Back ArrowLogo
Info
Profile

  1. ਤਥਾ

ਕਰੇ ਜਿਨ੍ਹਾਂ ਦੀਆਂ ਰਬ ਹਮਾਇਤਾਂ ਨੀ, ਹੱਕ ਤਿਨ੍ਹਾਂ ਦਾ ਖ਼ੂਬ ਮਾਮੂਲ ਕੀਤਾ ।

ਜਦੋਂ ਮੁਸ਼ਰਿਕਾਂ ਆਣ ਸਵਾਲ ਕੀਤਾ, ਤਦੋਂ ਚੰਨ ਦੋ-ਖੰਨ ਰਸੂਲ ਕੀਤਾ ।

ਕਢ ਪੱਥਰੋਂ ਊਠਣੀ ਰਬ ਸੱਚੇ, ਕਰਾਮਾਤ ਪੈਗ਼ੰਬਰੀ ਮੂਲ ਕੀਤਾ ।

ਵਾਰਿਸ ਸ਼ਾਹ ਨੇ ਕਸ਼ਫ਼ ਦਿਖਾਇ ਦਿੱਤਾ, ਤਦੋਂ ਜੱਟੀ ਨੇ ਫ਼ਕਰ ਕਬੂਲ ਕੀਤਾ ।

 

(ਮਾਮੂਲ=ਨਿਤ ਦਾ ਆਮ ਕੰਮ, ਮਸ਼ਰਿਕਾਂ=ਮੂਰਤੀ ਪੂਜਾ, ਦੋ-ਖੰਨ=ਦੋ ਟੁਕੜੇ)

 

  1. ਤਥਾ

ਫਿਰੇਂ ਜ਼ੋਮ ਦੀ ਭਰੀ ਤੇ ਸਾਣ ਚੜ੍ਹੀ, ਆ ਟਲੀਂ ਨੀ ਮੁੰਡੀਏ ਵਾਸਤਾ ਈ ।

ਮਰਦ ਮਾਰ ਮੁਰੱਕਣੇ ਜੰਗ-ਬਾਜ਼ੇ, ਮਾਨ ਮੱਤੀਏ ਗੁੰਡੀਏ ਵਾਸਤਾ ਈ ।

ਬਖ਼ਸ਼ੀ ਸਭ ਗੁਨਾਹ ਤਕਸੀਰ ਤੇਰੀ, ਲਿਆ ਹੀਰ ਨੀ ਨੱਢੀਏ ਵਾਸਤਾ ਈ ।

ਵਾਰਿਸ ਸ਼ਾਹ ਸਮਝਾਇ ਜਟੇਟੜੀ ਨੂੰ, ਲਾਹ ਦਿਲੇ ਦੀ ਘੁੰਢੀਏ ਵਾਸਤਾ ਈ ।

 

(ਜ਼ੋਮ = ਗੁਮਾਨ, ਸਾਣ ਚੜ੍ਹੀ =ਤਿੱਖੀ)

 

  1. ਸਹਿਤੀ

ਜੀਕੂੰ ਤੁਸੀਂ ਫ਼ਰਮਾਉ ਸੋ ਜਾ ਆਖਾਂ, ਤੇਰੇ ਹੁਕਮ ਦੀ ਤਾਬਿਆ ਹੋਈਆਂ ਮੈਂ ।

ਤੈਨੂੰ ਪੀਰ ਜੀ ਭੁਲ ਕੇ ਬੁਰਾ ਬੋਲੀ, ਭੁੱਲੀ ਵਿਸਰੀ ਆਣ ਵਗੋਈਆਂ ਮੈਂ ।

ਤੇਰੀ ਪਾਕ ਜ਼ਬਾਨ ਦਾ ਹੁਕਮ ਲੈ ਕੇ, ਕਾਸਦ ਹੋਇਕੇ ਜਾ ਖਲੋਈਆਂ ਮੈਂ ।

ਵਾਰਿਸ ਸ਼ਾਹ ਦੇ ਮੁਅਜਜ਼ੇ ਸਾਫ਼ ਕੀਤੀ, ਨਹੀਂ ਮੁਢ ਦੀ ਵੱਡੀ ਬਦਖੋਈਆਂ ਮੈਂ ।

 

(ਆਣ ਵਗੋਈਆਂ = ਸਿੱਧੇ ਰਾਹ ਆ ਗਈ ਹਾਂ, ਕਾਸਦ = ਸੁਨੇਹਾ ਲਿਜਾਣ ਵਾਲਾ, ਸਾਫ਼ = ਨੇਕ ਨੀਤ, ਬਦਖੋਈ = ਬੁਰੀ ਆਦਤ)

 

