ਘੋੜੀ…… ਘੋੜੀ…… ਘੋੜੀ……
ਰਿਸ਼ਤੇ ਪਹਿਲਾਂ ਨਾ ਜੋੜੀਂ,
ਜੇ ਜੋੜ ਹੀ ਲਏ ਬੰਦਿਆ,
ਫਿਰ ਮੁੱਖ ਕਦੇ ਨਾ ਮੋੜੀਂ।
ਦਿਲ ਦੇ ਰਿਸ਼ਤੇ ਸੱਚੇ ਹੁੰਦੇ,
ਦਿਲ ਨਾ ਕਿਸੇ ਦਾ ਤੋੜੀਂ,
ਬੰਦਿਆ ਦਿਲ ਕਿਸੇ ਦਾ ਨਾ ਤੋੜੀਂ……
ਦਿਓਰ ਮੇਰੇ ਦਾ ਪਵੇ ਚੁਬਾਰਾ,
ਤਿੰਨ ਭਾਂਤ ਦੀ ਇੱਟ ਲੱਗੀ,
ਚਹੁੰ ਭਾਂਤ ਦਾ ਗਾਰਾ।
ਅੰਦਰੋਂ ਡਰ ਲੱਗਦਾ,
ਫਿਰੇ ਬੁਰਛਾ ਦਿਓਰ ਕੁਮਾਰਾ।
ਜਦ ਮੁੰਡਿਆ ਮੈਂ ਆਵਾਂ ਜਾਵਾਂ,
ਤੂੰ ਕੱਢਦਾ ਸੀ ਗੇੜੇ।
ਦਰਸ਼ਨ ਦੇ ਮੁੰਡਿਆ,
ਜਿਉਂਦੀ ਆਸਰੇ ਤੇਰੇ।
ਤੇਰੇ ਜਿਹੇ ਨੂੰ ਵੇ ਮੈਂ ਟਿੱਚ ਨਾ ਜਾਣਦੀ,
ਤੇਰਾ ਮੇਰਾ ਬਣਦਾ ਨਾ ਮੇਚ ਮੁੰਡਿਆ,
ਤੈਨੂੰ ਮੋਗੇ ਦੀ ਮੰਡੀ 'ਚ ਆਵਾਂ ਵੇਚ ਮੁੰਡਿਆ।
ਤੈਨੂੰ ਮੋਗੇ ਦੀ ਮੰਡੀ ….
ਗਨੇਰੀਆਂ ਗਨੇਰੀਆਂ ਗਨੇਰੀਆਂ,
ਕਾਲੀ ਪੱਗ ਨਾ ਬੰਨ੍ਹ ਵੇ,
ਤੈਨੂੰ ਨਜ਼ਰਾਂ ਲੱਗਣਗੀਆਂ ਮੇਰੀਆਂ।
ਤੇਲੀਆਂ ਦੇ ਘਰ ਚੋਰੀ ਹੋ ਗਈ,
ਚੋਰੀ ਹੋ ਗਈ ਰੂੰ।
ਵੇ ਜੈ ਵੱਢੀ ਦਿਆ,
ਵਿੱਚੇ ਸੁਣੀਂਦਾ ਤੂੰ।
ਵੇ ਜੈ ਵੱਢੀ….
ਨੱਕ ਵਿੱਚ ਤੇਰੇ ਲੌਂਗ ਤੇ ਮਛਲੀ,
ਮੱਥੇ ਚਮਕੇ ਟਿੱਕਾ।
ਨੀ ਤੇਰੇ ਮੂਹਰੇ ਚੰਨ ਅੰਬਰਾਂ ਦਾ,
ਲੱਗਦਾ ਫਿੱਕਾ ਫਿੱਕਾ।
ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਰਾਉਣੀਆਂ,
ਮੈਨੂੰ ਵੀ ਕਰਾ ਦੇ ਸੱਗੀ ਮੁੰਡਿਆ,
ਵੇ ਤੇਰੇ ਮਗਰ ਫਿਰੂੰਗੀ ਭੱਜੀ ਮੁੰਡਿਆ।
ਵੇ ਤੇਰੇ ਮਗਰ …
ਲੱਭਦਾ ਫਿਰੇਂ ਕੀ ਦਿਉਰਾ,
ਰੁੂਪ ਦੀਆਂ ਮੰਡੀਆਂ ‘ਚੋਂ,
ਬੰਨ੍ਹ ਕੇ ਤੂੰ ਪੱਗ ਵੇ ਨਵਾਬ ਵਰਗੀ।
ਤੇਰੇ ਜੱਟੀ ਨਾ ਪਸੰਦ ਵੇ,
ਸ਼ਰਾਬ ਵਰਗੀ।
ਤੇਰੀ ਮਾਂ ਬੜੀ ਕਪੱਤੀ,
ਮੈਨੂੰ ਪਾਉਣ ਨਾ ਦੇਵੇ ਜੁੱਤੀ।
ਵੇ ਮੈਂ ਜੁੱਤੀ ਪਾਉਣੀ ਐ,
ਮੁੰਡਿਆ ਰਾਜ਼ੀ ਰਹਿ ਜਾਂ ਗੁੱਸੇ,
ਤੇਰੀ ਮਾਂ ਖੜਕਾਉਣੀ ਐ।
ਮੁੰਡਿਆ ਰਾਜ਼ੀ ਰਹਿ ਜਾਂ ਗੁੱਸੇ...
ਗੱਡੇ ਭਰੇ ਲਾਹਣ ਦੇ,
ਤੇਰੀ ਵੇ ਮਜਾਲ,
ਮੇਰੇ ਪੇਕੇ ਨਹੀਂਓ ਜਾਣਦੇ।
ਤੇਰੀ ਵੇ ਮਜਾਲ….
ਇਸ਼ਕ ਇਸ਼ਕ ਨਾ ਕਰਿਆ ਕਰ ਨੀ,
ਸੁਣ ਲੈ ਇਸ਼ਕ ਦੇ ਕਾਰੇ।
ਏਸ ਇਸ਼ਕ ਨੇ ਸਿਖਰ ਦੁਪਹਿਰੇ,
ਕਈ ਲੁੱਟੇ ਕਈ ਮਾਰੇ।
ਪਹਿਲਾਂ ਏਸ ਨੇ ਦਿੱਲੀ ਲੁੱਟੀ,
ਫੇਰ ਗਈ ਬਲਖ ਬੁਖਾਰੇ।
ਨੀ ਤੇਰੀ ਫੋਟੋ 'ਤੇ,
ਸ਼ਰਤਾਂ ਲਾਉਣ ਕੁਮਾਰੇ...