Back ArrowLogo
Info
Profile

  1. ਕਵੀ

ਘਰੋਂ ਕੱਢਿਆ ਅਕਲ ਸ਼ਊਰ ਗਇਆ, ਆਦਮ ਜੰਨਤੋ ਕੱਢ ਹੈਰਾਨ ਕੀਤਾ ।

ਸਿਜਦੇ ਵਾਸਤੇ ਅਰਸ਼ ਤੋਂ ਦੇ ਧੱਕੇ, ਜਿਵੇਂ ਰਬ ਨੇ ਰੱਦ ਸ਼ੈਤਾਨ ਕੀਤਾ ।

ਸ਼ੱਦਾਦ ਬਹਿਸ਼ਤ ਥੀਂ ਰਹਿਆ ਬਾਹਰ, ਨਮਰੂਦ ਮੱਛਰ ਪਰੇਸ਼ਾਨ ਕੀਤਾ ।

ਵਾਰਿਸ ਸ਼ਾਹ ਹੈਰਾਨ ਹੋ ਰਹਿਆ ਜੋਗੀ, ਜਿਵੇਂ ਨੂਹ ਹੈਰਾਨ ਤੂਫ਼ਾਨ ਕੀਤਾ ।

 

(ਅਕਲ ਸ਼ਊਰ ਗਿਆ= ਮਤ ਮਾਰੀ ਗਈ, ਰਦ ਕਰ ਦਿੱਤਾ = ਨਾਪਸੰਦ ਕਰ ਦਿੱਤਾ, ਸ਼ੱਦਾਦ =ਆਦ ਕੌਮ ਦਾ ਇੱਕ ਬਾਦਸ਼ਾਹ, ਨਮਰੂਦ = ਹਜ਼ਰਤ ਮੂਸਾ ਦੇ ਸਮੇਂ ਦਾ ਬਾਦਸ਼ਾਹ ਇਸ ਨੇ ਵੀ ਰੱਬ ਹੋਣ ਦਾ ਦਾਅਵਾ ਕੀਤਾ ਸੀ। ਇਸ ਨੇ ਇਬਰਾਹੀਮ ਨੂੰ ਅੱਗ ਵਿੱਚ ਸੁੱਟਿਆ ਪਰ ਅੱਗ ਰਬ ਦੇ ਹੁਕਮ ਨਾਲ ਗੁਲਜ਼ਾਰ ਬਣ ਗਈ । ਇੱਕ ਮੱਛਰ ਦੇ ਨਾਸ ਵਿੱਚ ਵੜ ਜਾਣ ਨਾਲ ਇਹਦੀ ਮੌਤ ਹੋਈ)

 

  1. ਰਾਂਝਾ ਆਪਣੇ ਆਪ ਨਾਲ

ਹੀਰ ਚੁਪ ਬੈਠੀ ਅਸੀਂ ਕੁਟ ਕੱਢੇ, ਸਾਡਾ ਵਾਹ ਪਿਆ ਨਾਲ ਡੋਰਿਆਂ ਦੇ ।

ਉਹ ਵੇਲੜਾ ਹੱਥ ਨਾ ਆਂਵਦਾ ਹੈ, ਲੋਕ ਦੇ ਰਹੇ ਲਖ ਢੰਡੋਰਿਆਂ ਦੇ ।

ਇੱਕ ਰੰਨ ਗਈ ਦੂਆ ਆਉਣ ਗਿਆ, ਲੋਕ ਸਾੜਦੇ ਨਾਲ ਨਿਹੋਰਿਆਂ ਦੇ ।

ਨੂੰਹਾਂ ਰਾਜਿਆਂ ਤੇ ਰੰਨਾਂ ਡਾਢਿਆਂ ਦੀਆਂ, ਕੀਕੂੰ ਹੱਥ ਆਵਣ ਨਾਲ ਜ਼ੋਰਿਆਂ ਦੇ ।

ਅਸਾਂ ਮੰਗਿਆ ਉਨ੍ਹਾਂ ਨਾਂ ਖ਼ੈਰ ਕੀਤਾ, ਮੈਨੂੰ ਮਾਰਿਆ ਨਾਲ ਫਹੌੜਿਆਂ ਦੇ ।

ਵਾਰਿਸ ਜ਼ੋਰ ਜ਼ਰ ਜ਼ਾਰੀਆਂ ਯਾਰੀਆਂ ਦੇ, ਸਾਏ ਜ਼ਰਾਂ ਤੇ ਨਾ ਕਮਜ਼ੋਰਿਆ ਦੇ ।

 

