ਜੇ ਮੁੰਡਿਆ ਮੈਨੂੰ ਨੱਚਦੀ ਵੇਖਣਾ,
ਸੂਟ ਸਵਾ ਦੇ ਫਿੱਟ ਮੁੰਡਿਆ।
ਵੇ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡਿਆ।
ਵੇ ਮੇਰੀ ……
ਦਿਨ ਨਾ ਵੇਖਦਾ ਰਾਤ ਨਾ ਵੇਖਦਾ,
ਆ ਖੜਕਾਉਂਦਾ ਕੁੰਡਾ।
ਹਾੜ੍ਹਾ ਨੀ ਮੇਰਾ ਦਿਲ ਮੰਗਦਾ,
ਟੁੱਟ ਪੈਣਾ ਲੰਬੜਾਂ ਦਾ ਮੁੰਡਾ।
ਧੇਲੇ ਦੀ ਮੈ ਰੂੰ ਕਰਾਈ,
ਉਹ ਵੀ ਚੜ੍ਹਗੀ ਛੱਤੇ,
ਦੇਖੋ ਨੀ ਮੇਰੇ ਹਾਣ ਦੀਓ,
ਮੇਰਾ ਜੇਠ ਪੂਣੀਆਂ ਵੱਟੇ,
ਦੇਖੋ ਨੀ ਮੇਰੇ …….,
ਹੋਰਾਂ ਦੇ ਜੀਜੇ ਲੰਮ ਸਲੰਮੇ,
ਮੇਰਾ ਜੀਜਾ ਗਿੱਠ ਮੁਠੀਆ।
ਜਿਵੇਂ ਸੜਕ ਤੇ ਚਲਦਾ ਫਿੱਟ-ਫਿਟੀਆ।
ਜਿਵੇਂ ਸੜਕ ……..
ਤਰ ਵੇ ਤਰ ਵੇ ਤਰ ਵੇ,
ਮੇਰਾ ਮਾਝੇ ਸਾਕ ਨਾ ਕਰ ਵੇ,
ਮਾਝੇ ਦੇ ਜੱਟ ਬੁਰੇ ਸੁਣੀਦੇ,
ਊਠਾਂ ਨੂੰ ਪਾਉਂਦੇ ਖਲ ਵੇ,
ਖਲ ਤਾਂ ਮੈਥੋਂ ਕੁੱਟੀ ਨਾ ਜਾਵੇ,
ਗੁੱਤੋਂ ਲੈਂਦੇ ਫੜ ਵੇ,
ਮੇਰਾ ਉੱਡੇ ਡੋਰੀਆਂ,
ਮਹਿਲਾਂ ਵਾਲੇ ਘਰ ਵੇ,
ਮੇਰਾ ਉੱਡੇ………,
ਗਿੱਧੇ ਵਿੱਚ ਤੂੰ ਨੱਚਦੀ,
ਮਾਰ ਮਾਰ ਕੇ ਅੱਡੀ,
ਮੁੰਡੇ ਵੀ ਬੈਠੇ ਨੇ,
ਬੈਠੇ ਨੇ ਮੂੰਹ ਟੱਡੀ।
ਅੱਡੀ ਤਾਂ ਮੇਰੀ ਕੌਲ ਕੰਚ ਦੀ,
ਗੂਠੇ ਤੇ ਸਿਰਨਾਮਾ।
ਬਈ ਲਿਖ ਲਿਖ ਚਿੱਠੀਆਂ ਡਾਕੀ ਪਾਵਾਂ ,
ਧੁਰ ਦੇ ਪਤੇ ਮੰਗਾਵਾਂ।
ਮੁੰਡਿਆ ਨਾਂ ਦੱਸ ਜਾ,
ਜੋੜ ਬੋਲੀਆਂ ਪਾਵਾਂ।
ਮੁੰਡਿਆ ਨਾਂ….
ਛੋਲੇ ਛੋਲੇ ਛੋਲੇ,
ਬਾਪੂ ਨੂੰ ਭਰਮ ਪਿਆ,
ਧੀਏ ਕੌਣ ਨੀ ਚੁਬਾਰੇ ਵਿੱਚ ਬੋਲੇ,
ਕੱਲੀ ਬਾਪੂ ਮੈ ਹੋਵਾਂ,
ਦੂਜੀ ਗੁੂੰਜ ਚਰਖੇ ਦੀ ਬੋਲੇ,
ਜਾਨ ਲਕੋ ਮੁੰਡਿਆ,
ਹੋ ਚਰਖੇ ਦੇ ਉਹਲੇ।
ਜਾਨ ਲਕੋ ……
ਜੇ ਮੁੰਡਿਓ ਤੁਸੀਂ ਵਿਆਹ ਵੇ ਕਰਾਉਣਾ,
ਦਾਜ ਤੋਂ ਦੱਸੋ ਤੁਸੀਂ ਕੀ ਲੈਣਾ,
ਮੁੰਡਿਓ ਵੇ ਸੋਹਣੀ ਨਾਰ,
ਉਮਰਾਂ ਦਾ ਗਹਿਣਾ, ਮੁੰਡਿਓ ਵੇ...
ਨਾਹ ਧੋ ਕੇ ਮੁੰਡਾ ਖੁੰਢਾਂ ਉੱਤੇ ਬਹਿੰਦਾ,
ਅੱਡੀਆਂ ਦੀ ਮੈਲ ਨਾ ਲਾਹੁੰਦਾ ਨੀ,
ਮੁੰਡਾ ਰੰਨਾਂ ਪਸੰਦ ਨਾ ਲਿਆਉਂਦਾ ਨੀ।
ਸਾਉਣ ਦੇ ਮਹੀਨੇ ਜੀਅ ਨਾ ਕਰਦਾ ਸਹੁਰੇ ਜਾਣ ਨੂੰ,
ਮੁੰਡਾ ਫਿਰੇ ਨੀ ਗੱਡੀ ਜੋੜ ਕੇ ਲਿਜਾਣ ਨੂੰ।
ਰੰਗ ਸੱਪਾਂ ਦੇ ਵੀ ਕਾਲੇ…
ਰੰਗ ਸਾਧਾਂ ਦੇ ਵੀ ਕਾਲੇ…
ਸੱਪ ਕੀਲ ਕੇ ਪਟਾਰੀ ਵਿੱਚ ਬੰਦ ਹੋ ਗਿਆ…
ਮੁੰਡਾ ਗੋਰਾ ਰੰਗ ਦੇਖ ਕੇ ਮਲੰਗ ਹੋ ਗਿਆ...