Back ArrowLogo
Info
Profile

(ਵਾਰੀ ਚੜ੍ਹਾਈਏ=ਖੇਲ ਕੇ ਬਾਜ਼ੀ ਚੜ੍ਹਾਈਏ,ਉਹਦੇ ਸਿਰ ਅਹਿਸਾਨ ਕਰੀਏ, ਡੌਲ=ਤਰੀਕਾ, ਪੀਰ ਮਨਾਈਏ=ਤਿੰਨੇ ਗੱਲਾਂ ਸੁਲਾਹ ਕਰਨ ਵਾਲੀਆਂ ਹਨ: ਗਲ ਵਿੱਚ ਪੱਲਾ ਪਾਉਣਾ, ਮੂੰਹ ਵਿੱਚ ਘਾਹ ਲੈਣਾ, ਪੈਰੀਂ ਲੱਗਣਾ)

 

  1. ਸਹਿਤੀ

ਅੱਗੋਂ ਰਾਇਬਾਂ ਸੈਰਫ਼ਾਂ ਬੋਲੀਆਂ ਨੇ, ਕੇਹਾ ਭਾਬੀਏ ਨੀ ਮੱਥਾ ਖੇੜਿਆ ਈ ।

ਭਾਬੀ ਆਖ ਕੀ ਲਧੀਉ ਟਹਿਕ ਆਈਏਂ, ਸੋਇਨ ਚਿੜੀ ਵਾਂਗੂੰ ਰੰਗ ਫੇਰਿਆ ਈ ।

ਮੋਈ ਗਈ ਸੈਂ ਜਿਉਂਦੀ ਆ ਵੜੀਏਂ, ਸੱਚ ਆਖ ਕੀ ਸਹਿਜ ਸਹੇੜਿਆ ਈ ।

ਅੱਜ ਰੰਗ ਤੇਰਾ ਭਲਾ ਨਜ਼ਰ ਆਇਆ, ਸਭੋ ਸੁਖ ਤੇ ਦੁਖ ਨਿਬੇੜਿਆ ਈ ।

ਨੈਣ ਸ਼ੋਖ ਹੋਏ ਰੰਗ ਚਮਕ ਆਇਆ, ਕੋਈ ਜ਼ੋਬਨੇ ਦਾ ਖੂਹ ਗੇੜਿਆ ਈ ।

ਆਸ਼ਕ ਮਸਤ ਹਾਥੀ ਭਾਵੇਂ ਬਾਗ਼ ਵਾਲਾ, ਤੇਰੀ ਸੰਗਲੀ ਨਾਲ ਖਹੇੜਿਆ ਈ ।

ਕਦਮ ਚੁਸਤ ਤੇ ਸਾਫ਼ ਕਨੌਤੀਆਂ ਨੇ, ਹੱਕ ਚਾਬਕ ਅਸਵਾਰ ਨੇ ਫੇਰਿਆ ਈ ।

ਵਾਰਿਸ ਸ਼ਾਹ ਅੱਜ ਹੁਸਨ ਮੈਦਾਨ ਚੜ੍ਹ ਕੇ, ਘੋੜਾ ਸ਼ਾਹ ਅਸਵਾਰ ਨੇ ਫੇਰਿਆ ਈ ।

 

(ਰਾਇਬਾਂ,ਸੈਰਫ਼ਾਂ=ਵੇਖਣ ਪਰਖਣ ਵਾਲੀਆਂ ਗੁਆਂਢੀ ਔਰਤਾਂ, ਕਨੌਤੀਆਂ=ਕੰਨ, ਲਧੀਉ=ਲਭਿਉ)

 

