ਮਿਹਤਰ ਨੂਹ ਦਿਆਂ ਬੇਟਿਆਂ ਜ਼ਿੱਦ ਕੀਤੀ, ਡੁਬ ਮੋਏ ਨੇ ਛੱਡ ਮੁਹਾਣਿਆਂ ਨੂੰ ।
ਯਾਕੂਬ ਦਿਆਂ ਪੁੱਤਰਾਂ ਜ਼ੁਲਮ ਕੀਤਾ, ਸੁਣਿਆ ਹੋਸੀਆ ਯੂਸੁਫ਼ੋਂ ਵਾਣਿਆਂ ਨੂੰ ।
ਹਾਬੀਲ ਕਾਬੀਲ ਦੀ ਜੰਗ ਹੋਈ, ਛੱਡ ਗਏ ਨੇ ਕੁਤਬ ਟਿਕਾਣਿਆਂ ਨੂੰ ।
ਜੇ ਮੈਂ ਜਾਣਦੀ ਮਾਪਿਆਂ ਬੰਨ੍ਹ ਦੇਣੀ, ਛਡ ਚਲਦੀ ਝੰਗ ਸਮਾਣਿਆਂ ਨੂੰ ।
ਖ਼ਾਹਿਸ਼ ਹੱਕ ਦੀ ਕਲਮ ਤਕਦੀਰ ਵੱਗੀ, ਮੋੜੇ ਕੌਣ ਅੱਲਾਹ ਦਿਆਂ ਭਾਣਿਆਂ ਨੂੰ ।
ਕਿਸੇ ਤੱਤੜੇ ਵਖ਼ਤ ਸੀ ਨੇਹੁੰ ਲੱਗਾ, ਤੁਸਾਂ ਬੀਜਿਆ ਭੁੰਨਿਆਂ ਦਾਣਿਆਂ ਨੂੰ ।
ਸਾਢੇ ਤਿੰਨ ਹੱਥ ਜ਼ਿਮੀਂ ਹੈ ਮਿਲਖ ਤੇਰੀ, ਵਲੇਂ ਕਾਸ ਨੂੰ ਏਡ ਵਲਾਣਿਆਂ ਨੂੰ ।
ਗੁੰਗਾ ਨਹੀਂ ਕੁਰਾਨ ਦਾ ਹੋਇ ਹਾਫਿਜ਼, ਅੰਨ੍ਹਾ ਵੇਖਦਾ ਨਹੀਂ ਟਿਟ੍ਹਾਣਿਆਂ ਨੂੰ ।
ਵਾਰਿਸ ਸ਼ਾਹ ਅੱਲਾਹ ਬਿਨ ਕੌਣ ਪੁੱਛੇ, ਪਿੱਛਾ ਟੁੱਟਿਆਂ ਅਤੇ ਨਮਾਣਿਆਂ ਨੂੰ ।
(ਮਿਹਤਰ=ਸਰਦਾਰ, ਮੁਹਾਣਿਆਂ =ਜਿਹੜੇ ਨੂਹ ਦੀ ਕਿਸ਼ਤੀ ਵਿੱਚ ਬੈਠੇ ਹੋਏ ਸਨ, ਵਾਣਾ=ਭੇਸ, ਹਾਬੀਲ, ਖ਼ਾਬੀਲ= ਦੋ ਭਾਈ ਅਪਣੇ ਕੁਤਬ ਭਾਵ ਅਪਣ ਟਿਕਾਣੇ ਰਹਿੰਦੇ ਪਰ ਦੋਨਾਂ ਭਰਾਵਾਂ ਨੇ ਆਪਣਾ ਅਸੂਲ ਛੱਡ ਦਿੱਤਾ ।ਇੱਕ ਔਰਤ ਕਾਰਨ ਲੜਣ ਲੱਗੇ ।ਹਜ਼ਰਤ ਆਦਮ ਨੇ ਸ਼ਰਤ ਲਾਈ ਹੋਈ ਸੀ ਕਿ ਜਿਹਦੀ ਨਿਆਜ਼ ਰੱਬ ਕਬੂਲ ਕਰ ਲਵੇ ਔਰਤ ਉਹਦੀ ਹੋ ਜਾਏਗੀ । ਰਬ ਨੇ ਹਾਬੀਲ ਦੀ ਨਿਆਜ਼ ਅਸਮਾਨੀ ਅੱਗ ਨਾਲ ਜਾਲ ਕੇ ਕਬੂਲ ਕਰ ਲਈ, ਇਸ ਲਈ ਝਗੜਾ ਖ਼ਤਮ ਹੋ ਜਾਣਾ ਚਾਹੀਦਾ ਸੀ ਪਰ ਕਾਬੀਲ ਨੇ ਜ਼ਿਦ ਕੀਤੀ ਅਤੇ ਕਿਸੇ ਅਸੂਲ ਤੇ ਕਾਇਮ ਨਾ ਰਿਹਾ, ਟਿਟਾਹਣੇ=ਜੁਗਨੂੰ, ਸਾਢੇ ਤਿੰਨ ਹੱਥ ਥਾਂ= ਕਬਰ ਦੀ ਲੰਬਾਈ, ਪਿੱਛਾ ਟੁੱਟੇ =ਜਿਨ੍ਹਾਂ ਦੀ ਪੁਸ਼ਤ ਪਨਾਹ ਜਾਂ ਪਿੱਛਾ ਪੂਰਨ ਵਾਲਾ ਨਾ ਹੋਵੇ)
ਤੇਰੇ ਮਾਪਿਆਂ ਸਾਕ ਕੁਥਾਂ ਕੀਤਾ, ਅਸੀਂ ਰੁਲਦੇ ਰਹਿ ਗਏ ਪਾਸਿਆਂ ਤੇ ।
ਆਪੇ ਰੁਮਕ ਗਈ ਏਂ ਨਾਲ ਖੇੜਿਆਂ ਦੇ, ਸਾਡੀ ਗੱਲ ਗਵਾਈਆ ਹਾਸਿਆਂ ਤੇ ।
ਸਾਨੂੰ ਮਾਰ ਕੇ ਹਾਲ ਬੇਹਾਲ ਕੀਤੋ, ਆਪ ਹੋਈ ਏਂ ਦਾਬਿਆਂ ਧਾਸਿਆਂ ਤੇ ।
ਸਾਢੇ ਤਿੰਨ ਮਣ ਦਿਹ ਮੈਂ ਫ਼ਿਦਾ ਕੀਤੀ, ਅੰਤ ਹੋਈ ਹੈ ਤੋਲਿਆਂ ਮਾਸਿਆਂ ਤੇ ।
ਸ਼ਸ਼ ਪੰਜ ਬਾਰਾਂ ਦੱਸਣ ਤਿੰਨ ਕਾਣੇ, ਲਿਖੇ ਏਸ ਜ਼ਮਾਨੇ ਦੇ ਪਾਸਿਆਂ ਤੇ ।
ਵਾਰਿਸ ਸ਼ਾਹ ਵਸਾਹ ਕੀ ਜ਼ਿੰਦਗੀ ਦਾ, ਸਾਡੀ ਉਮਰ ਹੈ ਨਕਸ਼ ਪਤਾਸਿਆਂ ਤੇ ।
(ਸਾਢੇ ਤਿੰਨ ਮਨ ਦੇਹ=ਮੋਟਾ ਤਾਜ਼ਾ, ਤੋਲੇ ਮਾਸੇ=ਬਹੁਤ ਕੰਮਜ਼ੋਰ, ਸ਼ਸ਼ ਪੰਜ ਬਾਰਾਂ=ਛੱਕਾ ਤੇ ਪੌਂ ਬਾਰਾਂ, ਨਕਸ਼=ਲੀਕ,ਨਿਸ਼ਾਨ)
ਜੋ ਕੋ ਏਸ ਜਹਾਨ ਤੇ ਆਦਮੀ ਹੈ, ਰੌਂਦਾ ਮਰੇਗਾ ਉਮਰ ਥੀਂ ਝੂਰਦਾ ਈ ।
ਸਦਾ ਖ਼ੁਸ਼ੀ ਨਾਹੀਂ ਕਿਸੇ ਨਾਲ ਨਿਭਦੀ, ਏਹ ਜ਼ਿੰਦਗੀ ਨੇਸ਼ ਜ਼ੰਬੂਰ ਦਾ ਈ ।
ਬੰਦਾ ਜੀਵਣੇ ਦੀਆਂ ਨਿਤ ਕਰੇ ਆਸਾਂ, ਇਜ਼ਰਾਈਲ ਸਿਰੇ ਉੱਤੇ ਘੂਰਦਾ ਈ ।
ਵਾਰਿਸ ਸ਼ਾਹ ਇਸ ਇਸ਼ਕ ਦੇ ਕਰਨਹਾਰਾ, ਵਾਲ ਵਾਲ ਤੇ ਖਾਰ ਖਜੂਰ ਦਾ ਈ ।
(ਨੇਸ਼=ਡੰਗ, ਜ਼ੰਬੂਰ=ਧਮੂੜੀ,ਭਰਿੰਡ, ਖਾਰ=ਕੰਡਾ)
ਤੁਸੀਂ ਕਰੋ ਜੇ ਹੁਕਮ ਤਾਂ ਘਰ ਜਾਈਏ, ਨਾਲ ਸਹਿਤੀ ਦੇ ਸਾਜ਼ ਬਨਾਈਏ ਜੀ ।
