ਤਰ ਵੇ ਤਰ ਵੇ ਤਰ ਵੇ,
ਤੂੰ ਮਿੰਨਾ ਸੁਣੀਂਦਾ,
ਮੈਂ ਇੱਲਤਾਂ ਦੀ ਜੜ੍ਹ ਵੇ।
ਤੂੰ ਮਿੰਨਾ..
ਆਇਆ ਸਾਉਣ ਮਹੀਨਾ ਪਿਆਰਾ,
ਘਟਾ ਕਾਲੀਆਂ ਛਾਈਆਂ।
ਰਲ ਮਿਲ ਸਈਆਂ ਪਾਵਣ ਗਿੱਧੇ,
ਪੀਘਾਂ ਪਿੱਪਲੀਂ ਪਾਈਆਂ।
ਮੋਰ, ਪਪੀਹੇ, ਕੋਇਲਾਂ ਕੂਕਣ,
ਯਾਦਾਂ ਤੇਰੀਆਂ ਆਈਆਂ।
ਤੂੰ ਟਕਿਆਂ ਦਾ ਲੋਭੀ ਹੋ ਗਿਆ,
ਕਦਰਾਂ ਸਭ ਭੁਲਾਈਆਂ।
ਲੈ ਦਿਉਰਾ ਤੈਨੂੰ ਅੱਡ ਕਰ ਦਿੰਨੀ ਆਂ,
ਦੇ ਕੇ ਸੇਰ ਪੰਜੀਰੀ,
ਤੂੰ ਅੱਡ ਹੋ ਗਿਆ ਵੇ,
ਮੇਰੇ ਦੁੱਖਾਂ ਦਾ ਸੀਰੀ।
ਹਾੜ ਦਾ ਮਹੀਨਾ,ਚੋਵੇ ਮੱਥੇ ਤੋਂ ਪਸੀਨਾ,
ਵੇ ਕੀ ਧੁੱਪ ਧੁੱਪ ਲਾਈ ਐ।
ਤਾਣ ਛਤਰੀ ਵੇ ਜਿਹੜੀ ਲੰਡਨੋਂ ਮੰਗਾਈ ਐ।
ਤਾਣ……
ਊਠਾਂ ਵਾਲ਼ਿਓ ਵੇ,
ਊਠ ਲੱਦੇ ਨੇ ਬਠਿੰਡੇ ਨੂੰ।
ਟੈਰੀਕਾਟ ਲਿਆਦੇ ਵੇ,
ਖੱਦਰ ਖਾਂਦਾ ਪਿੰਡੇ ਨੂੰ।
ਲੰਮੀ ਧੌਣ ਤੇ ਸਜੇ ਤਵੀਤੀ,
ਮਧਰੀ ਧੌਣ ਤੇ ਵਾਲੇ।
ਰੋਟੀ ਲੈ ਕੇ ਚੱਲ ਪਈ ਖੇਤ ਨੂੰ,
ਦਿਉਰ ਮੱਝੀਆਂ ਚਾਰੇ।
ਆਉਂਦੀ ਨੂੰ ਕਹਿੰਦਾ ਜੀ ਨੀ ਭਾਬੀਏ,
ਜਾਂਦੀ ਨੂੰ ਅੱਖੀਆਂ ਮਾਰੇ।
ਟੁੱਟ ਪੈਣਾ ਵਿਗੜ ਗਿਆ,
ਬਿਨ ਮੁਕਲਾਈਆਂ ਭਾਲੇ।
ਮੋਗੇ ਦੇ ਵਿੱਚ ਖੁੱਲ੍ਹਿਆ ਕਾਲਜ,
ਵਿੱਚ ਪੜੇ ਕੰਤ ਹਮਾਰਾ
ਕੰਤ ਮੇਰੇ ਨੂੰ ਪੜ੍ਹਨਾ ਨਾਂ ਆਵੇ…
