ਊਰੀ ਊਰੀ ਊਰੀ,
ਨੱਚਦੀ ਕਾਹਤੋਂ ਨੀ,
ਕਿ ਮਾਲਕ ਨੇ ਘੂਰੀ।
ਨੱਚਦੀ ਕਾਹਤੋਂ ਨੀ...
ਨੱਚਣ ਜਾਣਦੀ ਗਾਉਣ ਜਾਣਦੀ,
ਮੈਂ ਨਾ ਕਿਸੇ ਤੋਂ ਹਾਰੀ।
ਨੀ ਉੱਧਰ ਰੁਮਾਲ ਹਿੱਲਿਆ,
ਮੇਰੀ ਇੱਧਰ ਹਿੱਲੀ ਫੁਲਕਾਰੀ।
ਨੀ ਉੱਧਰ...
ਨਿੱਕੀ ਨਿੱਕੀ ਕਣੀ ਦਾ ਮੀਂਹ ਵਰ੍ਹਦਾ,
ਗੋਡੇ ਗੋਡੇ ਗਾਰਾ।
ਧੋਤੀ ਚੁੱਕ ਲੈ ਵੇ,
ਪਤਲੀ ਨਾਰ ਦਿਆ ਯਾਰਾ।
ਸੁਣ ਵੇ ਚਾਚਾ ਸੁਣ ਵੇ ਤਾਇਆ,
ਸੁਣ ਵੇ ਬਾਬਲਾ ਮੋਢੀ।
ਦਾਰੂ ਪੀਣੇ ਦੇ,
ਧੀ ਵੇ ਕੂੰਜ ਕਿਉਂ ਡੋਬੀ।
ਦਾਰੂ ਪੀਣੇ ਦੇ …
ਧਾਵੇ ਧਾਵੇ ਧਾਵੇ,
ਰਾਹ ਜਗਰਾਵਾਂ ਦੇ,
ਮੁੰਡਾ ਪੜ੍ਹਨ ਸਕੂਲੇ ਜਾਵੇ।
ਰਾਹ ਵਿੱਚ ਕੁੜੀ ਦਿਸਗੀ,
ਮੁੰਡਾ ਵੇਖ ਕੇ ਨੀਵੀਂਆਂ ਪਾਵੇ।
ਜਦ ਕੁੜੀ ਦੂਰ ਲੰਘ ਗਈ,
ਮੁੰਡਾ ਦੱਬ ਕੇ ਚੀਕਾਂ ਮਾਰੇ।
ਫ਼ੇਲ੍ਹ ਕਰਾਤਾ ਨੀਂ,
ਤੈਂ ਲੰਮੀਏ ਮੁਟਿਆਰੇ...
ਧਾਈਆਂ ਧਾਈਆਂ ਧਾਈਆਂ,
ਅਨਪੜ੍ਹ ਮਾਪਿਆਂ ਨੇ ਧੀਆਂ ਪੜ੍ਹਨ ਸਕੂਲੇ ਪਾਈਆਂ,
ਫੱਟੀ ਬਸਤਾ ਰੱਖਤਾ ਮੇਜ਼ ਤੇ,
ਕੱਪੜੇ ਧੋਣ ਨਹਿਰ ਤੇ ਆਈਆਂ।
ਨਹਿਰ ਵਾਲੇ ਬਾਬੂ ਨੇ,
ਫਿਰ ਸੀਟੀ ਮਾਰ ਬੁਲਾਈਆਂ,
ਛੱਡ ਦੇ ਬਾਂਹ ਬਾਬੂ,
ਅਸੀਂ ਨਾ ਮੰਗੀਆਂ ਨਾ ਵਿਆਹੀਆਂ...
ਧਾਈਏ ਧਾਈਏ ਧਾਈਏ,
ਧਰਤੀ ਪੁੱਟ ਸੁੱਟੀਏ,
ਅਸੀਂ ਜਿੱਥੇ ਮੇਲਣਾਂ ਜਾਈਏ।
ਧਰਤੀ ਪੁੱਟ ਸੁੱਟੀਏ …
ਭੀੜੀ ਗਲੀ ਵਿੱਚ ਹੋ ਗਏ ਟਾਕਰੇ,
ਦੇਖ ਕੇ ਪੈਂਦਾ ਹੱਸ ਵੇ।
ਤੇਰੇ ਦੰਦਾਂ ਨੇ ਮੋਹ ਲਈ,
ਦੰਦਾਂ ਦੀ ਦਾਰੂ ਦੱਸ ਵੇ।
ਕਾਹਦਾ ਕਰਦਾ ਗੁਮਾਨ,
ਹੱਥ ਅਕਲਾਂ ਨੂੰ ਮਾਰ।
ਸਾਰੇ ਪਿੰਡ ‘ਚ ਮੈਂ ਪਤਲੀ ਪਤੰਗ ਮੁੰਡਿਆ,
ਦੇਵਾਂ ਆਸ਼ਕਾਂ ਨੂੰ ਸੂਲੀ ਉੱਤੇ ਟੰਗ ਮੁੰਡਿਆ।
ਦੇਵਾਂ ਆਸ਼ਕਾਂ ਨੂੰ…
ਘੁੰਗਰੀਆਂ ਪਰਾਂਦੇ ਨੂੰ,
ਆਖ ਰਹੀ ਮੈਂ ਜਾਂਦੇ ਨੂੰ।
ਕਹਿ ਜਾਈਂ ਵੇ ਲਲਾਰੀ ਨੂੰ,
ਦੇ ਡੋਬਾ, ਦੇ ਡੋਬਾ ਫੁਲਕਾਰੀ ਨੂੰ।
ਦੇਖੋ ਨੀ ਸਈਓ,
ਮੇਰੀ ਘੜ੍ਹਤ ਤਵੀਤ ਦੀ।
ਸਾਂਭ ਲੈ ਹਵੇਲੀ,
ਜਿੰਦ ਜਾਂਦੀ ਐ ਵੇ ਬੀਤਦੀ।
ਆਪਣੇ ਬਾਰ ਨੂੰ ਤਖਤ ਲਵਾ ਲਏ,
ਮੇਰੇ ਬਾਰ ਨੂੰ ਸਰੀਏ।
ਜੇਠ ਜੀ ਦੀ ਵਾਰੀ,
ਦੂਰ ਖੜ੍ਹੇ ਗੱਲ ਕਰੀਏ।