ਯੂਸਫ਼ ਨੂੰ ਸੁਫ਼ਨਿਆਂ ਦੇ ਠੀਕ ਅਰਥ ਕੱਢਣੇ ਆਉਂਦੇ ਸਨ ।ਕੈਦ 'ਚੋਂ ਛੱਡੇ ਜਾਦ ਪਿੱਛੋਂ ਉਹ ਮਿਸਰ ਦਾ ਚੰਗਾ ਵਜ਼ੀਰ ਤੇ ਫੇਰ ਰਾਜਾ ਬਣਿਆ । ਭੁਖੇ ਮਰਦੇ ਮੰਗਣ ਆਏ ਆਪਣੇ ਉਨ੍ਹਾਂ ਭਰਾਵਾਂ ਦੀ ਵੀ ਮਦਦ ਕੀਤੀ ਜੋ ਉਹਨੂੰ ਖੂਹ ਵਿੱਚ ਸੁੱਟ ਗਏ ਸਨ, ਮਵਾਸ= ਬਾਗ਼ੀਆਂ ਦਾ ਡੇਰਾ, ਜ਼ਿਆਰਤ = ਦੀਦਾਰ, ਜ਼ਿਆਰਤ ਮਰਦ ਕੁੱਫ਼ਾਰਤ ਹੋਣ ਇਸ਼ਯਾਂ =ਮਰਦਾਂ ਦਾ ਦੀਦਾਰ ਕਰਨ ਨਾਲ ਗੁਨਾਹ ਧੋ ਹੋ ਜਾਂਦੇ ਹਨ, ਜ਼ੁਹਦ = ਪਰਹੇਜ਼ਗਾਰੀ, ਝੱਬ=ਛੇਤੀ, ਨਜ਼ਰ ਲੈ ਕੇ =ਨਵੇਂ ਲੱਗੇ ਫ਼ੌਜਦਾਰ ਕੋਲ ਨਜ਼ਰਾਨਾ ਲੈ ਕੇ, ਗਲ ਵਿੱਚ ਪਰਨਾ ਪਾ ਕੇ ਹਾਜ਼ਰ ਹੁੰਦੇ ਸਨ, ਨਜ਼੍ਹਾ=ਮਰਨ ਵੇਲਾ)
ਹੀਰ ਆਖਿਆ ਜਾਇਕੇ ਖੋਲ੍ਹ ਬੁੱਕਲ, ਉਹਦੇ ਵੇਸ ਨੂੰ ਫੂਕ ਵਿਖਾਵਨੀ ਹਾਂ ।
ਨੈਣਾਂ ਚਾੜ੍ਹ ਕੇ ਸਾਣ ਤੇ ਕਰਾਂ ਪੁਰਜ਼ੇ, ਕਤਲ ਆਸ਼ਕਾਂ ਦੇ ਉੱਤੇ ਧਾਵਨੀ ਹਾਂ ।
ਅੱਗੇ ਚਾਕ ਸੀ ਫ਼ਾਕ ਕਰ ਸਾੜ ਸੁੱਟਾਂ, ਉਹਦੇ ਇਸ਼ਕ ਨੂੰ ਸਿਕਲ ਚੜ੍ਹਾਵਨੀ ਹਾਂ ।
ਉਹਦੇ ਪੈਰਾਂ ਦੀ ਖ਼ਾਕ ਹੈ ਜਾਨ ਮੇਰੀ, ਸਾਰੀ ਸੱਚ ਦੀ ਨਿਸ਼ਾ ਦੇ ਆਵਨੀ ਹਾਂ ।
ਮੋਇਆ ਪਿਆ ਹੈ ਨਾਲ ਫ਼ਿਰਾਕ ਰਾਂਝਾ, ਈਸਾ ਵਾਂਗ ਮੁੜ ਫੇਰ ਜੀਵਾਵਨੀ ਹਾਂ ।
ਵਾਰਿਸ ਸ਼ਾਹ ਪਤੰਗ ਨੂੰ ਸ਼ਮ੍ਹਾਂ ਵਾਂਗੂੰ, ਅੰਗ ਲਾਇਕੇ ਸਾੜ ਵਿਖਾਵਨੀ ਹਾਂ ।
(ਸਿਕਲ ਚੜ੍ਹਾਉਣਾ=ਚਮਕਾਉਣਾ,ਤੇਜ਼ ਕਰਨਾ, ਨਿਸ਼ਾ=ਯਕੀਨ, ਈਸਾ=ਮਸੀਹ ਵਾਂਗੂੰ ਦੂਜੀ ਵਾਰ ਜਿਉਂਦਾ ਕਰਦੀ ਹਾਂ, ਪਤੰਗ=ਪਰਵਾਨਾ,ਭੰਬਟ)
