ਛੰਨੇ ਉੱਤੇ ਛੰਨਾ,
ਛੰਨਾ ਭਰਿਆ ਜਵੈਣ ਦਾ।
ਵੇਖ ਲੈ ਸ਼ਕੀਨਾ,
ਗਿੱਧਾ ਜੱਟੀ ਮਲਵੈਣ ਦਾ।
ਵੀਰ ਮੇਰੇ ਦੇ ਵਿਆਹ ਦੀਆਂ ਧੁੰਮਾਂ ਚਾਰ ਚੁਫੇਰੇ,
ਵਰ੍ਹਿਆਂ ਪਿੱਛੋਂ ਅੱਜ ਘਰ ਸਾਡੇ ਖੁਸ਼ੀਆਂ ਨੇ ਲਾਏ ਡੇਰੇ।
ਮਾਮੀਆਂ ਨੱਚਣ, ਭੈਣਾਂ ਨੱਚਣ, ਭਾਬੀਆਂ ਨੂੰ ਚਾਅ ਚੜ੍ਹਿਆ,
ਨੀ ਵਿਹੜਾ ਖੁਸ਼ੀਆਂ ਦੇ ਨਾਲ ਭਰਿਆ।
ਨੀ ਵਿਹੜਾ ਖੁਸ਼ੀਆਂ...
ਛੈਣੇ ਛੈਣੇ ਛੈਣੇ,
ਵਿੱਦਿਆ ਪੜ੍ਹਾ ਦੇ ਬਾਬਲਾ,
ਭਾਵੇਂ ਦੇਈਂ ਨਾ ਦਾਜ ਵਿੱਚ ਗਹਿਣੇ।
ਵਿੱਦਿਆ ਪੜ੍ਹਾ ਦੇ ਬਾਬਲਾ…
ਅੱਡੀ ਵੱਜਦੀ ਕੁੜੇ ਤੇਰੀ,
ਲੋਕਾਂ ਦੇ ਚੁਬਾਰੇ ਹਿੱਲਦੇ।
ਅੱਡੀ ਵੱਜਦੀ ਕੁੜੇ…
ਜੇਠ ਜਠਾਣੀ ਅੰਦਰ ਪੈਂਦੇ,
ਤੇਰਾ ਮੰਜਾ ਦਰ ਵਿੱਚ ਵੇ।
ਕੀ ਲੋਹੜਾ ਆ ਗਿਆ,
ਘਰ ਵਿੱਚ ਵੇ।
ਸੁਣ ਵੇ ਦਿਉਰਾ ਸ਼ਮਲੇ ਵਾਲਿਆ,
ਲੱਗੇਂ ਜਾਨ ਤੋਂ ਮਹਿੰਗਾ।
ਵੇ ਲੈ ਜਾ ਮੇਰਾ ਲੱਕ ਮਿਣ ਕੇ,
ਮੇਲੇ ਗਿਆ ਤਾਂ ਲਿਆ ਦਈਂ ਲਹਿੰਗਾ।
ਵੇ ਲੈ ਜਾ ਮੇਰਾ ਲੱਕ ਮਿਣ ਕੇ …
ਗੱਭਰੂ ਜੱਟਾਂ ਦਾ ਪੁੱਤ ਸ਼ੈਲ ਸ਼ਬੀਲਾ,
ਕੋਲੋਂ ਦੀ ਲੰਘ ਗਿਆ ਚੁੱਪ ਕਰ ਕੇ,
ਨੀ ਉਹ ਲੈ ਗਿਆ ਕਾਲਜਾ ਰੁੱਗ ਭਰਕੇ।
ਨੀ ਓਹ …
ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦੇ ਚਾਰ ਕੁੰਡੇ।
ਨੀ ਕਨੇਡਾ ਚੰਦਰੀ,
ਲੈ ਗਈ ਛਾਂਟ ਕੇ ਮੁੰਡੇ।
ਦਿਲ ਮੇਰੇ ਨੂੰ ਡੋਬ ਨੇ ਪੈਂਦੇ,
ਵੱਢ-ਵੱਢ ਖਾਣ ਜੁਦਾਈਆਂ।
ਮਾਹੀ ਨਾ ਆਇਆ,
ਲਿਖ-ਲਿਖ ਚਿੱਠੀਆਂ ਪਾਈਆਂ।
ਪੰਜ ਫੁੱਲਾਂ ਦਾ ਕੱਢਿਆ ਸਰ੍ਹਾਣਾ,
ਛੇਵੀਂ ਦਰੀ ਵਿਛਾਈ।
ਹੀਰੇ ਲਾਡਲੀਏ,
ਮਸਾਂ ਬੁੱਕਲ ਵਿੱਚ ਆਈ।
ਕਿੱਕਰ ਵੱਢੀ ਤਾਂ ਕੁਛ ਨਾ ਬਣਾਇਆ,
ਤੂਤ ਵੱਢੇ ਤੋਂ ਲਹਿੰਗਾ।
ਨੀ ਲਾ ਕੇ ਦੋਸਤੀਆਂ,
ਸੱਥ ਵਿਚਾਲੇ ਬਹਿੰਦਾ।
ਉੱਚੇ ਟਿੱਬੇ ਮੁੰਡਾ ਕਾਰ ਚਲਾਉਂਦਾ,
ਹਿਸਾਬ ਨਾ ਉਹਨੂੰ ਚਾਬੀ ਦਾ।
ਲੜ ਛੱਡ ਦੇ,
ਬੇਸ਼ਰਮਾਂ ਭਾਬੀ ਦਾ।