ਖਾਣ ਨਾ ਜਾਣਦੀ ਪੀਣ ਨਾ ਜਾਣਦੀ,
ਖਾਣ ਜਾਣਦੀ ਮੇਵੇ।
ਬਈ ਜੱਟੀ ਫੁੱਟਬਾਲ ਵਰਗੀ,
ਸੁੱਤੀ ਪਈ ਵੀ ਟਿਕਣ ਨਾ ਦੇਵੇ।
ਜੇ ਜੱਟੀਏ ਜੱਟ ਕੁੱਟਣਾ ਹੋਵੇ,
ਕੁੱਟੀਏ ਸੰਦੂਕਾਂ ਉਹਲੇ।
ਨੀ ਪਹਿਲਾਂ ਜੱਟ ਤੋਂ ਮੱਕੀ ਪਿਹਾਈਏ,
ਫੇਰ ਪਿਹਾਈਏ ਛੋਲੇ।
ਨੀ ਜੱਟੀਏ ਦੇ ਦਬਕਾ,
ਜੱਟ ਫੇਰ ਨਾ ਬਰਾਬਰ ਬੋਲੇ।
ਦਿਓਰ ਮੇਰੇ ਨੇ ਇੱਕ ਦਿਨ ਲੜਕੇ,
ਖੂਹ ਤੇ ਪਾ ਲਿਆ ਚੁਬਾਰਾ।
ਤਿੰਨ ਭਾਂਤ ਦੀ ਇੱਟ ਲਵਾਈ,
ਚਾਰ ਭਾਂਤ ਦਾ ਗਾਰਾ।
ਆਕੜ ਕਾਹਦੀ ਵੇ,
ਜੱਗ ਤੇ ਫਿਰੇਂ ਕੁਆਰਾ।
ਆਕੜ ਕਾਹਦੀ ਵੇ...
ਛੜਾ ਛੜੇ ਨੂੰ ਦੇਵੇ ਦਿਲਾਸਾ,
ਮੌਜ ਭਰਾਵੋ ਰਹਿੰਦੀ।
ਦੋ ਡੱਕਿਆਂ ਨਾਲ ਅੱਗ ਬਲ ਪੈਂਦੀ,
ਰੋਟੀ ਸੇਕ ਨਾਲ ਲਹਿੰਦੀ।
ਇੱਕ ਦੁੱਖ ਲੈ ਬੈਠਦਾ,
ਝਾਕ ਰੰਨਾਂ ਵਿੱਚ ਰਹਿੰਦੀ।
ਇੱਕ ਦੁੱਖ ਲੈ ਬੈਠਦਾ…
ਗਿੱਧਾ ਪਾਇਆ ਮੇਲ ਨਚਾਇਆ,
ਹੋਗੀ ਜਾਣ ਦੀ ਤਿਆਰੀ।
ਹਾਕਾਂ ਘਰ ਵੱਜੀਆਂ,
ਛੱਡ ਮਿੱਤਰਾ ਫੁਲਕਾਰੀ।
ਹਾਕਾਂ ਘਰ …….
ਜੰਞੀਆਂ ਦੀ ਜੰਨ ਢੁੱਕੀ ਰਕਾਨੇ,
ਢੁੱਕੀ ਲੜ ਵਣਜਾਰੇ।
ਲੜ ਵਣਜਾਰੇ ਪਾਉਣ ਬੋਲੀਆਂ,
ਗੱਭਰੂ ਹੋ ਗਏ ਸਾਰੇ।
ਘੁੰਡ ਵਾਲੀ ਦੇ ਨੇਤਰ ਸੋਹਣੇ,
ਜਿਉਂ ਬੱਦਲਾਂ ਵਿੱਚ ਤਾਰੇ।
ਹੇਠਲੀ ਬਰੇਤੀ ਦਾ,
ਮੁੱਲ ਦੱਸ ਦੇ ਮੁਟਿਆਰੇ।
ਉੱਚੇ ਟਿੱਬੇ ਮੇਰਾ ਮੂੰਗੀ ਦਾ ਬੂਟਾ,
ਉਹਨੂੰ ਚਰ ਗਈ ਗਾਂ।
ਵੇ ਰੋਂਦਾ ਮੂੰਗੀ ਨੂੰ,
ਘਰ ਮਰਗੀ ਤੇਰੀ ਮਾਂ।
ਵੇ ਰੋਂਦਾ ਮੂੰਗੀ ਨੂੰ …
ਊਠਾਂ ਵਾਲਿਓ ਵੇ,
ਊਠ ਲੱਦੇ ਨੇ ਲਾਹੌਰ ਨੂੰ।
ਕੱਲੀ ਕੱਤਾਂ ਵੇ,
ਘਰ ਘੱਲਿਓ ਮੇਰੇ ਭੌਰ ਨੂੰ।
ਆਈਂ ਨੀ ਮੇਲਣੇ,
ਜਾਈਂ ਨੀ ਮੇਲਣੇ।
ਗਿੱਧੇ ਵਿੱਚ ਬਣ ਕੇ ਪਰਾਹੁਣੀ,
ਛਾਈਂ ਨੀ ਮੇਲਣੇ।
ਗਿੱਧੇ ਵਿੱਚ ਬਣ ਕੇ ...
ਗਿੱਧੇ ਵਿੱਚ ਤੂੰ ਨੱਚਦੀ,
ਮਾਰ-ਮਾਰ ਕੇ ਅੱਡੀ।
ਮੁੰਡੇ ਵੀ ਬੈਠੇ ਨੇ,
ਬੈਠੇ ਨੇ ਮੂੰਹ ਟੱਡੀ।
ਆਵਾਂ ਆਵਾਂ ਆਵਾਂ,
ਨੀ ਮੈਂ ਨੱਚਦੀ ਝੂੰਮਦੀ ਆਵਾਂ।
ਗਿੱਧਾ ਪਾਉ ਕੁੜੀਉ ਨੀ,
ਮੈਂ ਨੱਚ ਕੇ ਦਿਖਾਵਾਂ।
ਗਿੱਧਾ ਪਾਉ ਕੁੜੀਉ ਨੀ...
ਨੱਚ ਨੱਚ ਨੱਚ,
ਨੀ ਤੂੰ ਹੌਲੀ-ਹੌਲੀ ਨੱਚ।
ਡਿੱਗ ਪਵੇ ਨਾ ਗੁਆਂਢੀਆਂ ਦੀ ਕੰਧ ਬੱਲੀਏ,
ਨੀ ਤੇਰਾ ਗਿੱਧਾ ਸਾਰੇ ਪਿੰਡ ਨੂੰ ਪਸੰਦ ਬੱਲੀਏ।
ਨੀ ਤੇਰਾ ਗਿੱਧਾ ....