ਛੱਡ ਨੱਠੀ ਏ ਸਿਆਲ ਤੇ ਮਹੀਂ ਮਾਹੀ, ਵਿੱਚ ਖੇੜਿਆਂ ਦੇ ਆਇ ਜਾਲ ਕੀਤੋ ।
ਜਾਂ ਮੈਂ ਗਿਆ ਵਿਹੜੇ ਸਹਿਤੀ ਨਾਲ ਰਲ ਕੇ, ਫੜੇ ਚੋਰ ਵਾਂਗੂੰ ਮੇਰਾ ਹਾਲ ਕੀਤੋ ।
ਨਾਦਰ ਸ਼ਾਹ ਥੋਂ ਹਿੰਦ ਪੰਜਾਬ ਥਰਕੇ, ਮੇਰੇ ਬਾਬ ਦਾ ਤੁਧ ਭੁੰਚਾਲ ਕੀਤੋ ।
ਭਲੇ ਚੌਧਰੀ ਦਾ ਪੁਤ ਚਾਕ ਹੋਇਆ, ਚਾਇ ਜਗ ਉੱਤੇ ਮਹੀਂਵਾਲ ਕੀਤੋ ।
ਤੇਰੇ ਬਾਬ ਦਰਗਾਹ ਥੀਂ ਮਿਲੇ ਬਦਲਾ, ਜੇਹਾ ਜ਼ਾਲਮੇ ਤੈਂ ਮੇਰੇ ਨਾਲ ਕੀਤੋ ।
ਦਿੱਤੇ ਆਪਣਾ ਸ਼ੌਕ ਤੇ ਸੋਜ਼ ਮਸਤੀ, ਵਾਰਿਸ ਸ਼ਾਹ ਫ਼ਕੀਰ ਨਿਹਾਲ ਕੀਤੋ ।
(ਦੀਨਾ ਬੇਗ = ਅਹਿਮਦ ਸ਼ਾਹ ਅਬਦਾਲੀ ਨੇ 1762-63 ਵਿੱਚ ਪੰਜਾਬ ਤੇ ਹਮਲਾ ਕੀਤਾ ਅਤੇ ਬਹੁਤ ਤਬਾਹੀ ਕੀਤੀ ਸੀ, ਤਿਲਾ ਕੁੰਦ = ਝੂਠਾ ਸੋਨਾ, ਚਿਹਰੀਂ ਸ਼ਾਦ ਬਹਾਲੀਆਂ = ਖੇੜਿਆਂ ਦੀ ਆਸਾਮੀ ਨੂੰ ਬਹਾਲ ਅਤੇ ਮੰਨ ਲਿਆ ਹੈ ਤੇ ਮੱਝਾਂ ਚਾਰਨ ਵਾਲੇ ਨੂੰ ਹਟਾ ਦਿੱਤਾ ਹੈ। ਅਜਿਹੇ ਸਮੇਂ ਖੇੜਿਆਂ ਦੇ ਚਿਹਰੇ ਤੇ ਖ਼ੁਸ਼ੀਆਂ, ਫ਼ਤਿਹਾਬਾਦ ਅਤੇ ਵੈਰੋਵਾਲ ਸਤਲੁਜ ਨਦੀ ਦੇ ਕੰਢੇ ਦੋ ਪਿੰਡ ਹਨ। ਵਾਰਿਸ ਨੇ ਦੋਨਾਂ ਪਿੰਡਾਂ ਦਾ ਜ਼ਿਕਰ ਚਿੰਨ੍ਹਾਤਮਕ ਤੌਰ ਤੇ ਕੀਤਾ ਹੈ ।ਖੇੜਿਆਂ ਦੇ ਹੱਥ 'ਫ਼ਤਹਿ' ਭਾਵ ਜਿੱਤ ਅਤੇ ਰਾਂਝੇ ਦੇ ਹਿੱਸੇ 'ਵੈਰ' ਆਇਆ, ਥਰਕੇ = ਕੰਬੇ)
ਕੁੜੀ ਆਪਣਾ ਆਪ ਛੁੜਾ ਨੱਠੀ, ਤੀਰ ਗ਼ਜ਼ਬ ਦਾ ਜੀਊ ਵਿੱਚ ਕੱਸਿਆ ਈ ।
ਸਹਿਜੇ ਆ ਕੇ ਹੀਰ ਦੇ ਕੋਲ ਬਹਿ ਕੇ, ਹਾਲ ਓਸ ਨੂੰ ਖੋਲ੍ਹ ਕੇ ਦੱਸਿਆ ਈ ।
