ਕਰਾਮਾਤ ਹੈ ਕਹਿਰ ਦਾ ਨਾਂਉ ਰੰਨੇ, ਕੇਹਾ ਘੱਤਿਉ ਆਣ ਵਸੂਰਿਆ ਈ ।
ਕਰੇਂ ਚਾਵੜਾਂ ਚਿੱਘੜਾਂ ਨਾਲ ਮਸਤੀ, ਅਜੇ ਤੀਕ ਅਣਜਾਣਾਂ ਨੂੰ ਘੂਰਿਆ ਈ ।
ਫ਼ਕਰ ਆਖਸਨ ਸੋਈ ਕੁੱਝ ਰੱਬ ਕਰਸੀ, ਐਵਂੇ ਜੋਗੀ ਨੂੰ ਚਾ ਵਡੂਰਿਆ ਈ ।
ਉੱਤੇ ਪੰਜ ਪੈਸੇ ਨਾਲ ਰੋਕ ਧਰਿਉ, ਖੰਡ ਚਾਵਲਾਂ ਦਾ ਥਾਲ ਪੂਰਿਆ ਈ ।
(ਵਸੂਰਾ=ਸ਼ਕ ਸ਼ੁਬਾ, ਚਿਘੜਾਂ=ਮਜ਼ਾਕ, ਪੂਰਿਆ=ਸਜਾਇਆ ਹੋਇਆ)
ਮਗਰ ਤਿੱਤਰਾਂ ਦੇ ਅੰਨ੍ਹਾ ਬਾਜ਼ ਛੁੱਟੇ, ਜਾਇ ਚਿੰਮੜੇ ਦਾਂਦ ਪਤਾਲੂਆਂ ਨੂੰ ।
ਅੰਨਾਂ ਭੇਜਿਆ ਅੰਬ ਅਨਾਰ ਵੇਖਣ, ਜਾਇ ਚਿੰਮੜੇ ਤੂਤ ਸੰਭਾਲੂਆਂ ਨੂੰ ।
ਘਲਿਆ ਫੁੱਲ ਗੁਲਾਬ ਦਾ ਤੋੜ ਲਿਆਵੀਂ, ਜਾਇ ਲੱਗਾ ਹੈ ਲੈਣ ਕਚਾਲੂਆਂ ਨੂੰ ।
ਅੰਨ੍ਹਾਂ ਮੋਹਰੀ ਲਾਈਏ ਕਾਫ਼ਲੇ ਦਾ, ਲੁਟਵਾਇਸੀ ਸਾਥ ਦਿਆਂ ਚਾਲੂਆਂ ਨੂੰ ।
ਖੱਚਰਪਵਾਂ ਦੇ ਚਾਲੜੇ ਕਰਨ ਲੱਗੋਂ, ਅਸਾਂ ਫਾਟਿਆ ਕੁੱਟਿਆ ਚਾਲੂਆਂ ਨੂੰ ।
ਵਾਰਿਸ ਸ਼ਾਹ ਤੰਦੂਰ ਵਿੱਚ ਦੱਬ ਬੈਠਾ, ਕਮਲਾ ਘੱਲਿਆ ਰੰਗਣੇ ਸਾਲੂਆਂ ਨੂੰ ।
(ਦਾਂਦ ਪਤਾਲੂ=ਬਲਦਾਂ ਦੇ ਪਤਾਲੂ, ਸੰਭਾਲੂ=ਇੱਕ ਦਰਖ਼ਤ, ਚਾਲੂਆਂ=ਤੁਰਨ ਵਾਲੇ,ਸਾਥ, ਤੰਦੂਰ.. ਸਾਲੂਆਂ=ਕਮਲਾ ਬੰਦਾ ਅੱਗ ਦੀ ਲਾਲੀ ਅਤੇ ਕੱਪੜੇ ਦੀ ਲਾਲੀ ਵਿੱਚ ਫ਼ਰਕ ਨਹੀਂ ਦਸ ਸਕਿਆ)
