ਭਲਾ ਆਖ ਕੀ ਆਂਹਦੀ ਏਂ ਨੇਕ ਪਾਕੇ, ਜਿਸ ਦੇ ਪੱਲੂ ਤੇ ਪੜ੍ਹਨ ਨਮਾਜ਼ ਆਈ ।
ਘਰ ਵਾਰ ਤੇਰਾ ਅਸੀਂ ਕੋਈ ਹੋਈਆਂ, ਜਾਪੇ ਲੱਦ ਕੇ ਘਰੋਂ ਜਹਾਜ਼ ਆਈ ।
ਮੁੰਡੇ ਮੋਹਣੀਏਂ ਤੇ ਝੋਟੇ ਦੋਹਣੀਏਂ ਨੀ, ਅਜੇ ਤੀਕ ਨਾ ਇਸ਼ਕ ਥੀਂ ਬਾਜ਼ ਆਈ ।
ਵਾਰਿਸ ਸ਼ਾਹ ਜਵਾਨੀ ਦੀ ਉਮਰ ਗੁਜ਼ਰੀ, ਅਜੇ ਤੀਕ ਨਾ ਯਾਦ ਹਜਾਜ਼ ਆਈ ।
(ਨੇਕ ਪਾਕ=ਭਲੀਮਾਨਸ ਅਤੇ ਪਵਿੱਤਰ, ਜਾਪੇ=ਜਾਪਦਾ ਹੈ, ਝੋਟੇ ਦੋਹਣੀ=ਝੋਟੇ ਚੋਂਦੀ ਏਂ,ਔਖੇ ਤੇ ਨਾ ਹੋਣ ਵਾਲੇ ਕੰਮ ਕਰਦੀ ਹੈਂ, ਹਜਾਜ਼ =ਸਊਦੀ ਅਰਬ ਦਾ ਇੱਕ ਸੂਬਾ ਹੈ ਮੱਕਾ ਮੁਅੱਜ਼ਮਾ ਅਤੇ ਮਦੀਨਾ ਮਨੱਵਰਾ ਦੇ ਪਵਿੱਤਰ ਸ਼ਹਿਰ ਇਸੇ ਸੂਬੇ ਵਿੱਚ ਸਥਿਤ ਹਨ)
ਇਹ ਮਸਤ ਫ਼ਕੀਰ ਨਾ ਛੇੜ ਲੀਕੇ, ਕੋਈ ਵੱਡਾ ਫਸਾਦ ਗਲ ਪਾਸੀਆ ਨੀ ।
ਮਾਰੇ ਜਾਣ ਖੇੜੇ ਉਜੜ ਜਾਣ ਮਾਪੇ, ਤੁਧ ਲੰਡੀ ਦਾ ਕੁੱਝ ਨਾ ਜਾਸੀਆ ਨੀ ।
ਪੈਰ ਪਕੜ ਫ਼ਕੀਰ ਦੇ ਕਰਸ ਰਾਜ਼ੀ, ਨਹੀਂ ਏਸ ਦੀ ਆਹ ਪੈ ਜਾਸੀਆ ਨੀ ।
ਵਾਰਿਸ ਸ਼ਾਹ ਜਿਸ ਕਿਸੇ ਦਾ ਬੁਰਾ ਕੀਤਾ, ਜਾ ਗੋਰ ਅੰਦਰ ਪਛੋਤਾਸੀਆ ਨੀ ।
(ਕਰਸ ਰਾਜ਼ੀ=ਉਸ ਨੂੰ ਰਾਜ਼ੀ ਕਰ)
ਤੇਰੇ ਜੇਹੀਆਂ ਲੱਖ ਪੜ੍ਹਾਈਆਂ ਮੈਂ, ਤੇ ਉਡਾਈਆਂ ਨਾਲ ਅੰਗੂਠਿਆਂ ਦੇ ।
ਤੈਨੂੰ ਸਿੱਧ ਕਾਮਲ ਵਲੀ ਗੌਂਸ ਦਿੱਸੇ, ਮੈਨੂੰ ਠੱਗ ਦਿੱਸੇ ਭੇਸ ਝੂਠਿਆਂ ਦੇ ।
ਸਾਡੇ ਖੌਂਸੜੇ ਨੂੰ ਯਾਦ ਨਹੀਂ ਚੋਬਰ, ਭਾਵੇਂ ਆਣ ਲਾਵੇ ਢੇਰ ਠੂਠਿਆਂ ਦੇ ।
ਇਹ ਮਸਤ ਮਲੰਗ ਮੈਂ ਮਸਤ ਏਦੂੰ, ਇਸ ਥੇ ਮਕਰ ਹਨ ਟੁਕੜਿਆਂ ਜੂਠਿਆਂ ਦੇ ।
ਵਾਰਿਸ ਸ਼ਾਹ ਮੀਆਂ ਨਾਲ ਚਵਾੜੀਆਂ ਦੇ, ਲਿੰਙ ਸੇਕੀਏ ਚੋਬਰਾਂ ਘੂਠਿਆਂ ਦੇ ।
(ਚਵਾੜੀਆਂ=ਬਾਂਸਾਂ)
ਏਸ ਫ਼ੱਕਰ ਦੇ ਨਾਲ ਕੀ ਵੈਰ ਪਈਏਂ, ਉਧਲ ਜਾਇਸੈਂ ਤੈਂ ਨਹੀਂ ਵੱਸਣਾ ਈ ।
ਠੂਠਾ ਭੰਨ ਫ਼ਕੀਰ ਨੂੰ ਮਾਰਨੀ ਹੈਂ, ਅੱਗੇ ਰੱਬ ਦੇ ਆਖ ਕੀ ਦੱਸਣਾ ਈ ।
ਤੇਰੇ ਕਵਾਰ ਨੂੰ ਖ਼ਵਾਰ ਸੰਸਾਰ ਕਰਸੀ, ਏਸ ਜੋਗੀ ਦਾ ਕੁਝ ਨਾ ਘੱਸਣਾ ਈ ।
ਨਾਲ ਚੂਹੜੇ ਖੱਤਰੀ ਘੁਲਣ ਲੱਗੇ, ਵਾਰਿਸ ਸ਼ਾਹ ਫਿਰ ਮੁਲਕ ਨੇ ਹੱਸਣਾ ਈ ।
(ਕਵਾਰ ਨੂੰ ਖ਼ਵਾਰ ਕਰਨਾ=ਉਧਾਲੀ ਗਈ ਔਰਤ ਉਤੇ ਹਰ ਥਾਂ ਹਮਲੇ ਕਰਨੇ, ਚੂਹੜੇ ਦਾ ਖ਼ਤਰੀ ਘੋਲ=ਹਰ ਹਾਲਤ ਵਿੱਚ ਖ਼ਤਰੀ ਦਾ ਨੁਕਸਾਨ ਹੈ,ਮਾੜੇ ਨੂੰ ਮਾਰਨਾ ਵੀ ਬੇਇਜ਼ਤੀ ਹੈ ਅਤੇ ਉਸ ਤੋਂ ਮਾਰ ਖਾਣੀ ਵੀ ਨਿਰਾਦਰੀ)
ਇੱਕੇ ਮਰਾਂਗੀ ਮੈਂ ਇੱਕੇ ਏਸ ਮਾਰਾਂ, ਇੱਕੇ ਭਾਬੀਏ ਤੁਧ ਮਰਾਇਸਾਂ ਨੀ ।
ਰੋਵਾਂ ਮਾਰ ਭੁੱਬਾਂ ਭਾਈ ਆਂਵਦੇ ਤੇ,ਤੈਨੂੰ ਖ਼ਾਹ-ਮਖ਼ਾਹ ਕੁਟਾਇਸਾਂ ਨੀ ।
ਚਾਕ ਲੀਕ ਲਾਈ ਤੈਨੂੰ ਮਿਲੇ ਭਾਬੀ, ਗੱਲਾਂ ਪਿਛਲੀਆਂ ਕੱਢ ਸੁਣਇਸਾਂ ਨੀ ।
ਇੱਕੇ ਮਾਰੀਏਂ ਤੂੰ ਇੱਕੇ ਇਹ ਜੋਗੀ, ਇਹੋ ਘਗਰੀ ਚਾਇ ਵਿਛਾਇਸਾਂ ਨੀ ।
ਸੀਤਾ ਦਹਿਸਿਰੇ ਨਾਲ ਜੋ ਗਾਹ ਕੀਤਾ, ਕੋਈ ਵੱਡਾ ਕਮੰਦ ਪਵਾਇਸਾਂ ਨੀ ।
