Back ArrowLogo
Info
Profile

ਸਾਡੇ ਚੰਨ ਸਰੀਰ ਮਥੈਲੀਆਂ ਦੇ, ਸਾਨੂੰ ਚੂਹੜੀ ਹੀ ਨਜ਼ਰ ਆਵਨੀ ਹੈਂ ।

ਨਾਢੂ ਸ਼ਾਹ ਦੀ ਰੰਨ ਹੋ ਪਲੰਘ ਬਹਿ ਕੇ, ਸਾਡੇ ਜੀਊ ਨੂੰ ਜ਼ਰਾ ਨਾ ਭਾਵਨੀ ਹੈਂ ।

ਤੇਰਾ ਕੰਮ ਨਾ ਕੋਈ ਵਗਾੜਿਆ ਮੈਂ, ਐਵੇਂ ਜੋਗੀ ਦੀ ਟੰਗ ਭਨਾਵਨੀ ਹੈਂ ।

ਸਣੇ ਜੋਗੀ ਦੇ ਮਾਰ ਕੇ ਮਿਝ ਕੱਢੂੰ, ਜੈਂਦੀ ਚਾਵੜਾਂ ਪਈ ਦਖਾਵਨੀ ਹੈਂ ।

ਤੇਰਾ ਯਾਰ ਜਾਨੀ ਅਸਾਂ ਨਾ ਭਾਵੇ, ਹੁਣੇ ਹੋਰ ਕੀ ਮੂੰਹੋਂ ਅਖਾਵਨੀ ਹੈਂ ।

ਸੱਭਾ ਅੜਤਨੇ ਪੜਤਨੇ ਪਾੜ ਸੁੱਟੂੰ, ਐਵੇਂ ਸ਼ੇਖੀਆਂ ਪਈ ਜਗਾਵਨੀ ਹੈਂ ।

ਵੇਖ ਜੋਗੀ ਨੂੰ ਮਾਰ ਖਦੇੜ ਕੱਢਾਂ, ਵੇਖਾਂ ਓਸਨੂੰ ਆਇ ਛੁਡਾਵਨੀ ਹੈਂ ।

ਤੇਰੇ ਨਾਲ ਜੋ ਕਰਾਂਗੀ ਮੁਲਕ ਵੇਖੇ, ਜੇਹੇ ਮਿਹਣੇ ਲੂਤੀਆਂ ਲਾਵਨੀ ਹੈਂ ।

ਤੁੱਧ ਚਾਹੀਦਾ ਕੀ ਏਸ ਗੱਲ ਵਿੱਚੋਂ, ਵਾਰਿਸ ਸ਼ਾਹ ਤੇ ਚੁਗ਼ਲੀਆਂ ਲਾਵਨੀ ਹੈਂ ।

 

(ਪੂਛਲਿਆਲੜਾ=ਪੂਛਾਂ ਵਾਲਾ, ਪਲਮਾ ਜ਼ੁਲਫਾਂ=ਜ਼ੁਲਫਾਂ ਖਿਲਾਰ ਕੇ, ਭਖ ਰਹੀ=ਚਮਕਾਂ ਮਾਰਦੀ, ਅੱਲੀਆਂ=ਕਿਨਾਰੀਆਂ, ਜ਼ਰੀ = ਸੁਨਹਿਰੀ ਤਾਰਾਂ ਵਾਲੀ, ਬਾਦਲਾ=ਚਾਂਦੀ ਰੰਗਾ, ਚੂੜੀਆਂ=ਇੱਕ ਭਾਂਤ ਦਾ ਧਾਰੀਦਾਰ ਕੱਪੜਾ, ਲਾਵਣ= ਕੱਪੜੇ ਤੇ ਲੱਗੀ ਕੋਰ, ਖ਼ਾਤਰ ਤਲੇ ਨਾ ਲਿਆਉਣਾ=ਕਿਸੇ ਨੂੰ ਕੁੱਝ ਨਾ ਸਮਝਣਾ, ਮਥੈਲੀ=ਮਨਮੋਹਣੀ, ਅੜਤਣੇ ਪੜਤਣੇ ਪਾੜ ਸੁਟੂੰ=ਸਾਰੇ ਭੇਤ ਫੋਲ ਦੇਊਂ, ਖਦੇੜ ਕੱਢਾਂ=ਕੁਟ ਕੁਟ ਕੇ ਭਜਾ ਦੇਣਾ)

