Back ArrowLogo
Info
Profile

  1. ਸਹਿਤੀ

ਭਾਬੀ ਦੱਸ ਖਾਂ ਅਸੀਂ ਜੇ ਝੂਠ ਬੋਲਾਂ, ਤੇਰੀ ਇਹੋ ਜੇਹੀ ਕਲ੍ਹ ਡੌਲ ਸੀ ਨੀ ।

ਬਾਗ਼ੋਂ ਧੜਕਦੀ ਘਰਕਦੀ ਆਣ ਪਈ ਏਂ, ਦਸ ਖੇੜਿਆਂ ਦਾ ਤੈਨੂੰ ਹੌਲ ਸੀ ਨੀ ।

ਘੋੜੀ ਤੇਰੀ ਨੂੰ ਅੱਜ ਆਰਾਮ ਆਇਆ, ਜਿਹੜੀ ਨਿਤ ਕਰਦੀ ਪਈ ਔਲ ਸੀ ਨੀ ।

ਬੂਟਾ ਸੱਖਣਾ ਅੱਜ ਕਰਾਇ ਆਇਉਂ, ਕਿਸੇ ਤੋੜ ਲਿਆ ਜਿਹੜਾ ਮੌਲ ਸੀ ਨੀ ।

 

(ਸਖਣਾ=ਰੜਾ,ਖ਼ਾਲੀ, ਔਲ=ਬੇਕਰਾਰੀ,ਬੇਆਰਾਮੀ, ਮੌਲ=ਕਰੂੰਬਲਾਂ)

 

  1. ਹੀਰ

ਰਾਹ ਜਾਂਦੀ ਮੈਂ ਝੋਟੇ ਨੇ ਢਾਹ ਲੀਤੀ, ਸਾਨੂੰ ਥੁੱਲ ਕੁਥੁੱਲ ਕੇ ਮਾਰਿਆ ਨੀ ।

ਹਬੂੰ ਕਬੂੰ ਵਗਾਇਕੇ ਭੰਨ ਚੂੜਾ, ਪਾੜ ਸੁੱਟੀਆਂ ਚੁੰਨੀਆਂ ਸਾਰੀਆਂ ਨੀ ।

ਡਾਹਢਾ ਮਾੜਿਆਂ ਨੂੰ ਢਾਹ ਮਾਰ ਕਰਦਾ, ਜ਼ੋਰਾਵਰਾਂ ਅੱਗੇ ਅੰਤ ਹਾਰੀਆਂ ਨੀ ।

ਨੱਸ ਚੱਲੀ ਸਾਂ ਓਸ ਨੂੰ ਵੇਖ ਕੇ ਮੈਂ, ਜਿਵੇਂ ਦੁਲ੍ਹੜੇ ਤੋਂ ਜਾਣ ਕਵਾਰੀਆਂ ਨੀ ।

ਸੀਨਾ ਫਿਹ ਕੇ ਭੰਨਿਉਸ ਪਾਸਿਆਂ ਨੂੰ, ਦੋਹਾਂ ਸਿੰਗਾਂ ਉੱਤੇ ਚਾਇ ਚਾੜ੍ਹੀਆਂ ਨੀ ।

ਰੜੇ ਢਾਇਕੇ ਖਾਈ ਪਟਾਕ ਮਾਰੀ, ਸ਼ੀਂਹ ਢਾਹ ਲੈਂਦੇ ਜਿਵੇਂ ਪਾੜ੍ਹੀਆਂ ਨੀ ।

ਮੇਰੇ ਕਰਮ ਸਨ ਆਣ ਮਲੰਗ ਮਿਲਿਆ, ਜਿਸ ਜੀਂਵਦੀ ਪਿੰਡ ਵਿੱਚ ਵਾੜੀਆਂ ਨੀ ।

ਵਾਰਿਸ ਸ਼ਾਹ ਮੀਆਂ ਨਵੀਂ ਗੱਲ ਸੁਣੀਏ, ਹੀਰੇ ਹਰਨ ਮੈਂ ਤੱਤੜੀ ਦਾੜੀਆਂ ਨੀ ।

 

(ਹਬੂੰ ਕਬੂੰ =ਰੰਗ ਢੰਗ ਪੱਖੋਂ, ਦੁਲ੍ਹੜੇ=ਦੂਲ੍ਹੇ, ਵਿਆਂਹਦੜ, ਖਾਈ=ਟੋਆ, ਪਾੜ੍ਹੀ= ਹਰਨੀ, ਕਰਮ=ਚੰਗੀ ਕਿਸਮਤ, ਦਾੜ੍ਹੀ=ਮਾਰੀ)

 

