ਤੇਰੀ ਗਾਧੀ ਨੂੰ ਅੱਜ ਕਿਸੇ ਧੱਕਿਆ ਈ, ਕਿਸੇ ਅੱਜ ਤੇਰਾ ਖੂਹਾ ਗੇੜਿਆ ਈ ।
ਲਾਇਆ ਰੰਗ ਨਿਸੰਗ ਮਲੰਗ ਭਾਵੇਂ, ਅੱਗ ਨਾਲ ਤੇਰੇ ਅੰਗ ਭੇੜਿਆ ਈ ।
ਲਾਹ ਚੱਪਣੀ ਦੁੱਧ ਦੀ ਦੇਗਚੀ ਦੀ, ਕਿਸੇ ਅੱਜ ਮਲਾਈ ਨੂੰ ਛੇੜਿਆ ਈ ।
ਸੁਰਮੇਦਾਨੀ ਦਾ ਲਾਹ ਬਰੋਚਨਾ ਨੀ, ਸੁਰਮੇ ਸੁਰਮਚੂ ਕਿਸੇ ਲਿਬੇੜਿਆ ਈ ।
ਵਾਰਿਸ ਸ਼ਾਹ ਤੈਨੂੰ ਪਿੱਛੋਂ ਆਇ ਮਿਲਿਆ, ਇੱਕੇ ਨਵਾਂ ਹੀ ਕੋਈ ਸਹੇੜਿਆ ਈ ।
(ਨਿਸੰਗ=ਬਿਨਾ ਸੰਗ ਦੇ, ਮਲੰਗ=ਫੱਕਰ, ਦੇਗਚੀ=ਪਤੀਲੀ, ਬਰੋਚਨਾ=ਢੱਕਣ)
ਭਾਬੀ ਅੱਜ ਜੋਬਨ ਤੇਰੇ ਲਹਿਰ ਦਿੱਤੀ, ਜਿਵੇਂ ਨਦੀ ਦਾ ਨੀਰ ਉੱਛੱਲਿਆ ਈ ।
ਤੇਰੀ ਚੋਲੀ ਦੀਆਂ ਢਿੱਲੀਆਂ ਹੈਣ ਤਣੀਆਂ, ਤੈਨੂੰ ਕਿਸੇ ਮਹਿਬੂਬ ਪਥੱਲਿਆ ਈ ।
ਕੁਫ਼ਲ ਜੰਦਰੇ ਤੋੜ ਕੇ ਚੋਰ ਵੜਿਆ, ਅੱਜ ਬੀੜਾ ਕਸਤੂਰੀ ਦਾ ਹੱਲਿਆ ਈ ।
ਸੂਹਾ ਘੱਗਰਾ ਲਹਿਰਾਂ ਦੇ ਨਾਲ ਉਡੇ, ਬੋਕਬੰਦ ਦੋ-ਚੰਦ ਹੋ ਚੱਲਿਆ ਈ ।
ਸੁਰਖ਼ੀ ਹੋਠਾਂ ਦੀ ਕਿਸੇ ਨੇ ਚੂਪ ਲਈ, ਅੰਬ ਸੱਖਣਾਂ ਮੋੜ ਕੇ ਘੱਲਿਆ ਈ ।
ਕਸਤੂਰੀ ਦੇ ਮਿਰਗ ਜਿਸ ਢਾਹ ਲਏ, ਕੋਈ ਵੱਡਾ ਹੇੜੀ ਆ ਮਿਲਿਆ ਈ ।
(ਕੁਫ਼ਲ=ਜਿੰਦਰਾ, ਬੀੜਾ=ਢੱਕਣ, ਬੋਕਬੰਦ=ਗਿਲਾਫ਼, ਸੱਖਣਾਂ=ਖ਼ਾਲੀ, ਹੇੜੀ=ਸ਼ਿਕਾਰੀ)
ਤੇਰੇ ਸਿਆਹ ਤਤੋਲੜੇ ਕੱਜਲੇ ਦੇ, ਠੋਡੀ ਅਤੇ ਗੱਲ੍ਹਾਂ ਉਤੋਂ ਗੁੰਮ ਗਏ ।