  1. ਰਾਂਝਾ

ਲਿਆ ਹੀਰ ਸਿਆਲ ਜੋ ਦੀਦ ਕਰੀਏ, ਆ ਜਾਹ ਵੋ ਦਿਲਬਰਾ ਵਾਸਤਾ ਈ ।

ਜਾ ਕੇ ਆਖ ਰਾਂਝਾ ਤੈਨੂੰ ਅਰਜ਼ ਕਰਦਾ, ਘੁੰਢ ਲਾਹ ਵੋ ਦਿਲਬਰਾ ਵਾਸਤਾ ਈ ।

ਸਾਨੂੰ ਮਿਹਰ ਦੇ ਨਾਲ ਦਿਖਾ ਸੂਰਤ, ਮਿਸਲ ਮਾਹ ਵੋ ਦਿਲਬਰਾ ਵਾਸਤਾ ਈ ।

ਜ਼ੁਲਫ ਨਾਗ ਵਾਂਗੂੰ ਚੱਕਰ ਘਤ ਬੈਠੀ, ਗਲੋਂ ਲਾਹ ਵੋ ਦਿਲਬਰਾ ਵਾਸਤਾ ਈ ।

ਦਿੰਹ ਰਾਤ ਨਾ ਜੋਗੀ ਨੂੰ ਟਿਕਣ ਦੇਂਦੀ, ਤੇਰੀ ਚਾਹ ਵੋ ਦਿਲਬਰਾ ਵਾਸਤਾ ਈ ।

ਲੋੜ੍ਹੇ ਲੁਟਿਆਂ ਨੈਣਾਂ ਦੀ ਝਾਕ ਦੇ ਕੇ, ਲੁੜ੍ਹ ਜਾਹ ਵੋ ਦਿਲਬਰਾ ਵਾਸਤਾ ਈ ।

ਗਲ ਪਲੂੜਾ ਇਸ਼ਕ ਦਿਆਂ ਕੁਠਿਆਂ ਦੇ, ਮੂੰਹ ਘਾਹ ਵੋ ਦਿਲਬਰਾ ਵਾਸਤਾ ਈ ।

ਸਦਕਾ ਸੈਦੇ ਦੇ ਨਵੇਂ ਪਿਆਰ ਵਾਲਾ, ਮਿਲ ਜਾਹ ਵੋ ਦਿਲਬਰਾ ਵਾਸਤਾ ਈ ।

ਵਾਰਿਸ ਸ਼ਾਹ ਨਿਆਜ਼ ਦਾ ਫਰਜ਼ ਭਾਰਾ, ਸਿਰੋਂ ਲਾਹ ਵੋ ਦਿਲਬਰਾ ਵਾਸਤਾ ਈ ।

 

(ਵੋ=ਓ, ਝਾਕ=ਆਸ, ਚੱਕਰ ਘਤ=ਕੁੰਡਲੀ ਮਾਰਕੇ, ਮੂੰਹ ਵਿੱਚ ਘਾਹ ਲੈ ਕੇ= ਮੇਰਾ ਵਾਸਤਾ ਹੈ, ਨਿਆਜ਼=ਨਮਾਜ਼, ਆਜਜ਼ੀ)

 

  1. ਸਹਿਤੀ

ਲੈ ਕੇ ਸੋਹਣੀ ਮੋਹਣੀ ਇੰਦਰਾਣੀ, ਮਿਰਗ-ਨੈਣੀ ਨੂੰ ਜਾਇਕੇ ਘੱਲਨੀ ਹਾਂ ।

ਤੇਰੀਆਂ ਅਜ਼ਮਤਾਂ ਵੇਖ ਕੇ ਪੀਰ ਮੀਆਂ, ਬਾਂਦੀ ਹੋਇਕੇ ਘਰਾਂ ਨੂੰ ਚੱਲਨੀ ਹਾਂ ।

ਪੀਰੀ ਪੀਰ ਦੀ ਵੇਖ ਮੁਰੀਦ ਹੋਈ, ਤੇਰੇ ਪੈਰ ਹੀ ਆਣ ਕੇ ਮੱਲਨੀ ਹਾਂ ।

ਮੈਨੂੰ ਬਖ਼ਸ਼ ਮੁਰਾਦ ਬਲੋਚ ਸਾਈਆਂ, ਤੇਰੀਆਂ ਜੁੱਤੀਆਂ ਸਿਰੇ ਤੇ ਝੱਲਨੀ ਹਾਂ ।

ਵਾਰਿਸ ਸ਼ਾਹ ਕਰ ਤਰਕ ਬੁਰਿਆਈਆਂ, ਦੀ ਦਰਬਾਰ ਅੱਲਾਹ ਦਾ ਮੱਲਨੀ ਹਾਂ ।

 

