ਜਿਵੇਂ ਸੁਬ੍ਹਾ ਦੀ ਕਜ਼ਾ ਨਮਾਜ਼ ਹੁੰਦੀ, ਰਾਜ਼ੀ ਹੋ ਇਬਲੀਸ ਭੀ ਨੱਚਦਾ ਏ ।
ਤਿਵੇਂ ਸਹਿਤੀ ਦੇ ਜੀਊ ਵਿੱਚ ਖ਼ੁਸ਼ੀ ਹੋਈ, ਜੀਊ ਰੰਨ ਦਾ ਛੱਲੜਾ ਕੱਚ ਦਾ ਏ ।
ਜਾ ਬਖ਼ਸ਼ਿਆ ਸਭ ਗੁਨਾਹ ਤੇਰਾ, ਤੈਨੂੰ ਇਸ਼ਕ ਕਦੀਮ ਤੋਂ ਸੱਚ ਦਾ ਏ ।
ਵਾਰਿਸ ਸ਼ਾਹ ਚਲ ਯਾਰ ਮਨਾ ਆਈਏ, ਏਥੇ ਨਵਾਂ ਅਖਾਰੜਾ ਮੱਚਦਾ ਏ ।
(ਕਜ਼ਾ=ਸਵੇਰ ਦੀ ਨਮਾਜ਼ ਖਰਾਬ ਹੋ ਜਾਵੇ)
ਸਹਿਤੀ ਖੰਡ ਮਲਾਈ ਦਾ ਥਾਲ ਭਰਿਆ, ਚਾਇ ਕਪੜੇ ਵਿੱਚ ਲੁਕਾਇਆ ਈ ।
ਜੇਹਾ ਵਿੱਚ ਨਮਾਜ਼ ਵਿਸ਼ਵਾਸ ਗ਼ੈਬੋਂ, ਅਜ਼ਾਜ਼ੀਲ ਬਣਾ ਲੈ ਆਇਆ ਈ ।
ਉੱਤੇ ਪੰਜ ਰੁਪਏ ਸੂ ਰੋਕ ਰੱਖੇ, ਜਾਇ ਫ਼ਕਰ ਥੇ ਫੇਰੜਾ ਪਾਇਆ ਈ ।
ਜਦੋਂ ਆਂਵਦੀ ਜੋਗੀ ਨੇ ਉਹ ਡਿੱਠੀ, ਪਿਛਾਂ ਆਪਣਾ ਮੁਖ ਭਵਾਇਆ ਈ ।
ਅਸਾਂ ਰੂਹਾਂ ਬਹਿਸ਼ਤੀਆਂ ਬੈਠੀਆਂ ਨੂੰ, ਤਾਉ ਦੋਜ਼ਖ਼ੇ ਦਾ ਕੇਹਾ ਆਇਆ ਈ ।
ਤਲਬ ਮੀਂਹ ਦੀ ਵਗਿਆ ਆਣ ਝੱਖੜ, ਯਾਰੋ ਆਖ਼ਰੀ ਦੌਰ ਹੁਣ ਆਇਆ ਈ ।
ਸਹਿਤੀ ਬੰਨ੍ਹ ਕੇ ਹੱਥ ਸਲਾਮ ਕੀਤਾ, ਅੱਗੋਂ ਮੂਲ ਜਵਾਬ ਨਾ ਆਇਆ ਈ ।
ਆਮਿਲ ਚੋਰ ਤੇ ਚੌਧਰੀ ਜਟ ਹਾਕਮ, ਵਾਰਿਸ ਸ਼ਾਹ ਨੂੰ ਰੱਬ ਵਿਖਾਇਆ ਈ ।
(ਵਿਸ਼ਵਾਸ=ਪੂਰਾ ਯਕੀਨ, ਤਾਉ=ਸੇਕ)
ਜਦੋਂ ਖ਼ਲਕ ਪੈਦਾ ਕੀਤੀ ਰੱਬ ਸੱਚੇ, ਬੰਦਿਆਂ ਵਾਸਤੇ ਕੀਤੇ ਨੇ ਇਹ ਪਸਾਰੇ ।
ਰੰਨਾਂ ਛੋਕਰੇ ਜਿੰਨ ਸ਼ੈਤਾਨ ਰਾਵਲ, ਕੁੱਤਾ ਕੁੱਕੜੀ ਬਕਰੀ ਉੱਠ ਸਾਰੇ ।
ਏਹਾ ਮੂਲ ਫ਼ਸਾਦ ਦਾ ਹੋਏ ਪੈਦਾ, ਜਿਨ੍ਹਾਂ ਸਭ ਜਗਤ ਦੇ ਮੌਲ ਮਾਰੇ ।
