ਲੱਭਦਾ ਫਿਰਾਂ ਨੀ ਭਾਬੀ,
ਰੂਪ ਦੀਆਂ ਮੰਡੀਆਂ ‘ਚੋਂ,
ਰੰਗ ਤੇਰੇ ਰੰਗ ਵਰਗਾ।
ਲੱਕ ਪਤਲਾ ਸਰੀਰ ਹੌਲਾ,
ਵੰਗ ਵਰਗਾ।
ਜੇ ਮੁੰਡਿਆ ਤੂੰ ਮੈਨੂੰ ਨੱਚਦੀ ਦੇਖਣਾ,
ਗੜਵਾ ਲੈ ਦੇ ਚਾਂਦੀ ਦਾ ਵੇ।
ਲੱਕ ਹਿੱਲੇ ਮਜਾਜਣ ਜਾਂਦੀ ਦਾ ਵੇ।
ਲੱਕ ਹਿੱਲੇ …
ਸਾਉਣ ਮਹੀਨੇ ਮੀਂਹ ਨਹੀਂ ਪੈਂਦਾ,
ਲੋਕੀਂ ਘੜਨ ਸਕੀਮਾਂ।
ਮੌਲੇ ਤਾਂ ਹੁਣ ਹਲ਼ ਵਾਹੁਣੋਂ ਹਟਗੇ,
ਗੱਭਰੂ ਲੱਗਗੇ ਫੀਮਾਂ।
ਤੀਵੀਆਂ ਨੱਚਣੋਂ ਰਹਿ ਗਈਆਂ,
ਢਿੱਡ ਹੋ ਜਾਂਦੇ ਬੀਨਾਂ।
ਲਹਿੰਗਾ ਭਾਬੋ ਦਾ,
ਚੱਕ ਲਿਆ ਦਿਓਰ ਸ਼ਕੀਨਾਂ।
ਇੱਕ ਕਟੋਰਾ ਦੋ ਕਟੋਰੇ,
ਤੀਜਾ ਕਟੋਰਾ ਦਾਲ ਦਾ।
ਰੰਨਾਂ ਦਾ ਖਹਿੜਾ ਛੱਡ ਦੇ,
ਕੱਲ੍ਹ ਕੁੱਟਿਆ ਤੇਰੇ ਨਾਲ ਦਾ।
ਜੇ ਮੁੰਡਿਆ ਵੇ ਮੈਨੂੰ ਨਾਲ ਲਿਜਾਣਾ,
ਮਾਂ ਦਾ ਡਰ ਤੂੰ ਚੱਕ ਮੁੰਡਿਆ,
ਵੇ ਮੈਨੂੰ ਰੇਸ਼ਮੀ ਰੁਮਾਲ ਵਾਂਗੂੰ ਰੱਖ ਮੁੰਡਿਆ।
ਵੇ ਮੈਨੂੰ …
ਜਾ ਵੇ ਢੋਲਣਾ ਮੈਂ ਨੀ ਬੋਲਣਾ,
ਤੇਰੀ ਮੇਰੀ ਬੱਸ।
ਵੇ ਰਾਤੀਂ ਕਿੱਥੇ ਗਿਆ ਸੀ,
ਕਿੱਥੇ ਗਿਆ ਸੀ ਦੱਸ।
ਵੇ ਰਾਤੀਂ ….
ਰੜਕੇ ਰੜਕੇ ਰੜਕੇ,
ਤੇਰੇ ਨਾਲ ਗੱਲ ਕਰਨੀ,
ਜ਼ਰਾ ਸੁਣ ਲੈ ਮੋੜ ਤੇ ਖੜ੍ਹਕੇ...
ਥਾਲੀ ਉੱਤੇ ਥਾਲੀ,
ਥਾਲੀ ਉੱਤੇ ਛੰਨਾ ਜਾਲਮਾਂ।
ਵੇ ਮੈਂ ਰੁੱਸੀ ਕਦੇ ਨਾ ਮੰਨਾਂ ਜਾਲਮਾਂ।
ਵੇ ਮੈਂ ਰੁੱਸੀ ….
ਏਧਰ ਕਣਕਾਂ ਓਧਰ ਕਣਕਾਂ,
ਵਿੱਚ ਕਣਕਾਂ ਦੇ ਗੰਨੇ।
ਵੇ ਮੈਂ ਨੱਚਾਂ ਹਾਣੀਆਂ,
ਖੇਤਾਂ ਦੇ ਬੰਨੇ-ਬੰਨੇ।
ਵੇ ਮੈਂ ਨੱਚਾਂ ਹਾਣੀਆਂ...
ਨੱਚਾਂ ਨੱਚਾਂ ਨੱਚਾਂ,
ਨੀ ਮੈਂ ਅੱਗ ਵਾਂਗੂੰ ਮੱਚਾਂ।
ਮੇਰੀ ਨੱਚਦੀ ਦੀ ਝਾਂਜਰ ਛਣਕੇ ਨੀ,
ਮੈਂ ਨੱਚਣਾ ਪਟੋਲਾ ਬਣਕੇ ਨੀ।
ਮੈਂ ਨੱਚਣਾ ਪਟੋਲਾ ਬਣਕੇ...
ਵਿਹੜੇ ਦੇ ਵਿੱਚ ਖੜ੍ਹੀ ਭਾਬੀਏ,
ਮੈਂ ਤਾਂ ਨਿਗਾਹ ਟਿਕਾਈ।
ਤੂੰ ਤਾਂ ਸਾਨੂੰ ਯਾਦ ਨੀ ਕਰਦੀ,
ਮੈਂ ਨੀ ਦਿਲੋਂ ਭੁਲਾਈ।
ਤੇਰੇ ਨਖਰੇ ਨੇ,
ਅੱਗ ਕਾਲਜੇ ਲਾਈ।
ਉੱਚੇ ਟਿੱਬੇ ਮੈਂ ਭਾਂਡੇ ਮਾਂਜਦੀ,
ਉੱਤੋਂ ਰੁੜ੍ਹ ਗਈ ਥਾਲੀ।
ਕੈਦ ਕਰਾ ਦਊਂਗੀ,
ਮੈਂ ਡਿਪਟੀ ਦੀ ਸਾਲੀ।
ਕੈਦ ਕਰਾ ਦਊਂਗੀ ….