(ਅਜ਼ਮਤ=ਵਡਿਆਈ, ਪੈਰ ਮੱਲਨੀ ਹਾਂ=ਪੈਰਾਂ ਵਿੱਚ ਬਹਿੰਦੀ ਹਾਂ,ਸ਼ਰਨ ਆਉਂਦੀ ਹਾਂ, ਝੱਲਨੀ ਹਾਂ=ਸਹਿੰਦੀ ਹਾਂ)

 

  1. ਸਹਿਤੀ ਦਾ ਹੀਰ ਨੂੰ

ਸਹਿਤੀ ਜਾਇਕੇ ਹੀਰ ਨੂੰ ਕੋਲ ਬਹਿ ਕੇ, ਭੇਤ ਯਾਰ ਦਾ ਸੱਭ ਸਮਝਾਇਆ ਈ ।

ਜਿਹਨੂੰ ਮਾਰ ਕੇ ਘਰੋਂ ਫ਼ਕੀਰ ਕੀਤੋ, ਉਹ ਜੋਗੀੜਾ ਹੋਇਕੇ ਆਇਆ ਈ ।

ਉਹਨੂੰ ਠਗ ਕੇ ਮਹੀਂ ਚਰਾਇ ਲਈਉਂ, ਏਥੇ ਆਇਕੇ ਰੰਗ ਵਟਾਇਆ ਈ ।

ਤੇਰੇ ਨੈਣਾਂ ਨੇ ਚਾਇ ਮਲੰਗ ਕੀਤਾ, ਮਨੋ ਓਸ ਨੂੰ ਚਾਇ ਭੁਲਾਇਆ ਈ ।

ਉਹ ਤੇ ਕੰਨ ਪੜਾਇਕੇ ਵਣ ਲੱਥਾ, ਆਪ ਵਹੁਟੜੀ ਆਣ ਸਦਾਇਆ ਈ ।

ਆਪ ਹੋ ਜ਼ੁਲੈਖ਼ਾ ਦੇ ਵਾਂਗ ਸੱਚੀ, ਉਹਨੂੰ ਯੂਸਫ਼ ਚਾਇ ਬਣਾਇਆ ਈ ।

ਕੀਤੇ ਕੌਲ ਇਕਰਾਰ ਵਸਾਰ ਸਾਰੇ, ਆਣ ਸੈਦੇ ਨੂੰ ਕੰਤ ਬਣਾਇਆ ਈ ।

ਹੋਇਆ ਚਾਕ ਪਿੰਡੇ ਮਲੀ ਫ਼ਾਕ ਰਾਂਝੇ, ਕੰਨ ਪਾੜ ਕੇ ਹਾਲ ਵਣਜਾਇਆ ਈ ।

ਦੇਣੇਦਾਰ ਮਵਾਸ ਹੋ ਵਿਹਰ ਬੈਠੀ, ਲਹਿਣੇਦਾਰ ਹੀ ਅੱਕ ਕੇ ਆਇਆ ਈ ।

ਗਾਲੀਂ ਦੇ ਕੇ ਵਿਹੜਿਉਂ ਕਢ ਉਸ ਨੂੰ, ਕਲ੍ਹ ਮੋਲ੍ਹਿਆਂ ਨਾਲ ਕੁਟਾਇਆ ਈ ।

ਹੋ ਜਾਏਂ ਨਿਹਾਲ ਜੇ ਕਰੇਂ ਜ਼ਿਆਰਤ, ਤੈਨੂੰ ਬਾਗ਼ ਵਿੱਚ ਓਸ ਬੁਲਾਇਆ ਈ ।

ਜ਼ਿਆਰਤ ਮਰਦ ਕੁੱਫ਼ਾਰਤ ਹੋਣ ਇਸ਼ਯਾਂ, ਨੂਰ ਫ਼ੱਕਰ ਦਾ ਵੇਖਨਾ ਆਇਆ ਈ ।

ਬਹੁਤ ਜ਼ੁਹਦ ਕੀਤਾ ਮਿਲੇ ਪੀਰ ਪੰਜੇ, ਮੈਨੂੰ ਕਸ਼ਫ਼ ਵੀ ਜ਼ੋਰ ਵਿਖਾਇਆ ਈ ।

ਝੱਬ ਨਜ਼ਰ ਲੈ ਕੇ ਮਿਲ ਹੋ ਰਈਅਤ, ਫ਼ੌਜਦਾਰ ਬਹਾਲ ਹੋ ਆਇਆ ਈ ।

