ਅੱਜ ਕਿਸੇ ਭਾਬੀ ਤੇਰੇ ਨਾਲ ਕੀਤੀ, ਚੋਰ ਯਾਰ ਫੜੇ ਗੁਨਾਹਗਾਰੀਆਂ ਨੂੰ ।
ਭਾਬੀ ਅੱਜ ਤੇਰੀ ਗੱਲ ਉਹ ਬਣੀ, ਦੁੱਧ ਹੱਥ ਲੱਗਾ ਦੁਧਾਧਾਰੀਆਂ ਨੂੰ ।
ਤੇਰੇ ਨੈਣਾਂ ਦੀਆਂ ਨੋਕਾਂ ਦੇ ਖ਼ਤ ਬਣਦੇ, ਵਾਢ ਮਿਲੀ ਹੈ ਜਿਵੇਂ ਕਟਾਰੀਆਂ ਨੂੰ ।
ਹੁਕਮ ਹੋਰ ਦਾ ਹੋਰ ਅੱਜ ਹੋ ਗਿਆ, ਅੱਜ ਮਿਲੀ ਪੰਜਾਬ ਕੰਧਾਰੀਆਂ ਨੂੰ ।
ਤੇਰੇ ਜੋਬਨੇ ਦਾ ਰੰਗ ਕਿਸੇ ਲੁਟਿਆ, ਹਨੂਮਾਨ ਜਿਉਂ ਲੰਕ ਅਟਾਰੀਆਂ ਨੂੰ ।
ਹੱਥ ਲੱਗ ਗਈ ਏਂ ਕਿਸੇ ਯਾਰ ਤਾਈਂ, ਜਿਵੇਂ ਕਸਤੂਰੀ ਦਾ ਭਾਅ ਵਪਾਰੀਆਂ ਨੂੰ ।
ਤੇਰੀ ਤੱਕੜੀ ਦੀਆਂ ਕਸਾਂ ਢਿਲੀਆਂ ਨੇ, ਕਿਸੇ ਤੋਲਿਆ ਲੌਂਗ ਸੁਪਾਰੀਆਂ ਨੂੰ ।
ਜਿਹੜੇ ਨਿੱਤ ਸਵਾਹ ਵਿੱਚ ਲੇਟਦੇ ਸਨ, ਅਜ ਲੈ ਬੈਠੇ ਸਰਦਾਰੀਆਂ ਨੂੰ ।
ਅੱਜ ਸਿਕਦਿਆਂ ਕਵਾਰੀਆਂ ਕਰਮ ਖੁਲ੍ਹੇ, ਨਿਤ ਢੂੰਡਦੇ ਸਨ ਜਿਹੜੇ ਯਾਰੀਆਂ ਨੂੰ ।
ਚੂੜੇ ਬੀੜੇ ਤੇ ਚੌੜ ਸ਼ਿੰਗਾਰ ਹੋਏ, ਠੋਕਰ ਲਗ ਗਈ ਮਨਿਆਰੀਆਂ ਨੂੰ ।
ਵਾਰਿਸ ਸ਼ਾਹ ਜਿਨ੍ਹਾਂ ਮਲੇ ਇਤਰ ਸ਼ੀਸ਼ੇ, ਉਹਨਾਂ ਕੀ ਕਰਨਾ ਫ਼ੌਜਦਾਰੀਆਂ ਨੂੰ ।
(ਦੁਧਾ ਧਾਰੀ=ਜਿਹੜੇ ਕੇਵਲ ਦੁੱਧ ਹੀ ਪੀਂਦੇ ਹਨ, ਵਾਢ=ਕੱਟਣ ਦੀ ਸ਼ਖ਼ਤੀ, ਅੱਜ ਮਿਲੀ .. ਕੰਧਾਰੀਆਂ ਨੂੰ=ਨਾਦਰ ਸ਼ਾਹ 1739 ਈ ਦੇ ਹਮਲੇ ਵਿੱਚ ਕੋਹਨੂਰ ਹੀਰਾ ਅਤੇ ਤਖ਼ਤ ਤਾਊਸ ਲੁਟ ਕੇ ਕੰਧਾਰ ਲੈ ਗਿਆ ਸੀ, ਦਿੱਲੀ ਵੀ ਪੰਜਾਬ ਵਿੱਚ ਸ਼ਾਮਲ ਸੀ, ਸੁਆਹ ਲਟੇਂਦੇ =ਮੰਦੇ ਹਾਲੀਂ ਸਨ, ਸਿਕਦਿਆਂ= ਤਰਸਦਿਆਂ)