(ਡੋਰਾ=ਬੋਲਾ,ਜਿਹਨੂੰ ਉੱਚਾ ਸੁਣੇ, ਜ਼ੋਰੀ=ਤਾਕਤ)

 

  1. ਰਾਂਝਾ ਦੁਖੀ ਹੋ ਕੇ

ਧੂੰਆਂ ਹੂੰਝਦਾ ਰੋਇਕੇ ਢਾਹ ਮਾਰੇ, ਰੱਬਾ ਮੇਲ ਕੇ ਯਾਰ ਵਿਛੋੜਿਉ ਕਿਉਂ ।

ਮੇਰਾ ਰੜੇ ਜਹਾਜ਼ ਸੀ ਆਣ ਲੱਗਾ, ਬੰਨੇ ਲਾਇਕੇ ਫੇਰ ਮੁੜ ਬੋੜਿਉ ਕਿਉਂ ।

ਕੋਈ ਅਸਾਂ ਥੀਂ ਵੱਡਾ ਗੁਨਾਹ ਹੋਇਆ, ਸਾਥ ਫ਼ਜ਼ਲ ਦਾ ਲੱਦ ਕੇ ਮੋੜਿਉ ਕਿਉਂ ।

ਵਾਰਿਸ ਸ਼ਾਹ ਇਬਾਦਤਾਂ ਛਡ ਕੇ ਤੇ, ਦਿਲ ਨਾਲ ਸ਼ੈਤਾਨ ਦੇ ਜੋੜਿਉ ਕਿਉਂ ।

 

(ਢਾਹ=ਧਾਹ)

 

  1. ਤਥਾ

ਮੈਨੂੰ ਰਬ ਬਾਝੋਂ ਨਹੀਂ ਤਾਂਘ ਕਾਈ, ਸਭ ਡੰਡੀਆਂ ਗ਼ਮਾਂ ਨੇ ਮੱਲੀਆਂ ਨੇ ।

ਸਾਰੇ ਦੇਸ਼ ਤੇ ਮੁਲਕ ਦੀ ਸਾਂਝ ਚੁੱਕੀ, ਸਾਡੀਆਂ ਕਿਸਮਤਾਂ ਜੰਗਲੀਂ ਚੱਲੀਆਂ ਨੇ ।

ਜਿੱਥੇ ਸ਼ੀਂਹ ਬੁੱਕਣ ਸ਼ੂਕਣ ਨਾਗ ਕਾਲੇ, ਬਘਿਆੜ ਘੱਤਣ ਨਿਤ ਜੱਲੀਆਂ ਨੇ ।

ਚਿੱਲਾ ਕਟ ਕੇ ਪੜ੍ਹਾਂ ਕਲਾਮ ਡਾਹਢੀ, ਤੇਗਾਂ ਵੱਜੀਆਂ ਆਣ ਅਵੱਲੀਆਂ ਨੇ ।

ਕੀਤੀਆਂ ਮਿਹਨਤਾਂ ਵਾਰਿਸਾ ਦੁਖ ਝਾਗੇ, ਰਾਤਾਂ ਜਾਂਦੀਆਂ ਨਹੀਂ ਨਿਚੱਲੀਆਂ ਨੇ ।

 

(ਤਾਂਘ=ਖਾਹਿਸ਼,ਅਰਮਾਨ, ਜੱਲੀਆਂ ਘੱਤਣ=ਚਾਂਭੜਾਂ ਪਾਉਂਦੇ)

 