ਹੀਰ ਨ੍ਹਾਇਕੇ ਪੱਟ ਦਾ ਪਹਿਨ ਤੇਵਰ, ਵਾਲੀਂ ਇਤਰ ਫਲੇਲ ਮਲਾਂਵਦੀ ਹੈ ।
ਵਲ ਪਾਇਕੇ ਮੀਢੀਆਂ ਖ਼ੂਨੀਆਂ ਨੂੰ, ਗੋਰੇ ਮੁਖ ਤੇ ਜ਼ੁਲਫ਼ ਪਲਮਾਂਵਦੀ ਹੈ ।
ਕੱਜਲ ਭਿੰਨੜੇ ਨੈਣ ਅਪਰਾਧ ਲੱਥੇ, ਦੋਵੇਂ ਹੁਸਨ ਦੇ ਕਟਕ ਲੈ ਧਾਂਵਦੀ ਹੈ ।
ਮਲ ਵਟਣਾ ਹੋਠਾਂ ਤੇ ਲਾ ਸੁਰਖ਼ੀ, ਨਵਾਂ ਲੋੜ੍ਹ ਤੇ ਲੋੜ੍ਹ ਚੜਾਂਵਦੀ ਹੈ ।
ਸਿਰੀਸਾਫ਼ ਸੰਦਾ ਭੋਛਨ ਸੁੰਹਦਾ ਸੀ, ਕੰਨੀਂ ਬੁੱਕ ਬੁੱਕ ਵਾਲੀਆਂ ਪਾਂਵਦੀ ਹੈ ।
ਕੀਮਖ਼ਾਬ ਦੀ ਚੋਲੜੀ ਹਿੱਕ ਪੈਧੀ, ਮਾਂਗ ਚੌਂਕ ਲੈ ਤੋੜ ਵਲਾਂਵਦੀ ਹੈ ।
ਘੱਤ ਝਾਂਜਰਾਂ ਲੋੜ੍ਹ ਦੇ ਸਿਰੇ ਚੜ੍ਹ ਕੇ, ਹੀਰ ਸਿਆਲ ਲਟਕਦੀ ਆਂਵਦੀ ਹੈ ।
ਟਿੱਕਾਬੰਦਲੀ ਬਣੀ ਹੈ ਨਾਲ ਲੂਹਲਾਂ, ਵਾਂਗ ਮੋਰ ਦੇ ਪਾਇਲਾਂ ਪਾਂਵਦੀ ਹੈ ।
ਹਾਥੀ ਮਸਤ ਛੁੱਟਾ ਛਣਾ ਛਣ ਛਣਕੇ, ਕਤਲ ਆਮ ਖ਼ਲਕਤ ਹੁੰਦੀ ਆਂਵਦੀ ਹੈ ।
ਕਦੀ ਕਢ ਕੇ ਘੁੰਢ ਲੋੜ੍ਹਾ ਦੇਂਦੀ, ਕਦੀ ਖੋਲ੍ਹ ਕੇ ਮਾਰ ਮੁਕਾਂਵਦੀ ਹੈ ।
ਘੁੰਡ ਲਾਹ ਕੇ ਲਟਕ ਵਿਖਾ ਸਾਰੀ, ਜੱਟੀ ਰੁੱਠੜਾ ਯਾਰ ਮਨਾਂਵਦੀ ਹੈ ।
ਵਾਰਿਸ ਮਾਲ ਦੇ ਨੂੰ ਸੱਭਾ ਖੋਲ੍ਹ ਦੌਲਤ, ਵੱਖੋ ਵੱਖ ਕਰ ਚਾਇ ਵਿਖਾਂਵਦੀ ਹੈ ।
ਵਾਰਿਸ ਸ਼ਾਹ ਸ਼ਾਹ ਪਰੀ ਦੀ ਨਜ਼ਰ ਚੜ੍ਹਿਆ, ਖ਼ਲਕਤ ਸੈਫ਼ੀਆਂ ਫੂਕਣੇ ਆਂਵਦੀ ਹੈ ।
(ਤੇਵਰ=ਸੂਟ,ਤਿਉਰ, ਪਲਮਾਂਵਦੀ=ਖਿਲਾਰਦੀ, ਭੋਛਨ=ਪੁਸ਼ਾਕ, ਬੁਕ ਬੁਕ ਬਾਲੀਆਂ=ਢੇਰ ਸਾਰੀਆਂ ਬਾਲੀਆਂ, ਕੀਮਖ਼ਾਬ=ਇੱਕ ਕਪੜਾ, ਪੈਧੀ=ਪਾਈ, ਪਹਿਨੀ, ਟਿੱਕਾ ਬਿੰਦਲੀ=ਮੱਥੇ ਦੇ ਗਹਿਣੇ, ਲਟਕ=ਸ਼ਾਨ, ਸੈਫ਼ੀਆਂ ਫੂਕਣ= ਜਾਦੂ ਕਰਨੇ)
