ਸਹੁਰੇ ਸਹੁਰੇ ਨਾ ਕਰਿਆ ਕਰ ਨੀ,
ਵੇਖ ਸਹੁਰੇ ਘਰ ਜਾ ਕੇ।
ਪਹਿਲਾਂ ਦਿੰਦੇ ਖੰਡ ਦੀਆਂ ਚਾਹਾਂ,
ਫੇਰ ਦਿੰਦੇ ਗੁੜ ਪਾ ਕੇ।
ਨੀ ਰੰਗ ਬਦਲ ਗਿਆ,
ਦੋ ਦਿਨ ਸਹੁਰੇ ਜਾ ਕੇ।
ਨੀ ਰੰਗ ਬਦਲ ਗਿਆ...
ਜਿੱਥੇ ਕੁੜੀਓ ਆਪਾਂ ਖੜ੍ਹੀਆਂ,
ਉੱਥੇ ਹੋਰ ਕੋਈ ਨਾ।
ਨੀ ਜਿੱਥੇ ਸੱਸ ਮੁਟਿਆਰ,
ਨੂੰਹ ਦੀ ਲੋੜ ਕੋਈ ਨਾ।
ਊਠਾਂ ਵਾਲਿਓ ਵੇ,
ਊਠ ਲੱਦੇ ਨੇ ਜਲੰਧਰ ਨੂੰ।
ਨਿੱਤ ਦਾਰੂ ਪੀਵੇ,
ਮੱਤ ਦਿਓ ਵੇ ਕੰਜਰ ਨੂੰ।
ਘਰ ਨੇ ਜਿਨ੍ਹਾਂ ਦੇ ਕੋਲੋਂ ਕੋਲੀ,
ਖੇਤ ਜਿਨ੍ਹਾਂ ਦੇ ਨਿਆਈਆਂ।
ਕੋਲੋਂ ਕੋਲੀ ਮਨ੍ਹੇ ਗਡਾ ਲਏ,
ਗੱਲਾਂ ਕਰਨ ਪਰਾਈਆਂ।
ਜੱਟਾਂ ਦੇ ਪੁੱਤ ਸਾਧੂ ਹੋ ਗਏ,
ਸਿਰ ਤੇ ਜਟਾਂ ਰਖਾਈਆਂ।
ਫੜ ਕੇ ਬਗਲੀ ਮੰਗਣ ਚੜ੍ਹ ਪਏ,
ਖੈਰ ਨਾ ਪਾਉਂਦੀਆਂ ਮਾਈਆਂ।
ਹੁਣ ਨਾ ਸਿਆਣਦੀਆਂ,
ਦਿਉਰਾਂ ਨੂੰ ਭਰਜਾਈਆਂ।
ਉੱਚੇ ਟਿੱਬੇ ਮੈਂ ਤਾਣਾ ਤਣਦੀ,
ਉੱਤੋਂ ਦੀ ਲੰਘ ਗਈ ਵੱਛੀ।
ਨੀ ਨਣਦੇ ਮੋਰਨੀਏ,
ਘਰ ਜਾਕੇ ਨਾ ਦੱਸੀਂ।
ਜੇ ਮੁੰਡਿਆ ਮੈਨੂੰ ਨੱਚਦੀ ਦੇਖਣਾ,
ਧਰਤੀ ਨੂੰ ਕਲੀ ਕਰਾਦੇ।
ਨੱਚੂੰਗੀ ਸਾਰੀ ਰਾਤ,
ਵੇ ਜਾ ਝਾਂਜਰ ਕਿਤੋਂ ਲਿਆ ਦੇ।
ਨੱਚੂੰਗੀ ਸਾਰੀ ਰਾਤ …
ਨੀ ਹੱਥੀਂ ਤੇਰੇ ਛਾਂਪਾਂ ਛੱਲੇ,
ਬਾਂਹੀ ਚੂੜਾ ਛਣਕੇ।
ਨੀ ਫਿਰ ਕਦੋਂ ਨੱਚੇਂਗੀ,
ਨੱਚ ਲੈ ਪਟੋਲਾ ਬਣਕੇ।
ਨੀ ਫਿਰ ਕਦੋਂ ਨੱਚੇਂਗੀ...
ਆ ਮਾਮੀ ਤੂੰ ਨੱਚ ਮਾਮੀ,
ਤੂੰ ਦੇਦੇ ਸ਼ੌਂਕ ਦਾ ਗੇੜਾ।
ਆ ਮਾਮੀ ਤੂੰ ਨੱਚ ਮਾਮੀ,
ਤੂੰ ਦੇਦੇ ਸ਼ੌਂਕ ਦਾ ਗੇੜਾ।
ਜੇ ਤੂੰ ਬਾਹਲੀ ਨਖਰੋ,
ਨੀ ਤੂੰ ਨੱਚ ਨੱਚ ਪੱਟ ਦੇ ਵਿਹੜਾ।
ਜੇ ਤੂੰ ਬਾਹਲੀ ਨਖਰੋ...
ਤਿੱਖਾ ਨੱਕ ਲਾਹੌਰੀ ਕੋਕਾ,
ਝੁਮਕੇ ਲੈਣ ਹੁਲਾਰੇ।
ਨੱਚਦੀ ਮੇਲਣ ਦੇ,
ਪੈਂਦੇ ਨੇ ਚਮਕਾਰੇ।
ਨੱਚਦੀ ਮੇਲਣ ਦੇ …
ਜੇ ਮੁੰਡਿਆ ਮੈਨੂੰ ਨੱਚਦੀ ਵੇਖਣਾ,
ਸੂਟ ਸਵਾ ਦੇ ਫਿੱਟ ਮੁੰਡਿਆ।
ਵੇ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡਿਆ।
ਵੇ ਮੇਰੀ ……
ਆ ਵੇ ਨਾਜਰਾ ਬਹਿ ਵੇ ਨਾਜਰਾ,
ਬੋਤਾ ਬੰਨ੍ਹ ਦਰਵਾਜੇ।
ਵੇ ਬੋਤੇ ਤੇਰੇ ਨੂੰ ਭਾਅ ਦਾ ਟੋਕਰਾ,
ਤੈਨੂੰ ਦੋ ਪਰਸ਼ਾਦੇ।
ਗਿੱਧੇ ਦੇ ਵਿੱਚ ਨੱਚਦੀ ਦੀ,
ਧਮਕ ਪਵੇ ਦਰਵਾਜੇ।
ਗਿੱਧੇ ਦੇ ਵਿੱਚ ….
ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ,
ਖਾਂਦੀ ਦੁੱਧ ਮਲਾਈਆਂ।
ਤੁਰਦੀ ਦਾ ਲੱਕ ਝੂਟੇ ਖਾਂਦਾ,
ਪੈਰੀਂ ਝਾਂਜਰਾਂ ਪਾਈਆਂ।
ਗਿੱਧੇ ਦੇ ਵਿੱਚ ਨੱਚਦੀ ਦਾ,
ਦੇਵੇ ਰੂਪ ਦੁਹਾਈਆਂ।
ਗਿੱਧੇ ਦੇ ਵਿੱਚ….