Back ArrowLogo
Info
Profile

  1. ਤਥਾ

ਮੀਟ ਅੱਖੀਆਂ ਰੱਖੀਆਂ ਬੰਦਗੀ ਤੇ, ਘੱਤੇ ਜੱਲੀਆਂ ਚਿੱਲੇ ਵਿੱਚ ਹੋਇ ਰਹਿਆ ।

ਕਰੇ ਆਜਜ਼ੀ ਵਿੱਚ ਮੁਰਾਕਬੇ ਦੇ, ਦਿਨੇ ਰਾਤ ਖ਼ੁਦਾਇ ਥੇ ਰੋਇ ਰਹਿਆ ।

ਵਿੱਚ ਯਾਦ ਖ਼ੁਦਾਇ ਦੀ ਮਹਿਵ ਰਹਿੰਦਾ, ਕਦੀ ਬੈਠ ਰਹਿਆ ਕਦੀ ਸੋਇ ਰਹਿਆ ।

ਵਾਰਿਸ ਸ਼ਾਹ ਨਾ ਫ਼ਿਕਰ ਕਰ ਮੁਸ਼ਕਲਾਂ ਦਾ, ਜੋ ਕੁਛ ਹੋਵਣਾ ਸੀ ਸੋਈ ਹੋਇ ਰਹਿਆ ।

 

(ਮਹਿਵ=ਲੱਗਾ ਹੋਇਆ)

 

  1. ਤਥਾ

ਨਿਉਲੀ ਕਰਮ ਕਰਦਾ ਕਦੀ ਅਰਧ ਤਪ ਵਿੱਚ, ਕਦੀ ਹੋਮ ਸਰੀਰ ਜੋ ਲਾਇ ਰਹਿਆ ।

ਕਦੀ ਨਖੀ ਤਪ ਸ਼ਾਮ ਤਪ ਪੌਣ ਭਖੀ, ਸਦਾ-ਬਰਤ ਨੇਮੀ ਚਿੱਤ ਲਾਇ ਰਹਿਆ ।

ਕਦੀ ਉਰਧ ਤਪ ਸਾਸ ਤਪ ਗਰਾਸ ਤਪ ਨੂੰ, ਕਦੀ ਜੋਗ ਜਤੀ ਚਿਤ ਲਾਇ ਰਹਿਆ ।

ਕਦੀ ਮਸਤ ਮਕਜ਼ੂਬ ਲਟ ਹੋ ਸੁਥਰਾ, ਅਲਫ ਸਿਆਹ ਮੱਥੇ ਉੱਤੇ ਲਾਇ ਰਹਿਆ ।

ਆਵਾਜ਼ ਆਇਆ ਬੱਚਾ ਰਾਂਝਣਾ ਵੋ, ਤੇਰਾ ਸੁਬ੍ਹਾ ਮੁਕਾਬਲਾ ਆਇ ਰਹਿਆ ।

 

(ਨਖੀ ਤਪ=ਸਰੀਰ ਦਾ ਸਾਰਾ ਭਾਰ ਹੱਥਾਂ ਅਤੇ ਪੈਰਾਂ ਦੇ ਪੰਜਿਆਂ ਤੇ ਪਾਉਣਾ, ਪੌਣ ਭੱਖੀ=ਅਪਣੇ ਅੰਦਰ ਸਾਫ਼ ਹਵਾ ਖਿਚਣਾ ਅਤੇ ਗੰਦੀ ਹਵਾ ਬਾਹਰ ਕੱਢਣਾ, ਨਿਉਲੀ ਕਰਮ=ਯੋਗ ਅਭਿਆਸ ਵਿੱਚ ਛੇ ਕਰਮ ਹਨ: 1. ਨਿਉਲੀ ਕਰਮ, 2 ਨੇਤੀ ਕਰਮ, 3. ਧੇਤੀ ਕਰਮ, 4. ਦਸਤੀ ਕਰਮ, 5. ਤਰਾਟਕ, 6 ਕਪਾਲ ਭਾਤੀ, ਅਰਧ ਤਪ=ਆਕਾਸ਼ ਵਲ ਮੂੰਹ ਕਰਕੇ ਬਾਹਾਂ ਖੜੀਆਂ ਕਰਕੇ ਕੀਤੀ ਹੋਈ ਕਸਰਤ, ਗਰਾਸ=ਬੁਰਕੀ, ਮਕਜ਼ੂਬ=ਰਬ ਦੀ ਯਾਦ ਵਿੱਚ ਡੁਬਾ ਹੋਇਆ)

 