ਰੰਨ ਤਾਹੀਂ ਜਾਂ ਘਰੋਂ ਕਢਾਇ ਤੈਨੂੰ, ਮੈਂ ਮੁਰਾਦ ਬਲੋਚ ਹੰਢਾਇਸਾਂ ਨੀ ।
ਸਿਰ ਏਸ ਦਾ ਵਢ ਕੇ ਅਤੇ ਤੇਰਾ, ਏਸ ਠੂਠੇ ਦੇ ਨਾਲ ਰਲਾਇਸਾਂ ਨੀ ।
ਰਖ ਹੀਰੇ ਤੂੰ ਏਤਨੀ ਜਮ੍ਹਾਂ ਖ਼ਾਤਰ, ਤੇਰੀ ਰਾਤ ਨੂੰ ਭੰਗ ਲੁਹਾਇਸਾਂ ਨੀ ।
ਮੈਂ ਕੁਟਾਇਸਾਂ ਅਤੇ ਮਰਾਇਸਾਂ ਨੀ, ਗੁੱਤੋਂ ਧਰੂਹ ਕੇ ਘਰੋਂ ਕਢਾਇਸਾਂ ਨੀ ।
ਵਾਰਿਸ ਸ਼ਾਹ ਕੋਲੋਂ ਭੰਨਾਇ ਟੰਗਾਇਸਾਂ ਨੀ, ਤੇਰੇ ਲਿੰਙ ਸਭ ਚੂਰ ਕਰਾਇਸਾਂ ਨੀ ।
(ਦਹਿਸਿਰਾ=ਰਾਵਣ, ਜੋ ਗਾਹ=ਜਿੱਦਾਂ ਕਰੇ, ਜਮ੍ਹਾਂ ਖ਼ਾਤਰ ਰੱਖ=ਤਸੱਲੀ ਰੱਖ)
ਖ਼ੂਨ ਭੇਡ ਦੇ ਜੇ ਪਿੰਡ ਮਾਰ ਲਈਏ, ਉਜੜ ਜਾਏ ਜਹਾਨ ਤੇ ਜੱਗ ਸਾਰਾ ।
ਹੱਥੋਂ ਜੂਆਂ ਦੇ ਜੁੱਲ ਜੇ ਸੁੱਟ ਵੇਚਣ, ਕੀਕੂੰ ਕੱਟੀਏ ਪੋਹ ਤੇ ਮਾਘ ਸਾਰਾ ।
ਤੇਰੇ ਭਾਈ ਦੀ ਭੈਣ ਨੂੰ ਖੜੇ ਜੋਗੀ, ਹੱਥ ਲਾਏ ਮੈਨੂੰ ਕਈ ਹੋਸ ਕਾਰਾ ।
ਮੇਰੀ ਭੰਗ ਝਾੜੇ ਉਹਦੀ ਟੰਗ ਭੰਨਾਂ, ਸਿਆਲ ਸਾੜ ਸੁੱਟਣ ਉਹਦਾ ਦੇਸ ਸਾਰਾ ।
ਮੈਨੂੰ ਛੱਡ ਕੇ ਤੁਧ ਨੂੰ ਕਰੇ ਸੈਦਾ, ਆਖ ਕਵਾਰੀਏ ਪਾਇਉ ਤੂੰ ਕੇਹਾ ਆੜਾ ।
ਵਾਰਿਸ ਖੋਹ ਕੇ ਚੂੰਡੀਆਂ ਤੇਰੀਆਂ ਨੂੰ, ਕਰਾਂ ਖ਼ੂਬ ਪੈਜ਼ਾਰ ਦੇ ਨਾਲ ਝਾੜਾ ।
(ਜੁੱਲ=ਜੁੱਲੀ, ਹੋਸ=ਹੋਵੇਗਾ, ਭੰਗ ਝਾੜੇ=ਮੈਨੂੰ ਕੁੱਟੇ, ਆੜਾ=ਝਗੜਾ, ਪੈਜ਼ਾਰ= ਜੁੱਤੀ, ਝਾੜਾ ਕਰਨਾ= ਭੂਤ ਲਾਹੁਣੇ)
ਕੱਜਲ ਪੂਛਲਿਆਲੜਾ ਘਤ ਨੈਣੀਂ, ਜ਼ੁਲਫਾਂ ਕੁੰਡਲਾਂ ਦਾਰ ਬਣਾਵਨੀ ਹੈਂ ।