ਰਾਂਝਾ ਵੇਖ ਕੇ ਆਖਦਾ ਪਰੀ ਕੋਈ, ਇੱਕੇ ਭਾਵੇਂ ਤਾਂ ਹੀਰ ਸਿਆਲ ਹੋਵੇ ।
ਕੋਈ ਹੂਰ ਕਿ ਮੋਹਣੀ ਇੰਦਰਾਣੀ, ਹੀਰ ਹੋਵੇ ਤਾਂ ਸਈਆਂ ਦੇ ਨਾਲ ਹੋਵੇ ।
ਨੇੜੇ ਆ ਕੇ ਕਾਲਜੇ ਧਾਹ ਗਿਉਸ, ਜਿਵੇਂ ਮਸਤ ਕੋਈ ਨਸ਼ੇ ਨਾਲ ਹੋਵੇ ।
ਰਾਂਝਾ ਆਖਦਾ ਅਬਰ ਬਹਾਰ ਆਇਆ, ਬੇਲਾ ਜੰਗਲਾ ਲਾਲੋ ਹੀ ਲਾਲ ਹੋਵੇ ।
ਹਾਠ ਜੋੜ ਕੇ ਬੱਦਲਾਂ ਹਾਂਝ ਬੱਧੀ, ਵੇਖਾਂ ਕੇਹੜਾ ਦੇਸ ਨਿਹਾਲ ਹੋਵੇ ।
ਚਮਕੀ ਲੈਲਾਤੁਲਕਦਰ ਸਿਆਹ ਸ਼ਬ ਥੀਂ, ਜਿਸ ਤੇ ਪਵੇਗੀ ਨਜ਼ਰ ਨਿਹਾਲ ਹੋਵੇ ।
ਡੌਲ ਢਾਲ ਤੇ ਚਾਲ ਦੀ ਲਟਕ ਸੁੰਦਰ, ਜੇਹਾ ਪੇਖਣੇ ਦਾ ਕੋਈ ਖ਼ਿਆਲ ਹੋਵੇ ।
ਯਾਰ ਸੋਈ ਮਹਿਬੂਬ ਥੋਂ ਫ਼ਿਦਾ ਹੋਵੇ, ਜੀਊ ਸੋਈ ਜੋ ਮੁਰਸ਼ਦਾਂ ਨਾਲ ਹੋਵੇ ।
ਵਾਰਿਸ ਸ਼ਾਹ ਆਇ ਚੰਬੜੀ ਰਾਂਝਣੇ ਨੂੰ, ਜੇਹਾ ਗਧੇ ਦੇ ਗਲੇ ਵਿੱਚ ਲਾਲ ਹੋਵੇ ।
(ਬਹਾਰ=ਬਸੰਤ, ਅਬਰ ਬਹਾਰ=ਖ਼ੁਸ਼ੀਆਂ ਦਾ ਮੀਂਹ, ਜੰਗਲਾ ਬੇਲਾ=ਜੰਗਲ ਬੇਲਾ,ਹਰ ਪਾਸੇ, ਹਾਠ ਜੋੜ=ਘਟਾ ਵਾਂਗੂ ਜੁੜ ਕੇ, ਲੈਲਾਤੁਲ ਕਦਰ=ਨਸੀਬਾਂ ਵਾਲੀ ਰਾਤ, ਸਿਆਹ ਸ਼ਬ=ਕਾਲੀ ਰਾਤ, ਗਧੇ ਦੇ ਗਲ ਵਿੱਚ ਲਾਲ=ਰਾਂਝਾ ਫ਼ਕੀਰ ਬਣ ਕੇ ਬਦ ਸੂਰਤ ਲਗਦਾ ਸੀ ।ਹੀਰ ਪੂਰੀ ਬਣ ਠਣ ਕੇ ਆਈ ਸੀ)
ਘੁੰਡ ਲਾਹ ਕੇ ਹੀਰ ਦੀਦਾਰ ਦਿੱਤਾ, ਰਹਿਆ ਹੋਸ਼ ਨਾ, ਅਕਲ ਥੀਂ ਤਾਕ ਕੀਤਾ ।
ਲੰਕ ਬਾਗ਼ ਦੀ ਪਰੀ ਨੇ ਝਾਕ ਦੇ ਕੇ, ਸੀਨਾ ਪਾੜ ਕੇ ਚਾਕ ਦਾ ਚਾਕ ਕੀਤਾ ।
ਬੰਨ੍ਹ ਮਾਪਿਆਂ ਜ਼ਾਲਮਾਂ ਟੋਰ ਦਿੱਤੀ, ਤੇਰੇ ਇਸ਼ਕ ਨੇ ਮਾਰ ਕੇ ਖ਼ਾਕ ਕੀਤਾ ।
