ਇਸ਼ਕ ਇਸ਼ਕ ਨਾ ਕਰਿਆ ਕਰ ਨੀ,
ਸੁਣ ਲੈ ਇਸ਼ਕ ਦੇ ਕਾਰੇ।
ਏਸ ਇਸ਼ਕ ਨੇ ਸਿਖਰ ਦੁਪਹਿਰੇ,
ਕਈ ਲੁੱਟੇ ਕਈ ਮਾਰੇ।
ਪਹਿਲਾਂ ਏਸ ਨੇ ਦਿੱਲੀ ਲੁੱਟੀ,
ਫੇਰ ਗਈ ਬਲਖ ਬੁਖਾਰੇ।
ਨੀ ਤੇਰੀ ਫੋਟੋ 'ਤੇ,
ਸ਼ਰਤਾਂ ਲਾਉਣ ਕੁਮਾਰੇ...
ਵੀਰ ਮੇਰੇ ਦੇ ਵਿਆਹ ਦੀਆਂ ਧੁੰਮਾਂ ਚਾਰ ਚੁਫੇਰੇ,
ਵਰ੍ਹਿਆਂ ਪਿੱਛੋਂ ਅੱਜ ਘਰ ਸਾਡੇ ਖੁਸ਼ੀਆਂ ਨੇ ਲਾਏ ਡੇਰੇ।
ਮਾਮੀਆਂ ਨੱਚਣ, ਭੈਣਾਂ ਨੱਚਣ, ਭਾਬੀਆਂ ਨੂੰ ਚਾਅ ਚੜ੍ਹਿਆ,
ਨੀ ਵਿਹੜਾ ਖੁਸ਼ੀਆਂ ਦੇ ਨਾਲ ਭਰਿਆ।
ਨੀ ਵਿਹੜਾ ਖੁਸ਼ੀਆਂ...
ਆਉਣ ਨੇਰ੍ਹੀਆਂ ਵੇ ਜਾਣ ਨੇਰ੍ਹੀਆਂ,
ਮੁੰਡਿਆ ਸੱਥ ਦੇ ਵਿਚਾਲੇ ਗੱਲਾਂ ਹੋਣ ਤੇਰੀਆਂ।
ਵੇ ਮੁੰਡਿਆ ਸੱਥ ਦੇ...
ਛੰਨੇ ਉੱਤੇ ਛੰਨਾ,
ਛੰਨਾ ਭਰਿਆ ਜਵੈਣ ਦਾ।
ਵੇਖ ਲੈ ਸ਼ਕੀਨਾ,
ਗਿੱਧਾ ਜੱਟੀ ਮਲਵੈਣ ਦਾ।
ਜਿੱਥੇ ਕੁੜੀਓ ਆਪਾਂ ਖੜ੍ਹੀਆਂ,
ਉੱਥੇ ਹੋਰ ਕੋਈ ਨਾ।
ਨੀ ਜਿੱਥੇ ਸੱਸ ਮੁਟਿਆਰ,
ਨੂੰਹ ਦੀ ਲੋੜ ਕੋਈ ਨਾ।
ਲੱਭਦਾ ਫਿਰਾਂ ਨੀ ਭਾਬੀ,
ਰੂਪ ਦੀਆਂ ਮੰਡੀਆਂ ‘ਚੋਂ,
ਰੰਗ ਤੇਰੇ ਰੰਗ ਵਰਗਾ।
ਲੱਕ ਪਤਲਾ ਸਰੀਰ ਹੌਲਾ,
ਵੰਗ ਵਰਗਾ।
ਛੈਣੇ ਛੈਣੇ ਛੈਣੇ,
ਵਿੱਦਿਆ ਪੜ੍ਹਾ ਦੇ ਬਾਬਲਾ,
ਭਾਵੇਂ ਦੇਈਂ ਨਾ ਦਾਜ ਵਿੱਚ ਗਹਿਣੇ।
ਵਿੱਦਿਆ ਪੜ੍ਹਾ ਦੇ ਬਾਬਲਾ…
ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦਾ ਪਤਾਸਾ।
ਚੁੰਨੀ ਨਾਲ ਸਿਰ ਢੱਕਦੀ,
ਨੰਗਾ ਰੱਖਦੀ ਕਲਿੱਪ ਵਾਲਾ ਪਾਸਾ।
ਚੁੰਨੀ ਨਾਲ ਸਿਰ ਢੱਕਦੀ...
ਧੱਫ਼ਾ ਨਹੀਉਂ ਮਾਰਦਾ,
ਮੁੱਕਾ ਨਹੀਉਂ ਮਾਰਦਾ,
ਮਾਰਦਾ ਪੰਜਾਲੀ ਵਾਲਾ ਹੱਥਾ।
ਪੰਜਾਲੀ ਟੁੱਟ ਜਾਊਗੀ,
ਮੂਰਖਾ ਵੇ ਜੱਟਾ।
ਪੰਜਾਲੀ ਟੁੱਟ ਜਾਊਗੀ …