  1. ਰਾਂਝੇ ਨੂੰ ਪੀਰ ਯਾਦ ਆਏ

ਰੋਂਦਾ ਕਾਸਨੂੰ ਬੀਰ ਬੈਤਾਲੀਆ ਵੇ, ਪੰਜਾਂ ਪੀਰਾਂ ਦਾ ਤੁਧ ਮਿਲਾਪ ਮੀਆਂ ।

ਲਾ ਜ਼ੋਰ ਲਲਕਾਰ ਤੂੰ ਪੀਰ ਪੰਜੇ, ਤੇਰਾ ਦੂਰ ਹੋਵੇ ਦੁਖ ਤਾਪ ਮੀਆਂ ।

ਜਿਨ੍ਹਾਂ ਪੀਰਾਂ ਦਾ ਜ਼ੋਰ ਹੈ ਤੁਧ ਨੂੰ ਵੇ, ਕਰ ਰਾਤ ਦਿੰਹ ਓਹਨਾਂ ਦਾ ਜਾਪ ਮੀਆਂ ।

ਜ਼ੋਰ ਆਪਣਾ ਫ਼ਕਰ ਨੂੰ ਯਾਦ ਆਇਆ, ਬਾਲਨਾਥ ਮੇਰਾ ਗੁਰੂ ਬਾਪ ਮੀਆਂ ।

ਵਾਰਿਸ ਸ਼ਾਹ ਭੁਖਾ ਬੂਹੇ ਰੋਏ ਬੈਠਾ, ਦੇਇ ਉਨ੍ਹਾਂ ਨੂੰ ਵੱਡਾ ਸਰਾਪ ਮੀਆਂ ।

 

  1. ਰਾਂਝਾ ਆਪਣੇ ਆਪ ਨੂੰ ਕਹਿੰਦਾ ਹੈ

ਕਰਾਮਾਤ ਜਗਾਇ ਕੇ ਸਿਹਰ ਫੂਕਾਂ, ਜੜ੍ਹ ਖੇੜਿਆਂ ਦੀ ਮੁਢੋਂ ਪੱਟ ਸੁੱਟਾਂ ।

ਫ਼ੌਜਦਾਰ ਨਾਹੀਂ ਪਕੜ ਕਵਾਰੜੀ ਨੂੰ, ਹੱਥ ਪੈਰ ਤੇ ਨੱਕ ਕੰਨ ਕੱਟ ਸੁੱਟਾਂ ।

ਨਾਲ ਫ਼ੌਜ ਨਾਹੀਂ ਦਿਆਂ ਫੂਕ ਅੱਗਾਂ, ਕਰ ਮੁਲਕ ਨੂੰ ਚੌੜ ਚੁਪੱਟ ਸੁੱਟਾਂ ।

'ਅਲਮਾਤਰਾ ਕੈਫ਼ਾ ਬੁਦੂ ਕੱਹਾਰ' ਪੜ੍ਹ ਕੇ, ਨਈਂ ਵਹਿੰਦੀਆਂ ਪਲਕ ਵਿੱਚ ਅੱਟ ਸੁਟਾਂ ।

ਸਹਿਤੀ ਹੱਥ ਆਵੇ ਪਕੜ ਚੂੜੀਆਂ ਥੋਂ, ਵਾਂਗ ਟਾਟ ਦੀ ਤਪੜੀ ਛੱਟ ਸੁਟਾਂ ।

ਪੰਜ ਪੀਰ ਜੇ ਬਹੁੜਨ ਆਣ ਮੈਨੂੰ, ਦੁਖ ਦਰਦ ਕਜੀਅੜੇ ਕੱਟ ਸੱਟਾਂ ।

ਹੁਕਮ ਰਬ ਦੇ ਨਾਲ ਮੈਂ ਕਾਲ ਜੀਭਾ, ਮਗਰ ਲੱਗ ਕੇ ਦੂਤ ਨੂੰ ਚੱਟ ਸੁੱਟਾਂ ।

ਜਟ ਵਟ ਤੇ ਪਟ ਤੇ ਫਟ ਬੱਧੇ, ਵਰ ਦੇਣ ਸਿਆਣਿਆਂ ਸੱਤ ਸੁਟਾਂ ।

ਪਾਰ ਹੋਵੇ ਸਮੁੰਦਰੋਂ ਹੀਰ ਬੈਠੀ, ਬੁੱਕਾਂ ਨਾਲ ਸਮੁੰਦਰ ਨੂੰ ਝੱਟ ਸੁੱਟਾਂ ।

ਵਾਰਿਸ ਸ਼ਾਹ ਮਾਸ਼ੂਕ ਜੇ ਮਿਲੇ ਖ਼ਿਲਵਤ, ਸਭ ਜੀਊ ਦੇ ਦੁਖ ਉਲੱਟ ਸੁੱਟਾਂ ।

 

