ਆਕੀ ਹੋਇਕੇ ਖੇੜਿਆਂ ਵਿੱਚ ਵੜੀ ਏਂ, ਇਸ਼ਕ ਹੁਸਨ ਦੀ ਵਾਰਿਸੇ ਜੱਟੀਏ ਨੀ ।
ਪਿੱਛਾ ਅੰਤ ਨੂੰ ਦੇਵਣਾ ਹੋਵੇ ਜਿਸ ਨੂੰ, ਝੁੱਗਾ ਓਸ ਦਾ ਕਾਸ ਨੂੰ ਪੱਟੀਏ ਨੀ ।
ਜਿਹੜਾ ਵੇਖ ਕੇ ਮੁੱਖ ਨਿਹਾਲ ਹੋਵੇ, ਕੀਚੈ ਕਤਲ ਨਾ ਹਾਲ ਪਲੱਟੀਏ ਨੀ ।
ਇਹ ਆਸ਼ਕੀ ਵੇਲ ਅੰਗੂਰ ਦੀ ਏ, ਮੁੱਢੋਂ ਏਸ ਨੂੰ ਪੁੱਟ ਨਾ ਸੱਟੀਏ ਨੀ ।
ਇਹ ਜੋਬਨਾ ਨਿੱਤ ਨਾ ਹੋਵਣਾ ਈ, ਛਾਉਂ ਬੱਦਲਾਂ ਜਦੀ ਜਾਣ ਜੱਟੀਏ ਨੀ ।
ਲੈ ਕੇ ਸੱਠ ਸਹੇਲੀਆਂ ਵਿੱਚ ਬੇਲੇ, ਨਿਤ ਢਾਂਵਦੀ ਸੈਂ ਉਹ ਨੂੰ ਢੱਟੀਏ ਨੀ ।
ਪਿੱਛਾ ਨਾਹਿ ਦੀਚੇ ਸੱਚੇ ਆਸ਼ਕਾਂ ਨੂੰ, ਜੋ ਕੁੱਝ ਜਾਨ ਤੇ ਬਣੇ ਸੋ ਕੱਟੀਏ ਨੀ ।
ਦਾਅਵਾ ਬੰਨ੍ਹੀਏ ਤਾਂ ਖੜਿਆਂ ਹੋ ਲੜੀਏ, ਤੀਰ ਮਾਰ ਕੇ ਆਪ ਨਾ ਛੱਪੀਏ ਨੀ ।
ਅੱਠੇ ਪਹਿਰ ਵਿਸਾਰੀਏ ਨਹੀਂ ਸਾਹਿਬ, ਕਦੀ ਹੋਸ਼ ਦੀ ਅੱਖ ਪਰੱਤੀਏ ਨੀ ।
ਜਿਨ੍ਹਾਂ ਕੰਤ ਭੁਲਾਇਆ ਛੁਟੜਾਂ ਨੇ, ਲਖ ਮੌਲੀਆਂ ਮਹਿੰਦੀਆਂ ਘੱਤੀਏ ਨੀ ।
ਉਠ ਝਬਦੇ ਜਾਇਕੇ ਹੋ ਹਾਜ਼ਿਰ, ਏਹੇ ਕੰਮ ਨੂੰ ਢਿੱਲ ਨਾ ਘੱਤੀਏ ਨੀ ।
ਮਿੱਠੀ ਚਾਟ ਹਲਾਇਕੇ ਤੋਤੜੇ ਨੂੰ, ਪਿੱਛੋਂ ਕੰਕਰੀ ਰੋੜ ਨਾ ਘੱਤੀਏ ਨੀ ।
(ਜੋਬਨਾ=ਜਵਾਨੀ, ਸਾਹਿਬ=ਮਾਲਿਕ, ਤੋਤੜਾ=ਤੋਤਾ, ਛੁੱਟੜਾਂ=ਆਜ਼ਾਦ ਔਰਤਾਂ, ਮੌਲੀ ਮਹਿੰਦੀ=ਸੁਹਾਗ ਦੀ ਨਿਸ਼ਾਨੀ)
ਜਿਵੇਂ ਮੁਰਸ਼ਦਾਂ ਪਾਸ ਜਾ ਢਹਿਣ ਤਾਲਬ, ਤਿਵੇਂ ਸਹਿਤੀ ਦੇ ਪਾਸ ਨੂੰ ਹੀਰ ਹੇਰੇ ।
ਕਰੀਂ ਸਭ ਤਕਸੀਰ ਮੁਆਫ ਸਾਡੀ, ਪੈਰੀਂ ਪਵਾਂ ਮਨਾਏਂ ਜੇ ਨਾਲ ਮੇਰੇ ।