ਤੇਰੇ ਫੁਲ ਗੁਲਾਬ ਦੇ ਲਾਲ ਹੋਏ, ਕਿਸੇ ਘੇਰ ਕੇ ਰਾਹ ਵਿੱਚ ਚੁੰਮ ਲਏ ।
ਤੇਰੇ ਖਾਂਚੇ ਇਹ ਸ਼ੱਕਰ ਪਾਰਿਆਂ ਦੇ, ਹੱਥ ਮਾਰ ਕੇ ਭੁੱਖਿਆਂ ਲੁੰਮ ਲਏ ।
ਧਾੜਾ ਮਾਰ ਕੇ ਧਾੜਵੀ ਮੇਵਿਆਂ ਦੇ, ਚੱਲੇ ਝਾੜ ਬੂਟੇ ਕਿਤੇ ਗੁੰਮ ਗਏ ।
ਵੱਡੇ ਵਣਜ ਹੋਏ ਅੱਜ ਜੋਬਨਾਂ ਦੇ, ਕੋਈ ਨਵੇਂ ਵਣਜਾਰੇ ਘੁੰਮ ਗਏ ।
ਕੋਈ ਧੋਬੀ ਵਲਾਇਤੋਂ ਆ ਲੱਥਾ, ਸਰੀ ਸਾਫ਼ ਦੇ ਥਾਨ ਚੜ੍ਹ ਖੁੰਮ ਗਏ ।
ਤੇਰੀ ਚੋਲੀ ਵਲੂੰਧਰੀ ਸਣੇ ਸੀਨੇ, ਪੇਂਜੇ ਤੂੰਬਿਆਂ ਨੂੰ ਜਿਵੇਂ ਤੁੰਮ ਗਏ ।
ਖੇੜੇ ਕਾਬਲੀ ਕੁੱਤਿਆਂ ਵਾਂਗ ਏਥੇ, ਵਢਵਾਇ ਕੇ ਕੰਨ ਤੇ ਦੁੰਮ ਗਏ ।
ਵਾਰਿਸ ਸ਼ਾਹ ਅਚੰਬੜਾ ਨਵਾਂ ਹੋਇਆ, ਸੁੱਤੇ ਪਾਹਰੂ ਨੂੰ ਚੋਰ ਟੁੰਮ ਗਏ ।
(ਤਤੋਲੜੇ=ਆਪ ਬਣਾਇਆ ਤਿਲ, ਖਾਂਚੇ=ਮਠਿਆਈਆ ਵੇਚਣ ਵਾਲੇ ਦੁਕਾਨਦਾਰਾਂ ਦੇ ਵੱਡੇ ਥਾਲ,ਲੁੰਮ ਲਏ=ਝਪਟੀ ਮਾਰ ਕੇ ਖੋਹ ਲਏ, ਦੁੰਮ= ਪੂਛ, ਅਚੰਭੜਾ=ਅਚੰਬਾ, ਪਾਹਰੂ=ਪਹਿਰੇਦਾਰ)
ਕਿਸੇ ਕੇਹੇ ਨਪੀੜੇਨੇ ਪੀੜੀਏਂ ਤੂੰ, ਤੇਰਾ ਰੰਗ ਹੈ ਤੋਰੀ ਦੇ ਫੁੱਲ ਦਾ ਨੀ ।
ਢਾਕਾਂ ਤੇਰੀਆਂ ਕਿਸੇ ਮਰੋੜੀਆਂ ਨੇ, ਇਹ ਤਾਂ ਕੰਮ ਹੋਇਆ ਹਿਲਜੁੱਲ ਦਾ ਨੀ ।
ਤੇਰਾ ਲੱਕ ਕਿਸੇ ਪਾਇਮਾਲ ਕੀਤਾ, ਢੱਗਾ ਜੋਤਰੇ ਜਿਵੇਂ ਹੈ ਘੁੱਲਦਾ ਨੀ ।
