ਗਨੇਰੀਆਂ ਗਨੇਰੀਆਂ ਗਨੇਰੀਆਂ,
ਕਾਲੀ ਪੱਗ ਨਾ ਬੰਨ੍ਹ ਵੇ,
ਤੈਨੂੰ ਨਜ਼ਰਾਂ ਲੱਗਣਗੀਆਂ ਮੇਰੀਆਂ।
ਨੱਕ ਵਿੱਚ ਤੇਰੇ ਲੌਂਗ ਤੇ ਮਛਲੀ,
ਮੱਥੇ ਚਮਕੇ ਟਿੱਕਾ।
ਨੀ ਤੇਰੇ ਮੂਹਰੇ ਚੰਨ ਅੰਬਰਾਂ ਦਾ,
ਲੱਗਦਾ ਫਿੱਕਾ ਫਿੱਕਾ।
ਜੇ ਤੂੰ ਸੁਨਿਆਰੇ ਕੋਲੋ ਨੱਤੀਆਂ ਕਰਾਉਣੀਆਂ,
ਮੈਨੂੰ ਵੀ ਕਰਾ ਦੇ ਸੱਗੀ ਮੁੰਡਿਆ,
ਵੇ ਤੇਰੇ ਮਗਰ ਫਿਰੂੰਗੀ ਭੱਜੀ ਮੁੰਡਿਆ।
ਵੇ ਤੇਰੇ ……
ਭੀੜੀ ਗਲੀ ਵਿੱਚ ਹੋ ਗਏ ਟਾਕਰੇ,
ਦੇਖ ਕੇ ਪੈਂਦਾ ਹੱਸ ਵੇ,
ਤੇਰੇ ਦੰਦਾਂ ਨੇ ਮੋਹ ਲਈ,
ਦੰਦਾਂ ਦੀ ਦਾਰੂ ਦੱਸ ਵੇ।
ਲੱਭਦਾ ਫਿਰੇਂ ਕੀ ਦਿਉਰਾ,
ਰੁੂਪ ਦੀਆਂ ਮੰਡੀਆਂ ‘ਚੋਂ,
ਬੰਨ੍ਹ ਕੇ ਤੂੰ ਪੱਗ ਵੇ ਨਵਾਬ ਵਰਗੀ।
ਤੇਰੇ ਜੱਟੀ ਨਾ ਪਸੰਦ ਵੇ,
ਸ਼ਰਾਬ ਵਰਗੀ।
ਤੂੰ ਹੱਸਦੀ ਦਿਲ ਰਾਜ਼ੀ ਮੇਰਾ,
ਲੱਗਦੇ ਬੋਲ ਪਿਆਰੇ।
ਜਾਨ ਭੌਰ ਦੀ ਲੈ ਲਈ ਮੁੱਠੀ ਵਿਚ,
ਤੈਂ ਲੰਮੀਏ ਮੁਟਿਆਰੇ।
ਆ ਕਿਧਰੇ ਦੋ ਗੱਲਾਂ ਕਰੀਏ,
ਬਹਿ ਕੇ ਨਦੀ ਕਿਨਾਰੇ।
ਹੁਬਕੀਂ ਰੋਣ ਖੜ੍ਹੇ,
ਤੇਰੇ ਹਿਜਰ ਦੇ ਮਾਰੇ।
ਤੇਰੀ ਮਾਂ ਬੜੀ ਕੁਪੱਤੀ,
ਮੈਨੂੰ ਪਾਉਣ ਨਾ ਦੇਵੇ ਜੁੱਤੀ,
ਵੇ ਮੈਂ ਜੁੱਤੀ ਪਾਉਣੀ ਐ,
ਮੁੰਡਿਆ ਰਾਜ਼ੀ ਰਹਿ ਜਾਂ ਗੁੱਸੇ,
ਤੇਰੀ ਮਾਂ ਖੜਕਾਉਣੀ ਐ…
ਮੁੰਡਿਆ ਰਾਜ਼ੀ ਰਹਿ ਜਾਂ ਗੁੱਸੇ,
ਤੇਰੀ ਮਾਂ ਖੜਕਾਉਣੀ ਐ…
ਗੱਡੀਰੇ ਭਰੇ ਲਾਹਣ ਦੇ,
ਤੇਰੀ ਵੇ ਮਜਾਲ ਮੇਰੇ ਪੇਕੇ ਨਹੀਂਓ ਜਾਣਦੇ।
ਤੇਰੀ ਵੇ….
ਇਸ਼ਕ ਇਸ਼ਕ ਨਾ ਕਰਿਆ ਕਰ ਨੀ,
ਸੁਣ ਲੈ ਇਸ਼ਕ ਦੇ ਕਾਰੇ।
ਏਸ ਇਸ਼ਕ ਨੇ ਸਿਖਰ ਦੁਪਹਿਰੇ,
ਕਈ ਲੁੱਟੇ ਕਈ ਮਾਰੇ।
ਪਹਿਲਾਂ ਏਸ ਨੇ ਦਿੱਲੀ ਲੁੱਟੀ,
ਫੇਰ ਗਈ ਬਲਖ ਬੁਖਾਰੇ।
ਨੀ ਤੇਰੀ ਫੋਟੋ 'ਤੇ,
ਸ਼ਰਤਾਂ ਲਾਉਣ ਕੁਮਾਰੇ...
ਸੁਣ ਵੇ ਮੁੰਡਿਆ ਜੈਕੇਟ ਵਾਲਿਆ,
ਜੈਕੇਟ ਲੱਗੇ ਪਿਆਰੀ,
ਇੱਕ ਦਿਲ ਕਰਦਾ ਲਾ ਲਵਾਂ ਦੋਸਤੀ,
ਵੇ ਇੱਕ ਦਿਲ ਕਰਦਾ ਲਾ ਲਵਾਂ ਦੋਸਤੀ ,ਇੱਕ ਦਿਲ ਕਰਦਾ ਯਾਰੀ।
ਤੇਰੀ ਜੈਕੇਟ ਨੇ ਪੱਟ ਤੀ ਕੁੜੀ ਕੁਵਾਰੀ
ਵੇ ਤੇਰੀ ਜੈਕੇਟ ਨੇ...
ਆ ਵੇ ਯਾਰਾ ਜਾ ਵੇ ਯਾਰਾ,
ਤੇਰੀਆਂ ਉਡੀਕਾਂ ਬੜੀਆਂ।
ਜਿਸ ਦਿਨ ਤੇਰਾ ਦੀਦਾਰ ਨਾ ਹੋਵੇ,
ਅੱਖੀਆਂ ਉਡੀਕਣ ਖੜ੍ਹੀਆਂ।
ਤੂੰ ਮੇਰਾ ਮੈਂ ਤੇਰੀ ਹੋ ਗਈ,
ਅੱਖਾਂ ਜਦ ਦੀਆਂ ਲੜੀਆਂ।
ਅੱਧੀ ਰਾਤ ਗਈ,
ਹੁਣ ਤੇ ਛੱਡਦੇ ਅੜੀਆਂ।
ਨੱਚ ਨੱਚ ਨੱਚ,
ਨੀ ਤੂੰ ਹੌਲੀ ਨੱਚ।
ਡਿੱਗ ਪਵੇ ਨਾ ਗਵਾਂਢੀਆਂ ਦੀ ਕੰਧ ਬੱਲੀਏ,
ਨੀ ਤੇਰਾ ਗਿੱਧਾ ਸਾਰੇ ਪਿੰਡ ਨੂੰ ਪਸੰਦ ਬੱਲੀਏ।
ਨੀ ਤੇਰਾ ਗਿੱਧਾ..