ਬਖ਼ਸ਼ੇ ਨਿਤ ਗੁਨਾਹ ਖੁਦਾਇ ਸੱਚਾ, ਬੰਦਾ ਬਹੁਤ ਗੁਨਾਹ ਦੇ ਭਰੇ ਬੇੜੇ ।
ਵਾਰਿਸ ਸ਼ਾਹ ਮਨਾਵੜਾ ਅਸਾਂ ਆਂਦਾ, ਸਾਡੀ ਸੁਲਾਹ ਕਰਾਂਵਦਾ ਨਾਲ ਤੇਰੇ ।
(ਜਾ ਢਹਿਣ=ਪੈਰੀਂ ਪੈਂਦੇ ਹਨ, ਤਾਲਬ=ਲੋੜਵੰਦ)
ਅਸਾਂ ਕਿਸੇ ਦੇ ਨਾਲ ਕੁੱਝ ਨਹੀਂ ਮਤਲਬ, ਸਿਰੋਪਾ ਲਏ ਖ਼ੁਸ਼ੀ ਹਾਂ ਹੋਇ ਰਹੇ ।
ਲੋਕਾਂ ਮਿਹਣੇ ਮਾਰ ਬੇਪਤੀ ਕੀਤੀ, ਮਾਰੇ ਸ਼ਰਮ ਦੇ ਅੰਦਰੇ ਰੋਇ ਰਹੇ ।
ਗ਼ੁੱਸੇ ਨਾਲ ਇਹ ਵਾਲ ਪੈਕਾਨ ਵਾਂਗੂੰ, ਸਾਡੇ ਜੀਊ ਤੇ ਵਾਲ ਗਡੋਇ ਰਹੇ ।
ਨੀਲ ਮੱਟੀਆਂ ਵਿੱਚ ਡੁਬੋਇ ਰਹੇ, ਲੱਖ ਲੱਖ ਮੈਲੇ ਨਿਤ ਧੋਇ ਰਹੇ ।
ਵਾਰਿਸ ਸ਼ਾਹ ਨਾ ਸੰਗ ਨੂੰ ਰੰਗ ਆਵੇ, ਲਖ ਸੂਹੇ ਦੇ ਵਿੱਚ ਸਮੋਇ ਰਹੇ ।
(ਸਿਰੋਪਾ=ਸਿਰ ਤੋਂ ਪੈਰਾਂ ਤੱਕ ਮਾਣ ਦਾ ਲਿਬਾਸ, ਪੈਕਾਨ=ਤੀਰ)
ਹੀਰ ਆਣ ਜਨਾਬ ਵਿੱਚ ਅਰਜ਼ ਕੀਤਾ, ਨਿਆਜ਼ਮੰਦ ਹਾਂ ਬਖ਼ਸ਼ ਮੈਂ ਗ਼ੋਲੀਆਂ ਨੀ ।
ਸਾਨੂੰ ਬਖਸ਼ ਗੁਨਾਹ ਤਕਸੀਰ ਸਾਰੀ, ਜੋ ਕੁਝ ਲੜਦਿਆਂ ਤੁੱਧ ਨੂੰ ਬੋਲੀਆਂ ਨੀ ।
ਅੱਛੀ ਪੀੜ-ਵੰਡਾਵੜੀ ਭੈਣ ਮੇਰੀ, ਤੈਥੋਂ ਵਾਰ ਘੱਤੀ ਘੋਲ ਘੋਲੀਆਂ ਨੀ ।
ਮੇਰਾ ਕੰਮ ਕਰ ਮੁੱਲ ਲੈ ਬਾਝ ਦੰਮਾਂ, ਦੂਣਾ ਬੋਲ ਲੈ ਜੋ ਕੁੱਝ ਬੋਲੀਆਂ ਨੀ ।
ਘਰ ਬਾਰ ਤੇ ਮਾਲ ਜ਼ਰ ਹੁਕਮ ਤੇਰਾ, ਸਭੇ ਤੇਰੀਆਂ ਢਾਂਡੀਆਂ ਖੋਲ੍ਹੀਆਂ ਨੀ ।
ਮੇਰਾ ਯਾਰ ਆਇਆ ਚਲ ਵੇਖ ਆਈਏ, ਪਈ ਮਾਰਦੀ ਸੈਂ ਨਿਤ ਬੋਲੀਆਂ ਨੀ ।
ਜਿਸ ਜ਼ਾਤ ਸਿਫ਼ਾਤ ਚੌਧਰਾਈ ਛੱਡੀ, ਮੇਰੇ ਵਾਸਤੇ ਚਾਰੀਆ ਖੋਲੀਆਂ ਨੀ ।