ਵਾਰਿਸ ਸ਼ਾਹ ਮੀਆਂ ਇਹ ਦੁਆ ਮੰਗੋ, ਖੁੱਲ੍ਹ ਜਾਏ ਬਾਰਾ ਅੱਜ ਕੁੱਲ ਦਾ ਨੀ ।
(ਤੋਰੀ ਦੇ ਫੁਲ ਦਾ=ਪੀਲਾ, ਪਾਇਮਾਲ=ਪੈਰਾਂ ਥੱਲੇ ਮਿੱਧਿਆ, ਬਾਰਾ ਖੁਲ੍ਹ ਜਾਏ=ਕੰਮ ਬਣ ਜਾਵੇ, ਕੁੱਲ=ਸਾਰਿਆਂ ਦਾ)
ਪਰਨੇਹਾਂ ਦਾ ਮੈਨੂੰ ਅਸਰ ਹੋਇਆ, ਰੰਗ ਜ਼ਰਦ ਹੋਇਆ ਏਸੇ ਵਾਸਤੇ ਨੀ ।
ਛਾਪਾਂ ਖੁੱਭ ਗਈਆਂ ਗੱਲ੍ਹਾਂ ਮੇਰੀਆਂ ਤੇ, ਦਾਗ਼ ਲਾਲ ਪਏ ਏਸੇ ਵਾਸਤੇ ਨੀ ।
ਕੱਟੇ ਜਾਂਦੇ ਨੂੰ ਭਜ ਕੇ ਮਿਲੀ ਸਾਂ ਮੈਂ, ਤਾਣੀਆਂ ਢਿੱਲੀਆਂ ਨੇ ਏਸੇ ਵਾਸਤੇ ਨੀ ।
ਰੁੰਨੀ ਅਥਰੂ ਡੁੱਲ੍ਹੇ ਸਨ ਮੁਖੜੇ ਤੇ, ਘੁਲ ਗਏ ਤਤੋਲੜੇ ਪਾਸਤੇ ਨੀ ।
ਮੂਧੀ ਪਈ ਬਨੇਰੇ ਤੇ ਵੇਖਦੀ ਸਾਂ, ਪੇਡੂ ਲਾਲ ਹੋਏ ਏਸੇ ਵਾਸਤੇ ਨੀ ।
ਸੁਰਖਖ਼ੀ ਹੋਠਾਂ ਦੀ ਆਪ ਮੈਂ ਚੂਪ ਲਈ, ਰੰਗ ਉਡ ਗਿਆ ਏਸੇ ਵਾਸਤੇ ਨੀ ।
ਕੱਟਾ ਘੁਟਿਆ ਵਿੱਚ ਗਲਵੱਕੜੀ ਦੇ, ਡੁੱਕਾਂ ਲਾਲ ਹੋਈਆਂ ਏਸੇ ਵਾਸਤੇ ਨੀ ।
ਮੇਰੇ ਪੇਡੂ ਨੂੰ ਕੱਟੇ ਨੇ ਢੁੱਡ ਮਾਰੀ, ਲਾਸਾਂ ਬਖਲਾਂ ਦੀਆਂ ਮੇਰੇ ਮਾਸ ਤੇ ਨੀ ।
ਹੋਰ ਪੁਛ ਵਾਰਿਸ ਮੈਂ ਗ਼ਰੀਬਣੀ ਨੂੰ, ਕੀ ਆਖਦੇ ਲੋਕ ਮੁਹਾਸਤੇ ਨੀ ।
(ਪਰਨੇਹਾਂ=ਪੀਲੀਆ, ਯਰਕਾਨ, ਜ਼ਰਦ=ਪੀਲਾ, ਛਾਪਾਂ=ਮੁੰਦੀਆਂ, ਰੁੰਨੀ=ਰੋਈ, ਪੇਡੂ=ਧੁੰਨੀ ਤੋਂ ਥੱਲੇ ਦਾ ਢਿਡ)
ਭਾਬੀ ਅੱਖੀਆਂ ਦੇ ਰੰਗ ਰੱਤ ਵੰਨੇ, ਤੈਨੂੰ ਹੁਸਨ ਚੜ੍ਹਿਆ ਅਨਿਆਉਂ ਦਾ ਨੀ ।