ਆਦਮ ਕਢ ਬਹਿਸ਼ਤ ਥੀਂ ਖ਼ਵਾਰ ਕੀਤਾ, ਇਹ ਡਾਇਣਾਂ ਧੁਰੋਂ ਹੀ ਕਰਨ ਕਾਰੇ ।
ਇਹ ਕਰਨ ਫ਼ਕੀਰ ਚਾ ਰਾਜਿਆਂ ਨੂੰ, ਇਹਨਾਂ ਰਾਉ ਰਜ਼ਾਦੜੇ ਸਿੱਧ ਮਾਰੇ ।
ਵਾਰਿਸ ਸ਼ਾਹ ਜੋ ਹੁਨਰ ਸਭ ਵਿੱਚ ਮਰਦਾਂ, ਅਤੇ ਮਹਿਰੀਆਂ ਵਿੱਚ ਨੇ ਐਬ ਭਾਰੇ ।
(ਮੂਲ = ਜੜ੍ਹ, ਮੌਲ=ਹਰਿਆਈ, ਫ਼ਸਾਦ ਦੀਆਂ ਅੱਠ ਜੜ੍ਹਾਂ=1. ਰੰਨ, 2 ਛੋਕਰਾ, 3.ਜਿੰਨ, 4. ਰਾਵਲ, 5. ਕੁੱਤਾ, 6. ਕੁਕੜੀ, 7.ਬੱਕਰੀ, 8. ਊਠ, ਰਜ਼ਾਦੜੇ= ਰਾਏਜ਼ਾਦੜੇ ਭਾਵ ਬਾਦਸ਼ਾਹਾਂ ਦੇ ਪੁੱਤ)
ਸਹਿਤੀ ਆਖਿਆ ਪੇਟ ਨੇ ਖ਼ੁਆਰ ਕੀਤਾ, ਕਣਕ ਖਾ ਬਹਿਸ਼ਤ ਥੀਂ ਕੱਢਿਆ ਈ ।
ਆਈ ਮੈਲ ਤਾਂ ਜੰਨਤੋਂ ਮਿਲੇ ਧੱਕੇ, ਰੱਸਾ ਆਸ ਉਮੀਦ ਦਾ ਵੱਢਿਆ ਈ ।
ਆਖ ਰਹੇ ਫ਼ਰੇਸ਼ਤੇ ਕਣਕ ਦਾਣਾ, ਨਹੀਂ ਖਾਵਣਾ ਹੁਕਮ ਕਰ ਛੱਡਿਆ ਈ ।
ਸਗੋਂ ਆਦਮੇ ਹੱਵਾ ਨੂੰ ਖ਼ਵਾਰ ਕੀਤਾ, ਸਾਥ ਓਸ ਦਾ ਏਸ ਨਾ ਛੱਡਿਆ ਈ ।
ਫੇੜਨ ਮਰਦ ਤੇ ਸੌਂਪਦੇ ਤਰੀਮਤਾਂ ਨੂੰ, ਮੂੰਹ ਝੂਠ ਦਾ ਕਾਸ ਨੂੰ ਟੱਡਿਆ ਈ ।
ਮਰਦ ਚੋਰ ਤੇ ਠੱਗ ਜਵਾਰੀਏ ਨੇ, ਸਾਥ ਬਦੀ ਦਾ ਨਰਾਂ ਨੇ ਲੱਦਿਆ ਈ ।
ਫਰਕਾਨ ਵਿੱਚ 'ਫ਼ਨਕਰੂ' ਰੱਬ ਕਿਹਾ, ਜਦੋਂ ਵਹੀ ਰਸੂਲ ਨੇ ਸੱਦਿਆ ਈ ।
ਵਾਰਿਸ ਸ਼ਾਹ ਇਹ ਤਰੀਮਤਾਂ ਖਾਣ ਰਹਿਮਤ, ਪੈਦਾ ਜਿਨ੍ਹਾਂ ਜਹਾਨ ਕਰ ਛੱਡਿਆ ਈ ।
(ਮੈਲ=ਰੀਝ, ਹੱਵਾ=ਪਹਿਲੀ ਔਰਤ ਜਿਹੜੀ ਰਬ ਨੇ ਪੈਦਾ ਕੀਤੀ, ਬਾਬਾ ਆਦਮ ਦੀ ਸਾਥਣ, ਫ਼ਨਕਰੂ=ਤਦੋਂ ਵਿਆਹ ਕਰ ਲਵੋ ਜਿਹੜੀ ਤੁਹਾਨੂੰ ਔਰਤਾਂ ਵਿੱਚੋਂ ਪਸੰਦ ਆਵੇ)