ਛਡ ਨੰਗ ਨਾਮੂਸ ਫ਼ਕੀਰ ਹੋਇਆ, ਰਹੇ ਰੋਂਦੜਾ ਕਦੀ ਨਾ ਹੱਸਿਆ ਈ ।
ਏਸ ਹੁਸਨ ਕਮਾਨ ਨੂੰ ਹੱਥ ਫੜਕੇ, ਆ ਕਹਿਰ ਦਾ ਤੀਰ ਕਿਉਂ ਕੱਸਿਆ ਈ ।
ਘਰੋਂ ਮਾਰ ਕੇ ਮੁਹਲਿਆਂ ਕਢਿਆ ਈ, ਜਾ ਕੇ ਕਾਲੜੇ ਬਾਗ਼ ਵਿੱਚ ਵੱਸਿਆ ਈ ।
ਵਾਰਿਸ ਸ਼ਾਹ ਦਿੰਹ ਰਾਤ ਦੇ ਮੀਂਹ ਵਾਂਗੂੰ, ਨੀਰ ਓਸ ਦੇ ਨੈਣਾਂ ਥੀਂ ਵੱਸਿਆ ਈ ।
(ਕਹਿਰ ਦਾ ਤੀਰ ਕੱਸਿਆ=ਕਹਿਰ ਕੀਤਾ)
ਕੁੜੀਏ ਵੇਖ ਰੰਝੇਟੜੇ ਕੱਚ ਕੀਤਾ, ਖੋਲ੍ਹ ਜੀਊ ਦਾ ਭੇਤ ਪਸਾਰਿਉ ਨੇ ।
ਮਨਸੂਰ ਨੇ ਇਸ਼ਕ ਦਾ ਭੇਤ ਦਿੱਤਾ, ਉਸ ਨੂੰ ਤੁਰਤ ਸੂਲੀ ਉੱਤੇ ਚਾੜ੍ਹਿਉ ਨੇ ।
ਰਸਮ ਇਸ਼ਕ ਦੇ ਮੁਲਕ ਦੀ ਚੁਪ ਰਹਿਣਾ, ਮੂੰਹੋਂ ਬੋਲਿਆ ਸੂ ਉਹਨੂੰ ਮਾਰਿਉ ਨੇ ।
ਤੋਤਾ ਬੋਲ ਕੇ ਪਿੰਜਰੇ ਕੈਦ ਹੋਇਆ, ਐਵੇਂ ਬੋਲਣੋਂ ਅਗਨ ਸੰਘਾਰਿਉ ਨੇ ।
ਯੂਸਫ਼ ਬੋਲ ਕੇ ਬਾਪ ਤੇ ਖ਼ਾਬ ਦੱਸੀ, ਉਸ ਨੂੰ ਖੂਹ ਦੇ ਵਿੱਚ ਉਤਾਰਿਉ ਨੇ ।
ਵਾਰਿਸ ਸ਼ਾਹ ਕਾਰੂੰ ਨੂੰ ਸਣੇ ਦੌਲਤ, ਹੇਠ ਜ਼ਿਮੀਂ ਦੇ ਚਾਇ ਨਿਘਾਰਿਉ ਨੇ ।
(ਭੇਤ ਪਸਾਰਨਾ=ਭੇਤ ਦੱਸ ਦੇਣਾ, ਸੰਘਾਰਿਉ=ਮਾਰਿਆ ਗਿਆ)
ਚਾਕ ਹੋਇ ਕੇ ਖੋਲੀਆਂ ਚਾਰਦਾ ਸੀ, ਜਦੋਂ ਉਸ ਦਾ ਜੀਊ ਤੂੰ ਖੱਸਿਆ ਸੀ ।
ਉਹਦੀ ਨਜ਼ਰ ਦੇ ਸਾਮ੍ਹਣੇ ਖੇਡਦੀ ਸੈਂ, ਮੁਲਕ ਓਸ ਦੇ ਬਾਬ ਦਾ ਵੱਸਿਆ ਸੀ ।
ਆ ਸਾਹੁਰੇ ਵਹੁਟੜੀ ਹੋਇ ਬੈਠੀ, ਤਦੋਂ ਜਾਇਕੇ ਜੋਗ ਵਿੱਚ ਧੱਸਿਆ ਸੀ ।
ਆਇਆ ਹੋ ਫ਼ਕੀਰ ਤਾਂ ਲੜੇ ਸਹਿਤੀ, ਗੜਾ ਕਹਿਰ ਦਾ ਓਸ ਤੇ ਵੱਸਿਆ ਸੀ ।
