ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ,
ਇੱਕੋ ਤਬੀਤ ਇਹਦੇ ਘਰ ਦਾ ਨੀ,
ਜਦੋਂ ਪਾਵਾਂ ਤਾਂ ਲਾਹਦੇ-ਲਾਹਦੇ ਕਰਦਾ ਨੀ।
ਜਦੋਂ ਪਾਵਾਂ ਤਾਂ...
ਖੇਤ ਗਏ ਨੂੰ ਬਾਪੂ ਘੂਰਦਾ,
ਘਰੇ ਆਏ ਨੂੰ ਤਾਇਆ।
ਵੇ ਰਾਤੀਂ ਰੋਂਦਾ ਸੀ,
ਮਿੰਨਤਾਂ ਨਾਲ ਮਨਾਇਆ।
ਉੱਚੇ ਟਿੱਬੇ ਮੈਂ ਤਾਣਾ ਤਣਦੀ,
ਦੂਰ ਦਿਸੇ ਇੱਕ ਤਾਰਾ,
ਖੂਹ ਤੇ ਮਿਲ ਮੁੰਡਿਆ,
ਸ਼ੱਕ ਕਰਦਾ ਪਿੰਡ ਸਾਰਾ।
ਖੂਹ ਤੇ ਮਿਲ …
ਆ ਵੇ ਨਾਜਰਾ, ਬਹਿ ਵੇ ਨਾਜਰਾ,
ਬੋਤਾ ਬੰਨ੍ਹ ਦਰਵਾਜੇ।
ਵੇ ਬੋਤੇ ਤੇਰੇ ਨੂੰ ਭੋਅ ਦਾ ਟੋਕਰਾ,
ਤੈਨੂੰ ਦੋ ਪਰਸ਼ਾਦੇ।
ਖਾਲੀ ਮੁੜ ਜਾ ਵੇ, ਸਾਡੇ ਨਹੀਂ ਇਰਾਦੇ।
ਖਾਲੀ ਮੁੜ ਜਾ ਵੇ.....
ਕਾਲਜ ਦੇ ਵਿੱਚ ਪੜ੍ਹਦੈਂ ਮੁੰਡਿਆ,
ਖਾਨੈਂ ਸ਼ਹਿਰ ਦੇ ਮੇਵੇ।
ਆਉਂਦੀ ਜਾਂਦੀ ਨੂੰ ਨਿੱਤ ਵੇ ਛੇੜਦਾ,
ਮਨ ਵਿੱਚ ਬਹਿ ਗਿਆ ਮੇਰੇ।
ਖੜ੍ਹ ਕੇ ਗੱਲ ਸੁਣ ਜਾ,
ਨਾਲ ਚੱਲੂੰਗੀ ਤੇਰੇ।
ਨਾ ਵੇ ਪੂਰਨਾ ਚੋਰੀ ਕਰੀਏ,
ਨਾ ਵੇ ਮਾਰੀਏ ਡਾਕਾ।
ਬਾਰਾਂ ਬਰਸ ਦੀ ਸਜ਼ਾ ਬੋਲ ਜੂ,
ਪੀਹਣਾ ਪੈਜੂ ਆਟਾ।
ਨੇੜੇ ਆਈ ਦੀ ਬਾਂਹ ਨਾ ਫੜ੍ਹੀਏ,
ਲੋਕੀਂ ਕਹਿਣਗੇ ਡਾਕਾ।
ਕੋਠੀ ਪੂਰਨ ਦੀ,
ਵਿੱਚ ਪਰੀਆਂ ਦਾ ਵਾਸਾ।
ਇੱਕ ਕਟੋਰਾ ਦੋ ਕਟੋਰਾ,
ਤੀਜਾ ਕਟੋਰਾ ਲੱਸੀ ਦਾ।
ਗਲੀਆਂ ਵਿੱਚ ਫਿਰਨਾ ਛੱਡ ਦੇ,
ਕੋਈ ਅਫ਼ਸਰ ਆਇਆ ਦੱਸੀ ਦਾ।
ਆ ਵੇ ਯਾਰਾ ਬਹਿ ਵੇ ਯਾਰਾ,
ਦਿਲ ਦੀ ਆਖ ਸੁਣਾਵਾਂ।
ਜਾਕਟ ਲਿਆ ਮਿੱਤਰਾ,
ਜਿਹੜੀ ਕੁੜ੍ਹਤੀ ਹੇਠਾਂ ਦੀ ਪਾਵਾਂ।
ਕੁੜ੍ਹਤੀ ਦੀ ਵਿਉਂਤ ਬੁਰੀ,
ਵੇ ਹਿੱਕ ਦੇ ਹੇਠ ਗਲ਼ਾਵਾਂ।
ਕੁੰਜੀਆਂ ਇਸ਼ਕ ਦੀਆਂ,
ਕਿਸ ਜਿੰਦਰੇ ਨੂੰ ਲਾਵਾਂ।
ਦਿਲ ਤੇਰਾ ਜਿੱਤਣਾ ਸੀ ਮੁੰਡਿਆ ਸ਼ਕੀਨਾ,
ਦਿਲ ਤੇਰਾ ਜਿੱਤਣਾ ਸੀ ਮੁੰਡਿਆ ਸ਼ਕੀਨਾ,
ਪਰ ਆਪਣਾ ਮੈਂ ਸਭ ਕੁਝ ਹਾਰ ਗਈ ਵੇ,
ਕੁੜੀ ਪੱਗ ਦੇ ਪੇਚ ਉੱਤੇ ਮਰ ਗਈ ਵੇ।
ਕੁੜੀ ਪੱਗ ਦੇ ਪੇਚ ਉੱਤੇ...
ਅਸਾਂ ਕੁੜੀਏ ਤੇਰੀ ਤੋਰ ਨੀ ਦੇਖਣੀ,
ਕੀ ਅੱਗ ਲਾਉਣਾ ਗੜਵਾ ਚਾਂਦੀ ਦਾ ਨੀ।
ਲੱਕ ਟੁੱਟ ਜੂ ਹਲਾਰੇ ਖਾਂਦੀ ਦਾ ਨੀ।
ਲੱਕ ਟੁੱਟ ਜੂ…
ਭਾਬੀ-ਭਾਬੀ ਕੀ ਲਾਈ ਆ ਦਿਉਰਾ,
ਕੀ ਭਾਬੀ ਤੋਂ ਲੈਣਾ।
ਬੂਰੀ ਮਹਿੰ ਨੂੰ ਪੱਠੇ ਪਾ ਦੇ,
ਨਾਲੇ ਘੜਾ ਦੇ ਗਹਿਣਾ।
ਭਾਬੀ ਦਾ ਝਿੜਕਿਆ ਵੇ,
ਕੁਛ ਨੀ ਬੇਸ਼ਰਮਾ ਰਹਿਣਾ।
ਆਰੀ-ਆਰੀ-ਆਰੀ,
ਮੈਨੂੰ ਕਹਿੰਦਾ ਦੁੱਧ ਲਾਹ ਦੇ,
ਮੈਂ ਲਾਹ ਤੀ ਕਾੜ੍ਹਨੀ ਸਾਰੀ।
ਮੈਨੂੰ ਕਹਿੰਦਾ ਖੰਡ ਪਾ ਦੇ,
ਮੈਂ ਲੱਪ ਮਿਸਰੀ ਦੀ ਮਾਰੀ।
ਨਣਦੇ ਕੀ ਪੁੱਛਦੀ,
ਤੇਰੇ ਵੀਰ ਨੇ ਮਾਰੀ।