  1. ਸਹਿਤੀ

ਭਾਬੀ ਸਾਨ੍ਹ ਤੇਰੇ ਪਿੱਛੇ ਧੁਰੋਂ ਆਇਆ, ਹਿਲਿਆ ਹੋਇਆ ਕਦੀਮ ਦਾ ਮਾਰਦਾ ਦੀ ।

ਤੂੰ ਭੀ ਵਹੁਟੜੀ ਪੁੱਤਰ ਸਰਦਾਰ ਦੇ ਦੀ, ਉਸ ਭੀ ਦੁੱਧ ਪੀਤਾ ਸਰਦਾਰ ਦਾ ਈ ।

ਸਾਨ੍ਹ ਲਟਕਦਾ ਬਾਗ਼ ਵਿੱਚ ਹੋ ਕਮਲਾ, ਹੀਰ ਹੀਰ ਹੀ ਨਿਤ ਪੁਕਾਰਦਾ ਈ ।

ਤੇਰੇ ਨਾਲ ਉਹ ਲਟਕਦਾ ਪਿਆਰ ਕਰਦਾ, ਹੋਰ ਕਿਸੇ ਨੂੰ ਮੂਲ ਨਾ ਮਾਰਦਾ ਈ ।

ਪਰ ਉਹ ਹੀਲਤ ਬੁਰੀ ਹਿਲਾਇਆ ਈ, ਪਾਣੀ ਪੀਂਵਦਾ ਤੇਰੀ ਨਸਾਰ ਦਾ ਈ ।

ਤੂੰ ਭੀ ਝੰਗ ਸਿਆਲਾਂ ਦੀ ਮੋਹਣੀ ਏਂ, ਤੈਨੂੰ ਆਣ ਮਿਲਿਆ ਹਿਰਨ ਬਾਰ ਦਾ ਈ ।

ਵਾਰਿਸ ਸ਼ਾਹ ਮੀਆਂ ਸੱਚ ਝੂਠ ਵਿੱਚੋਂ, ਪੁੰਨ ਕਢਦਾ ਪਾਪ ਨਿਤਾਰਦਾ ਈ ।

 

(ਹਿਲਿਆ ਹੋਇਆ=ਗਿੱਝਾ ਹੋਇਆ, ਕਦੀਮ=ਮੁੱਢੋਂ, ਤੇਰੇ ਨਾਲ ਲਟਕਦਾ=ਪਿਆਰ ਕਰਦਾ, ਹੀਲਤ=ਆਦਤ, ਹਿਲਾਇਆ = ਗਿਝਾਇਆ, ਨਸਾਰ= ਪਾੜਛਾ ਅਤੇ ਚੱਠਾ ਵੀ ਕਹਿੰਦੇ ਹਨ ਜਿਹਦੇ ਵਿੱਚ ਟਿੰਡਾਂ ਦਾ ਪਾਣੀ ਡਿਗਦਾ ਸੀ)

 

  1. ਹੀਰ

ਅਨੀ ਭਰੋ ਮੁਠੀ ਉਹ ਉਹ ਮੁਠੀ, ਕੁੱਠੀ ਬਿਰਹੋਂ ਨੇ ਢਿਡ ਵਿੱਚ ਸੂਲ ਹੋਇਆ ।

ਲਹਿਰ ਪੇਡੂਓਂ ਉਠ ਕੇ ਪਵੇ ਸੀਨੇ, ਮੇਰੇ ਜੀਉ ਦੇ ਵਿੱਚ ਡੰਡੂਲ ਹੋਇਆ ।

ਤਲਬ ਡੁਬ ਗਈ ਸਰਕਾਰ ਮੇਰੀ, ਮੈਨੂੰ ਇੱਕ ਨਾ ਦਾਮ ਵਸੂਲ ਹੋਇਆ ।

ਲੋਕ ਨਫ਼ੇ ਦੇ ਵਾਸਤੇ ਲੈਣ ਤਰਲੇ, ਮੇਰਾ ਸਣੇ ਵਹੀ ਚੌੜ ਮੂਲ ਹੋਇਆ ।

ਅੰਬ ਬੀਜ ਕੇ ਦੁਧ ਦੇ ਨਾਲ ਪਾਲੇ, ਭਾ ਤੱਤੀ ਦੇ ਅੰਤ ਬਬੂਲ ਹੋਇਆ ।

ਖੇੜਿਆਂ ਵਿੱਚ ਨਾ ਪਰਚਦਾ ਜੀਊ ਮੇਰਾ, ਸ਼ਾਹਦ ਹਾਲ ਦਾ ਰੱਬ ਰਸੂਲ ਹੋਇਆ ।

 

