ਚੱਕ ਲਿਆ ਟੋਕਰਾ ਚੱਲ ਪਈ ਖੇਤ ਨੂੰ,
ਮੈਂ ਵੀ ਮਗਰੇ ਆਇਆ।
ਵੱਟਾਂ ਖੇਤ ਸਾਰੇ ਫਿਰ ਗਿਆ,
ਤੇਰਾ ਮਨ੍ਹਾਂ ਨਾ ਥਿਆਇਆ।
ਪਾਣੀ ਪਿਆ ਪਤਲੋ,
ਮਰ ਗਿਆ ਯਾਰ ਤਿਹਾਇਆ।
ਤੇਰਾ ਮਾਰਾ ਮੈਂ ਖੜ੍ਹਿਆ ਮੋੜ ਤੇ,
ਲੱਤ ਸਾਈਕਲ ਤੋਂ ਲਾਹ ਕੇ।
ਨੀ ਪਾਸਾ ਮਾਰ ਕੇ ਲੰਘਦੀ ਕੋਲ ਦੀ,
ਝਾਂਜਰ ਨੂੰ ਛਣਕਾ ਕੇ।
ਨੀ ਮਨ ਪਰਦੇਸੀ ਦਾ,
ਲੈ ਗਈ ਅੱਖਾਂ ਵਿੱਚ ਪਾ ਕੇ।
ਵਿਹੜੇ ਦੇ ਵਿੱਚ ਪਈ ਆਂ ਭਾਬੀਏ,
ਹਰਾ ਮੂੰਗੀਆ ਤਾਣੀ।
ਵੀਰ ਤਾਂ ਮੇਰਾ ਨੌਕਰ ਉੱਠ ਗਿਆ,
ਆਪਾਂ ਹਾਣੋ ਹਾਣੀ।
ਮੱਚ ਗਿਆ ਤੇਰੇ ਤੇ,
ਛਿੜਕ ਭਾਬੀਏ ਪਾਣੀ।
ਨੌਕਰ ਨੂੰ ਤਾਂ ਨਾਰ ਪਿਆਰੀ,
ਜਿਉਂ ਵਾਹਣਾਂ ਨੂੰ ਪਾਣੀ।
ਲੱਗੀ ਦੋਸਤੀ ਚੱਕੀਆਂ ਸ਼ਰਮਾਂ,
ਰੋਟੀ ਕੱਠਿਆਂ ਖਾਣੀ।
ਭਿੱਜ ਗਈ ਬਾਹਰ ਖੜ੍ਹੀ,
ਤੈਂ ਛੱਤਰੀ ਨਾ ਤਾਣੀ।
ਅੰਗ ਅੰਗ ਚੋਂ ਜੋਬਨ ਡੁੱਲ੍ਹਦਾ,
ਕਿਹੜਾ ਦਰਜੀ ਨਾਪੂ।
ਵੇ ਕੁੜਤੀ ਲੈਣ ਜਾਣ ਨੂੰ,
ਭਾਵੇਂ ਵਿਕ ਜੇ ਮੁੰਡੇ ਦਾ ਬਾਪੂ।
ਵੇ ਕੁੜਤੀ …
ਉੱਚਾ ਬੁਰਜ ਬਰਾਬਰ ਮੋਰੀ,
ਦੀਵਾ ਕਿਸ ਬਿਧ ਧਰੀਏ।
ਚਾਰੇ ਨੈਣ ਕੱਟ ਵੱਢ ਹੋ ਗਏ,
ਹਾਮੀ ਕੀਹਦੀ ਭਰੀਏ।
ਨਾਰ ਬੇਗਾਨੀ ਦੀ,
ਬਾਂਹ ਨਾ ਮੂਰਖਾ ਫੜ੍ਹੀਏ...
ਦਿਨ ਚੜ੍ਹੇ ਬੁੱਢਾ ਚੱਲਿਆ ਖੇਤ ਨੂੰ,
ਖੇਤ ਨੱਕਾ ਕਰ ਆਵੇ।
ਘਰੇ ਆ ਕੇ ਬੁੱਢਾ ਬੋਲ ਮਾਰਦਾ,
ਨੂੰਹ ਤੋਂ ਕੁੰਡਾ ਖੁਲ੍ਹਾਵੇ।
ਨੂੰਹ ਵਾਲੀ ਤਾਂ ਛੱਡ ਸਕੀਰੀ,
ਬੁੱਢੜਾ ਆਖ ਸੁਣਾਵੇ।
ਬੁੱਢੇ ਦਾ ਸਵਾਲ ਸੁਣ ਕੇ,
ਨੂੰਹ ਨੂੰ ਪਸੀਨਾ ਆਵੇ।
ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦਾ ਪਤਾਸਾ।
ਚੁੰਨੀ ਨਾਲ ਸਿਰ ਢੱਕਦੀ,
ਨੰਗਾ ਰੱਖਦੀ ਕਲਿੱਪ ਵਾਲਾ ਪਾਸਾ।
ਚੁੰਨੀ ਨਾਲ ਸਿਰ ਢੱਕਦੀ...
ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਲਿਆਂਦਾ ਆਲੂ।
ਤੂੰ ਨਿਰੀ ਬਾਂਦਰੀ,
ਤੇ ਮੈਂ ਕਿਊੇਟ ਜਿਹਾ ਭਾਲੂ...
ਘੁੰਡ ਦਾ ਗਿੱਧੇ ਵਿੱਚ ਕੰਮ ਕੀ ਗੋਰੀਏ,
ਜਾਂ ਘੁੰਡ ਕੱਢਦੀ ਬਹੁਤੀ ਸੋਹਣੀ
ਜਾਂ ਘੁੰਡ ਕੱਢਦੀ ਕਾਣੀ।
ਤੂੰ ਤਾਂ ਮੈਨੂੰ ਦਿਸੇਂ ਮਜਾਜਣ,
ਘੁੰਡ ‘ਚੋਂ ਅੱਖ ਪਛਾਣੀ।
ਖੁੱਲ੍ਹ ਕੇ ਨੱਚ ਲੈ ਨੀ,
ਬਣ ਜਾ ਗਿੱਧੇ ਦੀ ਰਾਣੀ…
ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦੀ ਰੂੰ।
ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦੀ ਰੂੰ।
ਥੋੜ੍ਹੀ-ਥੋੜ੍ਹੀ ਮੈਂ ਵਿਗੜੀ,
ਬਹੁਤਾ ਵਿਗੜਿਆ ਤੂੰ।
ਥੋੜ੍ਹੀ-ਥੋੜ੍ਹੀ ਮੈਂ...
ਛੜਾ ਛੜਾ ਨਾ ਕਰਿਆ ਕਰ ਨੀ,
ਵੇਖ ਛੜੇ ਨਾਲ ਲਾ ਕੇ।
ਨੀ ਪਹਿਲਾਂ ਛੜਾ ਤੇਰੇ ਭਾਂਡੇ ਮਾਂਜੂ,
ਰੱਖੂ ਇਉਂ ਚਮਕਾ ਕੇ।
ਨੀ ਫੇਰ ਛੜਾ ਕੁੱਟੂ ਚਟਨੀ,
ਖੱਟੀ ਅੰਬੀ ਪਾ ਕੇ।
ਨੀ ਬਹਿ ਜਾ ਪੀੜ੍ਹੇ ਤੇ,
ਰੇਵ ਪਜਾਮੀ ਪਾ ਕੇ।
ਨੀ ਬਹਿ ਜਾ…