Back ArrowLogo
Info
Profile

(ਔਖੜੀ=ਔਖੀ=ਮੁਸ਼ਕਲ, ਢਠੀ=ਬੀਮਾਰ, ਲਾਹੂ ਲੱਥੜੀ=ਖੂਨ ਦੇ ਘਾਟੇ ਭਾਵ ਭੁਸੇ ਹੋਣ ਦਾ ਰੋਗ, ਚੋਖੜੀ=ਚੋਖੀ, ਕੋਖੜੀ=ਕੁਖ)

 

  1. ਹੀਰ ਦੀ ਸੱਸ

ਹਾਥੀ ਫ਼ੌਜ ਦਾ ਵੱਡਾ ਸਿੰਗਾਰ ਹੁੰਦਾ, ਅਤੇ ਘੋੜੇ ਸੰਗਾਰ ਹਨ ਨਰਾਂ ਦੇ ਨੀ ।

ਹੱਛਾ ਪਹਿਨਣਾ ਖਾਵਣਾ ਸ਼ਾਨ ਸ਼ੌਕਤ, ਇਹ ਸਭ ਬਣਾਇ ਹਨ ਜ਼ਰਾਂ ਦੇ ਨੀ ।

ਘੋੜੇ ਖਾਣ ਖੱਟਣ ਕਰਾਮਾਤ ਕਰਦੇ, ਅਖੀਂ ਵੇਖਦਿਆਂ ਜਾਣ ਬਿਨ ਪਰਾਂ ਦੇ ਨੀ ।

ਮਝੀਂ ਗਾਈਂ ਸਿੰਗਾਰ ਦੀਆਂ ਸੱਥ ਟੱਲੇ, ਅਤੇ ਨੂੰਹਾਂ ਸ਼ਿੰਗਾਰ ਹਨ ਘਰਾਂ ਦੇ ਨੀ ।

ਖ਼ੈਰਖ਼ਾਹ ਦੇ ਨਲ ਬਦਖ਼ਾਹ ਹੋਣਾ, ਇਹ ਕੰਮ ਹਨ ਗੀਦੀਆਂ ਖਰਾਂ ਦੇ ਨੀ ।

ਮਸ਼ਹੂਰ ਹੈ ਰਸਮ ਜਹਾਨ ਅੰਦਰ, ਪਿਆਰ ਵਹੁਟੀਆਂ ਦੇ ਨਾਲ ਵਰਾਂ ਦੇ ਨੀ ।

ਦਿਲ ਔਰਤਾਂ ਲੈਣ ਪਿਆਰ ਕਰਕੇ, ਇਹ ਗਭਰੂ ਮਿਰਗ ਹਨ ਸਰਾਂ ਦੇ ਨੀ ।

ਤਦੋਂ ਰੰਨ ਬਦਖੂ ਨੂੰ ਅਕਲ ਆਵੇ, ਜਦੋਂ ਲੱਤ ਵੱਜਸ ਵਿੱਚ ਫ਼ਰਾਂ ਦੇ ਨੀ ।

ਸੈਦਾ ਵੇਖ ਕੇ ਜਾਏ ਬਲਾ ਵਾਂਗੂੰ, ਵੈਰ ਦੋਹਾਂ ਦੇ ਸਿਰਾਂ ਤੇ ਧੜਾਂ ਦੇ ਨੀ ।

 

(ਨਰਾਂ=ਮਰਦਾਂ, ਗੀਦੀ=ਬੇਗ਼ੈਰਤ, ਵਰ=ਖਾਵੰਦ, ਸਰਾਂ ਦੇ ਮਿਰਗ=ਮੁਹੱਬਤ ਦੇ ਤੀਰ ਖਾਣ ਲਈ ਹਰ ਵੇਲੇ ਤਿਆਰ, ਫ਼ਰਾਂ=ਮੋਢੇ ਤੋਂ ਥੱਲੇ ਦੀ ਹੱਡੀ)

 