ਉਹਦੀ ਨਜ਼੍ਹਾ ਤੂੰ ਆਬੇਹਿਆਤ ਉਸ ਦਾ, ਕੇਹਾ ਭਾਬੀਏ ਝਗੜਾ ਲਇਆ ਈ ।

ਚਾਕ ਲਾਇਕੇ ਕੰਨ ਪੜਾਇਉ ਨੀ, ਨੈਣਾਂ ਵਾਲੀਏ ਗ਼ੈਬ ਕਿਉਂ ਚਾਇਆ ਈ ।

ਬਚੇ ਉਹ ਫ਼ਕੀਰਾਂ ਥੋਂ ਹੀਰ ਕੁੜੀਏ, ਹੱਥ ਬੰਨ੍ਹ ਕੇ ਜਿਨ੍ਹਾਂ ਬਖ਼ਸ਼ਾਇਆ ਈ ।

ਇੱਕੇ ਮਾਰ ਜਾਸੀ ਇੱਕੇ ਤਾਰ ਜਾਸੀ, ਇਹ ਮੀਂਹ ਅਨਿਆਉਂ ਦਾ ਆਇਆ ਈ ।

ਅਮਲ ਫ਼ੌਤ ਤੇ ਵੱਡੀ ਦਸਤਾਰ ਫੁੱਲੀ, ਕੇਹਾ ਭੀਲ ਦਾ ਸਾਂਗ ਬਣਾਇਆ ਈ ।

ਵਾਰਿਸ ਕੌਲ ਭੁਲਾਇਕੇ ਕੇ ਖੇਡ ਰੁੱਧੋਂ, ਕੇਹਾ ਨਵਾਂ ਮਖ਼ੌਲ ਜਗਾਇਆ ਈ ।

 

(ਵਣ ਲੱਥਾ = ਜੰਗਲ ਵਿੱਚ ਡੇਰਾ ਲਾ ਲਿਆ, ਜ਼ੁਲੈਖ਼ਾ ਅਤੇ ਯੂਸਫ਼ = ਯੂਸਫ਼ ਅਤੇ ਜ਼ੁਲੈਖ਼ਾ ਦੀ ਕਹਾਣੀ ਕੁਰਾਨ ਸ਼ਰੀਫ ਵਿੱਚ ਵੀ ਆਉਂਦੀ ਹੈ । ਯੂਸਫ਼ ਯਾਕੂਬ ਦਾ ਪੁੱਤਰ ਅਤੇ ਇਬਰਾਹੀਮ ਦਾ ਪੜੋਤਾ ਸੀ ।ਯੂਸਫ਼ ਬਹੁਤ ਸੁੰਦਰ ਸੀ ।ਉਸਦੇ ਮਤੇਰ ਭਰਾਵਾਂ ਨੇ ਈਰਖਾ ਨਾਲ ਉਸ ਨੂੰ ਜੰਗਲ ਦੇ ਇੱਕ ਅੰਨ੍ਹੇ ਖੂਹ ਵਿੱਚ ਸੁੱਟ ਦਿੱਤਾ ਅਤੇ ਯਾਕੂਬ ਕੋਲ ਝੂਠ ਕਹਿ ਦਿੱਤਾ ਕਿ ਉਸ ਨੂੰ ਜੰਗਲੀ ਦਰਿੰਦੇ ਲੈ ਗਏ ।ਯੂਸਫ਼ ਨੂੰ ਕੋਲੋਂ ਲੰਘਦੇ ਵਪਾਰੀਆਂ ਦੇ ਕਾਫ਼ਲੇ ਨੇ ਖੂਹੋਂ ਕੱਢ ਕੇ ਮਿਸਰ ਵਿੱਚ ਮੰਡੀ ਵਿੱਚ ਲਿਜਾ ਕੇ ਇੱਕ ਗ਼ੁਲਾਮ ਵਜੋਂ ਵੇਚ ਦਿੱਤਾ ।ਓਥੇ ਦੀ ਇੱਕ ਇਸਤਰੀ ਜ਼ੁਲੈਖ਼ਾ ਨੇ ਉਸ ਉੱਤੇ ਮੋਹਤ ਹੋਕੇ ਉਸ ਨਾਲ ਆਯੋਗ ਸਬੰਧ ਸਥਾਪਤ ਕਰਨੇ ਚਾਹੇ ਐਪਰ ਯੂਸਫ਼ ਨਾ ਮੰਨਿਆ ।ਜ਼ੁਲੈਖ਼ਾ ਨੇ ਦੋਸ਼ ਲਾਕੇ ਯੂਸਫ਼ ਨੂੰ ਕੈਦ ਕਰਵਾ ਦਿੱਤਾ।

74 / 96
Previous
Next