ਜਾ ਖੋਲ੍ਹ ਕੇ ਵੇਖ ਜੋ ਸਿਦਕ ਆਵੀ, ਕੇਹਾ ਸ਼ੱਕ ਦਿਲ ਆਪਣੇ ਪਾਇਉ ਈ ।
ਕਿਹਿਆ ਅਸਾਂ ਸੋ ਰੱਬ ਤਹਿਕੀਕ ਕਰਸੀ, ਕੇਹਾ ਆਣ ਕੇ ਮਗ਼ਜ਼ ਖਪਾਇਉ ਈ ।
ਜਾਹ ਵੇਖ ਜੋ ਵਸਵਸਾ ਦੂਰ ਹੋਵੀ, ਕੇਹਾ ਡੌਰੂੜਾ ਆਣ ਵਜਾਇਉ ਈ ।
ਸ਼ੱਕ ਮਿਟੀ ਜੋ ਥਾਲ ਨੂੰ ਖੋਲ੍ਹ ਵੇਖੇਂ, ਏਥੇ ਮਕਰ ਕੀ ਆਣ ਫੈਲਾਇਉ ਈ ।
(ਆਵੀ=ਆਵੇ, ਰਬ ਤਹਿਕੀਕ ਕਰਸੀ=ਰਬ ਉਹੀ ਕਰੇਗਾ, ਵਸਵਸਾ=ਸ਼ਕ, ਡੌਰੂੜਾ=ਡੌਰੂ)
ਸਹਿਤੀ ਖੋਲ੍ਹ ਕੇ ਥਾਲ ਜਾਂ ਧਿਆਨ ਕੀਤਾ, ਖੰਡ ਚਾਵਲਾਂ ਦਾ ਥਾਲ ਹੋ ਗਿਆ ।
ਛੁਟਾ ਤੀਰ ਫ਼ਕੀਰ ਦੇ ਮੁਅਜਜ਼ੇ ਦਾ, ਵਿੱਚੋਂ ਕੁਫ਼ਰ ਦਾ ਜੀਊ ਪਰੋ ਗਿਆ ।
ਜਿਹੜਾ ਚਲਿਆ ਨਿਕਲ ਯਕੀਨ ਆਹਾ, ਕਰਾਮਾਤ ਨੂੰ ਵੇਖ ਖਲੋ ਗਿਆ ।
ਗਰਮ ਗ਼ਜ਼ਬ ਦੀ ਆਤਸ਼ੋ ਆਬ ਆਹਾ, ਬਰਫ਼ ਕਸ਼ਫ਼ ਦੀ ਨਾਲ ਸਮੋ ਗਿਆ ।
ਐਵੇਂ ਡਾਹਡਿਆਂ ਮਾੜਿਆਂ ਕੇਹਾ ਲੇਖਾ, ਓਸ ਖੋਹ ਲਿਆ ਉਹ ਰੋ ਗਿਆ ।
ਮਰਨ ਵਕਤ ਹੋਇਆ ਸੱਭੋ ਖ਼ਤਮ ਲੇਖਾ, ਜੋ ਕੋ ਜੰਮਿਆਂ ਝੋਵਣੇ ਝੋ ਗਿਆ ।
ਵਾਰਿਸ ਸ਼ਾਹ ਜੋ ਕੀਮੀਆ ਨਾਲ ਛੁੱਥਾ, ਸੋਇਨਾ ਤਾਂਬਿਉਂ ਤੁਰਤ ਹੀ ਹੋ ਗਿਆ ।