ਬਹਿਰ ਇਸ਼ਕ ਦਾ ਖ਼ੁਸ਼ਕ ਗ਼ਮ ਨਾਲ ਹੋਇਆ, ਮੀਂਹ ਅਕਲ ਦੇ ਨਾਲ ਭਰਾਈਏ ਜੀ ।
ਕਿਵੇਂ ਕਰਾਂ ਕਸ਼ਾਇਸ਼ ਮੈਂ ਅਕਲ ਵਾਲੀ, ਤੇਰੇ ਇਸ਼ਕ ਦੀਆਂ ਪੂਰੀਆਂ ਪਾਈਏ ਜੀ ।
ਜਾ ਤਿਆਰੀਆਂ ਟੁਰਨ ਦੀਆਂ ਝਬ ਕਰੀਏ, ਸਾਨੂੰ ਸੱਜਣੋਂ ਹੁਕਮ ਕਰਾਈਏ ਜੀ ।
ਹਜ਼ਰਤ ਸੂਰਾ ਇਖ਼ਲਾਸ ਲਿਖ ਦੇਵੋ ਮੈਨੂੰ, ਫਾਲ ਕੁਰ੍ਹਾ ਨਜ਼ੂਮ ਦਾ ਪਾਈਏ ਜੀ ।
ਖੋਲ੍ਹੋ ਫ਼ਾਲ-ਨਾਮਾ ਤੇ ਦੀਵਾਨ ਹਾਫ਼ਿਜ਼, ਵਾਰਿਸ ਸ਼ਾਹ ਥੀਂ ਫ਼ਾਲ ਕਢਾਈਏ ਜੀ ।
(ਸਾਜ਼ ਬਣਾਈਏ =ਘਾੜਤ ਘੜੀਏ, ਬਹਿਰ=ਸਾਗਰ, ਕਸ਼ਾਇਸ਼=ਖੋਲ੍ਹਣਾ, ਸੂਰਾ ਇਖ਼ਲਾਸ= ਇਹ ਸੂਰਾ ਤਿੰਨ ਬਾਰੀ ਪੜ੍ਹਨ ਤੇ ਸਾਰੀ ਕੁਰਾਨ ਦਾ ਸਵਾਬ ਮਿਲਦਾ ਹੈ ਅਤੇ ਈਮਾਨ ਤਾਜ਼ਾ ਰਹਿੰਦਾ ਹੈ, ਫ਼ਾਲ=ਸ਼ਗਨ, ਦੀਵਾਨ ਹਾਫਿਜ਼= ਦੀਵਾਨ ਹਾਫ਼ਿਜ਼ ਖੋਲ੍ਹ ਕੇ ਵੀ ਫ਼ਾਲ ਕੱਢਿਆ ਜਾਂਦਾ ਹੈ)
ਅੱਵਲ ਪੈਰ ਪਕੜੇ ਇਅਤਕਾਦ ਕਰਕੇ, ਫੇਰ ਨਾਲ ਕਲੇਜੇ ਦੇ ਲੱਗ ਗਈ ।
ਨਵਾਂ ਤੌਰ ਅਜੂਬੇ ਦਾ ਨਜ਼ਰ ਆਇਆ, ਵੇਖੋ ਜਲ ਪਤੰਗ ਤੇ ਅੱਗ ਗਈ ।
ਕਿਹੀ ਲਗ ਗਈ ਚਿਣਗ ਜੱਗ ਗਈ, ਖ਼ਬਰ ਜੱਗ ਗਈ ਵੱਜ ਧਰੱਗ ਗਈ ।
ਯਾਰੋ ਠਗਾਂ ਦੀ ਰਿਉੜੀ ਹੀਰ ਜੱਟੀ, ਮੂੰਹ ਲਗਦਿਆਂ ਯਾਰ ਨੂੰ ਠੱਗ ਗਈ ।
ਲੱਗਾ ਮਸਤ ਹੋ ਕਮਲੀਆਂ ਕਰਨ ਗੱਲਾਂ, ਦੁਆ ਕਿਸੇ ਫ਼ਕੀਰ ਦੀ ਵੱਗ ਗਈ ।
ਅੱਗੇ ਧੂੰਆਂ ਧੁਖੇਂਦੜਾ ਜੋਗੀੜੇ ਦਾ, ਉਤੋਂ ਫੂਕ ਕੇ ਝੁੱਗੜੇ ਅੱਗ ਗਈ ।
ਯਾਰ ਯਾਰ ਦਾ ਬਾਗ਼ ਵਿੱਚ ਮੇਲ ਹੋਇਆ, ਗੱਲ ਆਮ ਮਸ਼ਹੂਰ ਹੋ ਜੱਗ ਗਈ ।