ਬਈ ਕੰਤ ਮੇਰੇ ਨੂੰ ਪੜ੍ਹਨਾ ਨਾਂ ਆਵੇ,
ਮੈਂ ਮਾਰਿਆ ਲਲਕਾਰਾ
ਟਿਊਸ਼ਨ ਰੱਖ ਲੈ ਵੇ,
ਪਤਲੀ ਨਾਰ ਦਿਆ ਯਾਰਾ
ਟਿਊਸ਼ਨ ਰੱਖ ਲੈ ਵੇ…
ਆ ਦਿਓਰਾ ਆਪਾਂ ਹਾੜ੍ਹੀ ਵੱਢੀਏ,
ਲਾ ਪਾਸੇ ਨਾਲ ਪਾਸਾ,
ਝਿੜਕਿਆ ਭਾਬੋ ਦਾ,
ਫਿਰਦਾ ਦਿਓਰ ਨਿਰਾਸ਼ਾ।
ਝਾਵਾਂ ਝਾਵਾਂ ਝਾਵਾਂ,
ਮਿੱਤਰਾਂ ਦੇ ਫੁਲਕੇ ਨੂੰ,
ਨੀ ਮੈਂ ਖੰਡ ਦਾ ਪੜੇਥਣ ਲਾਵਾਂ,
ਜਿੱਥੋਂ ਯਾਰਾ ਤੂੰ ਲੰਘਦਾ,
ਪੈੜ ਚੁੰਮ ਕੇ ਹਿੱਕ ਨਾਲ ਲਾਵਾਂ।
ਮੁੜ ਕੇ ਤਾਂ ਦੇਖ ਮਿੱਤਰਾ,
ਤੇਰੇ ਮਗਰ ਮੇਲ੍ਹਦੀ ਆਵਾਂ।
ਛਡਾ ਛੜੇ ਨੂੰ ਦੇਵੇ ਦਿਲਾਸਾ,
ਮੌਜ ਭਰਾਵੋ ਰਹਿੰਦੀ।
ਦੋ ਡੱਕਿਆਂ ਨਾਲ ਅੱਗ ਬਲ ਪੈਂਦੀ,
ਰੋਟੀ ਸੇਕ ਨਾਲ ਲਹਿੰਦੀ।
ਇਕ ਦੁੱਖ ਲੈ ਬੈਠਦਾ,
ਝਾਕ ਰੰਨਾਂ ਵਿੱਚ ਰਹਿੰਦੀ।
ਇਕ ਦੁੱਖ ……
ਆਪ ਤਾਂ ਪੀਂਦਾ ਨਿੱਤ ਸ਼ਰਾਬਾਂ,
ਮੇਰੇ ਤੋਂ ਡੁੱਲ੍ਹ ਗਈ ਦਾਲ।
ਵੇ ਜੈਤੋ ਦਾ ਕਿਲ੍ਹਾ ਟਪਾ ਦੂੰ,
ਜੇ ਕੱਢੀ ਮਾਂ ਦੀ ਗਾਲ।
ਵੇ ਜੈਤੋ ਦਾ ਕਿਲ੍ਹਾ ਟਪਾ ਦੂੰ,
ਜੇ ਕੱਢੀ ਮਾਂ ਦੀ ਗਾਲ...
ਚੁੱਲੇ ਪਕਾਵਾਂ ਰੋਟੀਆਂ,
ਕੋਈ ਹਾਰੇ ਧਰਦੀ ਦਾਲ,
ਸਾਰੀਆਂ ਖਾ ਗਿਆ ਰੋਟੀਆ,
ਤੇ ਸਾਰੀ ਪੀ ਗਿਆ ਦਾਲ,
ਵੇ ਜੈਤੋ ਦਾ ਕਿਲਾ ਦਿਖਾ ਦੂੰ,
ਜੇ ਕੱਢੀ ਮਾਂ ਦੀ ਗਾਲ,
ਵੇ ਜੈਤੋ …..,