ਘਰ ਨੇ ਜਿਨ੍ਹਾਂ ਦੇ ਕੋਲੋਂ ਕੋਲੀ,
ਖੇਤ ਜਿਨ੍ਹਾਂ ਦੇ ਨਿਆਈਆਂ।
ਕੋਲੋਂ ਕੋਲੀ ਮਨ੍ਹੇ ਗਡਾ ਲਏ,
ਗੱਲਾਂ ਕਰਨ ਪਰਾਈਆਂ।
ਜੱਟਾਂ ਦੇ ਪੁੱਤ ਸਾਧੂ ਹੋ ਗਏ,
ਸਿਰ ਤੇ ਜਟਾਂ ਰਖਾਈਆਂ।
ਫੜ ਕੇ ਬਗਲੀ ਮੰਗਣ ਚੜ੍ਹ ਪਏ,
ਖੈਰ ਨਾ ਪਾਉਂਦੀਆਂ ਮਾਈਆਂ।
ਹੁਣ ਨਾ ਸਿਆਣਦੀਆਂ,
ਦਿਉਰਾਂ ਨੂੰ ਭਰਜਾਈਆਂ।
ਆਉਣ ਨੇਰ੍ਹੀਆਂ ਵੇ ਜਾਣ ਨੇਰ੍ਹੀਆਂ,
ਮੁੰਡਿਆ ਸੱਥ ਦੇ ਵਿਚਾਲੇ ਗੱਲਾਂ ਹੋਣ ਤੇਰੀਆਂ।
ਵੇ ਮੁੰਡਿਆ ਸੱਥ ਦੇ...
ਜੇ ਮੁੰਡਿਆ ਵੇ ਮੈਨੂੰ ਨਾਲ ਲਿਜਾਣਾ,
ਮਾਂ ਦਾ ਡਰ ਤੂੰ ਚੱਕ ਮੁੰਡਿਆ,
ਵੇ ਮੈਨੂੰ ਰੇਸ਼ਮੀ ਰੁਮਾਲ ਵਾਂਗੂੰ ਰੱਖ ਮੁੰਡਿਆ।
ਵੇ ਮੈਨੂੰ …
ਜਿੱਥੇ ਕੁੜੀਓ ਆਪਾਂ ਖੜ੍ਹੀਆਂ,
ਉੱਥੇ ਹੋਰ ਕੋਈ ਨਾ।
ਨੀ ਜਿੱਥੇ ਸੱਸ ਮੁਟਿਆਰ,
ਨੂੰਹ ਦੀ ਲੋੜ ਕੋਈ ਨਾ।
ਵਿਹੜੇ ਦੇ ਵਿੱਚ ਖੜ੍ਹੀ ਭਾਬੀਏ,
ਮੈਂ ਤਾਂ ਨਿਗਾਹ ਟਿਕਾਈ।
ਤੂੰ ਤਾਂ ਸਾਨੂੰ ਯਾਦ ਨੀ ਕਰਦੀ,
ਮੈਂ ਨੀ ਦਿਲੋਂ ਭੁਲਾਈ।
ਤੇਰੇ ਨਖਰੇ ਨੇ,
ਅੱਗ ਕਾਲਜੇ ਲਾਈ।
ਲੱਭਦਾ ਫਿਰਾਂ ਨੀ ਭਾਬੀ,
ਰੂਪ ਦੀਆਂ ਮੰਡੀਆਂ ‘ਚੋਂ,
ਰੰਗ ਤੇਰੇ ਰੰਗ ਵਰਗਾ।
ਲੱਕ ਪਤਲਾ ਸਰੀਰ ਹੌਲਾ,
ਵੰਗ ਵਰਗਾ।
ਛੈਣੇ ਛੈਣੇ ਛੈਣੇ,
ਵਿੱਦਿਆ ਪੜ੍ਹਾ ਦੇ ਬਾਬਲਾ,
ਭਾਵੇਂ ਦੇਈਂ ਨਾ ਦਾਜ ਵਿੱਚ ਗਹਿਣੇ।
ਵਿੱਦਿਆ ਪੜ੍ਹਾ ਦੇ ਬਾਬਲਾ…
ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦਾ ਪਤਾਸਾ।
ਚੁੰਨੀ ਨਾਲ ਸਿਰ ਢੱਕਦੀ,
ਨੰਗਾ ਰੱਖਦੀ ਕਲਿੱਪ ਵਾਲਾ ਪਾਸਾ।
ਚੁੰਨੀ ਨਾਲ ਸਿਰ ਢੱਕਦੀ...
ਧੱਫ਼ਾ ਨਹੀਉਂ ਮਾਰਦਾ,
ਮੁੱਕਾ ਨਹੀਉਂ ਮਾਰਦਾ,
ਮਾਰਦਾ ਪੰਜਾਲੀ ਵਾਲਾ ਹੱਥਾ।
ਪੰਜਾਲੀ ਟੁੱਟ ਜਾਊਗੀ,
ਮੂਰਖਾ ਵੇ ਜੱਟਾ।
ਪੰਜਾਲੀ ਟੁੱਟ ਜਾਊਗੀ …