ਵਾਰਿਸ ਤਰੁਟਿਆਂ ਨੂੰ ਰਬ ਮੇਲਦਾ ਏ, ਵੇਖੋ ਕਮਲੜੇ ਨੂੰ ਪਰੀ ਲੱਗ ਗਈ ।
(ਇਅਤਕਾਦ= ਯਕੀਨ, ਵੱਜ ਧਰਗ ਗਈ=ਨਗਾਰਾ ਵਜ ਗਿਆ, ਠਗਾਂ ਦੀ ਰਿਉੜੀ= ਨਸ਼ੇ ਵਾਲੀ ਰਿਉੜੀ, ਤਰੁਟਿਆਂ= ਜੁਦਾ ਹੋਇਆਂ,ਵਿਛੁੜਿਆਂ)
ਹੀਰ ਹੋ ਰੁਖ਼ਸਤ ਰਾਂਝੇ ਯਾਰ ਕੋਲੋਂ, ਆਖੇ ਸਹਿਤੀਏ ਮਤਾ ਪਕਾਈਏ ਨੀ ।
ਠੂਠਾ ਭੰਨ ਫ਼ਕੀਰ ਨੂੰ ਕੱਢਿਆ ਸੀ, ਕਿਵੇਂ ਓਸ ਨੂੰ ਖ਼ੈਰ ਭੀ ਪਾਈਏ ਨੀ ।
ਵਹਿਣ ਲੋੜ੍ਹ ਪਿਆ ਬੇੜਾ ਸ਼ੁਹਦਿਆਂ ਦਾ, ਨਾਲ ਕਰਮ ਦੇ ਬੰਨੜੇ ਲਾਈਏ ਨੀ ।
ਮੇਰੇ ਵਾਸਤੇ ਓਸ ਨੇ ਲਏ ਤਰਲੇ, ਕਿਵੇਂ ਓਸ ਦੀ ਆਸ ਪੁਜਾਈਏ ਨੀ ।
ਤੈਨੂੰ ਮਿਲੇ ਮੁਰਾਦ ਤੇ ਅਸਾਂ ਮਾਹੀ, ਦੋਵੇਂ ਆਪਣੇ ਯਾਰ ਹੰਢਾਈਏ ਨੀ ।
ਰਾਂਝਾ ਕੰਨ ਪੜਾ ਫ਼ਕੀਰ ਹੋਇਆ, ਸਿਰ ਓਸ ਦੇ ਵਾਰੀ ਚੜ੍ਹਾਈਏ ਨੀ ।
ਬਾਕੀ ਉਮਰ ਰੰਝੇਟੇ ਦੇ ਨਾਲ ਜਾਲਾਂ, ਕਿਵੇਂ ਸਹਿਤੀਏ ਡੌਲ ਬਣਾਈਏ ਨੀ ।
ਹੋਇਆ ਮੇਲ ਜਾਂ ਚਿਰੀਂ ਵਿਛੁੰਨਿਆਂ ਦਾ, ਯਾਰ ਰੱਜ ਕੇ ਗਲੇ ਲਗਾਈਏ ਨੀ ।
ਜੀਊ ਆਸ਼ਕਾਂ ਦਾ ਅਰਸ਼ ਰੱਬ ਦਾ ਹੈ, ਕਿਵੇਂ ਓਸ ਨੂੰ ਠੰਢ ਪਵਾਈਏ ਨੀ ।
ਕੋਈ ਰੋਜ਼ ਦਾ ਹੁਸਨ ਪਰਾਹੁਣਾ ਈ, ਮਜ਼ੇ ਖ਼ੂਬੀਆਂ ਨਾਲ ਹੰਢਾਈਏ ਨੀ ।
ਸ਼ੈਤਾਨ ਦੀਆਂ ਅਸੀਂ ਉਸਤਾਦ ਰੰਨਾਂ, ਕੋਈ ਆਉ ਖਾਂ ਮਕਰ ਫੈਲਾਈਏ ਨੀ ।
ਬਾਗ਼ ਜਾਂਦੀਆਂ ਅਸੀਂ ਨਾ ਸੁੰਹਦੀਆਂ ਹਾਂ, ਕਿਵੇਂ ਯਾਰ ਨੂੰ ਘਰੀਂ ਲਿਆਈਏ ਨੀ ।
ਗਲ ਘੱਤ ਪੱਲਾ ਮੂੰਹ ਘਾਹ ਲੈ ਕੇ, ਪੈਰੀਂ ਲੱਗ ਕੇ ਪੀਰ ਮਨਾਈਏ ਨੀ ।
ਵਾਰਿਸ ਸ਼ਾਹ ਗੁਨਾਹਾਂ ਦੇ ਅਸੀਂ ਲੱਦੇ, ਚਲੋ ਕੁੱਲ ਤਕਸੀਰ ਬਖ਼ਸ਼ਾਈਏ ਨੀ ।