ਨੀਵੀਆਂ ਪੱਟੀਆਂ ਹਿਕ ਪਲਮਾ ਜ਼ੁਲਫਾਂ, ਛੱਲੇ ਘਤ ਕੇ ਰੰਗ ਵਟਾਵਨੀ ਹੈਂ ।
ਅਤੇ ਆਸ਼ਕਾਂ ਨੂੰ ਦਿਖਲਾਵਨੀ ਹੈਂ, ਨੱਥ ਵਿਹੜੇ ਦੇ ਵਿੱਚ ਛਣਕਾਵਨੀ ਹੈਂ ।
ਬਾਂਕੀ ਭਖ ਰਹੀ ਚੋਲੀ ਬਾਫ਼ਤੇ ਦੀ, ਉਤੇ ਕਹਿਰ ਦੀਆਂ ਅੱਲੀਆਂ ਲਾਵਨੀ ਹੈਂ ।
ਠੋਡੀ ਗੱਲ੍ਹ ਤੇ ਪਾਇਕੇ ਖ਼ਾਲ ਖ਼ੂਨੀ, ਰਾਹ ਜਾਂਦੜੇ ਮਿਰਗ ਫਹਾਵਨੀ ਹੈਂ ।
ਕਿਨ੍ਹਾਂ ਨਖਰਿਆਂ ਨਾਲ ਭਰਮਾਵਨੀ ਹੈਂ, ਅਖੀਂ ਪਾ ਸੁਰਮਾ ਮਟਕਾਵਨੀ ਹੈਂ ।
ਮਲ ਵੱਟਣਾਂ ਲੋੜ੍ਹ ਦੰਦਾਸੜੇ ਦਾ, ਜ਼ਰੀ ਬਾਦਲਾ ਪਟ ਹੰਢਾਵਨੀ ਹੈਂ ।
ਤੇੜ ਚੂੜੀਆਂ ਪਾ ਕੇ ਕਹਿਰ ਵਾਲਾ, ਕੁੰਜਾਂ ਘਤ ਕੇ ਲਾਵਣਾ ਲਾਵਨੀ ਹੈਂ ।
ਨਵਾਂ ਵੇਸ ਤੇ ਵੇਸ ਬਣਾਵਨੀ ਹੈਂ, ਲਏਂ ਫੇਰੀਆਂ ਤੇ ਘੁਮਕਾਵਨੀ ਹੈਂ ।
ਨਾਲ ਹੁਸਨ ਗੁਮਾਨ ਦੇ ਪਲੰਘ ਬਹਿ ਕੇ, ਹੂਰ ਪਰੀ ਦੀ ਭੈਣ ਸਦਾਵਨੀ ਹੈਂ ।
ਪੈਰ ਨਾਲ ਚਵਾਇ ਦੇ ਚਾਵਨੀ ਹੈਂ, ਲਾਡ ਨਾਲ ਗਹਿਣੇ ਛਨਕਾਵਨੀ ਹੈਂ ।
ਸਰਦਾਰ ਹੈਂ ਖ਼ੂਬਾਂ ਦੇ ਤ੍ਰਿੰਞਣਾਂ ਦੀ, ਖ਼ਾਤਰ ਤਲੇ ਨਾ ਕਿਸੇ ਲਿਆਵਨੀ ਹੈਂ ।
ਵੇਖ ਹੋਰਨਾਂ ਨੱਕ ਚੜ੍ਹਾਵਨੀ ਹੈਂ, ਬੈਠੀ ਪਲੰਘ ਤੇ ਤੂਤੀਏ ਲਾਵਨੀ ਹੈਂ ।
ਮਹਿੰਦੀ ਲਾਇ ਹੱਥੀਂ ਪਹਿਨ ਜ਼ਰੀ ਜ਼ੇਵਰ, ਸੋਇਨ ਮਿਰਗ ਦੀ ਸ਼ਾਨ ਗਵਾਵਨੀ ਹੈਂ ।
ਪਰ ਅਸੀਂ ਭੀ ਨਹੀਂ ਹਾਂ ਘਟ ਤੈਥੋਂ, ਜੇ ਤੂੰ ਆਪ ਨੂੰ ਛੈਲ ਸਦਾਵਨੀ ਹੈਂ ।