ਰੰਨਾਂ ਦਹਿਸਿਰੇ ਨਾਲ ਕੀ ਗਾਹ ਕੀਤਾ, ਰਾਜੇ ਭੋਜ ਨੂੰ ਦੇ ਲਗਾਮੀਆਂ ਨੀ ।
ਸਿਰਕੱਪ ਤੇ ਨਾਲ ਸਲਵਾਹਨੇ ਦੇ, ਵੇਖ ਰੰਨਾਂ ਨੇ ਕੀਤੀਆਂ ਖ਼ਾਮੀਆਂ ਨੀ ।
ਮਰਦ ਹੈਣ ਸੋ ਰੱਖਦੇ ਹੇਠ ਸੋਟੇ, ਸਿਰ ਚਾੜ੍ਹੀਆਂ ਨੇ ਇਹਨਾਂ ਕਾਮੀਆਂ ਨੀ ।
ਜਿਨ੍ਹਾਂ ਨਹੀਂ ਦਾੜ੍ਹੀ ਕੰਨ ਨਕ ਪਾਟੇ, ਕੌਣ ਤਿਨ੍ਹਾਂ ਦੀਆਂ ਭਰੇਗਾ ਹਾਮੀਆਂ ਨੀ ।
(ਸਿਰ ਕੱਪ=ਇੱਕ ਧੋਖੇ ਅਤੇ ਜੂਏਬਾਜ਼ ਰਾਜਾ ਸੀ ਜਿਹੜਾ ਵੈਰੀ ਨੂੰ ਹਰਾ ਕੇ ਉਹਦਾ ਸਿਰ ਵੱਢ ਦਿੰਦਾ ਸੀ। ਰਾਜਾ ਰਸਾਲੂ ਆਪਣੀ ਜਲਾਵਤਨੀ ਦੇ ਦਿਨਾਂ ਵਿੱਚ ਇਹਦੀ ਰਾਜਧਾਨੀ ਜਾ ਪੁੱਜਾ ।ਓਥੇ ਉਹਨੇ ਸਰਕੱਪ ਦੀ ਬੇਈਮਾਨੀ ਦਾ ਭੇਦ ਲੱਭਿਆ। ਸਿਰਕਪ ਨੇ ਚੂਹੇ ਪਾਲੇ ਹੋਏ ਸਨ ਜਿਹੜੇ ਵੈਰੀ ਦੀਆਂ ਨਰਦਾਂ ਅੱਗੇ ਪਿੱਛੇ ਕਰ ਦਿੰਦੇ ਸਨ ।ਏਸ ਕੰਮ ਲਈ ਉਹ ਖੇਡ ਦੇ ਵਿਚਕਾਰ ਬੱਤੀ ਬੁਝਾ ਦਿੰਦਾ ਸੀ। ਰਸਾਲੂ ਨੇ ਇਸ ਦਾ ਪਤਾ ਲਾ ਲਿਆ ਅਤੇ ਚੂਹਿਆਂ ਦੇ ਮੁਕਾਬਲੇ ਤੇ ਇੱਕ ਬਿੱਲੀ ਲੈ ਗਿਆ। ਨਰਦਾਂ ਅੱਗੇ ਪਿੱਛੇ ਕਰਨ ਦੀ ਥਾਂ ਚੂਹੇ ਡਰਦੇ ਲੁਕ ਗਏ, ਸਿਰਕੱਪ ਤੇ ਸਲਵਾਨ=ਰਾਜੇ ਸਿਰਕਪ ਦੀ ਧੀ ਰਾਣੀ ਕੋਕਲਾਂ ਸੀ, ਰਾਜਾ ਰਸਾਲੂ ਨੇ ਇਹਨੂੰ ਇਹਦੇ ਪਿਉ ਕੋਲੋਂ ਜੂਏ ਵਿੱਚ ਜਿੱਤ ਲਿਆ ਅਤੇ ਏਹਨੂੰ ਇੱਕ ਮਹਿਲ ਵਿੱਚ ਰੱਖ ਕੇ ਇੱਕ ਤੋਤਾ ਇਹਦੀ ਰਾਖੀ ਲਈ ਛੱਡ ਦਿੱਤਾ।