ਕੇਹੀ ਛਿੰਜ ਘੱਤੀ ਅੱਜ ਤੁਸਾਂ ਭੈਣਾਂ, ਖ਼ੁਆਰ ਕੀਤਾ ਜੇ ਮੈਂ ਨਿੱਘਰ ਜਾਂਦੜੀ ਨੂੰ ।
ਭੱਈਆਂ ਪਿੱਟੜੀ ਕਦੋਂ ਮੈਂ ਗਈ ਕਿਧਰੇ, ਕਿਉ ਰਵਾਇਆ ਜੇ ਮੁਣਸ ਖਾਂਦੜੀ ਨੂੰ ।
ਛੱਜ ਛਾਣਨੀ ਘੱਤ ਉਡਾਇਆ ਜੇ, ਮਾਪੇ ਪਿੱਟੜੀ ਤੇ ਲੁੜ੍ਹ ਜਾਂਦੜੀ ਨੂੰ ।
ਵਾਰਿਸ ਸ਼ਾਹ ਦੇ ਢਿਡ ਵਿੱਚ ਸੂਲ ਹੁੰਦਾ, ਸੱਦਣ ਗਈ ਸਾਂ ਮੈਂ ਕਿਸੇ ਮਾਂਦਰੀ ਨੂੰ ।
(ਛਿੰਜ ਘੱਤੀ=ਰੌਲਾ ਪਾਇਆ, ਛਜ ਛਾਣਨੀ ਘਤ ਉਡਾਇਆ=ਬਹੁਤ ਬਦਨਾਮੀ ਕੀਤੀ)
ਕਿਸੇ ਹੋ ਬੇਦਰਦ ਲਗਾਮ ਦਿੱਤੀ, ਅੱਡੀਆਂ ਵੱਖੀਆਂ ਵਿੱਚ ਚੁਭਾਈਆਂ ਨੇ ।
ਢਿੱਲਿਆਂ ਹੋ ਕੇ ਕਿਸੇ ਮੈਦਾਨ ਦਿੱਤਾ, ਲਈਆਂ ਕਿਸੇ ਮਹਿਬੂਬ ਸਫ਼ਾਈਆਂ ਨੇ ।
ਸਿਆਹ ਕਾਲਾ ਹੋਠਾਂ ਤੇ ਲਹੂ ਲੱਗਾ, ਕਿਸੇ ਨੀਲੀ ਨੂੰ ਠੋਕਰਾਂ ਲਾਈਆਂ ਨੇ ।
ਵਾਰਿਸ ਸ਼ਾਹ ਮੀਆਂ ਹੋਣੀ ਹੋ ਰਹੀ, ਹੁਣ ਕੇਹੀਆਂ ਰਿੱਕਤਾਂ ਚਾਈਆਂ ਨੇ ।
(ਮੈਦਾਨ ਦਿੱਤਾ=ਅੱਗੇ ਵਧਣ ਦਾ ਮੌਕਾ ਦਿੱਤਾ, ਨੀਲੀ=ਨੀਲੀ ਘੋੜੀ, ਠੋਕਰਾਂ=ਅੱਡੀ ਲਾਈ)
ਲੁੜ੍ਹ ਗਈ ਜੇ ਮੈਂ ਧਰਤ ਪਾਟ ਚੱਲੀ, ਕੁੜੀਆਂ ਪਿੰਡ ਦੀਆਂ ਅੱਜ ਦੀਵਾਨੀਆਂ ਨੇ ।
ਚੋਚੇ ਲਾਉਂਦੀਆਂ ਧੀਆਂ ਪਰਾਈਆਂ ਨੂੰ, ਬੇਦਰਦ ਤੇ ਅੰਤ ਬੇਗਾਨੀਆਂ ਨੇ ।
ਮੈਂ ਬੇਦੋਸੜੀ ਅਤੇ ਬੇਖ਼ਬਰ ਤਾਈਂ, ਰੰਗ ਰੰਗ ਦੀਆਂ ਲਾਂਦੀਆਂ ਕਾਨੀਆਂ ਨੇ ।
ਮਸਤ ਫਿਰਨ ਉਤਮਾਦ ਦੇ ਨਾਲ ਭਰੀਆਂ, ਟੇਢੀ ਚਾਲ ਚੱਲਣ ਮਸਤਾਨੀਆਂ ਨੇ ।
(ਚੋਚੇ=ਊਜ, ਉਦਮਾਦ=ਨਸ਼ਾ)
ਭਾਬੀ ਜਾਣਨੇ ਹਾਂ ਅਸੀਂ ਸਭ ਚਾਲੇ, ਜਿਹੜੇ ਮੂੰਗ ਤੇ ਚਣੇ ਖਿਡਾਵਨੀ ਹੈਂ ।
ਆਪ ਖੇਡੇ ਹੈਂ ਤੂੰ ਗੁਹਤਾਲ ਚਾਲੇ, ਸਾਨੂੰ ਹਸਤੀਆਂ ਚਾਇ ਬਣਾਵਨੀ ਹੈ ।
ਚੀਚੋਚੀਚ ਕੰਧੋਲੀਆਂ ਆਪ ਖੇਡੇਂ, ਅੱਡੀ ਟਾਪਿਆਂ ਨਾਲ ਵਿਲਾਵਨੀ ਹੈਂ ।
ਆਪ ਰਹੇਂ ਬੇਦੋਸ਼ ਬੇਗਰਜ਼ ਬਣ ਕੇ, ਮਾਲ ਖੇੜਿਆਂ ਦਾ ਲੁਟਵਾਵਨੀ ਹੈਂ ।
(ਮੂੰਗ ਤੇ ਚਣੇ ਖਿਡਾਉਣੇ=ਕਹਾਣੀ ਦੱਸੀ ਜਾਂਦੀ ਹੈ ਕਿ ਮਹਾਨ ਫਾਰਸੀ ਕਵੀ ਸ਼ੇਖ ਸਾਅਦੀ ਨੇ ਔਰਤਾਂ ਦੇ ਮਕਰ ਤੋਂ ਤੰਗ ਆ ਕੇ ਇੱਕ ਨਿੱਕੀ ਬੱਚੀ ਨੂੰ ਆਪਣੀ ਨਿਗਰਾਨੀ ਵਿੱਚ ਪਾਲਿਆ ।ਲੜਕੀ ਮੁਟਿਆਰ ਹੋ ਗਈ ।ਸ਼ੈਖ਼ ਆਪ ਬਾਹਰ ਜਾਣ ਵੇਲੇ ਉਹਨੂੰ ਘਰ ਵਿੱਚ ਬੰਦ ਕਰਕੇ ਕਾਰੇ ਲਾਉਣ ਲਈ ਮੂੰਗ, ਚਣੇ ਅਤੇ ਚੌਲ ਰਲਾ ਕੇ ਦੇ ਦਿੰਦਾ ਅਤੇ ਲੜਕੀ ਨੂੰ ਤਿੰਨੇ ਵਸਤਾਂ ਚੁਗ ਕੇ ਵੱਖ ਵੱਖ ਕਰਨ ਲਈ ਆਖਦਾ । ਤਿਕਾਲਾਂ ਨੂੰ ਉਹ ਜੁਦਾ ਭਾਂਡਿਆਂ ਵਿੱਚ ਉਨ੍ਹਾਂ ਨੂੰ ਰਿੰਨ੍ਹ ਲੈਂਦੇ।ਕਿੰਨੀ ਦੇਰ ਇਹ ਕੰਮ ਚਲਦਾ ਰਿਹਾ । ਫਿਰ ਉਸ ਲੜਕੀ ਦੀ ਕਿਸੇ ਆਪਣੇ ਹਾਣੀ ਨਾਲ ਗੱਲਬਾਤ ਹੋ ਗਈ ।ਮੁੰਡਾ ਕੰਧ ਟੱਪ ਕੇ ਘਰ ਅੰਦਰ ਆ ਜਾਂਦਾ । ਦੋਵੇਂ ਮੌਜਾਂ ਕਰਦੇ ਅਤੇ ਫਿਰ ਮੂੰਗ, ਚੌਲ ਵੱਖਰੇ ਕਰਦੇ ।