  1. ਕੁੜੀਆਂ ਕਾਲੇ ਬਾਗ਼ ਵਿੱਚ ਗਈਆਂ

ਰੋਜ਼ ਜੁੰਮੇ ਦੇ ਤ੍ਰਿੰਞਣਾਂ ਧੂੜ ਘੱਤੀ, ਤੁਰ ਨਿਕਲੇ ਕਟਕ ਅਰਬੇਲੀਆਂ ਦੇ ।

ਜਿਵੇਂ ਕੂੰਜਾਂ ਦੀ ਡਾਰ ਆ ਲਹੇ ਬਾਗੀਂ, ਫਿਰਨ ਘੋੜੇ ਤੇ ਰੱਬ ਮਹੇਲੀਆਂ ਦੇ ।

ਵਾਂਗ ਸ਼ਾਹ ਪਰੀਆਂ ਛਣਾਂ ਛਣ ਛਣਕਣ, ਵੱਡੇ ਤ੍ਰਿੰਞਣ ਨਾਲ ਸਹੇਲੀਆਂ ਦੇ ।

ਧਮਕਾਰ ਪੈ ਗਈ ਤੇ ਧਰਤ ਕੰਬੀ, ਛੁੱਟੇ ਪਾਸਨੇ ਗਰਬ ਗਹੇਲੀਆਂ ਦੇ ।

ਵੇਖ ਜੋਗੀ ਦਾ ਥਾਂਉਂ ਵਿੱਚ ਆ ਵੜੀਆਂ, ਮਹਿਕਾਰ ਪੈ ਗਏ ਚੰਬੇਲੀਆਂ ਦੇ ।

ਵਾਰਿਸ ਸ਼ਾਹ ਉਸ਼ਨਾਕ ਜਿਉਂ ਢੂੰਡ ਲੈਂਦੇ, ਇਤਰ ਵਾਸਤੇ ਹੱਟ ਫੁਲੇਲੀਆਂ ਦੇ ।

 

(ਧੂੜ ਘੱਤੀ=ਧੂੜ ਪੱਟੀ, ਅਰਬੇਲੀਆਂ=ਮੁਟਿਆਰਾਂ, ਪਾਸਣੇ ਛੁਟਣਾ=ਦੌੜ ਆਰੰਭ ਕਰਨਾ, ਮਹਿਕਾਰ=ਮਹਿਕ, ਉਸ਼ਨਾਕ=ਸ਼ੌਕ ਵਾਲੇ)

 

  1. ਕੁੜੀਆਂ ਨੇ ਰਾਂਝੇ ਦਾ ਡੇਰਾ ਬਰਬਾਦ ਕਰਨਾ

ਧੂੰਆਂ ਫੋਲ ਕੇ ਰੋਲ ਕੇ ਸੱਟ ਖੱਪਰ, ਤੋੜ ਸੇਲ੍ਹੀਆਂ ਭੰਗ ਖਿਲਾਰੀਆਂ ਨੇ ।

ਡੰਡਾ ਕੂੰਡਾ ਭੰਗ ਅਫੀਮ ਕੋਹੀ, ਫੋਲ ਫਾਲ ਕੇ ਪੱਟੀਆਂ ਡਾਰੀਆਂ ਨੇ ।

ਧੂੰਆਂ ਸਵਾਹ ਖਿਲਾਰ ਕੇ ਭੰਨ ਹੁੱਕਾ, ਗਾਹ ਘੱਤ ਕੇ ਲੁੱਡੀਆਂ ਮਾਰੀਆਂ ਨੇ ।

ਸਾਫ਼ਾ ਸੰਗਲੀ ਚਿਮਟਾ ਭੰਗ ਕੱਕੜ, ਨਾਦ ਸਿਮਰਨਾ ਧੂਪ ਖਿਲਾਰੀਆਂ ਨੇ ।

ਜੇਹਾ ਹੂੰਝ ਬੁਹਾਰ ਤੇ ਫੋਲ ਕੂੜਾ, ਬਾਹਰ ਸੁੱਟਿਆ ਕੱਢ ਪਸਾਰੀਆਂ ਨੇ ।

ਕਰਨ ਹਲੂ ਹਲੂ ਤੇ ਮਾਰ ਹੇਕਾਂ, ਦੇਣ ਧੀਰੀਆਂ ਤੇ ਖਿੱਲੀ ਮਾਰੀਆਂ ਨੇ ।

ਵਾਰਿਸ ਸ਼ਾਹ ਜਿਉਂ ਦਲਾਂ ਪੰਜਾਬ ਲੁੱਟੀ, ਤਿਵੇਂ ਜੋਗੀ ਨੂੰ ਲੁੱਟ ਉਜਾੜੀਆਂ ਨੇ ।

 