ਰਾਣੀ ਨੇ ਪਿੱਛੋਂ ਹੋਡੀ ਰਾਜੇ ਨਾਲ ਅੱਖਾਂ ਲੜਾ ਲਈਆਂ ।ਉਹ ਰਾਣੀ ਨੂੰ ਮਹਿਲਾਂ ਦੇ ਪਿੱਛੋਂ ਲਾਹ ਕੇ ਲੇ ਗਿਆ । ਰਾਜੇ ਦੇ ਆਉਣ ਤੇ ਤੋਤੇ ਨੇ ਉਹਨੂੰ ਸਾਰੀ ਗੱਲ ਦੱਸੀ ।ਰਾਜਾ ਦੁਖੀ ਹੋ ਕੇ ਆਪਣੇ ਭਰਾ ਪੂਰਨ ਭਗਤ ਵਾਂਗੂੰ ਸਾਧ ਹੋ ਗਿਆ)
ਜਿਸ ਮਰਦ ਨੂੰ ਸ਼ਰਮ ਨਾ ਹੋਵੇ ਗ਼ੈਰਤ, ਓਸ ਮਰਦ ਥੀਂ ਚੰਗੀਆਂ ਤੀਵੀਆਂ ਨੇ ।
ਘਰ ਵਸਦੇ ਔਰਤਾਂ ਨਾਲ ਸੋਹਣੇ, ਸ਼ਰਮਵੰਦ ਤੇ ਸਤਰ ਦੀਆਂ ਬੀਵੀਆਂ ਨੇ ।
ਇੱਕ ਹਾਲ ਵਿੱਚ ਮਸਤ ਘਰ ਬਾਰ ਅੰਦਰ, ਇੱਕ ਹਾਰ ਸ਼ਿੰਗਾਰ ਵਿੱਚ ਖੀਵੀਆਂ ਨੇ ।
ਵਾਰਿਸ ਸ਼ਾਹ ਹਿਆਉ ਦੇ ਨਾਲ ਅੰਦਰ, ਅੱਖੀਂ ਹੇਠ ਜ਼ਿਮੀਂ ਦੇ ਸੀਵੀਆਂ ਨੇ ।
ਵਫ਼ਾਦਾਰ ਨਾ ਰੰਨ ਜਹਾਨ ਉੱਤੇ, ਪੈਂਦੀ ਸ਼ੇਰ ਦੇ ਨੱਕ ਵਿੱਚ ਨੱਥ ਨਾਹੀਂ ।
ਗਧਾ ਨਹੀਂ ਕੁਲੱਦ ਮਨਖੱਟ ਖੋਜਾ, ਅਤੇ ਖੁਸਰਿਆਂ ਦੀ ਕਾਈ ਕੱਥ ਨਾਹੀਂ ।
ਨਾਮਰਦ ਦੇ ਵਾਰ ਨਾ ਕਿਸੇ ਗਾਂਵੀਂ, ਅਤੇ ਗਾਂਡੂਆਂ ਦੀ ਕਾਈ ਸੱਥ ਨਾਹੀਂ ।
ਜੋਗੀ ਨਾਲ ਨਾ ਰੰਨ ਦਾ ਟੁਰੇ ਟੂਣਾਂ, ਜ਼ੋਰ ਨਈਂ ਦਾ ਚੜ੍ਹੇ ਅਗੱਥ ਨਾਹੀਂ ।
ਯਾਰੀ ਸੁੰਹਦੀ ਨਹੀਂ ਸੁਹਾਗਣਾਂ ਨੂੰ, ਰੰਡੀ ਰੰਨ ਨੂੰ ਸੁੰਹਦੀ ਨੱਥ ਨਾਹੀਂ ।
ਵਾਰਿਸ ਸ਼ਾਹ ਉਹ ਆਪ ਹੈ ਕਰਨਹਾਰਾ, ਇਨ੍ਹਾਂ ਬੰਦਿਆਂ ਦੇ ਕਾਈ ਹੱਥ ਨਾਹੀਂ ।
(ਨੱਥ ਨਾਹੀਂ= ਬਸ ਵਿੱਚ ਨਹੀਂ, ਕੁਲੱਦ=ਜਿਹੜਾ ਲੱਦਣ ਦੇ ਕੰਮ ਨਾ ਆਵੇ, ਮਨਖੱਟ =ਜਿਹੜਾ ਕੁੱਝ ਖੱਟੇ ਨਾ, ਅਗੱਥ = ਤੂਫ਼ਾਨ, ਕੱਥ=ਵਰਣਨ ਯੋਗ)