ਜਿਹੜਾ ਮੁਢ ਕਦੀਮ ਦਾ ਯਾਰ ਮੇਰਾ, ਜਿਸ ਚੂੰਡੀਆਂ ਕਵਾਰ ਦੀਆਂ ਖੋਲ੍ਹੀਆਂ ਨੀ ।
ਵਾਰਿਸ ਸ਼ਾਹ ਗੁਮਰ ਦੇ ਨਾਲ ਬੈਠਾ, ਨਾਹੀਂ ਬੋਲਦਾ ਮਾਰਦਾ ਬੋਲੀਆਂ ਨੀ ।
(ਜਨਾਬ=ਦਰਗਾਹ, ਨਿਆਜ਼ਮੰਦ=ਮੁਹਤਾਜ, ਗੋਲੀ=ਨੌਕਰ, ਦੂਣਾ=ਦੁੱਗਣਾਂ, ਢਾਂਡੀਆਂ ਖੋਲੀਆਂ=ਪਸ਼ੂ, ਗੁਮਰ=ਗ਼ੁੱਸੇ)
ਪਿਆ ਲਾਹਨਤੋਂ ਤੌਕ ਸ਼ੈਤਾਨ ਦੇ ਗਲ, ਉਹਨੂੰ ਰਬ ਨਾ ਅਰਸ਼ ਤੇ ਚਾੜ੍ਹਨਾ ਏਂ ।
ਝੂਠ ਬੋਲਿਆਂ ਜਿਨ੍ਹਾਂ ਵਿਆਜ ਖਾਧੇ, ਤਿਨ੍ਹਾਂ ਵਿੱਚ ਬਹਿਸ਼ਤ ਨਾ ਵਾੜਨਾ ਏਂ ।
ਅਸੀਂ ਜੀਊ ਦੀ ਮੇਲ ਚੁਕਾਇ ਬੈਠੇ, ਵਤ ਕਰਾਂ ਨਾ ਸੀਵਣਾ ਪਾੜਨਾ ਏਂ ।
ਸਾਨੂੰ ਮਾਰ ਲੈ ਭਈਅੜਾ-ਪਿੱਟੜੀ ਨੂੰ, ਚਾੜ੍ਹ ਸੀਖ ਉੱਤੇ ਜੇ ਤੂੰ ਚਾੜ੍ਹਨਾ ਏਂ ।
ਅੱਗੇ ਜੋਗੀ ਥੋਂ ਮਾਰ ਕਰਾਈਆ ਈ, ਹੁਣ ਹੋਰ ਕੀ ਪੜਤਣਾ ਪਾੜਨਾ ਏਂ ।
ਤੌਬਾ ਤੁਨ ਨਸੂਹਨ ਜੇ ਮੈਂ ਮੂੰਹੋਂ ਬੋਲਾਂ, ਨਕ ਵੱਢ ਕੇ ਗਧੇ ਤੇ ਚਾੜ੍ਹਨਾ ਏਂ ।
ਘਰ ਬਾਰ ਥੀਂ ਚਾਇ ਜਵਾਬ ਦਿੱਤਾ, ਹੋਰ ਆਖ ਕੀ ਸੱਚ ਨਿਤਾਰਨਾ ਏਂ ।
ਮੇਰੇ ਨਾਲ ਨਾ ਵਾਰਿਸਾ ਬੋਲ ਐਵੇਂ, ਮਤਾਂ ਹੋ ਜਾਈ ਕੋਈ ਕਾਰਨਾ ਏਂ ।
(ਤੌਕ =ਪੰਜਾਲੀ, ਵਤ = ਦੁਬਾਰਾ, ਪਾੜਨਾਂ ਸੀਵਣਾ = ਫਫਾਕੁਟਣੀਆਂ ਵਾਲਾ ਕੰਮ, ਤੌਬਾ ਤੁਨ ਨਸੂਹਨ = ਕਹਿੰਦੇ ਹਨ ਕਿ ਇੱਕ ਸੁਹਣੇ ਚੌਦਾਂ ਵਰ੍ਹਿਆਂ ਦੇ ਮੁੰਡੇ ਨੇ ਲੜਕੀ ਦਾ ਰੂਪ ਧਾਰ ਕੇ ਸ਼ਾਹੀ ਮਹਲ ਵਿੱਚ ਨੌਕਰੀ ਕਰ ਲਈ, ਉੱਥੇ ਉਹ ਰਾਣੀ ਨਾਲ ਨਜਾਇਜ਼ ਸਬੰਧ ਕਾਇਮ ਕਰ ਬੈਠਾ ।