 

  1. ਹੀਰ

ਭਲਾ ਕਵਾਰੀਏ ਸਾਂਗ ਕਿਉਂ ਲਾਵਨੀ ਹੈਂ, ਚਿੱਬੇ ਹੋਠ ਕਿਉਂ ਪਈ ਬਣਾਵਨੀ ਹੈਂ ।

ਭਲਾ ਜੀਊ ਕਿਉਂ ਭਰਮਾਵਨੀ ਹੈਂ, ਅਤੇ ਜੀਭ ਕਿਉਂ ਪਈ ਲਪਕਾਵਨੀ ਹੈਂ ।

ਲੱਗੀ ਵੱਸ ਤੇ ਖੂਹ ਵਿਚ ਪਾਵਨੀ ਹੈਂ, ਸੜੇ ਕਾਂਦ ਕਿਉਂ ਲੂਤੀਆਂ ਲਾਵਨੀ ਹੈਂ ।

ਐਡੀ ਲਟਕਣੀ ਨਾਲ ਕਿਉਂ ਕਰੇਂ ਗੱਲਾਂ, ਸੈਦੇ ਨਾਲ ਨਿਕਾਹ ਪੜ੍ਹਾਵਨੀ ਹੈਂ ।

ਵਾਰਿਸ ਨਾਲ ਉਠ ਜਾ ਤੂੰ ਉੱਧਲੇ ਨੀ, ਕੇਹੀਆਂ ਪਈ ਬੁਝਾਰਤਾਂ ਪਾਵਨੀ ਹੈਂ ।

 

(ਚਿੱਬੇ=ਵਿੰਗੇ ਟੇਢੇ, ਕਾਂਦ=ਅੰਗਾਰੀ, ਲੂਤੀ=ਅੱਗ)

 

  1. ਸਹਿਤੀ ਤੇ ਰਾਂਝੇ ਦੀ ਲੜਾਈ

ਸਹਿਤੀ ਨਾਲ ਲੌਂਡੀ ਹੱਥੀਂ ਪਕੜ ਮੋਲ੍ਹੇ, ਜੈਂਦੇ ਨਾਲ ਛੜੇਂਦੀਆਂ ਚਾਵਲੇ ਨੂੰ ।

ਗਿਰਦ ਆ ਭਵੀਆਂ ਵਾਂਗ ਜੋਗਣਾਂ ਦੇ, ਤਾਉ ਘੱਤਿਉ ਨੇ ਓਸ ਰਾਵਲੇ ਨੂੰ ।

ਖਪਰ ਸੇਲ੍ਹੀਆਂ ਤੋੜ ਕੇ ਗਿਰਦ ਹੋਈਆਂ, ਢਾਹ ਲਿਉ ਨੇ ਸੋਹਣੇ ਸਾਂਵਲੇ ਨੂੰ ।

ਅੰਦਰ ਹੀਰ ਨੂੰ ਵਾੜ ਕੇ ਮਾਰ ਕੁੰਡਾ, ਬਾਹਰ ਕੁਟਿਉ ਨੇ ਲਟ-ਬਾਵਲੇ ਨੂੰ ।

ਘੜੀ ਘੜੀ ਵਲਾਇ ਕੇ ਵਾਰ ਕੀਤਾ, ਓਹਨਾਂ ਕੁੱਟਿਆ ਸੀ ਏਸ ਲਾਡਲੇ ਨੂੰ ।

ਵਾਰਿਸ ਸ਼ਾਹ ਮੀਆਂ ਨਾਲ ਮੋਲ੍ਹਿਆਂ ਦੇ, ਠੰਡਾ ਕੀਤੋ ਨੇ ਓਸ ਉਤਾਵਲੇ ਨੂੰ ।

 

