂਠਾ ਭੰਨ ਫ਼ਕੀਰਾਂ ਨੂੰ ਮਾਰਨਾ ਕੀ ।
ਜਿਨ੍ਹਾਂ ਹਿਕ ਅੱਲਾਹ ਦਾ ਆਸਰਾ ਹੈ, ਓਨ੍ਹਾਂ ਪੰਖੀਆਂ ਨਾਲ ਖਹਾੜਨਾ ਕੀ ।
ਜਿਹੜੇ ਕੰਨ ਪੜਾਇ ਫ਼ਕੀਰ ਹੋਏ, ਭਲਾ ਉਨ੍ਹਾਂ ਦਾ ਪੜਤਨਾ ਪਾੜਣਾ ਕੀ ।
ਥੋੜ੍ਹੀ ਗੱਲ ਦਾ ਵਢਾ ਵਧਾ ਕਰਕੇ, ਸੌਰੇ ਕੰਮ ਨੂੰ ਚਾ ਵਿਗਾੜਨਾ ਕੀ ।
ਜਿਹੜੇ ਘਰਾਂ ਦੀਆਂ ਚਾਵੜਾਂ ਨਾਲ ਮਾਰੇਂ, ਘਰ ਚੱਕ ਕੇ ਏਸ ਲੈ ਜਾਵਣਾ ਕੀ ।
ਮੇਰੇ ਬੂਹਿਉਂ ਫ਼ਕਰ ਕਿਉਂ ਮਾਰਿਉ ਈ, ਵਸਦੇ ਘਰਾਂ ਤੋਂ ਫ਼ਕਰ ਮੋੜਾਵਣਾ ਕੀ ।
ਘਰ ਮੇਰਾ ਤੇ ਮੈਂ ਨਾਲ ਖੁਣਸ ਚਾਇਉ, ਏਥੋਂ ਕਵਾਰੀਏ ਤੁਧ ਲੈ ਜਾਵਣਾ ਕੀ ।
ਬੋਲ੍ਹ ਰਾਹਕਾਂ ਦੇ ਹੌਸ ਚੂਹੜੇ ਦੀ, ਮਰਸ਼ੂ ਮਰਸ਼ੂ ਦਿਨ ਰਾਤ ਕਰਾਵਣਾ ਕੀ ।
ਵਾਰਿਸ ਸ਼ਾਹ ਇਹ ਹਿਰਸ ਬੇਫ਼ਾਇਦਾ ਈ, ਓੜਕ ਏਸ ਜਹਾਨ ਤੋਂ ਚਾਵਣਾ ਕੀ ।
(ਚਵਾ=ਚਾ, ਸੌਰੇ=ਸੰਵਾਰੇ ਹੋਏ, ਚੰਗੇ ਭਲੇ, ਖੁਣਸ=ਵੈਰ,ਝਗੜਾ, ਹੌਸ=ਆਕੜ, ਮਰਸ਼ੂ ਮਰਸ਼ੂ ਕਰਨਾ=ਜਾਇਦਾਦ ਦੇ ਝਗੜੇ ਵਿੱਚ ਗਲਤ ਗੱਲਾਂ ਕਰਨੀਆਂ)