(ਡੰਡੂਲ=ਪੀੜ, ਤਲਬ=ਤਨਖਾਹ, ਇੱਕ ਨਾ ਦਾਮ=ਇੱਕ ਪੈਸਾ ਵੀ, ਵਹੀ= ਖਾਤੇ ਦਾ ਰਜਿਸਟਰ, ਮੂਲ=ਉਹ ਅਸਲੀ ਧਨ ਜਿਹਦੇ ਤੇ ਵਿਆਜ ਲਗਦਾ ਹੈ, ਭਾ=ਭਾਗੀਂ,ਕਿਸਮਤ ਵਿੱਚ, ਬਬੂਲ=ਕਿੱਕਰ)

 

  1. ਸਹਿਤੀ

ਭਾਬੀ ਜ਼ੁਲਫ ਗੱਲ੍ਹਾਂ ਉੱਤੇ ਪੇਚ ਖਾਵੇ, ਸਿਰੇ ਲੋੜ੍ਹ ਦੇ ਸੁਰਮੇ ਦੀਆਂ ਧਾਰੀਆਂ ਨੀ ।

ਗਲ੍ਹਾਂ ਉੱਤੇ ਭੰਬੀਰੀਆਂ ਉਡਦੀਆਂ ਨੇ, ਨੈਣਾਂ ਸਾਣ ਕਟਾਰੀਆਂ ਚਾੜ੍ਹੀਆਂ ਨੀ ।

ਤੇਰੇ ਨੈਣਾਂ ਨੇ ਸ਼ਾਹ ਫ਼ਕੀਰ ਕੀਤੇ, ਸਣੇ ਹਾਥੀਆਂ ਫ਼ੌਜ ਅੰਮਾਰੀਆਂ ਨੀ ।

ਵਾਰਿਸ ਸ਼ਾਹ ਜ਼ੁਲਫਾਂ ਨਾਗ ਨੈਣ ਖ਼ੂਨੀ, ਫ਼ੌਜਾਂ ਕਤਲ ਉੱਤੇ ਚਾਇ ਚਾੜ੍ਹੀਆਂ ਨੀ ।

 

(ਸਿਰੇ ਲੋੜ੍ਹ ਦੇ=ਲੋੜ੍ਹ ਦੀ ਸਿਖਰ, ਅੰਮਾਰੀ=ਹਾਥੀ ਉੱਤੇ ਬੈਠਣ ਲਈ ਬਣਾਈ ਪਰਦੇਦਾਰ ਪਾਲਕੀ)

 

  1. ਹੀਰ

ਬਾਰਾਂ ਬਰਸ ਦੀ ਔੜ ਸੀ ਮੀਂਹ ਵੁਠਾ, ਲੱਗਾ ਰੰਗ ਫਿਰ ਖ਼ੁਸ਼ਕ ਬਗ਼ੀਚਿਆਂ ਨੂੰ ।

ਫ਼ੌਜਦਾਰ ਤਗੱਈਅਰ ਬਹਾਲ ਹੋਇਆ, ਝਾੜ ਤੰਬੂਆਂ ਅਤੇ ਗਲੀਚਿਆਂ ਨੂੰ ।

ਵੱਲਾਂ ਸੁੱਕੀਆਂ ਫੇਰ ਮੁੜ ਸਬਜ਼ ਹੋਈਆਂ, ਵੇਖ ਹੁਸਨ ਦੀ ਜ਼ਿਮੀਂ ਦੇ ਪੀਚਿਆਂ ਨੂੰ ।

ਵਾਰਿਸ ਵਾਂਗ ਕਿਸ਼ਤੀ ਪਰੇਸ਼ਾਨ ਸਾਂ ਮੈਂ, ਪਾਣੀ ਪਹੁੰਚਿਆ ਨੂਹ ਦਿਆਂ ਟੀਚਿਆਂ ਨੂੰ ।

 

(ਵੁੱਠਾ=ਵਰ੍ਹਿਆ, ਤਗੱਈਅਰ=ਬਦਲੀ, ਵੱਲਾਂ=ਵੇਲਾਂ, ਪੀਚਣਾ=ਸਿੰਜਣਾ, ਟੀਚਾ=ਨਿਸ਼ਾਨ)

 