(ਗਿਰਦ ਆਣ ਭਵੀਆਂ=ਆਲੇ ਦੁਆਲੇ ਘੁੰਮੀਆਂ,ਘੇਰ ਲਿਆ, ਉਤਾਵਲਾ= ਜੋਸ਼ੀਲਾ, ਤੇਜ਼)

 

  1. ਤਥਾ

ਦੋਹਾਂ ਵਟ ਲੰਗੋਟੜੇ ਲਏ ਮੋਲ੍ਹੇ, ਕਾਰੇ ਵੇਖ ਲੈ ਮੁੰਡੀਆਂ ਮੁੰਨੀਆਂ ਦੇ ।

ਨਿਕਲ ਝੁੱਟ ਕੀਤਾ ਸਹਿਤੀ ਰਾਵਲੇ ਤੇ, ਪਾਸੇ ਭਨ੍ਹਿਉਂ ਨੇ ਨਾਲ ਕੂਹਣੀਆਂ ਦੇ ।

ਜਟ ਮਾਰ ਮਧਾਣੀਆਂ ਫੇਹ ਸੁੱਟਿਆ, ਸਿਰ ਭੰਨਿਆਂ ਨਾਲ ਦਧੂਣੀਆਂ ਦੇ ।

ਢੋ ਕਟਕ ਹੁਸੈਨ ਖ਼ਾਨ ਨਾਲ ਲੜਿਆ, ਜਿਵੇਂ ਅਬੂ ਸਮੁੰਦ ਵਿੱਚ ਚੂਹਣੀਆਂ ਦੇ ।

 

(ਕਟਕ ਢੋ ਕੇ= ਫ਼ੌਜ ਲਿਆ ਕੇ, ਹੁਸੈਨ ਖਾਂ…ਚੂਹਣੀਆਂ= ਨਵਾਬ ਹੁਸੈਨ ਖਾਂ ਪੇਸ਼ਗੀ ਦੀ ਜੰਗ ਅਬਦਲ ਸਮਦ ਹਾਕਮ ਲਹੌਰ ਨਾਲ ਚੂਨੀਆਂ ਵਿੱਚ ਹੋਈ ਸੀ)

 