ਅੱਜ ਧਿਆਨ ਤੇਰਾ ਆਸਮਾਨ ਉੱਤੇ, ਤੈਨੂੰ ਆਦਮੀ ਨਜ਼ਰ ਨਾ ਆਉਂਦਾ ਨੀ ।
ਤੇਰੇ ਸੁਰਮੇ ਦੀਆਂ ਧਾਰੀਆਂ ਦੌੜ ਰਹੀਆਂ, ਜਿਵੇਂ ਕਾਟਕੂ ਮਾਲ ਤੇ ਧਾਉਂਦਾ ਨੀ ।
ਰਾਜਪੂਤ ਮੈਦਾਨ ਵਿੱਚ ਲੜਣ ਤੇਗ਼ਾਂ, ਅੱਗੇ ਢਾਡੀਆਂ ਦਾ ਪੁੱਤ ਗਾਉਂਦਾ ਨੀ ।
ਰੁਖ ਹੋਰ ਦਾ ਹੋਰ ਹੈ ਅੱਜ ਵਾਰਿਸ, ਚਾਲਾ ਨਵਾਂ ਕੋਈ ਨਜ਼ਰ ਆਉਂਦਾ ਨੀ ।
(ਕਾਟਕੂ=ਧਾੜਵੀ)
ਮੁੱਠੀ ਮੁੱਠੀ ਮੈਨੂੰ ਕੋਈ ਅਸਰ ਹੋਇਆ, ਅੱਜ ਕੰਮ ਤੇ ਜੀਊ ਨਾ ਲਗਦਾ ਨੀ ।
ਭੁੱਲੀ ਵਿਸਰੀ ਬੂਟੀ ਉਲੰਘ ਆਈ, ਇੱਕੇ ਪਿਆ ਭੁਲਾਵੜਾ ਠੱਗ ਦਾ ਨੀ ।
ਤੇਵਰ ਲਾਲ ਮੈਨੂੰ ਅੱਜ ਖੇੜਿਆਂ ਦਾ, ਜਿਵੇਂ ਲੱਗੇ ਉਲੰਬੜਾ ਅੱਗ ਦਾ ਨੀ ।
ਅੱਜ ਯਾਦ ਆਏ ਮੈਨੂੰ ਸੇਈ ਸੱਜਣ, ਜੈਂਦਾ ਮਗਰ ਉਲਾਂਭੜਾ ਜੱਗ ਦਾ ਨੀ ।
ਖੁਲ੍ਹ ਖੁਲ੍ਹ ਜਾਂਦੇ ਬੰਦ ਚੋਲੜੀ ਦੇ, ਅੱਜ ਗਲੇ ਮੇਰੇ ਕੋਈ ਲੱਗਦਾ ਨੀ ।
ਘਰ ਬਾਰ ਵਿੱਚੋਂ ਡਰਨ ਆਂਵਦਾ ਹੈ, ਜਿਵੇਂ ਕਿਸੇ ਤਤਾਰਚਾ ਵੱਗਦਾ ਨੀ ।
ਇੱਕੇ ਜੋਬਨੇ ਦੀ ਨਈਂ ਨੇ ਠਾਠ ਦਿੱਤੀ, ਬੂੰਬਾ ਆਂਵਦਾ ਪਾਣੀ ਤੇ ਝੱਗਦਾ ਨੀ ।
ਵਾਰਿਸ ਸ਼ਾਹ ਬੁਲਾਉ ਨਾ ਮੂਲ ਮੈਨੂੰ, ਸਾਨੂੰ ਭਲਾ ਨਾਹੀਂ ਕੋਈ ਲੱਗਦਾ ਨੀ ।
(ਤਿਉਰ ਲਾਲ=ਲਾਲ ਰੰਗ ਦੇ ਸੂਟ, ਉਲੰਬੜਾ=ਲਾਟ, ਉਲਾਂਭੜਾ=ਮਿਹਣਾ, ਤਤਾਰਚਾ=ਬਰਛੀ, ਬੂੰਬਾ=ਫੁਹਾਰਾ)