(ਕੋਹੀ=ਇੱਕ ਨਸ਼ੇ ਵਾਲੀ ਬੂਟੀ, ਗਾਹ ਘਤਣਾ=ਗਾਹੁਣਾ, ਸਾਫ਼ਾ=ਸਾਫ਼ੀ, ਕੱਕੜ = ਕੱਚਾ ਤਮਾਖੂ, ਸਿਮਰਨਾ = ਮਾਲਾ, ਬੁਹਾਰ = ਬੁਹਾਰੀ ਨਾਲ ਹੂੰਝ ਕੇ, ਧੂਫ਼=ਅਗਰ ਬੱਤੀ, ਹਲੂ ਹਲੂ=ਇਕੱਠੀਆਂ ਹੋ ਕੇ ਜੈਕਾਰੇ ਆਦਿ ਛੱਡਣੇ, ਦਲਾਂ=ਸਿੱਖ ਫ਼ੌਜਾਂ)

 

  1. ਤਥਾ

ਕਿਲੇਦਾਰ ਨੂੰ ਮੋਰਚੇ ਤੰਗ ਢੁੱਕੇ, ਸ਼ਬਖੂਨ ਤੇ ਤਿਆਰ ਹੋ ਸੱਜਿਆ ਈ ।

ਥੜਾ ਪਵੇ ਜਿਉਂ ਧਾੜ ਨੂੰ ਸ਼ੀਂਹ ਛੁੱਟੇ, ਉਠ ਬੋਤੀਆਂ ਦੇ ਮਨ੍ਹੇ ਗੱਜਿਆ ਈ ।

ਸਭਾ ਨੱਸ ਗਈਆਂ ਇੱਕਾ ਰਹੀ ਪਿੱਛੇ, ਆਇ ਸੋਇਨ ਚਿੜੀ ਉਤੇ ਵੱਜਿਆ ਈ ।

ਹਾਇ ਹਾਇ ਮਾ-ਮੁੰਡੀਏ ਜਾਹ ਨਾਹੀਂ, ਪਰੀ ਵੇਖ ਅਵਧੂਤ ਨਾ ਲੱਜਿਆ ਈ ।

ਨੰਗੀ ਹੋ ਨੱਠੀ ਸੱਟ ਸਤਰ ਜ਼ੇਵਰ, ਸੱਭਾ ਜਾਨ ਭਿਆਣੀਆਂ ਤੱਜਿਆ ਈ ।

ਮਲਕੁਲਮੌਤ ਅਜ਼ਾਬ ਦੇ ਕਰੇ ਨੰਗੀ, ਪਰਦਾ ਕਿਸੇ ਦਾ ਕਦੀ ਨਾ ਕੱਜਿਆ ਈ ।

ਉਤੋਂ ਨਾਦ ਵਜਾਇਕੇ ਕਰੇ ਨਾਹਰਾ, ਅਖੀਂ ਲਾਲ ਕਰਕੇ ਮੂੰਹ ਟੱਡਿਆ ਈ ।

ਵਾਰਿਸ ਸ਼ਾਹ ਹਿਸਾਬ ਨੂੰ ਪਰੀ ਪਕੜੀ, ਸੂਰ ਹਸ਼ਰ ਦਾ ਵੇਖ ਲਏ ਵੱਜਿਆ ਈ ।

 

(ਮੋਰਚੇ ਤੰਗ ਢੁੱਕੇ = ਮੋਰਚੇ ਨੇੜੇ ਲੱਗੇ, ਸ਼ਬਖੂਨ=ਰਾਤ ਵੇਲੇ ਚੋਰੀ ਹਮਲਾ ਕਰਨਾ, ਥੜਾ = ਚੋਰ ਫੜਣ ਲਈ ਜਾਂ ਦੁਸ਼ਮਣ ਦੇ ਰਾਹ ਵਿੱਚ ਹਥਿਆਰਬੰਦ ਆਦਮੀਆਂ ਦਾ ਲੁਕ ਕੇ ਬੈਠਣਾ, ਅਵਧੂਤ =ਬਿਭੂਤ ਮਲਣ ਵਾਲਾ ਨੰਗਾ ਸਾਧੂ, ਜਾਨ ਭਿਆਣੀ= ਆਪਣੀ ਬੱਚਤ ਲਈ ਘਬਰਾਈ ਹੋਈ, ਮਲਕੁਲਮੌਤ=ਮੌਤ ਦਾ ਫ਼ਰਿਸ਼ਤਾ,ਜਮਦੂਤ, ਅਜ਼ਾਬ=ਦੁਖ, ਪਰੀ ਪਕੜੀ=ਕੁੜੀ ਫੜ ਲਈ, ਹਸ਼ਰ ਦਾ ਸੂਰ=ਕਿਆਮਤ ਦਾ ਨਾਦ)