  1. ਰਾਂਝੇ ਨੇ ਸਹਿਤੀ ਹੋਰਾਂ ਨੂੰ ਕੁੱਟਣਾ

ਰਾਂਝਾ ਖਾਇਕੇ ਮਾਰ ਫਿਰ ਗਰਮ ਹੋਇਆ, ਮਾਰੂ ਮਾਰਿਆ ਭੂਤ ਫ਼ਤੂਰ ਦੇ ਨੇ ।

ਵੇਖ ਪਰੀ ਦੇ ਨਾਲ ਖ਼ਮ ਮਾਰਿਆ ਈ, ਏਸ ਫ਼ਰੇਸ਼ਤੇ ਬੈਤ ਮਾਅਮੂਰ ਦੇ ਨੇ ।

ਕਮਰ ਬੰਨ੍ਹ ਕੇ ਪੀਰ ਨੂੰ ਯਾਦ ਕੀਤਾ ਲਾਈ ਥਾਪਨਾ ਮਲਕ ਹਜ਼ੂਰ ਦੇ ਨੇ ।

ਡੇਰਾ ਬਖਸ਼ੀ ਦਾ ਮਾਰ ਕੇ ਲੁੱਟ ਲੀਤਾ, ਪਾਈ ਫ਼ਤਹਿ ਪਠਾਣ ਕਸੂਰ ਦੇ ਨੇ ।

ਜਦੋਂ ਨਾਲ ਟਕੋਰ ਦੇ ਗਰਮ ਹੋਇਆ, ਦਿੱਤਾ ਦੁਖੜਾ ਘਾਉ ਨਾਸੂਰ ਦੇ ਨੇ ।

ਵਾਰਿਸ ਸ਼ਾਹ ਜਾਂ ਅੰਦਰੋਂ ਗਰਮ ਹੋਇਆ, ਲਾਟਾਂ ਕੱਢੀਆਂ ਤਾਉ ਤਨੂਰ ਦੇ ਨੇ ।

 

(ਮਾਰੂ=ਐਲਾਨੇ ਜੰਗ ਦਾ ਨਗਾਰਾ, ਖ਼ਮ ਮਾਰਿਆ=ਥਾਪੀ ਮਾਰੀ, ਬੈਤ ਮਾਅਮੂਰ= ਖ਼ਾਨਾ ਕਾਅਬਾ, ਫ਼ਤੂਰ ਦਾ ਭੂਤ=ਫਸਾਦ ਦਾ ਸ਼ੈਤਾਨ)

 

  1. ਰਾਂਝੇ ਨੇ ਸੱਟਾਂ ਮਾਰਨੀਆਂ

ਦੋਵੇਂ ਮਾਰ ਸਵਾਰੀਆਂ ਰਾਵਲੇ ਨੇ, ਪੰਜ ਸੱਤ ਫਾਹੁੜੀਆਂ ਲਾਈਆਂ ਸੂ ।

ਗੱਲਾਂ ਪੁੱਟ ਕੇ ਚੋਲੀਆਂ ਕਰੇ ਲੀਰਾਂ, ਹਿੱਕਾਂ ਭੰਨ ਕੇ ਲਾਲ ਕਰਾਈਆਂ ਸੂ ।

ਨਾਲੇ ਤੋੜ ਝੰਝੋੜ ਕੇ ਪਕੜ ਗੁੱਤੋਂ, ਦੋਵੇਂ ਵਿਹੜੇ ਦੇ ਵਿੱਚ ਭਵਾਈਆਂ ਸੂ ।

ਖੋਹ ਚੂੰਡੀਆਂ ਗੱਲ੍ਹਾਂ ਤੇ ਮਾਰ ਹੁੱਜਾਂ, ਦੋ ਦੋ ਧੌਣ ਦੇ ਮੁੱਢ ਟਿਕਾਈਆਂ ਸੂ ।

ਜੇਹਾ ਰਿਛ ਕਲੰਦਰਾਂ ਘੋਲ ਪੌਂਦਾ, ਸੋਟੇ ਚੁਤੜੀਂ ਲਾ ਨਚਾਈਆਂ ਸੂ ।

ਗਿੱਟੇ ਲੱਕ ਠਕੋਰ ਕੇ ਪਕੜ ਤੱਗੋਂ, ਦੋਵੇਂ ਬਾਂਦਰੀ ਵਾਂਗ ਟਪਾਈਆਂ ਸੂ ।

ਜੋਗੀ ਵਾਸਤੇ ਰਬ ਦੇ ਲੜੇ ਨਾਹੀਂ, ਹੀਰ ਅੰਦਰੋਂ ਆਖ ਛੁਡਾਈਆਂ ਸੂ ।

 