  1. ਤਥਾ

ਨੈਣ ਮਸਤ ਗੱਲ੍ਹਾਂ ਤੇਰੀਆਂ ਲਾਲ ਹੋਈਆਂ, ਡੁੱਕਾਂ ਭੰਨ ਚੋਲੀ ਵਿੱਚ ਟੇਲੀਆਂ ਨੀ ।

ਕਿਸੇ ਹਿਕ ਤੇਰੀ ਨਾਲ ਹਿਕ ਜੋੜੀ, ਪੇਡੂ ਨਾਲ ਵਲੂੰਧਰਾਂ ਮੇਲੀਆਂ ਨੀ ।

ਕਿਸੇ ਅੰਬ ਤੇਰੇ ਅੱਜ ਚੂਪ ਲਏ, ਤਿਲ ਪੀੜ ਕਢੇ ਜਿਵੇਂ ਤੇਲੀਆਂ ਨੀ ।

ਤੇਰਾ ਕਿਸੇ ਨਢੇ ਨਾਲ ਮੇਲ ਹੋਇਆ, ਧਾਰਾਂ ਕਜਲੇ ਦੀਆਂ ਸੁਰਮੀਲੀਆਂ ਨੀ ।

ਤੇਰੀਆਂ ਗੱਲ੍ਹਾਂ ਤੇ ਦੰਦਾਂ ਦੇ ਦਾਗ਼ ਦਿੱਸਣ, ਅੱਜ ਸੋਧੀਆਂ ਠਾਕਰਾਂ ਚੇਲੀਆਂ ਨੀ ।

ਅੱਜ ਨਹੀਂ ਇਆਲੀਆਂ ਖ਼ਬਰ ਲੱਧੀ, ਬਘਿਆੜਾਂ ਨੇ ਰੋਲੀਆਂ ਛੇਲੀਆਂ ਨੀ ।

ਅੱਜ ਖੇੜਿਆਂ ਨੇ ਨਾਲ ਮਸਤੀਆਂ ਦੇ, ਹਾਥੀਵਾਨਾਂ ਨੇ ਹਥਣੀਆਂ ਪੇਲੀਆਂ ਨੀ ।

ਛੁੱਟਾ ਝਾਂਜਰਾਂ ਬਾਗ਼ ਦੇ ਸੁਫ਼ੇ ਵਿੱਚੋਂ, ਗਾਹ ਕੱਢੀਆਂ ਸਭ ਹਵੇਲੀਆਂ ਨੀ ।

ਥੱਕ ਹੁੱਟ ਕੇ ਘਰਕਦੀ ਆਣ ਪਈਏਂ, ਵਾਰਿਸ ਮੁੱਠੀਆਂ ਭਰਨ ਸਹੇਲੀਆਂ ਨੀ ।

 

(ਡੁੱਕਾਂ=ਹਥੇਲੀਆਂ, ਟੇਲੀਆਂ=ਘਿਸਰੀਆਂ, ਛੇਲੀ=ਬਕਰੀ ਦੀ ਬੱਚੀ,ਮੇਮਨੀ, ਸੁਫ਼ੇ=ਦਾਲਾਨ, ਗਾਹ ਕਢੀਆਂ=ਗਾਹ ਦਿੱਤੀਆਂ)

 

  1. ਤਥਾ

ਸਭੋ ਮਲ ਦਲ ਸੁਟੀਏਂ ਵਾਂਗ ਫੁੱਲਾਂ, ਝੋਕਾਂ ਤੇਰੀਆਂ ਮਾਣੀਆਂ ਬੇਲੀਆਂ ਨੇ ।

ਕਿਸੇ ਜ਼ੋਮ ਭਰੇ ਫੜ ਨੱਪੀਏਂ ਤੂੰ, ਧੜਕੇ ਕਾਲਜਾ ਪੌਂਦੀਆਂ ਤ੍ਰੇਲੀਆਂ ਨੇ ।

ਵੀਰਾਂ ਵਹੁਟੀਆਂ ਦਾ ਖੁੱਲ੍ਹਾ ਅੱਜ ਬਾਰਾ, ਕੌਂਤਾਂ ਰਾਵੀਆਂ ਢਾਹ ਕੇ ਮੇਲੀਆਂ ਨੇ ।

ਕਿਸੇ ਲਈ ਉੁਸ਼ਨਾਕ ਨੇ ਜਿਤ ਬਾਜ਼ੀ, ਪਾਸਾ ਲਾਇਕੇ ਬਾਜ਼ੀਆਂ ਖੇਲੀਆਂ ਨੇ ।

ਸੂਬਾਦਾਰ ਨੇ ਕਿਲੇ ਨੂੰ ਢੋ ਤੋਪਾਂ, ਕਰਕੇ ਜ਼ੇਰ ਸਭ ਰਈਅਤਾਂ ਮੇਲੀਆਂ ਨੇ ।

 

(ਜ਼ੋਮ=ਜੋਸ਼, ਤ੍ਰੇਲੀ=ਪਸੀਨਾ, ਵੀਰ ਵਹੁਟੀ=ਬੀਰ ਬਹੁਟੀ,ਚੀਚ ਵਹੁਟੀ, ਬਾਰਾ ਖੁਲ੍ਹਣਾ=ਮੁਸ਼ਕਲ ਸੌਖੀ ਹੋਣੀ, ਜ਼ੇਰ=ਅਪਣੇ ਥੱਲੇ ਕਰਕੇ)

 

