ਮੀਆਂ ਤ੍ਰੀਮਤਾਂ ਨਾਲ ਵਿਆਹ ਸੋਹਣ, ਅਤੇ ਮਰਨ ਤੇ ਸੋਹੰਦੇ ਵੈਣ ਮੀਆਂ ।
ਘਰ ਬਾਰ ਦੀ ਜ਼ੇਬ ਤੇ ਹੈਣ ਜ਼ੀਨਤ, ਨਾਲ ਤ੍ਰੀਮਤਾਂ ਸਾਕ ਤੇ ਸੈਣ ਮੀਆਂ ।
ਇਹ ਤ੍ਰੀਮਤਾਂ ਸੇਜ ਦੀਆਂ ਵਾਰਿਸੀ ਨੇ, ਅਤੇ ਦਿਲਾਂ ਦੀਆਂ ਦੇਣ ਤੇ ਲੈਣ ਮੀਆਂ ।
ਵਾਰਿਸ ਸ਼ਾਹ ਇਹ ਜੋਰੂਆਂ ਜੋੜਦੀਆਂ ਨੇ, ਅਤੇ ਮਹਿਰੀਆਂ ਮਹਿਰ ਦੀਆਂ ਹੈਣ ਮੀਆਂ ।
(ਜ਼ੇਬ ਅਤੇ ਜ਼ੀਨਤ=ਸਜਾਵਟ, ਵਾਰਿਸੀ=ਹੱਕਦਾਰ, ਜੋਰੂ=ਪਤਨੀ)
ਸੱਚ ਆਖ ਰੰਨੇ ਕੇਹੀ ਧੁੰਮ ਚਾਈਆ, ਤੁਸਾਂ ਭੋਜ ਵਜ਼ੀਰ ਨੂੰ ਕੁੱਟਿਆ ਜੇ ।
ਦਹਿਸਿਰ ਮਾਰਿਆ ਭੇਤ ਘਰੋਗੜੇ ਨੇ, ਸਣੇ ਲੰਕ ਦੇ ਓਸ ਨੂੰ ਪੁੱਟਿਆ ਜੇ ।
ਕੈਰੋ ਪਾਂਡੋਆਂ ਦੇ ਕਟਕ ਕਈ ਖੂਹਣੀ, ਮਾਰੇ ਤੁਸਾਂ ਦੇ ਸਭ ਨਿਖੁੱਟਿਆ ਜੇ ।
ਕਤਲ ਇਮਾਮ ਹੋਏ ਕਰਬਲਾ ਅੰਦਰ, ਮਾਰ ਦੀਨ ਦਿਆਂ ਵਾਰਿਸਾਂ ਸੁੱਟਿਆ ਜੇ ।
ਜੋ ਕੋ ਸ਼ਰਮ ਹਿਆਂ ਦਾ ਆਦਮੀ ਸੀ, ਜਾਨ ਮਾਲ ਥੋਂ ਓਸ ਨੂੰ ਪੁੱਟਿਆ ਜੇ ।
ਵਾਰਿਸ ਸ਼ਾਹ ਫ਼ਕੀਰ ਤਾਂ ਨੱਸ ਆਇਆ, ਪਿੱਛਾ ਏਸ ਦਾ ਆਣ ਕਿਉ ਖੁੱਟਿਆ ਜੇ ।
(ਧੁੰਮ=ਰੌਲਾ, ਘਰੋਗੜੇ=ਘਰ ਦੇਨਿਖੁੱਟਿਆ=ਖ਼ਤਮ ਹੋ ਗਏ, ਕਰਬਲਾ=ਇਰਾਕ ਵਿੱਚ ਇੱਕ ਜਗਤਪ੍ਰਸਿੱਧ ਸ਼ਹਿਰ ਜਿਹੜਾ ਫਰਾਤ ਦਰਿਆ ਦੇ ਪੱਛਮੀ ਕੰਢੇ ਤੇ ਵਸਿਆ ਹੋਇਆ ਹੈ ।