  1. ਤਥਾ

ਪੀੜ੍ਹਾ ਘਤ ਕੇ ਕਦੀ ਨਾ ਬਹੇ ਬੂਹੇ, ਅਸੀਂ ਏਸ ਦੇ ਦੁਖ ਵਿੱਚ ਮਰਾਂਗੇ ਨੀ ।

ਏਸ ਦਾ ਜੀਊ ਨਾ ਪਰਚਦਾ ਪਿੰਡ ਸਾਡੇ, ਅਸੀਂ ਇਹਦਾ ਇਲਾਜ ਕੀ ਕਰਾਂਗੇ ਨੀ ।

ਸੁਹਣੀ ਰੰਨ ਬਾਜ਼ਾਰ ਨਾ ਵੇਚਣੀ ਹੈ, ਵਿਆਹ ਪੁਤ ਦਾ ਹੋਰ ਧਿਰ ਕਰਾਂਗੇ ਨੀ ।

ਮੁੱਲਾਂ ਵੈਦ ਹਕੀਮ ਲੈ ਜਾਣ ਪੈਸੇ, ਕਿਹੀਆਂ ਚੱਟੀਆਂ ਗ਼ੈਬ ਦੀਆਂ ਭਰਾਂਗੇ ਨੀ ।

ਵਹੁਟੀ ਗੱਭਰੂ ਦੋਹਾਂ ਨੂੰ ਵਾੜ ਅੰਦਰ, ਅਸੀਂ ਬਾਹਰੋਂ ਜੰਦਰਾ ਜੜਾਂਗੇ ਨੀ ।

ਸੈਦਾ ਢਾਇਕੇ ਏਸ ਨੂੰ ਲਏ ਲੇਖਾ, ਅਸੀਂ ਚੀਕਣੋਂ ਜ਼ਰਾ ਨਾ ਡਰਾਂਗੇ ਨੀ ।

ਸ਼ਰਮਿੰਦਗੀ ਸਹਾਂਗੇ ਜ਼ਰਾ ਜੱਗ ਦੀ, ਮੂੰਹ ਪਰ੍ਹਾਂ ਨੂੰ ਜ਼ਰਾ ਚਾ ਕਰਾਂਗੇ ਨੀ ।

ਕਦੀ ਚਰਖੜਾ ਡਾਹ ਨਾ ਛੋਪ ਕੱਤੇ, ਅਸੀਂ ਮੇਲ ਭੰਡਾਰ ਕੀ ਕਰਾਂਗੇ ਨੀ ।

ਵਾਰਿਸ ਸ਼ਾਹ ਸ਼ਰਮਿੰਦਗੀ ਏਸ ਦੀ ਥੋਂ, ਅਸੀਂ ਡੁੱਬ ਕੇ ਖੂਹ ਵਿੱਚ ਮਰਾਂਗੇ ਨੀ ।

 

(ਹੋਰ ਧਿਰ=ਹੋਰ ਥਾਂ, ਲਏ ਲੇਖਾ=ਹਿਸਾਬ ਲਵੇ)

 