  1. ਹੋਰ ਕੁੜੀਆਂ ਦਾ ਸਹਿਤੀ ਕੋਲ ਆਉਣਾ

ਓਹਨਾਂ ਛੁਟਦੀਆਂ ਹਾਲ ਪੁਕਾਰ ਕੀਤੀ, ਪੰਜ ਸੱਤ ਮੁਸ਼ਟੰਡੀਆਂ ਆ ਗਈਆਂ ।

ਵਾਂਗ ਕਾਬਲੀ ਕੁੱਤਿਆਂ ਗਿਰਦ ਹੋਈਆਂ, ਦੋ ਦੋ ਅਲੀ-ਉਲ-ਹਿਸਾਬ ਟਿਕਾ ਗਈਆਂ ।

ਉਹਨੂੰ ਇੱਕ ਨੇ ਧੱਕ ਕੇ ਰੱਖ ਅੱਗੇ, ਘਰੋਂ ਕੱਢ ਕੇ ਤਾਕ ਚੜ੍ਹਾ ਗਈਆਂ ।

ਬਾਜ਼ ਤੋੜ ਕੇ ਤੁਆਮਿਉਂ ਲਾਹਿਉ ਨੇ, ਮਾਸ਼ੂਕ ਦੀ ਦੀਦ ਹਟਾ ਗਈਆਂ ।

ਧੱਕਾ ਦੇ ਕੇ ਸੱਟ ਪਲੱਟ ਉਸ ਨੂੰ, ਹੋੜਾ ਵੱਡਾ ਮਜ਼ਬੂਤ ਫਹਾ ਗਈਆਂ ।

ਸੂਬੇਦਾਰ ਤਗ਼ਈਅਰ ਕਰ ਕੱਢਿਉ ਨੇ, ਵੱਡਾ ਜੋਗੀ ਨੂੰ ਵਾਇਦਾ ਪਾ ਗਈਆਂ ।

ਅੱਗੇ ਵੈਰ ਸੀ ਨਵਾਂ ਫਿਰ ਹੋਰ ਹੋਇਆ, ਵੇਖ ਭੜਕਦੀ ਤੇ ਭੜਕਾ ਗਈਆਂ ।

ਘਰੋਂ ਕੱਢ ਅਰੂੜੀ ਤੇ ਸੱਟਿਉ ਨੇ, ਬਹਿਸ਼ਤੋਂ ਕੱਢ ਕੇ ਦੋਜ਼ਖ਼ੇ ਪਾ ਗਈਆਂ ।

ਜੋਗੀ ਮਸਤ ਹੈਰਾਨ ਹੋ ਦੰਗ ਰਹਿਆ, ਕੋਈ ਜਾਦੂੜਾ ਘੋਲ ਪਿਵਾ ਗਈਆਂ ।

ਅੱਗੇ ਠੂਠੇ ਨੂੰ ਝੂਰਦਾ ਖ਼ਫ਼ਾ ਹੁੰਦਾ, ਉਤੋਂ ਨਵਾਂ ਪਸਾਰ ਬਣਾ ਗਈਆਂ ।

ਵਾਰਿਸ ਸ਼ਾਹ ਮੀਆਂ ਨਵਾਂ ਸਿਹਰ ਹੋਇਆ, ਪਰੀਆਂ ਜਿੰਨ ਫ਼ਰਿਸ਼ਤੇ ਨੂੰ ਲਾ ਗਈਆਂ ।

 

(ਤਾਕ ਚੜ੍ਹਾ ਗਈਆਂ=ਬੰਦ ਕਰ ਗਈਆਂ, ਤੁਅਮਾ=ਬਾਜ਼ ਨੂੰ ਸ਼ਿਕਾਰ ਲਈ ਤਿਆਰ ਕਰਨ ਵਾਸਤੇ ਉਹਦੇ ਮੂੰਹ ਨੂੰ ਲਾਇਆ ਮਾਸ, ਫਹਾ ਗਈਆਂ=ਫਸਾ ਜਾਂ ਅੜਾ ਗਈਆਂ, ਤਗ਼ਈਅਰ=ਬਦਲ ਕੇ, ਵਾਇਦਾ=ਮੁਸ਼ਕਿਲ,ਸਮੱਸਿਆ, ਅਰੂੜੀ=ਢੇਰ, ਸਿਹਰ=ਜਾਦੂ)

66 / 96
Previous
Next