ਏਥੇ 10 ਅਕਤੂਬਰ 680 ਨੂੰ ਚੌਥੇ ਖ਼ਲੀਫ਼ਾ ਹਜ਼ਰਤ ਅਲੀ ਦੇ ਪੁੱਤਰ ਹੁਸੈਨ ਨੂੰ ਯਜ਼ੀਦ ਦੀ ਫ਼ੌਜ ਨੇ ਬੜੀ ਬੇਰਹਿਮੀ ਨਾਲ ਮਾਰਿਆ ।ਇਮਾਮ ਦਾ ਮਕਬਰਾ ਏਥੇ ਬਣਾਇਆ ਗਿਆ ਹੈ ।ਬਹੁਤ ਮੁਸਲਮਾਨ ਇਸ ਦੇ ਆਸ ਪਾਸ ਮੁਰਦੇ ਦਫ਼ਨ ਕਰਨੇ ਪਸੰਦ ਕਰਦੇ ਹਨ, ਖੁੱਟਿਆ=ਪੁੱਟਿਆ)
ਤੈਨੂੰ ਵੱਡਾ ਹੰਕਾਰ ਹੈ ਜੋਬਨੇ ਦਾ, ਖ਼ਾਤਰ ਥੱਲੇ ਨਾ ਕਿਸੇ ਨੂੰ ਲਿਆਵਨਾ ਹੈਂ ।
ਜਿਨ੍ਹਾਂ ਜਾਇਉਂ ਤਿਨ੍ਹਾਂ ਦੇ ਨਾਉਂ ਰੱਖੇ, ਵੱਡਾ ਆਪ ਨੂੰ ਗ਼ੌਸ ਸਦਾਵਨਾ ਹੈਂ ।
ਹੋਵਣ ਤ੍ਰੀਮਤਾਂ ਨਹੀਂ ਤਾਂ ਜਗ ਮੁੱਕੇ, ਵੱਤ ਕਿਸੇ ਨਾ ਜਗ ਤੇ ਆਵਨਾ ਹੈਂ ।
ਅਸਾਂ ਚਿੱਠੀਆਂ ਘਲ ਸਦਾਇਆ ਸੈਂ, ਸਾਥੋਂ ਆਪਣਾ ਆਪ ਛੁਪਾਵਨਾ ਹੈਂ ।
ਕਰਾਮਾਤ ਤੇਰੀ ਅਸਾਂ ਢੂੰਡ ਡਿੱਠੀ, ਐਵੇਂ ਸ਼ੇਖੀਆਂ ਪਿਆ ਜਗਾਵਨਾ ਹੈਂ ।
ਚਾਕ ਸੱਦ ਕੇ ਬਾਗ਼ ਥੀਂ ਕਢ ਛੱਡੂੰ, ਹੁਣੇ ਹੋਰ ਕੀ ਮੂੰਹੋਂ ਅਖਾਵਨਾ ਹੈਂ ।
ਅੰਨ ਖ਼ਾਨਾਂ ਹੈਂ ਰੱਜ ਕੇ ਗਧੇ ਵਾਂਗੂੰ, ਕਦੀ ਸ਼ੁਕਰ ਬਜਾ ਨਾ ਲਿਆਵਨਾ ਹੈਂ ।
ਛੱਡ ਬੰਦਗੀ ਚੋਰਾਂ ਦੇ ਚਲਨ ਫੜਿਉ, ਵਾਰਿਸ ਸ਼ਾਹ ਫ਼ਕੀਰ ਸਦਾਵਨਾ ਹੈਂ ।
(ਖ਼ਾਤਰ ਥੱਲੇ ਨਾ ਲਿਆਉਣਾ=ਕਿਸੇ ਨੂੰ ਕੁੱਝ ਮੰਨਦਾ ਨਹੀਂ, ਵੱਤ=ਫਿਰ, ਚਲਨ=ਚਾਲੇ,ਕੰਮਕਾਰ)
ਬਾਗ਼ ਛੱਡ ਗਏ ਗੋਪੀ ਚੰਦ ਜੇਹੇ, ਸ਼ੱਦਾਦ ਫ਼ਰਊਨ ਕਹਾਇ ਗਿਆ ।