  1. ਸਹਿਤੀ ਨਾਲ ਹੀਰ ਦੀ ਸਲਾਹ

ਸਹਿਤੀ ਭਾਬੀ ਦੇ ਨਾਲ ਪਕਾਇ ਮਸਲਤ, ਵੱਡਾ ਮਕਰ ਫੈਲਾਇਕੇ ਬੋਲਦੀ ਹੈ ।

ਗਰਦਾਨਦੀ ਮਕਰ ਮੁਵੱਤਲਾਂ ਨੂੰ, ਅਤੇ ਕਨਜ਼ ਫ਼ਰੇਬ ਦੀ ਖੋਲ੍ਹਦੀ ਹੈ ।

ਅਬਲੀਸ ਮਲਫੂਫ ਖੰਨਾਸ ਵਿੱਚੋਂ, ਰਵਾਇਤਾਂ ਜਾਇਜ਼ੇ ਟੋਲਦੀ ਹੈ ।

ਵਫ਼ਾ ਗੱਲ ਹਦੀਸ ਮਨਸੂਖ਼ ਕੀਤੀ, ਕਾਜ਼ੀ ਲਾਅਨਤ ਅੱਲਾਹ ਦੇ ਕੋਲ ਦੀ ਹੈ ।

ਤੇਰੇ ਯਾਰ ਦਾ ਫ਼ਿਕਰ ਦਿਨ ਰਾਤ ਮੈਨੂੰ, ਜਾਨ ਮਾਪਿਆਂ ਤੋਂ ਪਈ ਡੋਲਦੀ ਹੈ ।

ਵਾਰਿਸ ਸ਼ਾਹ ਸਹਿਤੀ ਅੱਗੇ ਮਾਉਂ ਬੁੱਢੀ, ਵੱਡੇ ਗ਼ਜ਼ਬ ਦੇ ਕੀਰਨੇ ਫੋਲਦੀ ਹੈ ।

 

(ਮਸਲਤ ਪਕਾ=ਸਲਾਹ ਕਰਕੇ, ਗਰਦਾਨਦੀ=ਮੁੜ ਮੁੜ ਪੜ੍ਹਦੀ, ਅਬਲੀਸ ਮਲਫੂਫ ਖੰਨਾਸ=ਅਬਲੀਸ ਮਲਫੂਫ ਦਾ ਅਰਥ ਹੈ ਲੁਕਿਆ ਹੋਇਆ ਸ਼ੈਤਾਨ ਅਤੇ ਖੰਨਾਸ ਦਾ ਅਰਥ ਹੈ ਲੁਕ ਕੇ, ਘਾਤ ਵਿੱਚ ਬੈਠ ਕੇ ਸ਼ਿਕਾਰ ਕਰਨ ਵਾਲਾ। ਸਹਿਤੀ ਸਾਰਿਆਂ ਮਕਰ ਫ਼ਰੇਬਾਂ ਉੱਤੇ ਅਮਲ ਕਰਦੀ ਹੈ ।ਕਾਜ਼ੀ ਲਾਅਨਤ ਅੱਲਾਹ=ਇਹ ਵੀ ਇੱਕ ਫਰਜ਼ੀ ਨਾਉਂ ਕਵੀ ਵਾਰਿਸ ਸ਼ਾਹ ਨੇ ਘੜਿਆ ਹੈ)

 

  1. ਸਹਿਤੀ ਦੀ ਮਾਂ ਦੀ ਸਹਿਤੀ ਨਾਲ ਗੱਲ

ਅਸੀਂ ਵਿਆਹ ਆਂਦੀ ਕੂੰਜ ਫਾਹ ਆਂਦੀ, ਸਾਡੇ ਭਾ ਦੀ ਬਣੀ ਹੈ ਔਖੜੀ ਨੀ ।

ਵੇਖ ਹੱਕ ਹਲਾਲ ਨੂੰ ਅੱਗ ਲਗਸੁ, ਰਹੇ ਖਸਮ ਦੇ ਨਾਲ ਇਹ ਕੋਖੜੀ ਨੀ ।

ਜਦੋਂ ਆਈ ਤਦੋਕਣੀ ਰਹੇ ਢਠੀ, ਕਦੀ ਹੋ ਨਾ ਬੈਠੀਆ ਸੌਖੜੀ ਨੀ ।

ਲਾਹੂ ਲੱਥੜੀ ਜਦੋਂ ਦੀ ਵਿਆਹ ਆਂਦੀ, ਇੱਕ ਕਲ੍ਹ ਦੀ ਜ਼ਰਾ ਹੈ ਚੋਖੜੀ ਨੀ ।

ਘਰਾਂ ਵਿੱਚ ਹੁੰਦੀ ਨੂੰਹਾਂ ਨਾਲ ਵਸਦੀ, ਇਹ ਉਜਾੜੇ ਦਾ ਮੂਲ ਹੈ ਛੋਕਰੀ ਨੀ ।

ਵਾਰਿਸ ਸ਼ਾਹ ਨਾ ਅੰਨ ਨਾ ਦੁੱਧ ਲੈਂਦੀ, ਭੁੱਖ ਨਾਲ ਸੁਕਾਂਵਦੀ ਕੋਖੜੀ ਨੀ ।

80 / 96
Previous
Next