(ਮੁਅਜਜ਼ੇ=ਕਰਾਮਾਤਾਂ, ਆਤਿਸ਼=ਅੰਗਾਰ, ਆਬ=ਪਾਣੀ, ਕਸ਼ਫ਼=ਢਕੀ ਹੋਈ ਵਸਤ ਬਾਰੇ ਗ਼ੈਬ ਦੇ ਇਲਮ ਨਾਲ ਪਤਾ ਕਰ ਲੈਣਾ, ਛੁੱਥਾ=ਛੋਹਿਆ ਗਿਆ, ਝੋਵਣੇ ਝੋ ਗਿਆ=ਕੰਮ ਕਰ ਗਿਆ)
ਹੱਥ ਬੰਨ੍ਹ ਕੇ ਬੇਨਤੀ ਕਰੇ ਸਹਿਤੀ, ਦਿਲ ਜਾਨ ਥੀਂ ਚੇਲੜੀ ਤੇਰੀਆਂ ਮੈਂ ।
ਕਰਾਂ ਬਾਂਦੀਆਂ ਵਾਂਗ ਬਜਾ ਖ਼ਿਦਮਤ, ਨਿਤ ਪਾਂਵਦੀ ਰਹਾਂਗੀ ਫੇਰੀਆਂ ਮੈਂ ।
ਪੀਰ ਸੱਚ ਦਾ ਅਸਾਂ ਤਹਿਕੀਕ ਕੀਤਾ, ਦਿਲ ਜਾਨ ਥੀਂ ਤੁਧ ਤੇ ਹੇਰੀਆਂ ਮੈਂ ।
ਕਰਾਮਾਤ ਤੇਰੀ ਉੱਤੇ ਸਿਦਕ ਕੀਤਾ, ਤੇਰੇ ਕਸ਼ਫ਼ ਦੇ ਹੁਕਮ ਨੇ ਘੇਰੀਆਂ ਮੈਂ ।
ਸਾਡੀ ਜਾਨ ਤੇ ਮਾਲ ਹੈ ਹੀਰ ਤੇਰੀ, ਨਾਲੇ ਸਣੇ ਸਹੇਲੀਆਂ ਤੇਰੀਆਂ ਮੈਂ ।
ਅਸਾਂ ਕਿਸੇ ਦੀ ਗੱਲ ਨਾ ਕਦੇ ਮੰਨੀ, ਤੇਰੇ ਇਸਮ ਦੇ ਹੁੱਬ ਦੀ ਟੇਰੀਆਂ ਮੈਂ ।
ਇੱਕ ਫ਼ੱਕਰ ਅੱਲਾਹ ਦਾ ਰੱਖ ਤਕਵਾ, ਹੋਰ ਢਾਹ ਬੈਠੀ ਸੱਭੇ ਢੇਰੀਆਂ ਮੈਂ ।
ਪੂਰੀ ਨਾਲ ਹਿਸਾਬ ਨਾ ਹੋ ਸਕਾਂ, ਵਾਰਿਸ ਸ਼ਾਹ ਕੀ ਕਰਾਂਗੀ ਸ਼ੇਰੀਆਂ ਮੈਂ ।
(ਇਸਮ=ਰਬ ਦਾ ਨਾਂ, ਟੇਰਨਾ=ਕਿਸੇ ਸਾਜ਼ ਨੂੰ ਸੁਰ ਕਰਨਾ, ਤਕਵਾ= ਸਹਾਰਾ, ਢੇਰੀਆਂ ਢਾਹ ਦੇਣਾ=ਆਸ ਛੱਡ ਦੇਣੀ)
ਘਰ ਆਪਣੇ ਵਿੱਚ ਚਵਾਇ ਕਰਕੇ, ਆਖ ਨਾਗਣੀ ਵਾਂਗ ਕਿਉਂ ਸ਼ੂਕੀਏਂ ਨੀ ।
ਨਾਲ ਜੋਗੀਆਂ ਮੋਰਚਾ ਲਾਇਉਈ, ਰੱਜੇ ਜਟ ਵਾਂਗੂੰ ਵੱਡੀ ਫੂਕੀਏਂ ਨੀ ।