ਨੌਸ਼ੇਰਵਾਂ ਛੱਡ ਬਗ਼ਦਾਦ ਟੁਰਿਆ, ਉਹ ਅਪਦੀ ਵਾਰ ਲੰਘਾਇ ਗਿਆ ।
ਆਦਮ ਛਡ ਬਹਿਸ਼ਤ ਦੇ ਬਾਗ ਢੱਠਾ, ਭੁਲੇ ਵਿਸਰੇ ਕਣਕ ਨੂੰ ਖਾਇ ਗਿਆ ।
ਫ਼ਰਊਨ ਖ਼ੁਦਾ ਕਹਾਇਕੇ ਤੇ, ਮੂਸਾ ਨਾਲ ਉਸ਼ਟੰਡ ਉਠਾਇ ਗਿਆ ।
ਨਮਰੂਦ ਸ਼ੱਦਾਦ ਜਹਾਨ ਉੱਤੇ, ਦੋਜ਼ਖ ਅਤੇ ਬਹਿਸ਼ਤ ਬਣਾਇ ਗਿਆ ।
ਕਾਰੂੰ ਜ਼ਰਾਂ ਇਕੱਠੀਆਂ ਮੇਲ ਕੇ ਤੇ, ਬੰਨ੍ਹ ਸਿਰੇ ਤੇ ਪੰਡ ਉਠਾਇ ਗਿਆ ।
ਨਾਲ ਦੌਲਤਾਂ ਹੁਕਮ ਤੇ ਸ਼ਾਨ ਸ਼ੌਕਤ, ਮਹਿਖਾਸਰੋਂ ਇੰਦ ਲੁਟਾਇ ਗਿਆ ।
ਸੁਲੇਮਾਨ ਸਿਕੰਦਰੋਂ ਲਾਇ ਸੱਭੇ, ਸੱਤਾਂ ਨਵਾਂ ਤੇ ਹੁਕਮ ਚਲਾਇ ਗਿਆ ।
ਉਹ ਭੀ ਏਸ ਜਹਾਨ ਤੇ ਰਹਿਉ ਨਾਹੀਂ, ਜਿਹੜਾ ਆਪ ਖ਼ੁਦਾ ਕਹਾਇ ਗਿਆ ।
ਮੋਇਆ ਬਖ਼ਤੁਲ ਨੁਸਰ ਜਿਹੜਾ ਚਾੜ੍ਹ ਡੋਲਾ, ਸੱਚੇ ਰਬ ਨੂੰ ਤੀਰ ਚਲਾਇ ਗਿਆ ।
ਤੇਰੇ ਜੇਹੀਆਂ ਕੇਤੀਆਂ ਹੋਈਆਂ ਨੇ, ਤੈਨੂੰ ਚਾ ਕੀ ਬਾਗ਼ ਦਾ ਆਇ ਗਿਆ ।
ਵਾਰਿਸ ਸ਼ਾਹ ਉਹ ਆਪ ਹੈ ਕਰਨ ਕਾਰਨ, ਸਿਰ ਬੰਦਿਆਂ ਦੇ ਗਿਲਾ ਲਾਇ ਗਿਆ ।
(ਗੋਪੀਚੰਦ ਰਾਜਾ=ਬੰਗਾਲ ਦੇਸ਼ ਵਿੱਚ ਰੰਗਪੁਰ (ਰੰਗਵਤੀ) ਦਾ ਰਾਜਾ ਸੀ ਜੋ ਭਰਥਰੀ ਹਰੀ ਦੀ ਭੈਣ ਮੰਨਾਵਤੀ ਦਾ ਪੁੱਤਰ ਅਤੇ ਪਾਟਮਦੇਵੀ ਦਾ ਪਤੀ ਸੀ । ਇਹ ਵੈਰਾਗ ਦੇ ਕਾਰਨ ਰਾਜ ਤਿਆਗ ਕੇ ਜਲੰਧਰ ਨਾਥ ਜੋਗੀ ਦਾ ਚੇਲਾ ਹੋਇਆ, ਸ਼ੱਦਾਦ= ਜ਼ਾਲਮ ਬਾਦਸ਼ਾਹ, ਸਾਸਾਨ ਦੇ ਮਸ਼ਹੂਰ ਬਾਦਸ਼ਾਹ ਕਬਾਦ ਦਾ ਪੁੱਤਰ, ਤਖ਼ਤ ਤੇ ਬਹਿੰਦਿਆਂ ਹੀ ਇਹਨੇ ਸਾਰੇ ਭਰਾਵਾਂ ਅਤੇ ਉਨ੍ਹਾਂ ਦੀ ਸੰਤਾਨ ਨੂੰ ਕਤਲ ਕਰਵਾ ਦਿੱਤਾ ਸੀ, ਨੌਸ਼ੇਰਵਾਂ ਆਦਲ=ਇਹਨੇ ਚਿੱਟੋ ਹੂਣਾਂ ਦਾ ਬਾਰ ਬਾਰ ਮੁਕਾਬਲਾ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ । ਆਪਣੀ ਪਰਬੰਧਕੀ ਯੋਗਤਾ ਕਾਰਨ ਪ੍ਰਸਿੱਧ ਹੈ ।ਨੌਸ਼ੇਰਵਾਂ ਦਾ ਸ਼ਾਬਦਿਕ ਅਰਥ 'ਅਮਰ' ਹੈ ਪਰ ਫਿਰ ਵੀ ਉਹ ਮਰ ਗਿਆ, ਸੁਲੇਮਾਨ=ਹਜ਼ਰਤ ਦਾਊਦ ਦਾ ਪੁੱਤਰ, ਰੱਬ ਦਾ ਨਬੀ=ਬੈਤੁਲਮਕੱਦਸ ਦੀ ਨੀਂਹ ਇਸ ਨੇ ਰੱਖੀ ਸੀ ।ਇਹ ਜਿੰਨਾ ਪਰੀਆਂ
ਦਾ ਬਾਦਸ਼ਾਹ ਸੀ ਤੇ ਪੰਛੀਆਂ ਦੀਆਂ ਬੋਲੀਆਂ ਸਮਝਦਾ ਸੀ ।ਇੱਕ ਵਾਰੀ ਰੱਬ ਦਾ ਕਹਿਰ ਨਾਜ਼ਲ ਹੋਇਆ ।ਜਿਸ ਕਾਰਨ ਇਹਨੂੰ ਭੱਠੀ ਵਾਲੀ ਦਾ ਭੱਠ ਝੋਕਣਾ ਪਿਆ ਸੀ, ਉਸ਼ਟੰਡ=ਚਲਾਕ,ਝੂਠਾ, ਸੁਲੇਮਾਨ ਸਿਕੰਦਰੋਂ=ਸੁਲੇਮਾਨ ਤੋਂ ਲੈ ਕੇ ਸਿਕੰਦਰ ਤੱਕ ਕਈ ਯੂਨਾਨੀ ਬਾਦਸ਼ਾਹ ਹੋਏ ਜਿਨ੍ਹਾਂ ਨੇ ਸਤ ਦੀਪਾਂ ਅਤੇ ਨੌਂ ਖੰਡਾਂ ਉੱਤੇ ਹੁਕਮ ਚਲਾਏ ਪਰ ਅਸਲੀ ਸਫ਼ਲਤਾ ਉਨ੍ਹਾਂ ਨੂੰ ਵੀ ਨਾ ਮਿਲੀ, ਬਖ਼ਤੁਲ ਨੁਸਰ ਦਾ ਡੋਲਾ= ਬਖ਼ਤੁਲ ਨੁਸਰ ਦਾ ਉੜਣ ਖਟੋਲਾ, ਉਹ ਬਾਬਲ ਰਾਜ ਦਾ ਬਾਦਸ਼ਾਹ ਸੀ। ਉਹਨੇ ਇੱਕ ਉੜਣ ਖਟੋਲਾ ਬਣਾਇਆ ਹੋਇਆ ਸੀ ਜਿਸ ਨਾਲ ਚੌਂਹੀਂ ਪਾਸੀਂ ਚਾਰ ਬਾਂਸ ਸਨ ।