ਇੱਕ ਦਿਨ ਉਹ ਆਪੋ ਵਿੱਚ ਮਸਤ ਹੋਕੇ ਸਭ ਕੁੱਝ ਭੁਲ ਗਏ । ਅਖੀਰ ਮੁੰਡੇ ਨੇ ਸਲਾਹ ਦਿੱਤੀ ਉਹ ਉਸ ਦਿਨ ਖਿਚੜੀ ਬਣਾ ਲਵੇ ਕਿਉਂਕਿ ਉਹ ਉਨ੍ਹਾਂ ਨੂੰ ਵੱਖਰੇ ਵੱਖਰੇ ਨਾ ਕਰ ਸਕੇ । ਤਿਕਾਲਾਂ ਨੂੰ ਸਾਅਦੀ ਖਿਚੜੀ ਵੇਖ ਕੇ ਬਹੁਤ ਲੋਹਾ ਲਾਖਾ ਹੋਇਆ ਅਤੇ ਕੁੜੀ ਨੂੰ ਡਾਂਟ ਕੇ ਪੁੱਛਿਆ ਕਿ ਇਹ ਕਿਹਦੀ ਸਲਾਹ ਹੈ । ਜਦੋਂ ਤਲਵਾਰ ਖਿੱਚੀ ਤਾਂ ਉਹਨੇ ਸਭ ਕੁੱਝ ਦੱਸ ਦਿੱਤਾ ।ਹੁਣ ਜਦੋਂ ਕੋਈ ਕੁਆਰੀ ਕੁੜੀ ਕਿਸੇ ਮੁੰਡੇ ਨਾਲ ਨਾਜਾਇਜ਼ ਸਬੰਧ ਪੈਦਾ ਕਰੇ ਤਾਂ ਆਖਦੇ ਹਨ ਕਿ ਉਹ ਮੂੰਗ, ਚਣੇ ਖੇਡਦੀ ਹੈ, ਗੁਹਤਾਲ ਚਾਲੇ=ਮਕਰ ਦੀਆਂ ਚਾਲਾਂ, ਹਸਤੀ=ਹਥਣੀ, ਚੀਚੋ ਚੀਚ ਕੰਧੋਲੀਆਂ = ਮੁੰਡਿਆਂ ਦੀ ਇੱਕ ਖੇਡ, ਜਿਸ ਵਿੱਚ ਉਨ੍ਹਾਂ ਦੇ ਦੋ ਗਰੁੱਪ ਮਿੱਥੇ ਵਖ਼ਤ ਵਿੱਚ ਕੱਧ ਆਦਿ ਤੇ ਲੀਕਾਂ ਕੱਢਦੇ ਹਨ । ਫਿਰ ਉਹ ਗਿਣ ਕੇ ਵੇਖਦੇ ਹਨ ।ਵੱਧ ਲੀਕਾਂ ਕੱਢਣ ਵਾਲੀ ਟੀਮ ਜੇਤੂ ਹੁੰਦੀ ਹੈ, ਅੱਡੀ ਟਾਪਾ=ਅੱਡੀ ਟਾਪਾ ਕੁੜੀਆਂ ਦੀ ਇੱਕ ਖੇਡ ਹੈ)
ਅੜੀਉ ਕਸਮ ਮੈਨੂੰ ਜੇ ਯਕੀਨ ਕਰੋ, ਮੈਂ ਨਰੋਲ ਬੇਗਰਜ਼ ਬੇਦੋਸੀਆਂ ਨੀ ।
ਜਿਹੜੀ ਆਪ ਵਿੱਚ ਰਮਜ਼ ਸੁਣਾਉਂਦੀਆਂ ਹੋ, ਨਹੀਂ ਜਾਣਦੀ ਮੈਂ ਚਾਪਲੋਸੀਆਂ ਨੀ ।
ਮੈਂ ਤਾਂ ਪੇਕਿਆਂ ਨੂੰ ਨਿੱਤ ਯਾਦ ਕਰਾਂ, ਪਈ ਪਾਉਨੀ ਹਾਂ ਨਿਤ ਔਸੀਆਂ ਨੀ ।
ਵਾਰਿਸ ਸ਼ਾਹ ਕਿਉਂ ਤਿਨ੍ਹਾਂ ਆਰਾਮ ਆਵੇ, ਜਿਹੜੀਆਂ ਇਸ਼ਕ ਦੇ ਥਲਾਂ ਵਿੱਚ ਤੋਸੀਆਂ ਨੀ ।
(ਨਰੋਲ=ਖ਼ਾਲਿਸ, ਚਾਪਲੋਸੀ=ਖ਼ੁਸ਼ਾਮਦ, ਤੋਸੀਆਂ=ਤੂਸੀਆਂ,ਫਸੀਆਂ)