ਮਾਰ ਮੁਹਲਿਆਂ ਨਾਲ ਹੈਰਾਨ ਕੀਤੋ, ਤਦੋਂ ਕਾਲੜੇ ਬਾਗ਼ ਨੂੰ ਨੱਸਿਆ ਸੀ ।
ਪਿੱਛਾ ਦੇ ਨਾ ਮਾੜਿਆਂ ਜਾਣ ਕੇ ਨੀ, ਭੇਤ ਇਸ਼ਕ ਦਾ ਆਸ਼ਕਾਂ ਦੱਸਿਆ ਸੀ ।
ਡੋਲੀ ਚੜ੍ਹੀ ਤਾਂ ਯਾਰ ਤੋਂ ਛੁੱਟ ਪਈਏਂ, ਤਦੋਂ ਮੁਲਕ ਸਾਰਾ ਤੈਨੂੰ ਹੱਸਿਆ ਸੀ ।
ਜਦੋਂ ਮਹੀਂ ਨੂੰ ਕੂਚ ਦਾ ਹੁਕਮ ਕੀਤਾ, ਤੰਗ ਤੋਬਰਾ ਨਫ਼ਰ ਨੇ ਕੱਸਿਆ ਸੀ ।
ਜਦੋਂ ਰੂਹ ਇਕਰਾਰ ਇਖ਼ਰਾਜ ਕੀਤਾ, ਤਦੋਂ ਜਾਇ ਕਲਬੂਤ ਵਿੱਚ ਧੱਸਿਆ ਸੀ ।
ਜਿਹੜੇ ਨਿਵੇਂ ਸੋ ਉਹ ਹਜ਼ੂਰ ਹੋਏ, ਵਾਰਿਸ ਸ਼ਾਹ ਨੂੰ ਪੀਰ ਨੇ ਦੱਸਿਆ ਸੀ ।
(ਖੱਸਿਆ=ਲੁੱਟਿਆ, ਬਾਬ ਦਾ=ਭਾ ਦਾ, ਗੜਾ=ਅਹਿਣ, ਤੰਗ ਤੋਬਰਾ ਕੱਸਣਾ= ਘੋੜੇ ਨੂੰ ਸਵਾਰੀ ਲਈ ਤਿਆਰ ਕਰਨਾ, ਨਫ਼ਰ = ਨੌਕਰ, ਇਖ਼ਰਾਜ= ਖ਼ਾਰਜ ਹੋਣਾ, ਨਿਕਲ ਜਾਣਾ, ਨਿਵੇਂ=ਝੁਕੇ)
ਰਾਂਝਾ ਵਾਂਗ ਈਮਾਨ ਸ਼ਰਾਬੀਆਂ ਦੇ, ਜੁਦਾ ਹੋਇ ਕੇ ਪਿੰਡ ਥੀਂ ਹਾਰ ਰਹਿਆ ।
ਨੈਣਾਂ ਤੇਰਿਆਂ ਜੱਟ ਨੂੰ ਕਤਲ ਕੀਤਾ, ਚਾਕ ਹੋਇਕੇ ਖੋਲ੍ਹੀਆਂ ਚਾਰ ਰਹਿਆ ।
ਤੂੰ ਤਾਂ ਖੇੜਿਆਂ ਦੀ ਬਣੀ ਚੌਧਰਾਣੀ, ਰਾਂਝਾ ਹੋਇ ਕੇ ਟੱਕਰਾਂ ਮਾਰ ਰਹਿਆ ।
ਅੰਤ ਕੰਨ ਪੜਾ ਫ਼ਕੀਰ ਹੋਇਆ, ਘਤ ਮੁੰਦਰਾਂ ਵਿੱਚ ਉਜਾੜ ਰਹਿਆ ।
ਓਸ ਵਤਨ ਨਾ ਮਿਲੇ ਤੂੰ ਸਤਰਖ਼ਾਨੇ, ਥੱਕ ਹੁੱਟ ਕੇ ਅੰਤ ਨੂੰ ਹਾਰ ਰਹਿਆ ।
ਤੈਨੂੰ ਚਾਕ ਦੀ ਆਖਦਾ ਜਗ ਸਾਰਾ, ਇਵੇਂ ਓਸ ਨੂੰ ਮਿਹਣੇ ਮਾਰ ਰਹਿਆ ।
ਸ਼ਕਰ ਗੰਜ ਮਸਊਦ ਮੌਦੂਦ ਵਾਂਗੂੰ, ਉਹ ਨਫ਼ਸ ਤੇ ਹਿਰਸ ਨੂੰ ਮਾਰ ਰਹਿਆ ।