(ਸਿਹਰ ਫੂਕਾਂ=ਜਾਦੂ ਕਰਾਂ, ਅਲਮਾਤਰਾ ਕੈਫ਼ਾ=ਸੂਰਾ ਫ਼ੀਲ ਜਿਸ ਵਿੱਚ ਅਬਰਹਿ ਦੇ ਹਾਥੀਆਂ ਤੇ ਅਬਾਬੀਲਾਂ ਦੇ ਲਸ਼ਕਰ ਵੱਲੋਂ ਹਮਲੇ ਦਾ ਵਰਣਨ ਹੈ। ਆਬਬੀਲਾਂ ਨੇ ਕੰਕਰੀਆਂ ਮਾਰ ਮਾਰ ਕੇ ਹਾਥੀਆਂ ਦਾ ਕਚੂਮਰ ਕੱਢ ਦਿੱਤਾ, ਬੁਦੂ ਕੱਹਾਰ = ਇਹ ਇੱਕ ਜਲਾਲੀ ਅਮਲ ਹੈ ਜਿਹੜਾ ਵੈਰੀ ਉਤੇ ਗ਼ਾਲਬ ਆਉਣ ਲਈ ਪੜ੍ਹਿਆ ਜਾਂਦਾ ਹੈ, ਨਈਂ ਵਹਿੰਦੀਆਂ= ਵਗਦੀਆਂ ਨਦੀਆਂ ਨੂੰ ਅੱਖ ਦੇ ਫੋਰੇ ਵਿੱਚ ਸੁਕਾ ਕੇ ਉਨ੍ਹਾਂ ਨੂੰ ਮਿੱਟੀ ਨਾਲ ਭਰ ਦੇਵਾਂ, ਕਜੀਅੜੇ=ਕਜ਼ੀਏ, ਝੱਟ ਸੁੱਟਾਂ = ਖ਼ਾਲੀ ਕਰ ਦੇਵਾਂ)

 

  1. ਰਾਂਝਾ ਕਾਲੇ ਬਾਗ਼ ਵਿਚ

ਦਿਲ ਫ਼ਿਕਰ ਨੇ ਘੇਰਿਆ ਬੰਦ ਹੋਇਆ, ਰਾਂਝਾ ਜੀਊ ਗ਼ੋਤੇ ਲਖ ਖਾਇ ਬੈਠਾ ।

ਸੱਥੋਂ ਹੂੰਝ ਧੂੰਆਂ ਸਿਰ ਚਾ ਟੁਰਿਆ, ਕਾਲੇ ਬਾਗ਼ ਵਿਚ ਢੇਰ ਮਚਾਇ ਬੈਠਾ ।

ਅਖੀਂ ਮੀਟ ਕੇ ਰਬ ਧਿਆਨ ਧਰ ਕੇ, ਚਾਰੋਂ ਤਰਫ਼ ਹੈ ਧੂੰਨੜਾ ਲਾਇ ਬੈਠਾ ।

ਵਟ ਮਾਰ ਕੇ ਚਾਰੋਂ ਹੀ ਤਰਫ਼ ਉੱਚੀ, ਉੱਥੇ ਵਲਗਣਾਂ ਖ਼ੂਬ ਬਣਾਇ ਬੈਠਾ ।

ਅਸਾਂ ਕੱਚ ਕੀਤਾ ਰੱਬ ਸਚ ਕਰਸੀ, ਇਹ ਆਖ ਕੇ ਵੈਲ ਜਗਾਇ ਬੈਠਾ ।

ਭੜਕੀ ਅੱਗ ਜਾਂ ਤਾਉਣੀ ਤਾਉ ਕੀਤਾ, ਇਸ਼ਕ ਮੁਸ਼ਕ ਵਿਸਾਰ ਕੇ ਜਾਇ ਬੈਠਾ ।

ਵਿੱਚ ਸੰਘਣੀ ਛਾਉਂ ਦੇ ਘਤ ਭੂਰਾ, ਵਾਂਗ ਅਹਿਦੀਆਂ ਢਾਸਣਾ ਲਾਇ ਬੈਠਾ ।

ਵਾਰਿਸ ਸ਼ਾਹ ਉਸ ਵਕਤ ਨੂੰ ਝੂਰਦਾ ਈ, ਜਿਸ ਵੇਲੜੇ ਅੱਖੀਆਂ ਲਾਇ ਬੈਠਾ ।

 

(ਸੱਥੋਂ=ਸਥ ਵਿੱਚੋਂ, ਧੂੰਨੜਾ=ਧੂੰਆਂ, ਵੈਲ=ਐਬ, ਅਹਿਦੀ=ਪਿਆਦਾ, ਤਾਉਨੀ=ਭੱਠੀ)

67 / 96
Previous
Next