  1. ਕੁੜੀ ਦਾ ਰਾਂਝੇ ਨੂੰ ਕਹਿਣਾ

ਕੁੜੀ ਆਖਿਆ ਮਾਰ ਨਾ ਫਾਹੁੜੀ ਵੇ, ਮਰ ਜਾਊਂਗੀ ਮਸਤ ਦੀਵਾਨਿਆਂ ਵੇ ।

ਲੱਗੇ ਫਾਹੁੜੀ ਬਾਹੁੜੀ ਮਰਾਂ ਜਾਨੋਂ, ਰੱਖ ਲਈ ਤੂੰ ਮੀਆਂ ਮਸਤਾਨਿਆਂ ਵੇ ।

ਇਜ਼ਰਾਈਲ ਜਮ ਆਣ ਕੇ ਬਹੇ ਬੂਹੇ, ਨਹੀਂ ਛੁਟੀਂਦਾ ਨਾਲ ਬਹਾਨਿਆਂ ਵੇ ।

ਤੇਰੀ ਡੀਲ ਹੈ ਦੇਉ ਦੀ ਅਸੀਂ ਪਰੀਆਂ, ਇੱਕਸ ਲਤ ਲੱਗੇ ਮਰ ਜਾਨੀਆਂ ਵੇ ।

ਗੱਲ ਦੱਸਣੀ ਹੈ ਸੋ ਤੂੰ ਦੱਸ ਮੈਨੂੰ, ਤੇਰਾ ਲੈ ਸੁਨੇਹੜਾ ਜਾਨੀਆਂ ਵੇ ।

ਮੇਰੀ ਤਾਈ ਹੈ ਜਿਹੜੀ ਤੁੱਧ ਬੇਲਣ, ਅਸੀਂ ਹਾਲ ਥੀਂ ਨਹੀਂ ਬੇਗਾਨੀਆਂ ਵੇ ।

ਤੇਰੇ ਵਾਸਤੇ ਓਸਦੀ ਕਰਾਂ ਮਿੰਨਤ, ਜਾਇ ਹੀਰ ਅੱਗੇ ਟਟਿਆਨੀਆਂ ਵੇ ।

ਵਾਰਿਸ ਆਖ ਕੀਕੂੰ ਆਖਾਂ ਜਾਇ ਉਸ ਨੂੰ, ਅਵੇ ਇਸ਼ਕ ਦੇ ਕੰਮ ਦਿਆ ਬਾਨੀਆਂ ਵੇ ।

 

(ਇੱਕਸ=ਇੱਕੋਬੇਲਣ=ਸਹੇਲੀ, ਟਟਿਆਨੀਆਂ=ਟਟ੍ਹੀਰੀ ਦੀ ਅਵਾਜ਼ ਵਾਂਗ ਤਰਲਾ)

 

  1. ਰਾਂਝੇ ਦਾ ਕੁੜੀ ਹੱਥ ਹੀਰ ਨੂੰ ਸੁਨੇਹਾ

ਜਾਇ ਹੀਰ ਨੂੰ ਆਖਣਾ ਭਲਾ ਕੀਤੋ, ਸਾਨੂੰ ਹਾਲ ਥੀਂ ਚਾ ਬੇਹਾਲ ਕੀਤੋ ।

ਝੰਡਾ ਸਿਆਹ ਸਫ਼ੈਦ ਸੀ ਇਸ਼ਕ ਵਾਲਾ, ਉਹ ਘੱਤ ਮਜੀਠ ਗ਼ਮ ਲਾਲ ਕੀਤੋ ।

ਦਾਨਾ ਬੇਗ ਦੇ ਮਗਰ ਜਿਉਂ ਪਏ ਗ਼ਿਲਜ਼ੀ ਡੇਰਾ, ਲੁੱਟ ਕੇ ਚਾਇ ਕੰਗਾਲ ਕੀਤੋ ।

ਤਿਲਾ ਕੁੰਦ ਨੂੰ ਅੱਗ ਦਾ ਤਾਉ ਦੇ ਕੇ, ਚਾਇ ਅੰਦਰੋਂ ਬਾਹਰੋਂ ਲਾਲ ਕੀਤੋ ।

ਅਹਿਮਦ ਸ਼ਾਹ ਵਾਂਗੂੰ ਮੇਰੇ ਵੈਰ ਪੈ ਕੇ, ਪੱਟ ਪੱਟ ਕੇ ਚੱਕ ਦਾ ਤਾਲ ਕੀਤੋ ।

ਚਿਹਰੀਂ ਸ਼ਾਦ ਬਹਾਲੀਆਂ ਖੇੜਿਆਂ ਨੂੰ, ਬਰਤਰਫ਼ੀਆਂ ਤੇ ਮਹੀਂਵਾਲ ਕੀਤੋ ।

ਫ਼ਤਿਹਾਬਾਦ ਚਾਇ ਦਿਤੀਆ ਖੇੜਿਆਂ ਨੂੰ, ਭਾਰਾ ਰਾਂਝਣੇ ਦੇ ਵੈਰੋਵਾਲ ਕੀਤੋ ।

68 / 96
Previous
Next