ਇੱਕ ਤੇਲ ਦੀ ਕੁੱਪੀ,
ਇੱਕ ਘਿਓ ਦੀ ਕੁੱਪੀ।
ਰਿਹਾ ਕੋਲ ਤੂੰ ਖੜ੍ਹਾ,
ਵੇ ਮੈਂ ਜੇਠ ਨੇ ਕੁੱਟੀ।
ਸਹੁਰੇ ਮੇਰੇ ਨੇ ਜੁੱਤੀ ਭੇਜੀ,
ਉਹ ਵੀ ਮੇਰੇ ਤੰਗ।
ਨੀ ਮੈਂ ਕਰਾਂ ਵਡਿਆਈਆਂ,
ਸਹੁਰੇ ਮੇਰੇ ਨੰਗ।
ਤਰ ਵੇ ਤਰ ਵੇ ਤਰ ਵੇ,
ਤੂੰ ਮਿੰਨਾ ਸੁਣੀਂਦਾ,
ਮੈਂ ਇੱਲਤਾਂ ਦੀ ਜੜ੍ਹ ਵੇ।
ਤੂੰ ਮਿੰਨਾ ਸੁਣੀਂਦਾ ...
ਗਿੱਧਾ ਗਿੱਧਾ ਕਰੇਂ ਮੇਲਣੇਂ, ਗਿੱਧਾ ਪਊ ਬਥੇਰਾ।
ਨਜ਼ਰ ਮਾਰ ਕੇ ਵੇਖ ਮੇਲਣੇਂ, ਭਰਿਆ ਪਿਆ ਬਨੇਰਾ।
ਸਾਰੇ ਪਿੰਡ ਦੇ ਲੋਕੀਂ ਆ ਗਏ, ਕੀ ਬੁੱਢੜਾ ਕੀ ਠੇਰਾ,
ਮੇਲਣੇਂ ਨੱਚਲੈ ਨੀਂ, ਦੇ ਲੈ ਸ਼ੌਂਕ ਦਾ ਗੇੜਾ।
ਮੇਲਣੇਂ ਨੱਚਲੈ ਨੀਂ...
ਜੀਜਾ ਲੱਕ ਨੂੰ ਖੁਰਕਦਾ ਆਵੇ,
ਮੇਰੇ ਭਾਦਾ ਪੈਸੇ ਵਾਰਦਾ।
ਜੀਜਾ ਲੱਕ ਨੂੰ …
ਲੋਕਾਂ ਦੇ ਗੱਡੇ ਹਾਰ ਸ਼ਿੰਗਾਰੇ,
ਸਾਡੇ ਗੱਡੇ ਨੂੰ ਘੁਣ ਵੇ।
ਤੂੰ ਬੁੱਢਾ ਸੁਣੀਂਦਾ,
ਮੇਰੇ ਤੇ ਜਵਾਨੀ ਹੁਣ ਵੇ।
ਟੁੱਟੀ ਮੰਜੀ ਜੇਠ ਦੀ,
ਪਹਿਲਾ ਹੀ ਪੈਰ ਧਰਿਆ।
ਨੀ ਮਾਂ ਮੇਰੇ ਏਥੇ,
ਏਥੇ ਹੀ ਨੂੰਹਾਂ ਲੜਿਆ।
ਨੀ ਮਾਂ ਮੇਰੇ …
ਅੰਬ ਦੀ ਟਾਹਣੀ ਤੋਤਾ ਬੈਠਾ,
ਬੈਠਾ-ਬੈਠਾ ਬਿੱਠ ਕਰ ਗਿਆ,
ਮੇਰੀ ਭਰੀ ਜਵਾਨੀ ਠਿੱਠ ਕਰ ਗਿਆ।
ਨੀ ਮੇਰੀ ਭਰੀ ਜਵਾਨੀ....
ਛੰਨਾ ਭਰਿਆ ਦੁੱਧ ਦਾ,
ਇਹ ਡੋਲ੍ਹਣਾ ਵੀ ਨਹੀਂ,
ਹੋਰ ਭਰਨਾ ਵੀ ਨਹੀਂ।
ਤੈਨੂੰ ਛੱਡਣਾ ਵੀ ਨਹੀਂ,
ਹੋਰ ਕਰਨਾ ਵੀ ਨਹੀਂ।
ਜੇ ਕਰਿਆ ਕਰੂ ਤੇਰਾ ਮਾਮਾ,
ਏਥੇ ਮੇਰੀ ਨੱਥ ਡਿੱਗ ਪਈ,
ਨਿਉਂ ਕੇ ਚੱਕੀਂ ਜਵਾਨਾ।
ਏਥੇ ਮੇਰੀ ਨੱਥ …
ਦਿਨ ਨਾ ਵੇਖਦਾ ਰਾਤ ਨਾ ਵੇਖਦਾ,
ਆ ਖੜਕਾਉਂਦਾ ਕੁੰਡਾ।
ਹਾੜ੍ਹਾ ਨੀ ਮੇਰਾ ਦਿਲ ਮੰਗਦਾ,
ਟੁੱਟ ਪੈਣਾ ਲੰਬੜਾਂ ਦਾ ਮੁੰਡਾ।
ਧੇਲੇ ਦੀ ਮੈਂ ਰੂੰ ਕਰਾਈ,
ਉਹ ਵੀ ਚੜ੍ਹਗੀ ਛੱਤੇ।
ਦੇਖੋ ਨੀ ਮੇਰੇ ਹਾਣ ਦੀਓ,
ਮੇਰਾ ਜੇਠ ਪੂਣੀਆਂ ਵੱਟੇ।
ਦੇਖੋ ਨੀ ਮੇਰੇ …
ਹੋਰਾਂ ਦੇ ਜੀਜੇ ਲੰਮ ਸਲੰਮੇ,
ਮੇਰਾ ਜੀਜਾ ਗਿੱਠ ਮੁਠੀਆ,
ਜਿਵੇਂ ਸੜਕ ਤੇ ਚਲਦਾ ਫਿੱਟ-ਫਿਟੀਆ।
ਜਿਵੇਂ ਸੜਕ …