  1. ਹੀਰ ਆਪਣੀ ਸੱਸ ਕੋਲ

ਇਜ਼ਰਾਈਲ ਬੇਅਮਰ ਅਯਾਰ ਆਹਾ, ਹੀਰ ਚਲ ਕੇ ਸੱਸ ਥੇ ਆਂਵਦੀ ਹੈ ।

ਸਹਿਤੀ ਨਾਲ ਮੈਂ ਜਾਇਕੇ ਖੇਤ ਵੇਖਾਂ, ਪਈ ਅੰਦਰੇ ਉਮਰ ਵਿਹਾਵਦੀ ਹੈ ।

ਪਿੱਛੋਂ ਛਿਕਦੀ ਨਾਲ ਬਹਾਨਿਆਂ ਦੇ, ਨਢੀ ਬੁਢੀ ਥੇ ਫੇਰੜੇ ਪਾਂਵਦੀ ਹੈ ।

ਵਾਂਗ ਠੱਗਾਂ ਦੇ ਕੁੱਕੜਾਂ ਰਾਤ ਅੱਧੀ, ਅਜ਼ਗ਼ੈਬ ਦੀ ਬਾਂਗ ਸੁਣਾਂਵਦੀ ਹੈ ।

ਚੱਲ ਭਾਬੀਏ ! ਵਾਉ ਜਹਾਨ ਦੀ ਲੈ, ਬਾਹੋਂ ਹੀਰ ਨੂੰ ਪਕੜ ਉਠਾਂਵਦੀ ਹੈ ।

ਵਾਂਗ ਬੁਢੀ ਇਮਾਮ ਨੂੰ ਜ਼ਹਿਰ ਦੇਣੀ, ਕਿੱਸਾ ਗ਼ੈਬ ਦਾ ਜੋੜ ਸੁਣਾਂਵਦੀ ਹੈ ।

ਕਾਜ਼ੀ ਲਾਅਨਤ ਅੱਲਾਹ ਦਾ ਦੇ ਫਤਵਾ, ਅਬਲੀਸ ਨੂੰ ਸਬਕ ਪੜ੍ਹਾਂਵਦੀ ਹੈ ।

ਇਹਨੂੰ ਖੇਤ ਲੈ ਜਾ ਕਪਾਹ ਚੁਣੀਏ, ਮੇਰੇ ਜੀਊ ਤਦਬੀਰ ਇਹਆਂਵਦੀ ਹੈ ।

ਵੇਖੋ ਮਾਉਂ ਨੂੰ ਧੀ ਵਲਾਂਵਦੀ ਹੈ, ਕੇਹੀਆਂ ਫੋਕੀਆਂ ਰੁੰਮੀਆਂ ਲਾਂਵਦੀ ਹੈ ।

ਤਲੀ ਹੇਠ ਅੰਗਿਆਰ ਟਿਕਾਂਵਦੀ ਹੈ, ਉਤੋਂ ਬਹੁਤ ਪਿਆਰ ਕਰਾਂਵਦੀ ਹੈ ।

ਸ਼ੇਖ ਸਾਅਦੀ ਦੇ ਫ਼ਲਕ ਨੂੰ ਖ਼ਬਰ ਨਾਹੀਂ, ਜੀਕੂੰ ਰੋਇਕੇ ਫ਼ਨ ਚਲਾਂਵਦੀ ਹੈ ।

ਵੇਖੋ ਧੀਉ ਅੱਗੇ ਮਾਉਂ ਝੁਰਨ ਲੱਗੀ, ਹਾਲ ਨੂੰਹ ਦਾ ਖੋਲ੍ਹ ਸੁਣਾਂਵਦੀ ਹੈ ।

ਇਹਦੀ ਪਈ ਦੀ ਉਮਰ ਵਿਹਾਂਵਦੀ ਹੈ, ਜ਼ਾਰ ਜ਼ਾਰ ਰੋਂਦੀ ਪੱਲੂ ਪਾਂਵਦੀ ਹੈ ।

ਕਿਸ ਮਨ੍ਹਾਂ ਕੀਤਾ ਖੇਤ ਨਾ ਜਾਏ, ਕਦਮ ਮੰਜੀਓਂ ਹੇਠ ਨਾ ਪਾਂਵਦੀ ਹੈ ।

ਦੁਖ ਜੀਊ ਦਾ ਖੋਲ੍ਹ ਸੁਣਾਂਵਦੀ ਹੈ, ਪਿੰਡੇ ਸ਼ਾਹ ਜੀ ਦੇ ਹੱਥ ਲਾਂਵਦੀ ਹੈ ।

ਇਨਸਾਫ਼ ਦੇ ਵਾਸਤੇ ਗਵਾਹ ਕਰਕੇ, ਵਾਰਿਸ ਸ਼ਾਹ ਨੂੰ ਕੋਲ ਬਹਾਂਵਦੀ ਹੈ ।

 