ਮਾਂ ਬਾਪ ਤੇ ਅੰਗ ਭੁਲਾ ਬੈਠੀ, ਅਸਾਂ ਚਾਕ ਨੂੰ ਆਪਣਾ ਸਾਕ ਕੀਤਾ ।
ਤੇਰੇ ਬਾਝ ਨਾ ਕਿਸੇ ਨੂੰ ਅੰਗ ਲਾਇਆ, ਸੀਨਾ ਸਾੜ ਕੇ ਬਿਰਹੋਂ ਨੇ ਖ਼ਾਕ ਕੀਤਾ ।
ਵੇਖ ਨਵੀਂ ਨਰੋਈ ਅਮਾਨ ਤੇਰੀ, ਸ਼ਾਹਦ ਹਾਲ ਦਾ ਮੈਂ ਰਬ ਪਾਕ ਕੀਤਾ ।
ਅੱਲਾਹ ਜਾਣਦਾ ਹੈ ਏਨ੍ਹਾਂ ਆਸ਼ਕਾਂ ਨੇ, ਮਜ਼ੇ ਜ਼ੌਕ ਨੂੰ ਚਾਇ ਤਲਾਕ ਕੀਤਾ ।
ਵਾਰਿਸ ਸ਼ਾਹ ਲੈ ਚਲਣਾ ਤੁਸਾਂ ਸਾਨੂੰ, ਕਿਸ ਵਾਸਤੇ ਜੀਊ ਗ਼ਮਨਾਕ ਕੀਤਾ ।
(ਅਕਲ ਥੀਂ ਤਾਕ ਕੀਤਾ=ਹੋਸ਼ ਜਾਂਦੀ ਰਹੀ, ਚਾਕ ਕੀਤਾ=ਚੀਰ ਦਿੱਤਾ, ਖ਼ਾਕ ਕੀਤਾ = ਮਿੱਟੀ ਵਿੱਚ ਰਲਾ ਦਿੱਤਾ, ਅਮਾਨ = ਅਮਾਨਤ, ਸ਼ਾਹਦ=ਗਵਾਹ, ਤਲਾਕ ਕੀਤਾ=ਜੁਦਾ ਕੀਤਾ)
ਚੌਧਰਾਈਆਂ ਛੱਡ ਕੇ ਚਾਕ ਬਣੇ, ਮਹੀਂ ਚਾਰ ਕੇ ਅੰਤ ਨੂੰ ਚੋਰ ਹੋਏ ।
ਕੌਲ ਕਵਾਰੀਆਂ ਦੇ ਲੋੜ੍ਹੇ ਮਾਰੀਆਂ ਦੇ, ਅਲੋਹਾਰੀਆਂ ਦੇ ਹੋਰੋ ਹੋਰ ਹੋਏ ।
ਮਾਂ ਬਾਪ ਇਕਰਾਰ ਕਰ ਕੌਲ ਹਾਰੇ, ਕੰਮ ਖੇੜਿਆਂ ਦੇ ਜ਼ੋਰੋ ਜ਼ੋਰ ਹੋਏ ।
ਰਾਹ ਸੱਚ ਦੇ ਤੇ ਕਦਮ ਧਰਨ ਨਾਹੀਂ, ਜਿਨ੍ਹਾਂ ਖੋਟਿਆਂ ਦੇ ਮਨ ਖੋਰ ਹੋਏ ।
ਤੇਰੇ ਵਾਸਤੇ ਮਿਲੀ ਹਾਂ ਕਢ ਦੇਸੋਂ, ਅਸੀਂ ਆਪਣੇ ਦੇਸ ਦੇ ਚੋਰ ਹੋਏ ।
ਵਾਰਿਸ ਸ਼ਾਹ ਨਾ ਅਕਲ ਨਾ ਹੋਸ਼ ਰਹਿਆ, ਮਾਰੇ ਹੀਰ ਦੇ ਸਿਹਰ ਦੇ ਮੋਰ ਹੋਏ ।
(ਅਲੋਹਾਰੀ=ਕੁਆਰੀ ਮੁਟਿਆਰ ਜਿਹੜੀ ਮਰਦ ਦੇ ਛੂਹਣ ਨਾਲ ਬੇਕਰਾਰ ਵੀ ਹੋਵੇ ਪਰ ਚਾਹੁੰਦੀ ਵੀ ਹੋਵੇ ਕਿ ਉਹ ਉਹਨੂੰ ਛੇੜੇ ਵੀ, ਸਿਹਰ ਨਾਲ ਮੋਰ ਹੋਏ=ਜਾਦੂ ਨਾਲ ਮੋਰ ਬਣਾ ਦਿੱਤਾ ਹੈ ਅਤੇ ਨੱਚਦੇ ਫਿਰਦੇ ਹਾਂ)