ਇੱਕ ਦਿਨ ਰਾਣੀ ਦਾ ਕੀਮਤੀ ਹਾਰ ਗੁਆਚ ਗਿਆ ।ਰਾਜੇ ਨੇ ਸਾਰੀਆਂ ਨੌਕਰਾਨੀਆਂ ਨੂੰ ਨੰਗਾ ਕਰਕੇ ਤਲਾਸ਼ੀ ਲੈਣ ਦਾ ਹੁਕਮ ਦਿੱਤਾ ।ਨਸੂਹ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ । ਉਸ ਨੇ ਰੱਬ ਅੱਗੇ ਗਿੜਗਿੜਾ ਕੇ ਅਰਦਾਸ ਕੀਤੀ ਕਿ ਜੇ ਮੈਂ ਹੁਣ ਬਚ ਜਾਵਾਂ ਤਾਂ ਸਾਰੀ ਉਮਰ ਬਦਕਾਰੀ ਅਤੇ ਗੁਨਾਹ ਤੋਂ ਤੌਬਾ ਕਰ ਲਵਾਂਗਾ ।ਰਬ ਦੀ ਕੁਦਰਤ ਗੁਆਚਾ ਹੋਇਆ ਹਾਰ ਮਿਲ ਗਿਆ ਅਤੇ ਨਸੂਹ ਨੇ ਬਾਕੀ ਸਾਰੀ ਉਮਰ ਨੇਕੀ ਦੀ ਜ਼ਿੰਦਗੀ ਵਿੱਚ ਬਤੀਤ ਕੀਤੀ)
ਆ ਸਹਿਤੀਏ ਵਾਸਤਾ ਰੱਬ ਦਾ ਈ, ਨਾਲ ਭਾਬੀਆਂ ਦੇ ਮਿੱਠਾ ਬੋਲੀਏ ਨੀ ।
ਹੋਈਏ ਪੀੜਵੰਡਾਵੜੇ ਸ਼ੁਹਦਿਆਂ ਦੇ, ਜ਼ਹਿਰ ਬਿਸੀਅਰਾਂ ਵਾਂਗ ਨਾ ਘੋਲੀਏ ਨੀ ।
ਕੰਮ ਬੰਦ ਹੋਵੇ ਪਰਦੇਸੀਆਂ ਦਾ, ਨਾਲ ਮਿਹਰ ਦੇ ਓਸ ਨੂੰ ਖੋਲ੍ਹੀਏ ਨੀ ।
ਤੇਰੇ ਜੇਹੀ ਨਿਨਾਣ ਹੋ ਮੇਲ ਕਰਨੀ, ਜੀਊ ਜਾਨ ਭੀ ਓਸ ਤੋਂ ਘੋਲੀਏ ਨੀ ।
ਜੋਗੀ ਚਲ ਮਨਾਈਏ ਬਾਗ਼ ਵਿੱਚੋਂ, ਹੱਥ ਬੰਨ੍ਹ ਕੇ ਮਿੱਠੜਾ ਬੋਲੀਏ ਨੀ ।
ਜੋ ਕੁੱਝ ਕਹੇ ਸੋ ਸਿਰੇ ਤੇ ਮੰਨ ਲਈਏ, ਗ਼ਮੀ ਸ਼ਾਦੀਉਂ ਮੂਲ ਨਾ ਡੋਲੀਏ ਨੀ ।
ਚਲ ਨਾਲ ਮੇਰੇ ਜੀਵੇਂ ਭਾਗ ਭਰੀਏ, ਮੇਲੇ ਕਰਨੀਏ ਵਿੱਚ-ਵਿਚੋਲੀਏ ਨੀ ।
ਕਿਵੇਂ ਮੇਰਾ ਤੇ ਰਾਂਝੇ ਦਾ ਮੇਲ ਹੋਵੇ, ਖੰਡ ਦੁੱਧ ਦੇ ਵਿੱਚ ਚਾ ਘੋਲੀਏ ਨੀ ।
(ਵੰਡਾਵਾੜੇ=ਵੰਡਾਉਣ ਵਾਲੇ, ਬਿਸੀਅਰ=ਜ਼ਹਿਰੀਲੇ,ਵਿਸ ਭਰੇ)