ਜਦੋਂ ਬੰਨ੍ਹ ਝੇੜੇ ਥੱਕ ਹੁਟ ਰਹੀਏ, ਜਾਇ ਪਿੰਡ ਦੀਆਂ ਰੰਨਾਂ ਤੇ ਕੂਕੀਏਂ ਨੀ ।
ਕਢ ਗਾਲੀਆਂ ਸਣੇ ਰਬੇਲ ਬਾਂਦੀ ਘਿਨ ਮੋਲ੍ਹੀਆਂ ਅਸਾਂ ਤੇ ਘੂਕੀਏਂ ਨੀ ।
ਭਲੋ ਭਲੀ ਜਾਂ ਡਿਠੋ ਈ ਆਸ਼ਕਾਂ ਦੀ, ਵਾਂਗ ਕੁੱਤੀਆਂ ਅੰਤ ਨੂੰ ਚੂਕੀਏਂ ਨੀ ।
ਵਾਰਿਸ ਸ਼ਾਹ ਥੀਂ ਪੁਛ ਲੈ ਬੰਦਗੀ ਨੂੰ, ਰੂਹ ਸਾਜ਼ ਕਲਬੂਤ ਵਿੱਚ ਫੂਕੀਏਂ ਨੀ ।
ਸਾਨੂੰ ਬਖਸ਼ ਅੱਲਾਹ ਦੇ ਨਾਂਉ ਮੀਆਂ, ਸਾਥੋਂ ਭੁੱਲਿਆਂ ਇਹ ਗੁਨਾਹ ਹੋਇਆ ।
ਕੱਚਾ ਸ਼ੀਰ ਪੀਤਾ ਬੰਦਾ ਸਦਾ ਭੁੱਲਾ, ਧੁਰੋਂ ਆਦਮੋਂ ਭੁਲਣਾ ਰਾਹ ਹੋਇਆ ।
ਆਦਮ ਭੁਲ ਕੇ ਕਣਕ ਨੂੰ ਖਾ ਬੈਠਾ, ਕਢ ਜੰਨਤੋਂ ਹੁਕਮ ਫ਼ਨਾਹ ਹੋਇਆ ।
ਸ਼ੈਤਾਨ ਉਸਤਾਦ ਫ਼ਰਿਸ਼ਤਿਆਂ ਦਾ, ਭੁੱਲਾ ਸਿਜਦਿਉਂ ਕੁਫ਼ਰ ਦੇ ਰਾਹ ਹੋਇਆ ।
ਮੁਢੋਂ ਰੂਹ ਭੁੱਲਾ ਕੌਲ ਵਿਚ ਵੜਿਆ, ਜੁੱਸਾ ਛੱਡ ਕੇ ਅੰਤ ਫ਼ਨਾਹ ਹੋਇਆ ।
ਕਾਰੂੰ ਭੁਲ ਜ਼ਕਾਤ ਕੀਂ ਸ਼ੂਮ ਹੋਇਆ, ਵਾਰਦ ਓਸ ਤੇ ਕਹਿਰ ਅੱਲਾਹ ਹੋਇਆ ।
ਭੁਲ ਜ਼ਕਰੀਏ ਲਈ ਫ਼ਨਾਹ ਹੇਜ਼ਮ, ਆਰੇ ਨਾਲ ਉਹ ਚੀਰ ਦੋ ਫਾਹ ਹੋਇਆ ।
ਅਮਲਾਂ ਬਾਝ ਦਰਗਾਹ ਵਿੱਚ ਪੈਣ ਪੌਲੇ, ਲੋਕਾਂ ਵਿੱਚ ਮੀਆਂ ਵਾਰਿਸ ਸ਼ਾਹ ਹੋਇਆ ।