ਉਨ੍ਹਾਂ ਉੱਤੇ ਮਾਸ ਬੱਧਾ ਸੀ ।ਬਾਂਸਾਂ ਦੇ ਥੱਲੇ ਚਾਰ ਬਾਜ਼ ਸਨ ।ਉਹ ਮਾਸ ਖਾਣ ਲਈ ਉੱਪਰ ਉਡਦੇ ਤੇ ਉੜਣ ਖਟੋਲਾ ਉੱਪਰ ਨੂੰ ਉੜਦਾ ।ਬਾਦਸ਼ਾਹ ਖਟੋਲੇ ਦੇ ਵਿਚਕਾਰ ਤੀਰ ਕਮਾਨ ਲੈ ਕੇ ਬੈਠਦਾ ਤੇ ਅਸਮਾਨ ਵਿੱਚ ਤੀਰ ਚਲਾਉਂਦਾ ।ਫਿਰ ਖਟੋਲਾ ਧਰਤੀ ਤੇ ਉਤਾਰ ਕੇ ਲੋਕਾਂ ਨੂੰ ਮਾਸ ਅਤੇ ਇੱਕ ਖੂਨ ਦਾ ਪਿਆਲਾ ਦਿਖਾ ਕੇ ਕਹਿੰਦਾ ਕਿ ਮੈਂ ਤੁਹਾਡੇ ਰੱਬ ਨੂੰ ਖ਼ਤਮ ਕਰ ਆਇਆ ਹਾਂ । ਉਹਨੂੰ ਵੀ ਮੌਤ ਆ ਗਈ, ਕੇਤੀਆਂ=ਕਿੰਨੀਆਂ)
ਪੰਡ ਝਗੜਿਆਂ ਦੀ ਕੇਹੀ ਖੋਲ੍ਹ ਬੈਠੋਂ, ਵੱਡਾ ਮਹਿਜ਼ਰੀ ਘੰਡ ਲਟ ਬਾਵਲਾ ਵੇ ।
ਅਸਾਂ ਇੱਕ ਰਸਾਇਣ ਹੈ ਢੂਡ ਆਂਦੀ, ਭਲਾ ਦੱਸ ਖਾਂ ਕੀ ਹੈ ਰਾਵਲਾ ਵੇ ।
ਉੱਤੇ ਰੱਖਿਆ ਕੀ ਏ ਨਜ਼ਰ ਤੇਰੀ, ਗਿਣੇਂ ਆਪ ਨੂੰ ਬਹੁਤ ਚਤਰਾਵਲਾ ਵੇ ।
ਦੱਸੇ ਬਿਨਾਂ ਨਾ ਜਾਪਦੀ ਜ਼ਾਤ ਭੈੜੀ, ਛੜੇ ਬਾਝ ਨਾ ਥੀਂਵਦਾ ਚਾਵਲਾ ਵੇ ।
ਕੀ ਰੋਕ ਹੈ ਕਾਸਦੀ ਇਹ ਬਾਸਨ, ਸਾਨੂੰ ਦੱਸ ਖਾਂ ਸੋਹਣਿਆਂ ਸਾਂਵਲਾ ਵੇ ।
ਸਹਿਜ ਨਾਲ ਸਭ ਕੰਮ ਨਿਬਾਹ ਹੁੰਦੇ, ਵਾਰਿਸ ਸ਼ਾਹ ਨਾ ਹੋ ਉਤਾਵਲਾ ਵੇ ।
(ਮਹਿਜ਼ਰੀ=ਥਾਨੇ ਅਤੇ ਅਦਾਲਤਾਂ ਵਿੱਚ ਫਿਰਨ ਵਾਲਾ,ਅਰਜ਼ੀ ਪਰਚੇ ਕਰਨ ਵਾਲਾ, ਰਸਾਇਣ=ਕੀਮੀਆ, ਚਤਰਾਵਲਾ = ਚਤਰ, ਚਲਾਕ, ਬਾਸਨ = ਬਰਤਨ)