(ਬੇ ਅਮਰ=ਨਾਫ਼ਰਮਾਨ,ਹੁਕਮ ਨਾ ਮੰਨਣ ਵਾਲਾ, ਠੱਗਾਂ ਦੇ ਕੁੱਕੜ= ਪਿਛਲੇ ਵਖ਼ਤੀਂ ਆਮ ਕਰਕੇ ਰਾਹੀ ਮੁਸਾਫ਼ਰ ਸਰਾਵਾਂ ਵਿੱਚ ਟਿਕਦੇ ਸਨ ਅਤੇ ਤੜਕੇ ਸਾਝਰੇ ਕੁੱਕੜ ਦੀ ਬਾਂਗ ਨਾਲ ਸਫ਼ਰ ਤੇ ਤੁਰ ਪੈਂਦੇ ।ਸਰਾਵਾਂ ਦੇ ਕੋਲ ਰਹਿਣ ਵਾਲੇ ਠਗ ਅਜੇਹੇ ਕੁੱਕੜ ਰੱਖਦੇ ਅਤੇ ਉਨ੍ਹਾਂ ਨੂੰ ਸਿਖਾਉਂਦੇ ਕਿ ਉਹ ਕਿਸੇ ਵੇ ਲੇ ਵੀ ਬਾਂਗ ਦੇਣ ।ਬਾਂਗ ਸੁਣ ਕੇ ਮੁਸਾਫ਼ਰ ਬੇਵਖ਼ਤ ਤੁਰ ਪੈਂਦੇ ਅਤੇ ਠਗ ਉਨ੍ਹਾਂ ਨੂੰ ਲੁੱਟ ਲੈਂਦੇ, ਬੁਢੀ ਇਮਾਮ ਨੂੰ ਜ਼ਹਿਰ ਦਿੱਤੀ= ਇਮਾਮ ਹਜ਼ਰਤ ਹਸਨ ਨੂੰ ਇੱਕ ਫਫਾਕੁਟਣੀ ਨੇ ਜ਼ਹਿਰ ਦੇਣ ਵਾਲੀਆਂ ਮੱਕਾਰਾਂ ਵਾਲਾ ਰੋਲ ਕੀਤਾ ਸੀ, ਬੁੜ੍ਹੀ ਦਾ ਨਾਮ ਅਲਸੋਨੀਆ ਸੀ, ਰੁੰਮੀ ਲਾਉਣਾ=ਸਿੰਗੀ ਲਾਉਣਾ,ਰੀਹ ਆਦਿ ਦੇ ਇਲਾਜ ਲਈ ਮਾਲਸ਼ ਕਰ ਸਿੰਗੀ ਲਾਉਂਦੇ ਸਨ ਐਪਰ ਕਈ ਬਿਨਾਂ ਮਾਲਸ਼ ਜਾਂ ਤੇਲ ਲਾਇਆਂ ਠੰਡੀ ਸਿੰਗੀ ਜਾਂ ਫੋਕੀ ਸਿੰਗੀ ਲਾ ਦਿੰਦੇ, ਇਹਨੂੰ ਫੌਕੀ ਰੁੰਮੀ ਕਹਿੰਦੇ ਸਨ, ਫ਼ਲਕ ਨੂੰ ਖ਼ਬਰ ਨਾਹੀਂ=ਆਮ ਖਿਆਲ ਕੀਤਾ ਜਾਂਦਾ ਕਿ ਜੋ ਕੁੱਝ ਬੰਦਿਆਂ ਨਾਲ ਮਾੜਾ, ਚੰਗਾ ਹੁੰਦਾ ਹੈ ਤਾਂ ਉਹਦਾ ਪਤਾ ਫ਼ਰਿਸ਼ਤਿਆਂ ਨੂੰ ਹੁੰਦਾ ਹੈ, ਜਦੋਂ ਪੂਰੀ ਬੇਇਲਮੀ ਜ਼ਾਹਰ ਕਰਨੀ ਹੋਵੇ ਤਾਂ ਕਹਿੰਦੇ ਹਨ ਕਿ ਮੇਰੇ ਤਾਂ ਫ਼ਰਿਸ਼ਤਿਆਂ ਨੂੰ ਵੀ ਖ਼ਬਰ ਨਹੀਂ, ਸ਼ਾਹ ਜੀ ਦੇ ਪਿੰਡੇ ਹੱਥ ਲਾਉਣਾ=ਕਿਸੇ ਸਈਅਦਜ਼ਾਦੇ ਦੇ ਸਰੀਰ ਨੂੰ ਹੱਥ ਲਾ ਕੇ ਕਸਮ ਖਾਣੀ ਕੇ ਜੇ ਮੈਨੂੰ ਝੂਠ ਬੋਲਾਂ ਤਾ ਸਈਅਦ ਦੀ ਜ਼ਾਤ ਪਾਤ ਦੀ ਮੈਨੂੰ ਮਾਰ ਪਵੇ)

 