  1. ਤਥਾ

ਜਿਵੇਂ ਸੋਹਣੇ ਆਦਮੀ ਫਿਰਨ ਬਾਹਰ, ਕਿਚਰਕ ਦੌਲਤਾਂ ਰਹਿਣ ਛੁਪਾਈਆਂ ਨੇ ।

ਅੱਜ ਭਾਵੇਂ ਤਾਂ ਬਾਗ਼ ਵਿੱਚ ਈਦ ਹੋਈ, ਖਾਧੀਆਂ ਭੁਖਿਆਂ ਨੇ ਮਠਿਆਈਆਂ ਨੇ ।

ਅੱਜ ਕਈਆਂ ਦੇ ਦਿਲਾਂ ਦੀ ਆਸ ਪੁੰਨੀ, ਜਮ ਜਮ ਜਾਣ ਬਾਗ਼ੀਂ ਭਰਜਾਈਆਂ ਨੇ ।

ਵਸੇ ਬਾਗ਼ ਜੁੱਗਾਂ ਤਾਈਂ ਸਣੇ ਭਾਬੀ, ਜਿੱਥੇ ਪੀਣ ਫ਼ਕੀਰ ਮਲਾਈਆਂ ਨੇ ।

ਖ਼ਾਕ ਤੋਦਿਆਂ ਤੇ ਵੱਡੇ ਤੀਰ ਛੁੱਟੇ, ਤੀਰ ਅੰਦਾਜ਼ਾਂ ਨੇ ਕਾਨੀਆਂ ਲਾਈਆਂ ਨੇ ।

ਅੱਜ ਜੋ ਕੋਈ ਬਾਗ਼ ਵਿੱਚ ਜਾ ਵੜਿਆ, ਮੂੰਹੋਂ ਮੰਗੀਆਂ ਦੌਲਤਾਂ ਪਾਈਆਂ ਨੇ ।

ਪਾਣੀ ਬਾਝ ਸੁੱਕੀ ਦਾੜ੍ਹੀ ਖੇੜਿਆਂ ਦੀ, ਅੱਜ ਮੁੰਨ ਕਢੀ ਦੋਹਾਂ ਨਾਈਆਂ ਨੇ ।

ਸਿਆਹ ਭੌਰ ਹੋਈਆਂ ਚਸ਼ਮਾਂ ਪਿਆਰਿਆਂ ਦੀਆਂ, ਭਰ ਭਰ ਪਾਉਂਦੇ ਰਹੇ ਸਲਾਈਆਂ ਨੇ ।

ਅੱਜ ਆਬਦਾਰੀ ਚੜ੍ਹੀ ਮੋਤੀਆਂ ਨੂੰ, ਜੀਊ ਆਈਆਂ ਭਾਬੀਆਂ ਆਈਆਂ ਨੇ ।

ਵਾਰਿਸ ਸ਼ਾਹ ਹੁਣ ਪਾਣੀਆਂ ਜ਼ੋਰ ਕੀਤਾ, ਬਹੁਤ ਖ਼ੁਸ਼ੀ ਕੀਤੀ ਮੁਰਗ਼ਾਈਆਂ ਨੇ ।

 

(ਕਿਚਰਕ=ਕਿੰਨੀ ਦੇਰ ਤੱਕ, ਪੁੰਨੀ=ਪੁੱਗੀ, ਖ਼ਾਕ ਤੋਦੇ=ਮਿੱਟੀ ਦੇ ਧੈੜੇ, ਛੈਲੇ=ਛੈਲਾ ਦਾ ਬਹੁ-ਵਚਨ,ਗਭਰੂ, ਆਬਦਾਰੀ=ਚਮਕ, ਜੀਊ ਆਈਆਂ= ਮਨਪਸੰਦ)

 

  1. ਤਥਾ

ਤੇਰੇ ਚੰਬੇ ਦੇ ਸਿਹਰੇ ਹੁਸਨ ਵਾਲੇ, ਅੱਜ ਕਿਸੇ ਉਸ਼ਨਾਕ ਨੇ ਲੁੱਟ ਲਏ ।

ਤੇਰੇ ਸੀਨੇ ਨੂੰ ਕਿਸੇ ਟਟੋਲਿਆ ਈ, ਨਾਫੇ ਮੁਸ਼ਕ ਵਾਲੇ ਦੋਵੇਂ ਪੁਟ ਲਏ ।

ਜਿਹੜੇ ਨਿਤ ਨਿਸ਼ਾਨ ਛੁਪਾਂਵਦੀ ਸੈਂ, ਕਿਸੇ ਤੀਰ ਅੰਦਾਜ਼ ਨੇ ਚੁੱਟ ਲਏ ।

ਕਿਸੇ ਹਿਕ ਤੇਰੀ ਨਾਲ ਹਿਕ ਜੋੜੀ, ਵਿੱਚੇ ਫੁੱਲ ਗੁਲਾਬ ਦੇ ਘੁਟ ਲਏ ।

ਕਿਸੇ ਹੋ ਬੇਦਰਦ ਕਸ਼ੀਸ਼ ਦਿੱਤੀ, ਬੰਦ ਬੰਦ ਕਮਾਨ ਦੇ ਤਰੁਟ ਗਏ ।

ਆਖ ਕਿਨ੍ਹਾਂ ਫੁਲੇਲਿਆਂ ਪੀੜੀਏਂ ਤੂੰ, ਇਤਰ ਕੱਢ ਕੇ ਫੋਗ ਨੂੰ ਸੱਟ ਗਏ ।

 

(ਨਾਫਾ=ਧੁੰਨੀ, ਮੁਸ਼ਕ=ਕਸਤੂਰੀ, ਚੁਟ=ਚੁੰਡ, ਕਸ਼ੀਸ਼=ਖਿਚ,ਕਸ਼ਿਸ਼, ਫੋਗ=ਖ਼ੁਸ਼ਕ ਗੁੱਦਾ)

77 / 96
Previous
Next