(ਕੱਚਾ ਸ਼ੀਰ=ਕੱਚਾ ਦੁੱਧ, ਕਿਬਰ=ਗਰੂਰ, ਕੌਲ ਵੜਿਆ=ਕਾਲਬ ਵਿੱਚ ਦਾਖਲ ਹੋਇਆ, ਜੁੱਸਾ=ਤਾਕਤ, ਹੇਜ਼ਮ= ਸੁੱਕਾ ਦਰਖ਼ਤ, ਬਾਲਣ ਯੋਗ ਲਕੜੀ, ਜ਼ਕਾਤ = ਖ਼ੈਰਾਤ,ਸਦਕਾ, ਦੋ ਫਾਹ=ਦੋ ਫਾਕੜਾਂ, ਪੌਲੇ= ਜੁੱਤੀਆਂ, ਹਜ਼ਰਤ ਜ਼ਕਰੀਆ= ਆਪ ਹਜ਼ਰਤ ਸੁਲੇਮਾਨ ਬਿਨ ਦਾਊਦ ਦੀ ਸੰਤਾਨ ਵਿੱਚੋਂ ਸਨ । ਜਦੋਂ ਇਨ੍ਹਾਂ ਪਿੱਛੇ ਇਸਰਾਈਲੀ ਕਾਤਲ ਦੌੜੇ ਤਾਂ ਆਪ ਇੱਕ ਸ਼ਰੀਂਹ ਦੇ ਦਰਖ਼ਤ ਵਿੱਚ ਲੁਕ ਗਏ ਐਪਰ ਪੁਸ਼ਾਕ ਦਾ ਇੱਕ ਸਿਰਾ ਬਾਹਰ ਰਹਿ ਗਿਆ ।ਵੈਰੀਆਂ ਨੇ ਨਿਸ਼ਾਨੀ ਨੂੰ ਵੇਖ ਕੇ ਦਰਖ਼ਤ ਨੂੰ ਆਰੇ ਨਾਲ ਚੀਰ ਦਿੱਤਾ ਅਤੇ ਆਪ ਵੀ ਵਿੱਚੇ ਚੀਰੇ ਗਏ)
ਘਰ ਪੇਈੜੇ ਵੱਡੀ ਹਵਾ ਤੈਨੂੰ, ਦਿਤਿਉਂ ਛਿੱਬੀਆਂ ਨਾਲ ਅੰਗੂਠਿਆਂ ਦੇ ।
ਅੰਤ ਸੱਚ ਦਾ ਸੱਚ ਆ ਨਿਤਰੇਗਾ ,ਕੋਈ ਦੇਸ ਨਾ ਵੱਸਦੇ ਝੂਠਿਆਂ ਦੇ ।
ਫ਼ਕਰ ਮਾਰਿਉ ਅਸਾਂ ਨੇ ਸਬਰ ਕੀਤਾ, ਨਹੀਂ ਜਾਣਦੀ ਦਾਉ ਤੂੰ ਘੂਠਿਆਂ ਦੇ ।
ਜੱਟੀ ਹੋ ਫ਼ਕੀਰ ਦੇ ਨਾਲ ਲੜੇਂ, ਛੰਨਾ ਭੇੜਿਉ ਈ ਨਾਲ ਠੂਠਿਆਂ ਦੇ ।
ਸਾਨੂੰ ਬੋਲੀਆਂ ਮਾਰ ਕੇ ਨਿੰਦਦੀ ਸੈਂ, ਮੂੰਹ ਡਿਠੋ ਈ ਟੁੱਕਰਾਂ ਜੂਠਿਆਂ ਦੇ ।
ਵਾਰਿਸ ਸ਼ਾਹ ਫ਼ਕੀਰ ਨੂੰ ਛੇੜਦੀ ਸੈਂ, ਡਿੱਠੋ ਮੁਅਜਜ਼ੇ ਇਸ਼ਕ ਦੇ ਲੂਠਿਆਂ ਦੇ ।
(ਪੇਈੜੇ = ਪੇਕੇ, ਲੂਠਿਆਂ = ਝੁਲਸੇ ਹੋਏ)