ਸੁਧਾ ਨਾਲ ਤਵੱਕਲੀ ਠੇਲ੍ਹ ਬੇੜਾ, ਵਾਰਿਸ ਵਿੱਚ ਡੁੱਬਾ ਇੱਕੇ ਪਾਰ ਰਹਿਆ ।
(ਥੱਕ ਹੁਟ=ਥੱਕ ਟੁੱਟ ਕੇ, ਤਵੱਕਲੀ=ਵਾਰਿਸ ਨੇ ਤੁਵੱਕਲੀ ਦਾ ਪੰਜਾਬੀਕਰਣ ਕੀਤਾ ਹੈ, ਭਰੋਸੇ ਨਾਲ, ਸ਼ਕਰ ਗੰਜ ਮਸਊਦ = ਬਾਬਾ ਫਰੀਦ ਨੂੰ ਸ਼ਕਰਗੰਜ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਭਗਤੀ ਅਤੇ ਰਿਆਜ਼ਤ ਬਾਰੇ ਬਹੁਤ ਕਹਾਣੀਆਂ ਮਸ਼ਹੂਰ ਹਨ । ਉਹ ਰੱਬ ਦੀ ਯਾਦ ਵਿੱਚ ਸੁੱਕ ਕੇ ਪਿੰਜਰ ਹੋ ਗਏ ਸਨ)
ਆਕੀ ਹੋ ਬੈਠੇ ਅਸੀਂ ਜੋਗੀੜੇ ਥੋਂ, ਜਾ ਲਾ ਲੈ ਜ਼ੋਰ ਜੋ ਲਾਵਣਾ ਈ ।
ਅਸੀਂ ਹੁਸਨ ਤੇ ਹੋ ਮਗ਼ਰੂਰ ਬੈਠੇ, ਚਾਰ ਚਸ਼ਮ ਦਾ ਕਟਕ ਲੜਾਵਣਾ ਈ ।
ਲਖ ਜ਼ੋਰ ਤੂੰ ਲਾ ਜੋ ਲਾਵਣਾ ਈ, ਅਸਾਂ ਬੱਧਿਆਂ ਬਾਝ ਨਾ ਆਵਣਾ ਈ ।
ਸੁਰਮਾ ਅੱਖੀਆਂ ਦੇ ਵਿੱਚ ਪਾਵਣਾ ਈ, ਅਸਾਂ ਵੱਡਾ ਕਮੰਦ ਪਵਾਵਣਾ ਈ ।
ਰੁਖ਼ ਦੇ ਕੇ ਯਾਰ ਭਤਾਰ ਤਾਈਂ, ਸੈਦਾ ਰਾਂਝੇ ਦੇ ਨਾਲ ਲੜਾਵਣਾ ਈ ।
ਠੰਢਾ ਹੋਏ ਬੈਠਾ ਸੈਦਾ ਵਾਂਗ ਦਹਿਸਰ, ਸੋਹਣੀ ਲੰਕ ਨੂੰ ਓਸ ਲੁਟਾਵਣਾ ਈ ।
ਰਾਂਝੇ ਕੰਨ ਪੜਾਇਕੇ ਜੋਗ ਲੀਤਾ, ਅਸਾਂ ਇਸ਼ਕ ਦਾ ਜੋਗ ਲੈ ਲਾਵਣਾ ਈ ।
ਵਾਰਿਸ ਸ਼ਾਹ ਉਹ ਬਾਗ਼ ਵਿੱਚ ਜਾ ਬੈਠਾ, ਹਾਸਲ ਬਾਗ਼ ਦਾ ਅਸਾਂ ਲਿਆਵਣਾ ਈ ।
(ਚਾਰ ਚਸ਼ਮ=ਅੱਖਾਂ ਮੇਲਣੀਆਂ, ਬਧਿਆਂ ਬਾਝ=ਬਗ਼ੈਰ ਸ਼ਾਦੀ ਦੇ, ਲਾਵਾਂ ਵੇਲ ਲਾੜੇ ਲਾੜੀ ਦਾ ਪੱਲਾ ਬੰਨਿਆਂ ਜਾਂਦਾ ਹੈ, ਭੱਤਾਰ=ਕੰਤ,ਖਾਵੰਦ, ਹਾਸਲ ਬਾਗ਼= ਫਲ,ਆਮਦਨੀ)