  1. ਸਹਿਤੀ

ਨੂੰਹ ਲਾਲ ਜਹੀ ਅੰਦਰ ਘੱਤੀਆ ਈ, ਪਰਖ ਬਾਹਰਾਂ ਲਾਲ ਵਣਜਾਵਣੀ ਹੈਂ ।

ਤੇਰੀ ਇਹ ਫੁਲੇਲੜੀ ਪਦਮਣੀ ਸੀ, ਵਾਉ ਲੈਣ ਖੁਣੋਂ ਤੂੰ ਗਵਾਵਣੀ ਹੈਂ ।

ਇਹ ਫੁੱਲ ਗੁਲਾਬ ਦਾ ਘੁਟ ਅੰਦਰ, ਪਈ ਦੁਖੜੇ ਨਾਲ ਸੁਕਾਵਣੀ ਹੈਂ ।

ਅੱਠੇ ਪਹਿਰ ਹੀ ਤਾੜ ਕੇ ਵਿੱਚ ਕੋਠੇ, ਪੱਤਰ ਪਾਨਾਂ ਦੇ ਪਈ ਵੰਜਾਵਣੀ ਹੈਂ ।

ਵਾਰਿਸ ਧੀਉ ਸਿਆਲਾਂ ਦੀ ਮਾਰਨੀ ਹੈਂ, ਦੱਸ ਆਪ ਨੂੰ ਕੌਣ ਸਦਾਵਣੀ ਹੈਂ ।

 

(ਪਰਖ ਬਾਹਰਾਂ=ਪਰਖ ਦੇ ਬਗੈਰ, ਵਾਉ ਬਾਝ=ਬਿਨਾ ਹਵਾ, ਪਾਨਾਂ ਦੇ ਪੱਤਰ=ਪਾਨਾਂ ਦੀ ਬੇਲ ਨੂੰ ਜੇ ਹਵਾ ਨਾ ਲੱਗੇ ਤਾਂ ਉਹ ਮਰ ਜਾਂਦੀ ਹੈ, ਆਪ ਨੂੰ ਕੌਣ ਸਦਾਵਣੀ ਹੈਂ=ਆਪਣੇ ਆਪ ਨੂੰ ਕੀ ਸਮਝਦੀ ਹੈਂ)

 

  1. ਵਾਕ ਕਵੀ

ਨੂੰਹਾਂ ਹੁੰਦੀਆਂ ਖ਼ਿਆਲ ਜੀਊ ਪੇਖਣੇ, ਦਾ ਮਾਨ ਮੱਤੀਆ ਬੂਹੇ ਦੀਆਂ ਮਹਿਰੀਆਂ ਨੇ ।

ਪਰੀ ਮੂਰਤਾਂ ਸੁਘੜ ਰਾਚੰਦਰਾਂ ਨੀ, ਇੱਕ ਮੋਮ ਤਬਾਅ ਇੱਕ ਠਹਿਰੀਆਂ ਨੇ ।

ਇੱਕ ਇਰਮ ਦੇ ਬਾਗ ਦੀਆਂ ਮੋਰਨੀਆਂ ਨੇ, ਇੱਕ ਨਰਮ ਮਲੂਕ ਇੱਕ ਨਹਿਰੀਆਂ ਨੇ ।

ਅੱਛਾ ਖਾਣ ਪਹਿਨਣ ਲਾਡ ਨਾਲ ਚੱਲਣ, ਲੈਣ ਦੇਣ ਦੇ ਵਿੱਚ ਲੁਧੇਰੀਆਂ ਨੇ ।

ਬਾਹਰ ਫਿਰਨ ਜਿਉਂ ਬਾਰ ਦੀਆਂ ਵਾਹਣਾਂ ਨੇ, ਸਤਰ ਵਿੱਚ ਬਹਾਈਆਂ ਸ਼ਹਿਰੀਆਂ ਨੇ ।

ਵਾਰਿਸ ਸ਼ਾਹ ਇਹ ਹੁਸਨ ਗੁਮਾਨ ਸੰਦਾ, ਅਖੀਂ ਨਾਲ ਗੁਮਾਨ ਦੇ ਗਹਿਰੀਆਂ ਨੇ ।

 

(ਰਾਚੰਦਰ=ਰਾਜਾ ਇੰਦਰ ਦੇ ਪ੍ਰੇਮ ਵਿੱਚ ਫਸੀ ਹੋਈ, ਮੋਮ=ਨਰਮ, ਠਹਿਰੀਆਂ=ਹਰ ਸਾਂਚੇ ਵਿੱਚ ਢਲ ਜਾਣ ਵਾਲੀ, ਨਹਿਰ = ਸਖ਼ਤ, ਲੁਧੇਰੀਆਂ=ਕਿਸਾਨ ਔਰਤਾਂ)

81 / 96
Previous
Next